ਅਪੂਰਵਾਨੰਦ
ਅਮਰੀਕਾ-ਇਜ਼ਰਾਇਲ ਅਤੇ ਇਰਾਨ ਦੇ ਸੰਘਰਸ਼ ਦਰਮਿਆਨ ਕੀ ਹੁਣ ਟਰੰਪ ਦੀ ਰਣਨੀਤੀ ਬਦਲ ਰਹੀ ਹੈ? ਸੱਤਾ ਪਰਿਵਰਤਨ ਦੀ ਗੱਲ ਕਹਿ ਕੇ ਹਮਲਾ ਕਰਨ ਵਾਲੇ ਡੋਨਾਲਡ ਟਰੰਪ ਨੂੰ ਹੁਣ ਗੱਲਬਾਤ ਦੀ ਗੱਲ ਕਿਉਂ ਕਰਨੀ ਪੈ ਰਹੀ ਹੈ?
ਡੋਨਾਲਡ ਟਰੰਪ ਨੇ ਕਿਹਾ ਸੀ ਕਿ ਇਰਾਨ ਦੀ ਨਵੀਂ ਲੀਡਰਸ਼ਿਪ ਗੱਲ ਕਰਨ ਲਈ ਤਿਆਰ ਹੈ ਅਤੇ ਉਸ ਨੂੰ ਵੀ ਇਸ ਵਿੱਚ ਕੋਈ ਦਿੱਕਤ ਨਹੀਂ ਹੈ। ਇਹ ਉਹੀ ਟਰੰਪ ਹੈ ਜੋ ਕੱਲ੍ਹ ਤੱਕ ਇਹ ਕਹਿ ਰਿਹਾ ਸੀ ਕਿ ਅਮਰੀਕਾ ਅਤੇ ਇਜ਼ਰਾਇਲ ਦੇ ਹਮਲੇ ਤੋਂ ਬਾਅਦ ਇਰਾਨ ਦੀ ਜਨਤਾ ਸੱਤਾ ਪਲਟ ਦੇਵੇਗੀ। ਇਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਮੇਨੇਈ ਅਤੇ ਇਰਾਨ ਸਰਕਾਰ ਦੇ ਕਈ ਪ੍ਰਮੁੱਖ ਅਧਿਕਾਰੀਆਂ ਦੀ ਹੱਤਿਆ ’ਤੇ ਡੀਂਗਾਂ ਮਾਰਦੇ ਹੋਏ ਟਰੰਪ ਨੇ ਕਿਹਾ ਸੀ ਕਿ ਅਸੀਂ ਇੱਕੋ ਨਿਸ਼ਾਨੇ ਵਿੱਚ 48 ਨੂੰ ਉਡਾ ਦਿੱਤਾ। ਟਰੰਪ ਨੇ ਇਸ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਇਰਾਨੀਆਂ ਦੇ ਜਸ਼ਨ ਦੀ ਵੀ ਚਰਚਾ ਕੀਤੀ। ਪਰ ਇਹ ਸਾਫ਼ ਹੋ ਗਿਆ ਹੈ ਕਿ ਟਰੰਪ ਨੂੰ ਉਸੇ ਇਰਾਨੀ ਲੀਡਰਸ਼ਿਪ ਨਾਲ ਗੱਲ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ, ਜਿਸ ਨੂੰ ਸੱਤਾ ਤੋਂ ਬੇਦਖ਼ਲ ਕਰਨ ਦਾ ਦਾਅਵਾ ਕਰਦੇ ਹੋਏ ਇਹ ਹਮਲਾ ਕੀਤਾ ਗਿਆ ਸੀ। ਇਸ ਜੰਗ ਵਿੱਚ ਟਰੰਪ ਦੇ ਨਾਲ ਨੇਤਨਯਾਹੂ ਵੀ ਹੈ। ਨੇਤਨਯਾਹੂ ਨੇ ਇਰਾਨ ਦੀ ਜਨਤਾ ਨੂੰ ਅਪੀਲ ਕੀਤੀ ਸੀ ਕਿ ਉਹ ਸਰਕਾਰ ਨੂੰ ਉਖਾੜ ਸੁੱਟਣ। ਪਰ ਅਜਿਹਾ ਹੋਇਆ ਨਹੀਂ। ਸਰਕਾਰ ਬਣੀ ਹੋਈ ਹੈ।
ਟਰੰਪ ਦਾ ਕਹਿਣਾ ਹੈ ਕਿ ਗੱਲਬਾਤ ਵਿੱਚ ਇਰਾਨ ਨੂੰ ਉਹ ਸਭ ਦੇ ਦੇਣਾ ਚਾਹੀਦਾ ਹੈ ਜੋ ਉਸ ਤੋਂ ਮੰਗਿਆ ਜਾ ਰਿਹਾ ਹੈ। ਪਰ ਅਮਰੀਕਾ ਜਾਂ ਇਜ਼ਰਾਇਲ ਨੂੰ ਕੀ ਚਾਹੀਦਾ ਹੈ, ਇਹ ਸਾਫ਼ ਨਹੀਂ ਹੈ। ਇਨ੍ਹਾਂ ਦੋਵਾਂ ਮੁਲਕਾਂ ਨੇ ਇਰਾਨ ’ਤੇ ਹਮਲਾ ਉਸ ਵੇਲੇ ਕੀਤਾ ਜਦੋਂ ਉਹ ਅੰਤਰਰਾਸ਼ਟਰੀ ਵਿਚੋਲੇ ਦੀ ਨਿਗਰਾਨੀ ਹੇਠ ਅਮਰੀਕਾ ਨਾਲ ਗੱਲਬਾਤ ਕਰ ਰਿਹਾ ਸੀ। ਵਿਚੋਲੇ ਦੇਸ਼ ਓਮਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਗੱਲਬਾਤ ਸਕਾਰਾਤਮਕ ਰਸਤੇ ’ਤੇ ਹੈ ਅਤੇ ਇਰਾਨ ਤੇ ਅਮਰੀਕਾ ਦੇ ਨੁਮਾਇੰਦੇ ਕਈ ਥਾਵਾਂ ’ਤੇ ਇੱਕ-ਦੂਜੇ ਨਾਲ ਸਹਿਮਤ ਹਨ। ਠੀਕ ਇਸੇ ਸਮੇਂ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ’ਤੇ ਹਮਲਾ ਕਰ ਦਿੱਤਾ। ਯਾਨੀ ਗੱਲਬਾਤ, ਸਮਝੌਤੇ ਵਗੈਰਾ ਨਾਲ ਨਾ ਤਾਂ ਟਰੰਪ ਨੂੰ ਕੋਈ ਲੈਣਾ-ਦੇਣਾ ਸੀ ਅਤੇ ਨਾ ਹੀ ਟਰੰਪ ਦੇ ਦੋਸਤ ਜਾਂ ਮਾਲਕ ਨੇਤਨਯਾਹੂ ਨੂੰ। ਨੇਤਨਯਾਹੂ ਅਮਰੀਕਾ ਦਾ ਮਾਲਕ ਹੈ, ਇਹ ਅਮਰੀਕਾ ਦੇ ਹੀ ਲੋਕ ਕਹਿ ਰਹੇ ਹਨ। ਅਮਰੀਕਾ ਪੂਰੀ ਤਰ੍ਹਾਂ ਜ਼ਯੋਨਵਾਦੀ ਇਜ਼ਰਾਇਲੀ ਗਿਰੋਹ ਦੇ ਚੁੰਗਲ ਵਿੱਚ ਹੈ ਅਤੇ ਉਸੇ ਦੇ ਇਸ਼ਾਰੇ ’ਤੇ ਉਹ ਫ਼ੈਸਲੇ ਕਰਦਾ ਹੈ।
ਇਰਾਨ ਦਾ ਪ੍ਰਮਾਣੂ ਬੰਬ ਕਿੱਥੇ ਗਿਆ?
ਜੇਕਰ ਅਮਰੀਕਾ ਨੂੰ ਇਰਾਨ ਦੇ ਪ੍ਰਮਾਣੂ ਊਰਜਾ ਪ੍ਰੋਜੈਕਟ ਤੋਂ ਇਸ ਲਈ ਇਤਰਾਜ਼ ਹੈ ਕਿ ਉਹ ਪ੍ਰਮਾਣੂ ਬੰਬ ਬਣਾ ਸਕਦਾ ਹੈ, ਤਾਂ ਇਰਾਨ ਨੇ 15 ਸਾਲ ਪਹਿਲਾਂ ਹੀ ਇਹ ਵਾਅਦਾ ਕਰ ਦਿੱਤਾ ਸੀ ਕਿ ਉਹ ਪ੍ਰਮਾਣੂ ਬੰਬ ਨਹੀਂ ਬਣਾਏਗਾ। ਇਸ ਫ਼ੈਸਲੇ ਲਈ ਆਇਤੁੱਲਾ ਹੀ ਜ਼ਿੰਮੇਵਾਰ ਸਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅੰਤਰਰਾਸ਼ਟਰੀ ਏਜੰਸੀਆਂ ਉਨ੍ਹਾਂ ਦੇ ਪ੍ਰਮਾਣੂ ਊਰਜਾ ਪ੍ਰੋਜੈਕਟ ਦੀ ਜਾਂਚ ਕਰ ਸਕਦੀਆਂ ਹਨ। ਇਰਾਨ ਨੇ ਅੱਜ ਤੱਕ ਬੰਬ ਨਹੀਂ ਬਣਾਇਆ ਹੈ। ਪਰ ਅਮਰੀਕਾ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਪਿਛਲੇ ਸਾਲ ਵੀ ਉਸ ਨੇ ਇਹੀ ਕਹਿ ਕੇ ਇਰਾਨ ’ਤੇ ਹਮਲਾ ਕੀਤਾ ਸੀ ਕਿ ਉਹ ਉਸ ਦੀ ਗੱਲ ਨਹੀਂ ਮੰਨ ਰਿਹਾ। ਉਸ ਵੇਲੇ ਵੀ ਹਮਲਾ ਰੋਕ ਕੇ ਅਮਰੀਕਾ ਨੂੰ ਇਰਾਨ ਨਾਲ ਗੱਲ ਕਰਨੀ ਪਈ ਸੀ। ਅਜੇ ਉਸ ਹਮਲੇ ਨੂੰ ਸਾਲ ਵੀ ਨਹੀਂ ਬੀਤਿਆ। ਅਜਿਹਾ ਕੀ ਹੋਇਆ ਕਿ ਇਜ਼ਰਾਇਲ ਅਤੇ ਅਮਰੀਕਾ ਨੇ ਇਰਾਨ ’ਤੇ ਦੁਬਾਰਾ ਹਮਲਾ ਕੀਤਾ? ਇਰਾਦਾ ਸਾਫ਼ ਸੀ: ਸੱਤਾ ਪਰਿਵਰਤਨ। ਖ਼ਮੇਨੇਈ ਅਤੇ ਇਰਾਨ ਦੀ ਚੋਟੀ ਦੀ ਲੀਡਰਸ਼ਿਪ ਦੀ ਹੱਤਿਆ ਤਖਤਾਪਲਟ ਦੀ ਯੋਜਨਾ ਦਾ ਹਿੱਸਾ ਹੈ।
ਇਰਾਨ ਦੇ ਇਤਿਹਾਸ ਨੂੰ ਜਾਣਨ ਵਾਲੇ ਵਾਰ-ਵਾਰ ਕਹਿ ਰਹੇ ਸਨ ਕਿ ਇਰਾਨ ਇਰਾਕ ਜਾਂ ਲੀਬੀਆ ਨਹੀਂ ਹੈ। ਇੱਥੇ ਸਰਵਉੱਚ ਨੇਤਾ ਦੇ ਨਾ ਰਹਿਣ ’ਤੇ ਵੀ ਨਿਰੰਤਰਤਾ ਅਤੇ ਸਥਿਰਤਾ ਬਣਾਈ ਰੱਖਣ ਲਈ ਪੁਖ਼ਤਾ ਅਤੇ ਪੇਚੀਦਾ ਵਿਵਸਥਾ ਹੈ। ਇਸੇ ਲਈ ਆਇਤੁੱਲਾ ਦੀ ਹੱਤਿਆ ਤੋਂ ਬਾਅਦ ਵੀ ਸਰਕਾਰ ਸਥਿਰ ਜਾਪਦੀ ਹੈ। ਇਰਾਨ ’ਤੇ ਹਮਲਾ ਸ਼ੁਰੂ ਹੋਣ ਤੋਂ ਬਾਅਦ ਅਤੇ ਹਮਲੇ ਦੇ ਵਿਚਕਾਰ ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਉਹ ਹਮੇਸ਼ਾ ਗੱਲ ਕਰਨ ਲਈ ਤਿਆਰ ਹਨ ਤਾਂ ਜੋ ਉਨ੍ਹਾਂ ਦੇ ਮੁਲਕ ਇਰਾਨ ’ਤੇ ਇਹ ਹਮਲਾ ਰੁਕੇ। ਉਹ ਅਮਨ ਚਾਹੁੰਦੇ ਹਨ।
ਇਰਾਨ ਨੇ ਆਪਣੇ ਉੱਪਰ ਹਮਲੇ ਦੇ ਜਵਾਬ ਵਿੱਚ ਆਪਣੇ ਆਸ-ਪਾਸ ਦੇ ਮੁਲਕਾਂ ਅਤੇ ਸਾਈਪ੍ਰਸ ਤੱਕ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ ਹਨ। ਇਰਾਨੀ ਮਿਜ਼ਾਈਲਾਂ ਇਜ਼ਰਾਇਲ ਵਿੱਚ ਵੀ ਅਫ਼ੜਾ-ਦਫ਼ੜੀ ਮਚਾ ਰਹੀਆਂ ਹਨ। ਅਮਰੀਕਾ ਦੇ ਫ਼ੌਜੀ ਇਨ੍ਹਾਂ ਹਮਲਿਆਂ ਵਿੱਚ ਮਾਰੇ ਜਾ ਰਹੇ ਹਨ। ਇਰਾਨ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਇਰਾਨ ਆਪਣੇ ਉੱਪਰ ਹੋਣ ਵਾਲੇ ਹਮਲਿਆਂ ਨੂੰ ਝੱਲ ਵੀ ਸਕਦਾ ਹੈ ਅਤੇ ਲੰਬੇ ਸਮੇਂ ਤੱਕ ਜਵਾਬੀ ਕਾਰਵਾਈ ਵੀ ਕਰਦਾ ਰਹਿ ਸਕਦਾ ਹੈ। ਕੀ ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਅਮਰੀਕਾ ਨੂੰ ਹੁਣ ਸੱਤਾ ਪਲਟ ਦਾ ਰਾਗ ਬੰਦ ਕਰਕੇ ਗੱਲਬਾਤ ਦਾ ਰਾਹ ਅਪਨਾਉਣਾ ਪੈ ਰਿਹਾ ਹੈ ਹੈ? ਜਿਵੇਂ ਉਸ ਨੂੰ ਪਿਛਲੇ ਸਾਲ ਕਰਨਾ ਪਿਆ ਸੀ?
ਯੂਰਪ ਦੇ ਦੇਸ਼ਾਂ ਦਾ ਰਵੱਈਆ
ਸਭ ਤੋਂ ਹਾਸੋਹੀਣੀ ਅਤੇ ਭਿਆਨਕ ਗੱਲ ਇਹ ਹੈ ਕਿ ਯੂਰਪ ਦੇ ਦੇਸ਼ ਅਮਰੀਕਾ ਅਤੇ ਇਜ਼ਰਾਇਲ ਦੇ ਹਮਲੇ ਦੀ ਨਿੰਦਾ ਕਰਨਾ ਤਾਂ ਦੂਰ, ਇਰਾਨ ਦੀ ਨਿੰਦਾ ਕਰ ਰਹੇ ਹਨ। ਉਹ ਇਰਾਨ ’ਤੇ ਦੋਸ਼ ਲਗਾ ਰਹੇ ਹਨ ਕਿ ਉਹ ਗੁਆਂਢੀ ਮੁਲਕਾਂ ’ਤੇ ਹਮਲਾ ਕਰ ਰਿਹਾ ਹੈ। ਪਰ ਇਰਾਨ ਨੇ ਸਾਫ਼ ਕੀਤਾ ਹੈ ਕਿ ਉਹ ਇਨ੍ਹਾਂ ਮੁਲਕਾਂ ਵਿੱਚ ਕਾਇਮ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕਰ ਰਿਹਾ ਹੈ ਅਤੇ ਇਨ੍ਹਾਂ ਮੁਲਕਾਂ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ ਹੈ। ਮੱਧ ਪੂਰਬ ਦੇ ਇਹ ਦੇਸ਼ ਅਮਰੀਕਾ ਦੇ ਪਿੱਛਲੱਗੂ ਹੀ ਹਨ ਅਤੇ ਉਨ੍ਹਾਂ ਨੇ ਆਪਣੇ ਇੱਥੇ ਅਮਰੀਕਾ ਨੂੰ ਫ਼ੌਜੀ ਟਿਕਾਣੇ ਕਾਇਮ ਕਰਨ ਦੀ ਇਜਾਜ਼ਤ ਦੇ ਕੇ ਪਹਿਲਾਂ ਹੀ ਦਿਖਾ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੀ ਪ੍ਰਭੂਸੱਤਾ ਦੀ ਪਰਵਾਹ ਨਹੀਂ ਹੈ। ਇਰਾਨ ਠੀਕ ਹੀ ਕਹਿ ਰਿਹਾ ਹੈ ਕਿ ਇਨ੍ਹਾਂ ਟਿਕਾਣਿਆਂ ਦੀ ਵਰਤੋਂ ਉਸ ’ਤੇ ਹਮਲੇ ਲਈ ਕੀਤੀ ਜਾ ਰਹੀ ਹੈ ਅਤੇ ਇਸ ਲਈ ਉਸ ਨੂੰ ਆਤਮ-ਰੱਖਿਆ ਵਿੱਚ ਜਵਾਬੀ ਹਮਲੇ ਦਾ ਅਧਿਕਾਰ ਹੈ।
ਅਮਰੀਕਾ ਦੀ ਢੀਠਤਾ ਦੇਖਣ ਵਾਲੀ ਹੈ ਕਿ ਉਹ ਇਰਾਨ ’ਤੇ ਹੀ ਦੋਸ਼ ਲਗਾ ਰਿਹਾ ਹੈ ਕਿ ਉਸ ਨੇ ਉਸ ਦੇ ਮਿੱਤਰ ਦੇਸ਼ਾਂ ’ਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤਾ ਹੈ। ਕੋਈ ਉਕਸਾਵਾ ਨਹੀਂ? ਯਾਨੀ ਇਰਾਨ ‘ਤੇ ਬੰਬ ਸੁੱਟੇ ਜਾਂਦੇ ਰਹਿਣ, ਉਸ ਦੇ ਲੋਕਾਂ ਤੇ ਨੇਤਾਵਾਂ ਦੀ ਹੱਤਿਆ ਹੁੰਦੀ ਰਹੇ ਅਤੇ ਉਹ ਖ਼ਾਮੋਸ਼ ਰਹੇ?
ਅਮਰੀਕਾ ਦਾ ਇਰਾਦਾ ਕੀ?
ਕੀ ਇਹ ਇਰਾਦਾ ਹੈ ਕਿ ਅਮਰੀਕਾ ਇਰਾਨ ਦੇ ਲੋਕਾਂ ਨੂੰ ਇੱਕ ਮਾਨਵੀ ਸਰਕਾਰ ਦੇਣਾ ਚਾਹੁੰਦਾ ਹੈ? ਕਿ ਉਹ ਇਰਾਨ ਵਿੱਚ ਲੋਕਤੰਤਰ ਬਹਾਲ ਕਰਨਾ ਚਾਹੁੰਦਾ ਹੈ? ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋ ਸਕਦਾ ਹੈ? ਅਮਰੀਕਾ ਦਾ ਇਰਾਦਾ ਬਿਲਕੁਲ ਸਾਫ਼ ਹੈ: ਉਹ ਚਾਹੁੰਦਾ ਹੈ ਕਿ ਪੂਰੀ ਦੁਨੀਆ ਉਸ ਦੇ ਪੈਰਾਂ ਹੇਠ ਰਹੇ। ਅਤੇ ਉਸ ਦੇ ਲਠੈਤ ਇਜ਼ਰਾਇਲ ਨੂੰ ਪੂਰਾ ਮੱਧ ਪੂਰਬ ਚਾਹੀਦਾ ਹੈ। ਅਮਰੀਕਾ ਇਸ ਵੇਲੇ ਦੁਨੀਆ ਦਾ ਸਭ ਤੋਂ ਹਿੰਸਕ ਅਤੇ ਅਪਰਾਧੀ ਦੇਸ਼ ਹੈ। ਉਸ ਦੀ ਬਰਾਬਰੀ ਵਿੱਚ ਸਿਰਫ਼ ਇਜ਼ਰਾਇਲ ਹੈ। ਯੂਰਪ ਦੇ ਦੇਸ਼ਾਂ ਨੇ ਆਪਣੇ ਆਚਰਣ ਨਾਲ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਆਪਣੀ ਕੋਈ ਆਵਾਜ਼ ਨਹੀਂ, ਕਿ ਉਹ ਪੂਰੀ ਤਰ੍ਹਾਂ ਅਮਰੀਕਾ ਦੇ ਗੁਲਾਮ ਦੇਸ਼ ਹਨ।
ਭਾਰਤ ਦਾ ਰਵੱਈਆ
ਕੀ ਭਾਰਤ ਅਮਰੀਕਾ ਅਤੇ ਇਜ਼ਰਾਇਲ ਦੇ ਨਾਲ ਹੈ? ਇਰਾਨ ’ਤੇ ਉਨ੍ਹਾਂ ਦੇ ਹਮਲੇ ਦੇ ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਇਜ਼ਰਾਇਲ ਦੀ ਰਾਜਧਾਨੀ ਵਿੱਚ ਯੁੱਧ ਅਪਰਾਧੀ ਨੇਤਨਯਾਹੂ ਨਾਲ ਗਲਵੱਕੜੀਆਂ ਪਾਉਂਦੇ ਅਤੇ ਹਾਸੇ-ਠੱਠੇ ਕਰਦੇ ਦੇਖੇ ਗਏ ਸਨ। ਕੀ ਚਲਦੇ-ਚਲਦੇ ਉਨ੍ਹਾਂ ਦੇ ਕੰਨ ਵਿੱਚ ਨੇਤਨਯਾਹੂ ਨੇ ਫ਼ੁਸਫ਼ੁਸਾ ਦਿੱਤਾ ਸੀ ਕਿ ਉਹ ਇਰਾਨ ’ਤੇ ਹਮਲਾ ਕਰਨ ਜਾ ਰਿਹਾ ਹੈ? ਕੀ ਇਸ ਹਮਲੇ ਵਿੱਚ ਭਾਰਤ ਦੀ ਖ਼ਾਮੋਸ਼ ਸਹਿਮਤੀ ਹੈ?
ਜੋ ਵੀ ਹੋਵੇ, ਇਹ ਸਾਫ਼ ਹੈ ਕਿ ਬ੍ਰਿਕਸ ਸਮੂਹ ਦੇ ਦੇਸ਼ਾਂ ਵਿੱਚ ਭਾਰਤ ਇਕੱਲਾ ਦੇਸ਼ ਹੈ ਜਿਸ ਨੇ ਇਰਾਨ ’ਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਤਰ੍ਹਾਂ ਪੂਰੀ ਦੁਨੀਆ ਵਿੱਚ ਭਾਰਤ ਦਾ ਸਿਰ ਨੀਵਾਂ ਕਰ ਦਿੱਤਾ ਹੈ। ਪਰ ਕੀ ਭਾਜਪਾ ਨੂੰ ਇਸ ਦੀ ਪਰਵਾਹ ਹੈ? ਉਸ ਦਾ ਸੁਪਨਾ ਤਾਂ ਇਹੀ ਹੈ ਕਿ ਉਹ ਦੱਖਣੀ ਏਸ਼ੀਆ ਦਾ ਇਜ਼ਰਾਇਲ ਬਣ ਸਕੇ।
ਦੁਨੀਆ ਇਸ ਵੇਲੇ ਖ਼ਤਰਨਾਕ ਮੋੜ ’ਤੇ ਖੜ੍ਹੀ ਹੈ। ਇਰਾਨ ’ਤੇ ਹਮਲੇ ਕਾਰਨ ਜੋ ਜੰਗ ਸ਼ੁਰੂ ਹੋਈ ਹੈ, ਉਹ ਫ਼ੈਲ ਸਕਦੀ ਹੈ। ਜ਼ਰੂਰੀ ਨਹੀਂ ਕਿ ਉਹ ਜਲਦੀ ਖ਼ਤਮ ਹੋ ਜਾਵੇ। ਆਇਤੁੱਲਾ ਦੀ ਹੱਤਿਆ ਮਹਿਜ਼ ਇੱਕ ਰਾਜ ਪ੍ਰਮੁੱਖ ਦੀ ਹੱਤਿਆ ਨਹੀਂ ਹੈ। ਸ਼ੀਆ ਭਾਈਚਾਰੇ ਵਿੱਚ ਆਇਤੁੱਲਾ ਦਾ ਦਰਜਾ ਪੋਪ ਵਰਗਾ ਹੈ। ਉਨ੍ਹਾਂ ਦੀ ਹੱਤਿਆ ਨਸਰੱਲਾ ਦੀ ਹੱਤਿਆ ਵਰਗੀ ਨਹੀਂ। ਉਸ ਨਾਲ ਅਮਰੀਕਾ ਦੇ ਖ਼ਿਲਾਫ਼ ਪੂਰੀ ਦੁਨੀਆ ਵਿੱਚ ਜੋ ਨਫ਼ਰਤ ਅਤੇ ਕੜਵਾਹਟ ਪੈਦਾ ਹੋਈ ਹੈ, ਉਸ ਦੇ ਨਤੀਜੇ ਨਿਕਲਣਗੇ ਹੀ। ਇਹ ਸਭ ਉਦੋਂ ਹੀ ਰੁਕ ਸਕਦਾ ਹੈ ਜਦੋਂ ਦੁਨੀਆ ਦੇ ਸਭ ਤੋਂ ਵੱਡੇ ਗੁੰਡੇ ਅਮਰੀਕਾ ਅਤੇ ਉਸ ਦੇ ਲਠੈਤ ਇਜ਼ਰਾਇਲ ’ਤੇ ਦੁਨੀਆ ਲਗਾਮ ਲਗਾ ਸਕੇ।ਉਸ ਦੀ ਹਿੰਮਤ ਕਿਸ ਕੋਲ ਹੈ?
![]()
