ਅਭੈ ਕੁਮਾਰ ਦੂਬੇ
ਜੇਕਰ ਇਰਾਨ-ਇਜ਼ਰਾਇਲ-ਅਮਰੀਕਾ ਯੁੱਧ ਦੇ ਸੰਦਰਭ ਵਿੱਚ ਟੀ.ਵੀ. ਸਕਰੀਨ ’ਤੇ ਦੇਖੀਏ ਤਾਂ ਵੱਡੀਆਂ ਸੁਰਖੀਆਂ ਹੁੰਦੀਆਂ ਹਨ ਕਿ ਅਮਰੀਕਾ ਜਾਂ ਇਜ਼ਰਾਇਲ ਨੇ ਇਹ ਕਰ ਦਿੱਤਾ ਹੈ ਉਹ ਕਰ ਦਿੱਤਾ ਹੈ। ਇਹ ਇਰਾਨੀ ਨੇਤਾ ਮਾਰੇ ਗਏ ਹਨ, ਟਰੰਪ ਤੇ ਨੇਤਨਯਾਹੂ ਇਹ ਕਹਿ ਰਹੇ ਹਨ। ਕਦੇ-ਕਦਾਈਂ ਇੰਨਾ ਕੁ ਹੀ ਸੁਣਿਆ ਜਾਂਦਾ ਹੈ ਕਿ ਇਰਾਨ ਵੀ ਜਵਾਬੀ ਹਮਲਾ ਕਰ ਰਿਹਾ ਹੈ। ਸਿਰਫ਼ ਭਾਰਤੀ ਮੀਡੀਆ ਹੀ ਨਹੀਂ ਸਗੋਂ ਵਿਸ਼ਵ ਪੱਧਰ ’ਤੇ ਸਾਰਾ ਮੀਡੀਆ ਪੂਰੀ ਤਰ੍ਹਾਂ ਨਾਲ ਅਮਰੀਕਾ ਪੱਖੀ ਹੋਇਆ ਪਿਆ ਹੈ। ਭਾਰਤ ਦੀ ਮੋਦੀ ਸਰਕਾਰ ਵੀ ਅਮਰੀਕਾ ਦੀ ਕਠਪੁਤਲੀ ਬਣ ਗਈ ਹੈ ਤੇ ਮੀਡੀਆ ਵੀ ਉਨ੍ਹਾਂ ਦੀ ਗੋਦ ਵਿੱਚ ਜਾ ਬੈਠਾ ਹੈ। ਜ਼ਿਆਦਾਤਰ ਟੀਵੀ ’ਤੇ ਰੱਖਿਆ ਮਾਹਿਰਾਂ ਵਜੋਂ ਬੋਲਣ ਵਾਲੇ ਸੇਵਾਮੁਕਤ ਫ਼ੌਜੀ ਅਧਿਕਾਰੀ ਮੁਸਲਿਮ ਤੇ ਇਸਲਾਮ ਵਿਰੋਧੀ ਬਿਮਾਰੀ ਤੋਂ ਪੀੜਤ ਹਨ। ਇੱਕ ਵਿਦੇਸ਼ ਸੇਵਾ ਦਾ ਅਧਿਕਾਰੀ ਲਗਾਤਾਰ ਨਾਟਕੀ ਢੰਗ ਨਾਲ ਇਰਾਨ ਵਿਰੁੱਧ ਬੋਲਦਾ ਹੈ, ਜੋ ਕਿਸੇ ਦੇਸ਼ ਵਿੱਚ ਰਾਜਦੂਤ ਵੀ ਰਹਿ ਚੁੱਕਾ ਹੈ। ਉਸ ਨੇ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਸਮੇਂ ਟੀਵੀ ਸਟੂਡੀਓ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਜ਼ੈਲੇਂਸਕੀ ਯੂਕ੍ਰੇਨ ਤੋਂ ਭੱਜ ਜਾਏਗਾ ਤੇ ਪੁਤਿਨ 24 ਤੋਂ 36 ਘੰਟਿਆਂ ਵਿੱਚ ਜਿੱਤ ਜਾਵੇਗਾ। ਉਹ ਚਰਚਾ ’ਚ ਅਕਸਰ ਆਪਣਾ ਕੱਟੜ ਫ਼ਿਰਕੂ ਰਾਸ਼ਟਰਵਾਦ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਟੀ.ਵੀ. ’ਤੇ ਵਿਵੇਕ ਕਾਟਜੂ ਤੇ ਪਵਨ ਵਰਮਾ ਵਰਗੀਆਂ ਵਿਦੇਸ਼ ਸੇਵਾ ਦੀਆਂ ਸੀਨੀਅਰ ਤੇ ਨਾਮਵਰ ਹਸਤੀਆਂ ਨੂੰ ਵਿਦੇਸ਼ ਨੀਤੀ ’ਤੇ ਬੋਲਣ ਲਈ ਬੁਲਾਉਣ ਦੀ ਬਜਾਏ ਮੋਦੀ ਤੇ ਅਮਰੀਕਾ-ਪ੍ਰੇਮੀ ਡਰਾਮੇਬਾਜ਼ਾਂ ਨੂੰ ਬੁਲਾਇਆ ਜਾਂਦਾ ਹੈ, ਮੀਡੀਆ ਤੋਂ ਸਿਰਫ਼ ਇਹੀ ਆਵਾਜ਼ ਸੁਣਾਈ ਦਿੰਦੀ ਹੈ ਕਿ ਅਮਰੀਕਾ ਜਿੱਤ ਰਿਹਾ ਹੈ।
ਬਿਨਾਂ ਸ਼ੱਕ ਅਮਰੀਕਾ ਬਹੁਤ ਸ਼ਕਤੀਸ਼ਾਲੀ ਦੇਸ਼ ਹੈ। ਪਰ ਇਹ ਵੀ ਸੱਚ ਹੈ ਕਿ ਇਸੇ ਅਮਰੀਕਾ ਨੂੰ ਵੀਅਤਨਾਮ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਅਫ਼ਗਾਨਿਸਤਾਨ ਤੋਂ ਆਪਣਾ ਮੂੰਹ ਲੁਕਾਉਂਦਿਆ ਭੱਜਣਾ ਪਿਆ ਸੀ ਤੇ ਉਹ ਇਰਾਕ ਵਿੱਚ ਵੀ ਸਾਲਾਂ ਤੱਕ ਫ਼ਸਿਆ ਰਿਹਾ ਸੀ। ਲੱਗਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਣ ਵਾਲਾ ਹੈ ਤੇ ਅਮਰੀਕਾ ਹੁਣ ਇਰਾਨ ਯੁੱਧ ਵਿੱਚ ਡੂੰਘਾ ਫ਼ਸਣ ਵਾਲਾ ਹੈ। ਅਮਰੀਕਾ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਯੁੱਧ ’ਚ ਫ਼ਸਾਇਆ ਹੈ ਅਤੇ ਟਰੰਪ ਆਪਣੀਆਂ ਸਮੱਸਿਆਵਾਂ ਦੇ ਚੱਲਦਿਆਂ ਯੁੱਧ ਤੋਂ ਬਚਣ ਦੀ ਬਜਾਏ ਜਾਣਬੁੱਝ ਕੇ ਨੇਤਨਯਾਹੂ ਦੇ ਜਾਲ ਵਿੱਚ ਫ਼ਸਣ ਤੋਂ ਨਹੀਂ ਝਿਜਕਿਆ। ਮੈਨੂੰ ਲੱਗਦਾ ਹੈ ਕਿ ਕੁਝ ਅਜਿਹੀਆਂ ਆਵਾਜ਼ਾਂ ਵੀ ਹਨ ਜੋ ਮੀਡੀਆ ਦੁਆਰਾ ਪ੍ਰਚਾਰੇ ਜਾ ਰਹੇ ਯੁੱਧ ਦੇ ਇਕਪਾਸੜ ਪੱਖ ਦੇ ਬਾਵਜੂਦ ਤੱਥਾਂ ਦੇ ਆਧਾਰ ’ਤੇ ਇਸ ਯੁੱਧ ਦੇ ਦੂਸਰੇ ਪੱਖ ਨੂੰ ਵੀ ਪੇਸ਼ ਕਰ ਰਹੀਆਂ ਹਨ। ਉਨ੍ਹਾਂ ’ਚੋਂ ਇੱਕ ਕਰਨਲ ਡੱਗ ਮੈਕਗ੍ਰੇਗਰ ਹਨ ਜੋ ਅਮਰੀਕੀ ਰੱਖਿਆ ਸਕੱਤਰ ਦੇ ਸਾਬਕਾ ਸਲਾਹਕਾਰ ਹਨ। ਉਸ ਨੇ ਕਈ ਇੰਟਰਵਿਊ ’ਚ ਦੱਸਿਆ ਹੈ ਕਿ ਇਰਾਨ ਨੇ ਰਣਨੀਤਕ ਰਣਨੀਤੀ ਨੂੰ ਯੋਜਨਾਬੱਧ ਢੰਗ ਨਾਲ ਸਮਝਿਆ ਹੈ, ਇਸੇ ਕਰਕੇ ਅਮਰੀਕਾ ਅਥਾਹ ਤਾਕਤ ਹੋਣ ਦੇ ਬਾਵਜੂਦ ਇਸ ਯੁੱਧ ਵਿੱਚ ਇਰਾਨ ’ਤੇ ਭਾਰੀ ਨਹੀਂ ਪੈ ਸਕਿਆ। ਆਪਣੀ ਗੱਲ ਬੇਬਾਕੀ ਨਾਲ ਕਹਿਣ ਵਾਲੇ ਭਾਰਤ ਦੇ ਮਸ਼ਹੂਰ ਰੱਖਿਆ ਮਾਹਿਰ ਮੇਜਰ ਜਨਰਲ ਜੀ.ਡੀ. ਬਖਸ਼ੀ ਇਸ ਜੰਗ ਬਾਰੇ ਯੋਜਨਾਬੱਧ ਢੰਗ ਨਾਲ ਇਰਾਨ ਦੀ ਰਣਨੀਤੀ ਬਾਰੇ ਦੱਸਦੇ ਹਨ ਕਿ ਜੇਕਰ ਇਸ ਜੰਗ ਦੇ ਅੰਤ ਵਿੱਚ ਕਿਸੇ ਨੂੰ ਪਛਤਾਉਣਾ ਪਵੇਗਾ, ਤਾਂ ਉਹ ਟਰੰਪ ਹੋਵੇਗਾ। ਤੀਜੇ ਸਾਡੇ ਜਾਣੇ-ਪਛਾਣੇ ਰੱਖਿਆ ਮਾਹਿਰ ਮੇਜਰ ਜਨਰਲ ਵਿਸ਼ੰਵਬਰ ਦਿਆਲ ਦਾ ਦ੍ਰਿਸ਼ਟੀਕੋਣ ਹਮੇਸ਼ਾ ਆਲੋਚਨਾਤਮਿਕ ਤੇ ਹਕੀਕਤ ’ਤੇ ਅਧਾਰਿਤ ਹੁੰਦਾ ਹੈ। ਇਰਾਨ ਯੁੱਧ ਦੇ ਬਾਰੇ ਇਨ੍ਹਾਂ ਤਿੰਨ ਆਵਾਜ਼ਾਂ ਦੁਆਰਾ ਪ੍ਰਗਟਾਈ ਰਾਇ ’ਚ -ਸਭ ਤੋਂ ਪਹਿਲਾਂ ਕਰਨਲ ਡਗਲਸ ਮੈਕਗ੍ਰੇਗਰ ਬਾਰੇ ਗੱਲ ਕਰਦੇ ਹਾਂ, ਉਨ੍ਹਾਂ ਆਪਣੀਆਂ ਹਾਲੀਆ ਇੰਟਰਵਿਊਆਂ ਵਿੱਚ ਅਮਰੀਕਾ-ਇਜ਼ਰਾਇਲ ਬਨਾਮ ਇਰਾਨ ਯੁੱਧ ’ਤੇ ਕੁਝ ਸਖ਼ਤ ਅਤੇ ਆਲੋਚਨਾਤਮਿਕ ਟਿੱਪਣੀਆਂ ਕੀਤੀਆਂ ਹਨ:
- ਕਰਨਲ ਮੈਕਗ੍ਰੇਗਰ ਅਨੁਸਾਰ ਇਸ ਯੁੱਧ ਵਿੱਚ ਅਮਰੀਕਾ ਦੀ ਸਥਿਤੀ ਬਹੁਤ ਮਾੜੀ ਹੈ ਕਿਉਂਕਿ ਇਰਾਨ ਨੇ ਆਪਣੇ ਮਿਜ਼ਾਈਲ ਹਮਲਿਆਂ ਦੌਰਾਨ ਖਾੜੀ ਖੇਤਰ ’ਚ 27 ਅਮਰੀਕੀ ਫ਼ੌਜੀ ਠਿਕਾਣਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਰਾਨ ਨੇ ਅਮਰੀਕੀ ਡੌਕ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਜਾਂ ਤਾਂ ਤਬਾਹ ਕਰ ਦਿੱਤੇ ਹਨ ਜਾਂ ਵਰਤੋਂਯੋਗ ਨਹੀਂ ਰਹਿਣ ਦਿੱਤੇ। ਅਮਰੀਕੀ ਜਲ ਸੈਨਾ ਹੁਣ ਭਾਰਤੀ ਬੰਦਰਗਾਹਾਂ (ਜਿਵੇਂ ਕਿ ਚਾਬਹਾਰ ਤੇ ਹੋਰ) ’ਤੇ ਨਿਰਭਰ ਹੈ, ਜਿਸ ਨੂੰ ਅਮਰੀਕਾ ਲਈ ਇੱਕ ਆਦਰਸ਼ ਜਾਂ ਸੁਵਿਧਾਜਨਕ ਸਥਿਤੀ ਨਹੀਂ ਮੰਨਿਆ ਜਾ ਸਕਦਾ।
- ਉਨ੍ਹਾਂ ਅਨੁਸਾਰ ਇਰਾਨ ਦੀਆਂ ਜਵਾਬੀ ਕਾਰਵਾਈਆਂ ਪ੍ਰਭਾਵਸ਼ਾਲੀ ਸਾਬਤ ਹੋਈਆਂ ਹਨ, ਕਿਉਂਕਿ ਚੀਨ ਤੇ ਰੂਸ ਦੋਵੇਂ ਇਰਾਨ ਨੂੰ ਸੈਟੇਲਾਈਟ ਖੁਫ਼ੀਆ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਜਿਸ ਕਰਕੇ ਇਰਾਨ ਦੇ ਮਿਜ਼ਾਈਲ ਤੇ ਡਰੋਨ ਹਮਲੇ ਵਧੇਰੇ ਪ੍ਰਭਾਵੀ ਹੋ ਰਹੇ ਹਨ। ਇਰਾਨ ਨੇ ਇਜ਼ਰਾਇਲੀ ਤੇ ਅਮਰੀਕੀ ਠਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਹੈ। ਉਸ ਨੇ ਟਰੰਪ ਤੇ ਇਜ਼ਰਾਇਲ ਦੀਆਂ ਗਲਤੀਆਂ ਵੱਲ ਧਿਆਨ ਦਿਵਾਉਂਦਿਆ ਦੱਸਿਆ ਕਿ ਨੇਤਨਯਾਹੂ ਤੇ ਇਜ਼ਰਾਇਲੀ ਲਾਬੀ ਨੇ ਟਰੰਪ ਨੂੰ ਯੁੱਧ ਵਿੱਚ ਧੱਕਿਆ ਹੈ, ਕਿਉਂਕਿ ਨੇਤਨਯਾਹੂ ਨੂੰ ਅਮਰੀਕਾ ਦੀ ਯਹੂਦੀ ਲਾਬੀ ਦਾ ਸਮਰਥਨ ਪ੍ਰਾਪਤ ਹੈ। ਇਸ ਲਾਬੀ ਨੇ ਅਮਰੀਕੀ ਕਾਂਗਰਸ ਤੇ ਵ੍ਹਾਈਟ ਹਾਊਸ ਨੂੰ ਆਪਣੇ ਪੈਸੇ ਨਾਲ ਖਰੀਦ ਲਿਆ ਹੈ। ਇਹ ਉਹੀ ਲਾਬੀ ਹੈ ਜਿਸ ਨੇ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਲਈ ਬਹੁਤ ਜ਼ਿਆਦਾ ਖਰਚ ਕੀਤਾ ਸੀ।
- ਟਰੰਪ ਨੇ ਗਲਤ ਹਿਸਾਬ ਲਗਾਉਂਦਿਆਂ ਇਹ ਜੰਗ ਬਿਨਾਂ ਕਿਸੇ ਭੜਕਾਹਟ ਦੇ ਸ਼ੁਰੂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਨੂੰ ਤੋੜਿਆ ਹੈ। ਖਮੇਨੇਈ ਦੀ ਮੌਤ ਇਰਾਨ ਨੂੰ ਆਤਮ-ਸਮਰਪਣ ਕਰਨ ਵੱਲ ਲਿਜਾਣ ਦੀ ਬਜਾਏ ਅਮਰੀਕਾ ਨੂੰ ਇੱਕ ਲੰਬੀ ਜੰਗ ‘ਚ ਫ਼ਸਾਏਗੀ। ਅਮਰੀਕਾ ਦੇ ਮਿਜ਼ਾਈਲ ਸਟਾਕ ਤੇ ਲੌਜਿਸਟਿਕਸ ਸੀਮਤ ਹੋਣ ਕਰਕੇ ਲੰਬੀ ਜੰਗ ਲਈ ਤਿਆਰ ਨਹੀਂ ਹਨ। ਇਹ ਜੰਗ ਅਮਰੀਕਾ ਤੇ ਇਜ਼ਰਾਇਲ ਲਈ ਬੁਰੀ ਸਾਬਤ ਹੋਵੇਗੀ ਤੇ ਇਕ ਨਵਾਂ ਮੱਧ ਪੂਰਬ ਉੱਭਰੇਗਾ, ਇਰਾਨ ਦੀ ਜਿੱਤ ਨਾਲ ਇਜ਼ਰਾਇਲ ਬਹੁਤ ਕਮਜ਼ੋਰ ਹੋ ਜਾਵੇਗਾ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ ਤੇਲ ਸੰਕਟ ਪੈਦਾ ਹੋ ਗਿਆ ਹੈ। ਵਿਸ਼ਵ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ। ਦੁਨੀਆ ਵਿੱਚ ਅਮਰੀਕਾ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ; ਇਹ ਯੁੱਧ ਅਮਰੀਕਾ ਦੀ ਸਥਿਤੀ ਨੂੰ ਹੋਰ ਖ਼ਤਰੇ ਵਿੱਚ ਪਾ ਸਕਦਾ ਹੈ। ਮੈਕਗ੍ਰੇਗਰ ਇਸ ਯੁੱਧ ਨੂੰ ਇਜ਼ਰਾਇਲ ਦੇ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਟਰੰਪ ਦੁਆਰਾ ਕੀਤੀ ਇੱਕ ਵੱਡੀ ਗਲਤੀ ਮੰਨਦਾ ਹੈ ਅਤੇ ਇਰਾਨ ਦੇ ਦ੍ਰਿੜ ਇਰਾਦੇ ਤੇ ਜਵਾਬੀ ਕਾਰਵਾਈ ਦੀ ਪ੍ਰਸੰਸਾ ਕਰਦਾ ਹੈ।
ਦੂਜੀ ਆਵਾਜ਼ ਮੇਜਰ ਜਨਰਲ ਜੀ.ਡੀ. ਬਖਸ਼ੀ ਦੀ ਹੈ, ਉਨ੍ਹਾਂ ਇਰਾਨ ਦੀ ਜਵਾਬੀ ਕਾਰਵਾਈ ਨੂੰ ਬਹੁਤ ਸ਼ਕਤੀਸ਼ਾਲੀ, ਵਿਆਪਕ ਤੇ ਪ੍ਰਭਾਵਸ਼ਾਲੀ ਦੱਸਿਆ ਹੈ। ਉਹ ਇਰਾਨ ਦੇ ਜਵਾਬੀ ਹਮਲੇ ਨੂੰ ਸ਼ੁਰੂਆਤੀ ਅਮਰੀਕਾ-ਇਜ਼ਰਾਇਲੀ ਹਮਲਿਆਂ ਦੀਆਂ ਗਲਤੀਆਂ ਦੀ ਸਜ਼ਾ ਦੱਸਦੇ ਹਨ। ਅਮਰੀਕਾ-ਇਜ਼ਰਾਇਲੀ ਹਮਲਿਆਂ ਦੌਰਾਨ ਅਯਾਤੁੱਲਾ ਖਮੇਨੇਈ ਤੇ ਇਰਾਨ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਬਾਰੇ ਮੇਜਰ ਜਨਰਲ ਬਖਸ਼ੀ ਦਾ ਕਹਿਣਾ ਹੈ ਕਿ ਇਰਾਨੀ ਸ਼ਾਸਨ ਕੇਂਦਰੀਕ੍ਰਿਤ ਨਹੀਂ ਹੈ ਸਗੋਂ ਵਿਕੇਂਦਰੀਕ੍ਰਿਤ ਹੈ। ਇਸ ਲਈ ਲੀਡਰਸ਼ਿਪ ਦੀ ਮੌਤ ਹੋਣ ਨਾਲ ਇਸ ਦਾ ਖਾਤਮਾ ਨਹੀਂ ਹੁੰਦਾ। ਹੁਣ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਸੁਤੰਤਰ ਤੌਰ ’ਤੇ ਕੰਮ ਕਰ ਰਿਹਾ ਹੈ, ਜੋ ਹੋਰ ਵੀ ਖ਼ਤਰਨਾਕ ਹੈ। ਜਨਰਲ ਬਖਸ਼ੀ ਅਨੁਸਾਰ ਆਈ.ਆਰ.ਜੀ.ਸੀ. ਕੋਲ ਇਜ਼ਰਾਇਲ ਨੂੰ ਤਬਾਹ ਕਰਨ ਦੀ ਸਮਰੱਥਾ ਹੈ, ਜੋ ਪੂਰੀ ਤਾਕਤ ਨਾਲ ਵਰਤੀ ਜਾ ਰਹੀ ਹੈ।
ਤੀਜੀ ਆਵਾਜ਼ ਮੇਜਰ ਜਨਰਲ ਵਿਸ਼ਵੰਬਰ ਦਿਆਲ ਦੀ ਹੈ, ਜੋ ਭਾਰਤੀ ਫ਼ੌਜ ਦੀ ਆਰਮਡ ਕੋਰ ਵਿੱਚ ਸੇਵਾਮੁਕਤੀ ਤੋਂ ਬਾਅਦ ਹੁਣ ਨਿਯਮਿਤ ਤੌਰ ’ਤੇ ਰੱਖਿਆ ਮਾਹਿਰ ਵਜੋਂ ਵੱਖ-ਵੱਖ ਟੀਵੀ ਚੈਨਲਾਂ ’ਤੇ ਆਪਣੇ ਵਿਚਾਰ ਕਰਦਿਆਂ ਭਾਰਤ ਦੀ ਵਿਦੇਸ਼ ਨੀਤੀ, ਅੰਤਰਰਾਸ਼ਟਰੀ ਕਾਨੂੰਨ ਤੇ ਖੇਤਰੀ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਅਨੁਸਾਰ ਇਜ਼ਰਾਇਲ ਨੇ ਇਰਾਨ ਨਾਲ ਯੁੱਧ ਸ਼ੁਰੂ ਕੀਤਾ ਹੈ ਅਤੇ ਇਰਾਨ ’ਚ ਅਮਰੀਕਾ ਤੇ ਇਜ਼ਰਾਇਲ ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹਨ। ਭਾਰਤ ਵੀ ਇਸ ਯੁੱਧ ਵਿੱਚ ਫ਼ਸ ਗਿਆ ਹੈ ਅਤੇ ਸਭ ਤੋਂ ਵੱਧ ਨੁਕਸਾਨ ਝੱਲਣ ਵਾਲਾ ਹੈ। ਖਾਸ ਕਰਕੇ ਚਾਬਹਾਰ ਬੰਦਰਗਾਹ ਭਾਰਤ ਲਈ ਮਹੱਤਵਪੂਰਨ ਹੈ। ਇਸ ਖੇਤਰ ਵਿੱਚ ਜੰਗ ਸ਼ੁਰੂ ਹੋਣ ਕਰਕੇ ਭਾਰਤ ਦੀਆਂ ਰਣਨੀਤਕ ਤਰਜੀਹਾਂ ਪ੍ਰਭਾਵਿਤ ਹੋਣਗੀਆਂ। ਜਨਰਲ ਦਿਆਲ ਨੇ ਭਾਰਤ ਨੂੰ ਨਿਰਪੱਖ ਤੇ ਸੰਤੁਲਿਤ ਰੁਖ਼ ਅਪਣਾਉਣ ਦੀ ਸਲਾਹ ਦਿੰਦਿਆਂ ਯਾਦ ਦਿਵਾਇਆ ਹੈ ਕਿ ਇਜ਼ਰਾਇਲ ਤੇ ਅਮਰੀਕਾ ਨੇ ਗਲਵਾਨ ਘਾਟੀ ਵਿੱਚ ਚੀਨ ਨਾਲ ਖੂਨੀ ਝੜਪ ਦੌਰਾਨ ਭਾਰਤ ਦੇ ਸਮਰਥਨ ਵਿੱਚ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਸੀ। ਇਨ੍ਹਾਂ ਦੇਸ਼ਾਂ ਨੂੰ ਕਦੇ ਵੀ ਕਿਸੇ ਵੀ ਸੰਕਟ ਵਿੱਚ ਭਾਰਤ ਦੇ ਨਾਲ ਖੜ੍ਹੇ ਨਹੀਂ ਦੇਖਿਆ ਗਿਆ ਹੈ। ਹਾਲਾਂਕਿ ਰੂਸ ਲਗਾਤਾਰ ਭਾਰਤ ਦਾ ਦੋਸਤ ਰਿਹਾ ਹੈ।
-ਲੇਖਕ ਅੰਬੇਡਕਰ ਯੂਨੀਵਰਸਿਟੀ, ਦਿੱਲੀ ਵਿਖੇ ਭਾਰਤੀ ਭਾਸ਼ਾਵਾਂ ਵਿੱਚ ਪੁਰਾਲੇਖ ਖੋਜ ਪ੍ਰੋਗਰਾਮ ਦੇ ਸਾਬਕਾ ਪ੍ਰੋਫ਼ੈਸਰ ਅਤੇ ਨਿਰਦੇਸ਼ਕ ਰਹਿ ਚੁੱਕੇ ਹਨ।
![]()
