ਪੀਟੀਸੀ ਚੈਨਲ ਵੱਲ ਸ਼੍ਰੋਮਣੀ ਕਮੇਟੀ ਦਾ ਬਕਾਇਆ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹੈ : ਧਾਮੀ

In ਪੰਜਾਬ
March 07, 2026

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੀਟੀਸੀ ਚੈਨਲ ਵੱਲ ਸ਼੍ਰੋਮਣੀ ਕਮੇਟੀ ਦਾ ਬਕਾਇਆ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੀਟੀਸੀ ਚੈਨਲ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਪ੍ਰਸਾਰਨ ਦੇ ਤਕਰੀਬਨ 8 ਕਰੋੜ ਰੁਪਏ ਦੇ ਬਕਾਏ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੱਤਰ ਦੀ ਰੋਸ਼ਨੀ ਵਿੱਚ ਸੰਗਤਾਂ ਦੀ ਮੰਗ ਅਤੇ ਭਾਵਨਾਵਾਂ ਅਨੁਸਾਰ ਪੀਟੀਸੀ ਚੈਨਲ ’ਤੇ ਗੁਰਬਾਣੀ ਪ੍ਰਸਾਰਨ ਜਾਰੀ ਰੱਖਣ ਦਾ ਫੈਸਲਾ ਹੋਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਚੈਨਲ ਨੂੰ ਚਲਾਉਣ ਲਈ ਵੱਖ-ਵੱਖ ਕੰਪਨੀਆਂ ਨਾਲ ਚਰਚਾ ਹੋਈ ਸੀ, ਜਿਸ ’ਚ ਮਹੀਨਾਵਾਰ ਵੱਡੀ ਰਾਸ਼ੀ ਦਾ ਖਰਚ ਮੰਗਿਆ ਗਿਆ ਸੀ। ਪੀਟੀਸੀ ਚੈਨਲ ਵੱਲੋਂ ਆਪਣਾ ਸੈੱਟਅੱਪ ਲਗਾ ਕੇ ਸ਼੍ਰੋਮਣੀ ਕਮੇਟੀ ਦਾ ਵੈੱਬ ਚੈਨਲ ਬਿਨਾਂ ਕਿਸੇ ਖਰਚੇ ਦੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਚਲਾਉਣ ਲਈ ਵੀ ਨਿਰੰਤਰ ਕਾਰਜਸ਼ੀਲ ਹੈ। ਪਿਛਲੇ ਸਮੇਂ ਦੌਰਾਨ ਕੇਂਦਰੀ ਪ੍ਰਸਾਰਨ ਮੰਤਰੀ ਨਾਲ ਮੁਲਾਕਾਤ ਕਰ ਕੇ ਲਿਖਤੀ ਰੂਪ ਵਿੱਚ ਚੈਨਲ ਸ਼ੁਰੂ ਕਰਨ ਦੀ ਮੰਗ ਵੀ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੋਣ ਕਾਰਨ ਨਿੱਜੀ ਚੈਨਲ ਸ਼ੁਰੂ ਕਰਨ ਦੀ ਸਰਕਾਰ ਵੱਲੋਂ ਪ੍ਰਵਾਨਗੀ ਨਹੀਂ ਮਿਲ ਰਹੀ, ਜਿਸ ਸਬੰਧੀ ਕੋਈ ਹੋਰ ਵਿਕਲਪ ਲਭਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਆਪਣੇ ਯੂ-ਟਿਊਬ ਚੈਨਲ ’ਤੇ ਗੁਰਬਾਣੀ ਦਾ ਪ੍ਰਸਾਰਣ ਚਲਾਉਣ ਲਈ ਨਾ ਤਾਂ ਪੀਟੀਸੀ ਨੂੰ ਕੋਈ ਪੈਸਾ ਦੇ ਰਹੀ ਹੈ ਅਤੇ ਨਾ ਹੀ ਨਵੇਂ ਸਮਝੌਤੇ ਤਹਿਤ ਕੋਈ ਪੈਸਾ ਲੈ ਰਹੀ ਹੈ। ਦਸਣਯੋਗ ਹੈ ਕਿ ਪੀਟੀਸੀ ਚੈਨਲ ਵੱਲੋਂ ਗੁਰਬਾਣੀ ਪ੍ਰਸਾਰਨ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਕਰੀਬ 2 ਕਰੋੜ ਰੁਪਏ ਸਾਲ ਦਾ ਦਸਵੰਦ ਦਿੱਤਾ ਜਾਂਦਾ ਸੀ, ਜੋ ਕਿ ਵਿਵਾਦ ਸ਼ੁਰੂ ਹੋਣ ਤੋਂ ਬਾਅਦ 2023 ਵਿੱਚ ਇਹ ਸਮਝੌਤਾ ਖਤਮ ਕਰ ਦਿੱਤਾ ਸੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਯੂ-ਟਿਊਬ ਚੈਨਲ ਨੂੰ ਚਲਾਉਣ ਦਾ ਸਾਰਾ ਖਰਚ ਪੀਟੀਸੀ ਚੈਨਲ ’ਤੇ ਸਮਝੌਤੇ ਤਹਿਤ ਪਾ ਦਿੱਤਾ ਸੀ।

Loading