ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਐਲ ਪੋਰਟਲ, ਫਲੋਰਿਡਾ ਵਿੱਚ ਇੱਕ ਭਾਰਤੀ ਮੂਲ ਦੀ ਬੱਚਿਆਂ ਦੀ ਮਾਹਿਰ ਡਾਕਟਰ ਨੇਹਾ ਗੁਪਤਾ (27) ਵਿਰੁੱਧ ਆਪਣੀ ਹੀ ਧੀ ਦੀ ਮੌਤ ਦੇ ਮਾਮਲੇ ਵਿੱਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੁਰੂ ਵਿੱਚ ਸਮਝਿਆ ਗਿਆ ਸੀ ਕਿ ਗੁਪਤਾ ਦੀ 4 ਸਾਲਾ ਧੀ ਆਰੀਆ ਤਲਾਥੀ ਦੀ ਮੌਤ ਕਿਰਾਏ ਦੇ ਘਰ ਵਿੱਚਲੇ ਤਲਾਬ ਵਿੱਚ ਡੁੱਬਣ ਕਾਰਨ ਹੋਈ ਹੈ। ਗੁਪਤਾ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸੌਂ ਰਹੀ ਸੀ ਤੇ ਰੌਲਾ ਸੁਣ ਕੇ ਉੱਠੀ ਤਾਂ ਉਸ ਨੇ ਵੇਖਿਆ ਕਿ ਉਸ ਦੀ ਧੀ ਤਾਲਾਬ ਵਿੱਚ ਡਿੱਗੀ ਹੋਈ ਸੀ , ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਇਸ ਲਈ ਉਹ ਉਸ ਨੂੰ ਬਚਾਅ ਨਾ ਸਕੀ। ਪਰੰਤੂ ਹੁਣ ਇਹ ਮਾਮਲਾ ਨਵਾਂ ਮੋੜ ਲੈ ਗਿਆ ਹੈ। ਗ੍ਰਿਫਤਾਰੀ ਹਲਫੀਆ ਬਿਆਨ ਅਨੁਸਾਰ ਪੋਸਟ ਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੀ ਦੇ ਫੇਫੜੇ ਤੇ ਪੇਟ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ। ਇਸ ਦੀ ਮੌਤ ਡੁੱਬਣ ਨਾਲ ਨਹੀਂ ਹੋਈ ਬਲਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਤਾਲਾਬ ਵਿੱਚ ਡੁੱਬਣ ਦੀ ਕਹਾਣੀ ਹੱਤਿਆ ਨੂੰ ਛੁਪਾਉਣ ਲਈ ਘੜੀ ਗਈ ਹੈ। ਇੱਕ ਰਿਪੋਰਟ ਅਨੁਸਾਰ ਬੱਚੀ ਦੀ ਸਾਂਭ ਸੰਭਾਲ ਨੂੰ ਲੈ ਕੇ ਗੁਪਤਾ ਤੇ ਉਸ ਦੇ ਪਤੀ ਡਾ. ਸੌਰਭ ਤਲਾਥੀ ਵਿਚਾਲੇ ਝਗੜਾ ਚੱਲ ਰਿਹਾ ਸੀ ਜਿਸ ਤੋਂ ਗੁਪਤਾ ਪ੍ਰੇਸ਼ਾਨ ਸੀ। ਦੋਸ਼ਾਂ ਦੇ ਮੱਦੇਨਜਰ .ਯੁਨੀਵਰਸਿਟੀ ਆਫ ਓਕਲਾਹੋਮਾ ਨੇ ਗੁਪਤਾ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਸਮੇਂ ਉਹ ਬਿਨਾਂ ਬੌਂਡ ਜੇਲ੍ਹ ਵਿੱਚ ਹੈ ਤੇ ਉਸ ਨੂੰ ਓਕਲਾਹੋਮਾ ਤੋਂ ਫਲੋਰਿਡਾ ਲਿਆਂਦਾ ਗਿਆ ਹੈ।
![]()
