ਮਨੁੱਖੀ ਹੋਂਦ ਲਈ ਬੇਹੱਦ ਖਤਰਨਾਕ ਹੈ ਪਲਾਸਟਿਕ ਪ੍ਰਦੂਸ਼ਣ

In ਖਾਸ ਰਿਪੋਰਟ
March 12, 2026

ਡਾ. ਕਿਸ਼ਨ ਲਾਲ

ਪਲਾਸਟਿਕ ਦੀ ਖੋਜ ਦਾ ਇਤਿਹਾਸ 1862 ਤੋਂ ਸ਼ੁਰੂ ਹੋਇਆ ਪਰ 1907 ’ਚ ਲਿਓ ਬੈਕਲੈਂਡ ਦੁਆਰਾ ਤਿਆਰ ਕੀਤੇ ਪਹਿਲੇ ਸਿੰਥੈਟਿਕ ਪਲਾਸਟਿਕ ‘ਬੈਕਲਾਈਟ’ ਨੇ ਵਿਗਿਆਨ ਦੀ ਦੁਨੀਆ ’ਚ ਹਲਚਲ ਮਚਾ ਦਿੱਤੀ। ਆਪਣੀ ਮਜ਼ਬੂਤੀ, ਸਸਤੇ ਮੁੱਲ ਤੇ ਬਿਜਲੀ ਦੇ ਕੁਚਾਲਕ ਹੋਣ ਕਾਰਨ ਇਸ ਨੂੰ ਉਸ ਸਮੇਂ ਦੀ ਕਰਾਮਾਤੀ ਕਾਢ ਮੰਨਿਆ ਗਿਆ ਪਰ ਇਹ ਕਰਾਮਾਤ 1950 ਦੇ ਦਹਾਕੇ ਤੋਂ ਬਾਅਦ ਇੱਕ ਸਰਾਪ ਬਣਨੀ ਸ਼ੁਰੂ ਹੋ ਗਈ, ਜਦੋਂ ‘ਵਰਤੋ ਤੇ ਸੁੱਟੋ’ ਦੇ ਸੱਭਿਆਚਾਰ ਨੇ ਜਨਮ ਲੈ ਲਿਆ। ਅੱਜ ਸਥਿਤੀ ਇਹ ਹੈ ਕਿ ਦੁਨੀਆ ਭਰ ਵਿੱਚ ਹਰ ਮਿੰਟ ਵਿੱਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖਰੀਦੀਆਂ ਜਾਂਦੀਆਂ ਹਨ। ਪੰਜਾਬ ਦੇ ਦਰਿਆ ਸਤਲੁਜ ਤੇ ਬਿਆਸ ਅੱਜ ਪਲਾਸਟਿਕ ਪ੍ਰਦੂਸ਼ਣ ਨਾਲ ਕਰਾਹ ਰਹੇ ਹਨ। ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਮਹਾਨਗਰਾਂ ’ਚ ਕੂੜੇ ਦੇ ਜੋ ਵਿਸ਼ਾਲ ਪਹਾੜ ਬਣੇ ਹੋਏ ਹਨ, ਉਨ੍ਹਾਂ ’ਚ 30 ਫ਼ੀਸਦੀ ਤੋਂ ਵੱਧ ਇਕੱਲਾ ਪਲਾਸਟਿਕ ਹੈ। ਇਹ ਪਲਾਸਟਿਕ ਨਾ ਸਿਰਫ਼ ਵਾਤਾਵਰਣ ਲਈ, ਸਗੋਂ ਜੀਵ-ਜੰਤੂਆਂ ਲਈ ਵੀ ਬੇਹੱਦ ਘਾਤਕ ਹੈ। ਅਕਸਰ ਬੇਜ਼ੁਬਾਨ ਪਸ਼ੂ ਕੂੜੇ ’ਚੋਂ ਖਾਣਾ ਲੱਭਦੇ ਹੋਏ ਪਲਾਸਟਿਕ ਦੇ ਲਿਫ਼ਾਫ਼ੇ ਨਿਗਲ ਲੈਂਦੇ ਹਨ, ਜੋ ਉਨ੍ਹਾਂ ਦੀ ਸਾਹ ਨਲੀ ’ਚ ਫਸ ਕੇ ਜਾਂ ਮਿਹਦੇ ’ਚ ਜ਼ਹਿਰੀਲੀ ਪਰਤ ਬਣਾ ਕੇ ਮੌਤ ਦਾ ਕਾਰਨ ਬਣਦੇ ਹਨ। ਪਲਾਸਟਿਕ ਦੀ ਸਭ ਤੋਂ ਭਿਆਨਕ ਗੱਲ ਇਸ ਦਾ ‘ਅਮਰ’ ਰਹਿਣਾ ਹੈ ਕਿਉਂਕਿ ਇਸ ਨੂੰ ਕਦੇ ਵੀ ਨਸ਼ਟ ਨਹੀਂ ਕੀਤਾ ਜਾ ਸਕਦਾ, ਸਗੋਂ ਇਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰਕੇ ਉਸ ਨੂੰ ਵੀ ਬੰਜਰ ਬਣਾ ਦਿੰਦਾ ਹੈ।
ਇੱਕ ਹੈਰਾਨੀਜਨਕ ਸੱਚਾਈ ਇਹ ਹੈ ਕਿ ਸਾਡੇ ਰੋਜ਼ਾਨਾ ਦੇ ਕੂੜੇ ’ਚ 50 ਫ਼ੀਸਦੀ ਹਿੱਸਾ ਉਨ੍ਹਾਂ ਵਸਤੂਆਂ ਦਾ ਹੁੰਦਾ ਹੈ, ਜਿਨ੍ਹਾਂ ਦੀ ਵਰਤੋਂ ਅਸੀਂ ਸਿਰਫ਼ 10-15 ਮਿੰਟਾਂ ਲਈ ਕਰਦੇ ਹਾਂ, ਜਿਵੇਂ ਕਿ ਪਲਾਸਟਿਕ ਦੇ ਸਟ੍ਰਾਅ, ਪੈਕਿੰਗ ਸਮੱਗਰੀ ਤੇ ਚਾਹ ਦੇ ਕੱਪ ਆਦਿ। ਪਲਾਸਟਿਕ ਦੇ ਬੈਗ, ਪਲੇਟਾਂ, ਗਲਾਸ, ਚਮਚੇ, ਖਿਡੌਣੇ ਤੇ ਫਰਨੀਚਰ ਦੇ ਰੂਪ ’ਚ ਇਹ ਸਾਡੇ ਘਰਾਂ ਤੇ ਬਾਜ਼ਾਰਾਂ ’ਚ ਵੱਡੀ ਮਾਤਰਾ ’ਚ ਹਨ। ਦੁਖਾਂਤ ਇਹ ਹੈ ਕਿ ਚੰਦ ਮਿੰਟਾਂ ਦੀ ਸਹੂਲਤ ਲਈ ਵਰਤੀਆਂ ਇਹ ਚੀਜ਼ਾਂ ਵਰਤੋਂ ਤੋਂ ਬਾਅਦ ਹਜ਼ਾਰਾਂ ਸਾਲਾਂ ਲਈ ਧਰਤੀ ’ਤੇ ਗੰਦਗੀ ਦਾ ਅੰਬਾਰ ਲਾ ਦਿੰਦੀਆਂ ਹਨ। ਸ਼ਹਿਰਾਂ ’ਚ ਪੋਲੀਥੀਨ ਬੈਗਾਂ ਕਾਰਨ ਸੀਵਰੇਜ ਜਾਮ ਹੋਣ ਦੀ ਸਮੱਸਿਆ ਅੱਜ ਗੰਭੀਰ ਸੰਕਟ ਬਣ ਗਈ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਪਲਾਸਟਿਕ ਰੀਸਾਈਕਲ (ਮੁੜ ਵਰਤੋਂਯੋਗ) ਹੋ ਜਾਵੇਗਾ ਪਰ ਅਸਲੀਅਤ ਇਹ ਹੈ ਕਿ ਦੁਨੀਆ ਦਾ ਲਗਭਗ 90 ਫ਼ੀਸਦੀ ਪਲਾਸਟਿਕ ਕਦੇ ਵੀ ਰੀਸਾਈਕਲ ਨਹੀਂ ਹੁੰਦਾ।
ਪਲਾਸਟਿਕ ਪ੍ਰਦੂਸ਼ਣ ਅੱਜ ਦੁਨੀਆ ਦੇ ਹਰ ਕੋਨੇ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਸਮੁੰਦਰਾਂ ’ਚ ਪਲਾਸਟਿਕ ਦੇ ਵਿਸ਼ਾਲ ‘ਗਾਰਬੇਜ ਪੈਚ’ (ਕੂੜੇ ਦੇ ਟਾਪੂ) ਬਣ ਚੁੱਕੇ ਹਨ ਤੇ ਅੰਦਾਜ਼ਾ ਹੈ ਕਿ 2040 ਤੱਕ ਇਹ ਪ੍ਰਦੂਸ਼ਣ ਮੌਜੂਦਾ ਪੱਧਰ ਤੋਂ ਦੁੱਗਣਾ ਹੋ ਜਾਵੇਗਾ। ਹਰ ਸਾਲ ਲਗਭਗ 23 ਤੋਂ 37 ਮਿਲੀਅਨ ਟਨ ਪਲਾਸਟਿਕ ਸਮੁੰਦਰਾਂ ਦੀ ਭੇਟ ਚੜ੍ਹੇਗਾ ਤੇ ਸਮੁੰਦਰੀ ਜੀਵ ਇਸ ਨੂੰ ਭੋਜਨ ਸਮਝ ਕੇ ਨਿਗਲ ਲੈਂਦੇ ਹਨ। ਪਲਾਸਟਿਕ ਨਾਲ ਢਿੱਡ ਭਰਨ ਨਾਲ ਉਨ੍ਹਾਂ ਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਤੇ ਅੰਤ ਉਹ ਤੜਫ-ਤੜਫ ਕੇ ਮਰ ਜਾਂਦੇ ਹਨ। ਇਹ ਸੰਕਟ ਸਿਰਫ਼ ਪਾਣੀ ਤੱਕ ਸੀਮਤ ਨਹੀਂ, ਖੇਤਾਂ ਦੀ ਮਿੱਟੀ ’ਚ ਮਿਲੇ ਪਲਾਸਟਿਕ ਦੇ ਕਣ ਜ਼ਮੀਨ ਦੇ ਰੋਮਾਂ ਨੂੰ ਬੰਦ ਕਰਦੇ ਹਨ, ਜਿਸ ਨਾਲ ਹਵਾ ਦਾ ਸੰਚਾਰ ਰੁਕ ਜਾਂਦਾ ਹੈ ਤੇ ਧਰਤੀ ਹੇਠ ਪਾਣੀ ਦਾ ਰੀਚਾਰਜ ਹੋਣਾ ਅਸੰਭਵ ਹੋ ਜਾਂਦਾ ਹੈ। ਇਸ ਤੋਂ ਵੀ ਖ਼ਤਰਨਾਕ ਪਲਾਸਟਿਕ ਦਾ ਸਾਡੀ ਸਿਹਤ ’ਤੇ ਪੈ ਰਿਹਾ ਸਿੱਧਾ ਪ੍ਰਭਾਵ ਹੈ। ਜਦੋਂ ਪਲਾਸਟਿਕ ਨੂੰ ਸਾੜਿਆ ਜਾਂਦਾ ਹੈ ਤਾਂ ਇਸ ’ਚੋਂ ਡਾਈਆਕਸਿਨ ਤੇ ਫਿਊਰਾਨ ਵਰਗੀਆਂ ਅਤਿ-ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਦਮਾ, ਚਮੜੀ ਰੋਗ ਤੇ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਬਣਦੀਆਂ ਹਨ। ਪਲਾਸਟਿਕ ਦੇ ਬਰਤਨਾਂ ’ਚ ਗਰਮ ਖਾਣਾ ਖਾਣ ਨਾਲ ਇਸ ਵਿੱਚ ਮੌਜੂਦ ਬੀ.ਪੀ.ਏ. ਤੇ ਫੈਥਲੇਟ ਵਰਗੇ ਕੈਮੀਕਲ ਸਾਡੇ ਭੋਜਨ ’ਚ ਘੁਲ ਜਾਂਦੇ ਹਨ। ਇਹ ਕੈਮੀਕਲ ਸਾਡੇ ਸਰੀਰ ’ਚ ਐਂਡੋਕਰੀਨ ਵਿਘਨ ਪੈਦਾ ਕਰਦੇ ਹਨ, ਜੋ ਕੁਦਰਤੀ ਹਾਰਮੋਨਸ ਦੇ ਸੰਤੁਲਨ ਨੂੰ ਵਿਗਾੜ ਕੇ ਛਾਤੀ, ਪ੍ਰੋਸਟੇਟ ਤੇ ਜਿਗਰ ਦੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।
ਪਲਾਸਟਿਕ ਨੂੰ ਅਕਸਰ ਸਿਰਫ਼ ਜ਼ਮੀਨੀ ਜਾਂ ਸਮੁੰਦਰੀ ਕੂੜੇ ਵਜੋਂ ਦੇਖਿਆ ਜਾਂਦਾ ਹੈ ਪਰ ਅਸਲ ’ਚ ਇਹ ਗਲੋਬਲ ਵਾਰਮਿੰਗ (ਵਿਸ਼ਵਵਿਆਪੀ ਗਰਮਾਹਟ) ਦਾ ਵੀ ਇੱਕ ਵੱਡਾ ਕਾਰਨ ਹੈ। ਇਸ ਦਾ ਸਫ਼ਰ ਕੱਚੇ ਤੇਲ ਤੇ ਕੋਲੇ ਦੀ ਵਰਤੋਂ ਨਾਲ ਸ਼ੁਰੂ ਹੁੰਦਾ ਹੈ, ਜਿਸ ਦੀ ਨਿਰਮਾਣ ਪ੍ਰਕਿਰਿਆ ਦੌਰਾਨ ਭਾਰੀ ਮਾਤਰਾ ’ਚ ਕਾਰਬਨ ਡਾਈਆਕਸਾਈਡ ਵਰਗੀਆਂ ਗ੍ਰੀਨਹਾਊਸ ਗੈਸਾਂ ਪੈਦਾ ਹੁੰਦੀਆਂ ਹਨ। ਜਦੋਂ ਇਹ ਪਲਾਸਟਿਕ ਵਾਤਾਵਰਣ ’ਚ ਸੁੱਟ ਦਿੱਤਾ ਜਾਂਦਾ ਹੈ ਤਾਂ ਸੂਰਜ ਦੀ ਤੇਜ਼ ਗਰਮੀ ਨਾਲ ਇਸ ਦੇ ਟੁੱਟਣ ਦੀ ਪ੍ਰਕਿਰਿਆ ਦੌਰਾਨ ਮੀਥੇਨ ਤੇ ਈਥੀਲੀਨ ਵਰਗੀਆਂ ਘਾਤਕ ਗੈਸਾਂ ਨਿਕਲਦੀਆਂ ਹਨ, ਜੋ ਧਰਤੀ ਦੇ ਤਾਪਮਾਨ ਨੂੰ ਤੇਜ਼ੀ ਨਾਲ ਵਧਾ ਰਹੀਆਂ ਹਨ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਸਮੁੰਦਰਾਂ ਵਿੱਚ ਮੌਜੂਦ ਪਲੈਂਕਟਨ ਵਰਗੇ ਸੂਖਮ ਜੀਵ, ਜੋ ਵਾਤਾਵਰਣ ’ਚੋਂ ਕਾਰਬਨ ਨੂੰ ਸੋਖ ਕੇ ਧਰਤੀ ਦਾ ਸੰਤੁਲਨ ਬਣਾਈ ਰੱਖਦੇ ਹਨ, ਅੱਜ ਮਾਈਕ੍ਰੋਪਲਾਸਟਿਕ ਕਾਰਨ ਖ਼ਤਮ ਹੋ ਰਹੇ ਹਨ। ਇਨ੍ਹਾਂ ਜੀਵਾਂ ਦੇ ਨਸ਼ਟ ਹੋਣ ਨਾਲ ਧਰਤੀ ਦੀ ਕੁਦਰਤੀ ਕਾਰਬਨ ਸੋਖਣ ਪ੍ਰਣਾਲੀ ਬੁਰੀ ਤਰ੍ਹਾਂ ਵਿਗੜ ਰਹੀ ਹੈ। ਇਸ ਤਰ੍ਹਾਂ ਪਲਾਸਟਿਕ ਨਾ ਸਿਰਫ਼ ਧਰਤੀ ਨੂੰ ਗੰਦਾ ਕਰ ਰਿਹਾ ਹੈ, ਸਗੋਂ ਵਾਤਾਵਰਣ ਨੂੰ ਗਰਮ ਕਰਕੇ ਸਾਡੇ ਭਵਿੱਖ ਨੂੰ ਵੀ ਸੁਆਹ ਕਰ ਰਿਹਾ ਹੈ। ਸਭ ਤੋਂ ਭਿਆਨਕ ਸਚਾਈ ਇਹ ਹੈ ਕਿ ਪਲਾਸਟਿਕ ਹੁਣ ਸਾਡੇ ਖ਼ੂਨ ਦੇ ਦੌਰੇ ’ਚ ਵੀ ਸ਼ਾਮਿਲ ਹੋ ਚੁੱਕਾ ਹੈ। ਇਹ 5 ਮਿਲੀਮੀਟਰ ਤੋਂ ਵੀ ਛੋਟੇ ਮਾਈਕ੍ਰੋਪਲਾਸਟਿਕ ਕਣ ਪੀਣ ਵਾਲੇ ਪਾਣੀ, ਸਮੁੰਦਰੀ ਨਮਕ, ਹਵਾ ਤੇ ਇੱਥੋਂ ਤੱਕ ਕਿ ਸਾਡੇ ਰੋਜ਼ਾਨਾ ਵਰਤੋਂ ਦੇ ਸ਼ਿੰਗਾਰ ਸਾਮਾਨ (ਲਿਪਸਟਿਕ, ਫੇਸ ਵਾਸ਼ ਆਦਿ) ਰਾਹੀਂ ਸਾਡੇ ਸਰੀਰ ’ਚ ਦਾਖਲ ਹੋ ਰਹੇ ਹਨ। ਇਹ ਕਣ ਸਾਡੀਆਂ ਅੰਤੜੀਆਂ ’ਚ ਜਮ੍ਹਾਂ ਹੋ ਕੇ ਨਾ ਸਿਰਫ਼ ਪਾਚਣ ਸ਼ਕਤੀ ਨੂੰ ਕਮਜ਼ੋਰ ਕਰਦੇ ਹਨ, ਸਗੋਂ ਗੰਭੀਰ ਇਨਫੈਕਸ਼ਨ ਦਾ ਕਾਰਨ ਵੀ ਬਣਦੇ ਹਨ। ਇਸ ਤੋਂ ਵੀ ਵੱਧ ਖ਼ਤਰਨਾਕ ਪਲਾਸਟਿਕ ’ਚ ਮੌਜੂਦ ਬਿਸਫੇਨੋਲ-ਏ ਤੇ ਥੈਲੇਟਸ ਵਰਗੇ ਜ਼ਹਿਰੀਲੇ ਕੈਮੀਕਲ ਹਨ, ਜੋ ਸਾਡੇ ਹਾਰਮੋਨਲ ਸੰਤੁਲਨ ਨੂੰ ਬੁਰੀ ਤਰ੍ਹਾਂ ਵਿਗਾੜਦੇ ਹਨ। ਇਹ ਪੁਰਸ਼ਾਂ ’ਚ ਸ਼ੁਕਰਾਣੂਆਂ ਦੀ ਕਮੀ ਤੇ ਔਰਤਾਂ ’ਚ ਮਾਹਵਾਰੀ ਦੀ ਗੜਬੜੀ ਜਾਂ ਗਰਭ ਧਾਰਨ ਕਰਨ ’ਚ ਵੱਡੀ ਰੁਕਾਵਟ ਪੈਦਾ ਕਰ ਰਹੇ ਹਨ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਗਰਭਵਤੀ ਔਰਤਾਂ ਰਾਹੀਂ ਇਹ ਮਾਈਕ੍ਰੋਪਲਾਸਟਿਕ ਪਲੈਂਸਟਾ ਨੂੰ ਪਾਰ ਕਰਕੇ ਅਣਜੰਮੇ ਬੱਚੇ ਤੱਕ ਪਹੁੰਚ ਰਿਹਾ ਹੈ, ਜੋ ਆਉਣ ਵਾਲੀਆਂ ਨਸਲਾਂ ਦੀ ਸਿਹਤ ’ਤੇ ਸਵਾਲੀਆ ਚਿੰਨ੍ਹ ਲਾ ਰਿਹਾ ਹੈ। ਇਹ ਮਨੁੱਖੀ ਸਿਹਤ ਲਈ ਬਹੁਤ ਵੱਡਾ ਮੈਡੀਕਲ ਐਮਰਜੈਂਸੀ ਵਰਗਾ ਸੰਕਟ ਹੈ।
ਪਲਾਸਟਿਕ ਪ੍ਰਦੂਸ਼ਣ ਦੀ ਭਿਆਨਕਤਾ ਨੂੰ ਦੇਖਦੇ ਹੋਏ ਸਿਰਫ਼ ਸਰਕਾਰਾਂ ਨੂੰ ਕੋਸਣ ਨਾਲ ਸੁਧਾਰ ਨਹੀਂ ਹੋਵੇਗਾ, ਸਾਨੂੰ ਖ਼ੁਦ ਨੂੰ ਬਦਲਾਅ ਦਾ ਹਿੱਸਾ ਬਣਾਉਣਾ ਪਵੇਗਾ। ਅੱਜ ਸਮਾਂ ਹੈ ਕਿ ਅਸੀਂ ਰਵਾਇਤੀ ਪਲਾਸਟਿਕ ਦੀ ਥਾਂ ਮੱਕੀ ਦੇ ਸਟਾਰਚ ਜਾਂ ਗੰਨੇ ਦੀ ਰਹਿੰਦ-ਖੂੰਹਦ ਤੋਂ ਬਣੇ ਬਾਇਓਡੀਗ੍ਰੇਡੇਬਲ (ਕੁਦਰਤੀ ਤੌਰ ’ਤੇ ਗਲਣਯੋਗ) ਪਲਾਸਟਿਕ ਦੀ ਵਰਤੋਂ ਨੂੰ ਉਤਸ਼ਾਹਿਤ ਕਰੀਏ। ਨਵੀਨਤਮ ਤਕਨੀਕਾਂ ਰਾਹੀਂ ਰੀਸਾਈਕਲ ਕੀਤੇ ਪਲਾਸਟਿਕ ਨੂੰ ਲੁੱਕ ’ਚ ਮਿਲਾ ਕੇ ਬਣਾਈਆਂ ਜਾ ਰਹੀਆਂ ਸੜਕਾਂ ਸ਼ਾਨਦਾਰ ਮਿਸਾਲ ਹਨ, ਜੋ ਨਾ ਸਿਰਫ਼ ਜ਼ਿਆਦਾ ਟਿਕਾਊ ਹਨ, ਸਗੋਂ ਕੂੜੇ ਦੇ ਨਿਪਟਾਰੇ ਦਾ ਵਧੀਆ ਹੱਲ ਵੀ ਹਨ। ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਆਪਣਾ ਕੱਪੜੇ ਦਾ ਥੈਲਾ ਤੇ ਸਟੀਲ ਦੀ ਬੋਤਲ ਨਾਲ ਰੱਖਣ ਦੀ ਆਦਤ ਪਾਓ। ਵਿਆਹ-ਸ਼ਾਦੀਆਂ ਜਾਂ ਹੋਰ ਸਮਾਜਿਕ ਸਮਾਗਮਾਂ ’ਚ ਪਲਾਸਟਿਕ ਦੇ ਡਿਸਪੋਜ਼ੇਬਲ ਬਰਤਨਾਂ ਦੀ ਥਾਂ ਰਵਾਇਤੀ ਪੱਤਲਾਂ ਜਾਂ ਸਟੀਲ ਦੇ ਬਰਤਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਵਿਗਿਆਨਕ ਜਗਤ ਵਿੱਚ ਹਾਲ ਹੀ ’ਚ ਹੋਈ ਇੱਕ ਖੋਜ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਯੂਨੀਵਰਸਿਟੀ ਆਫ ਨਿਊ ਮੈਕਸੀਕੋ ਦੇ ਵਿਗਿਆਨੀ ਮੈਥਿਊ ਕੈਂਪੇਨ ਦੀ ਅਗਵਾਈ ’ਚ ਹੋਏ ਅਧਿਐਨ ਅਨੁਸਾਰ ਮਨੁੱਖੀ ਦਿਮਾਗ ’ਚ ਪਲਾਸਟਿਕ ਦੀ ਮਾਤਰਾ ਬਾਕੀ ਸਰੀਰਕ ਅੰਗਾਂ (ਮਿਹਦਾ, ਫੇਫੜੇ ਤੇ ਗੁਰਦੇ) ਨਾਲੋਂ 10 ਤੋਂ 20 ਗੁਣਾ ਵੱਧ ਪਾਈ ਗਈ ਹੈ। 91 ਮ੍ਰਿਤਕ ਦੇਹਾਂ ’ਤੇ ਕੀਤੇ ਇਸ ਅਧਿਐਨ ਨੇ ਦੱਸਿਆ ਕਿ ਸਮੇਂ ਦੇ ਨਾਲ ਇਹ ਸਥਿਤੀ ਹੋਰ ਭਿਆਨਕ ਹੁੰਦੀ ਜਾ ਰਹੀ ਹੈ, ਕਿਉਂਕਿ ਸਾਲ 2016 ਦੇ ਮੁਕਾਬਲੇ 2024 ’ਚ ਮਰੇ ਵਿਅਕਤੀਆਂ ਦੇ ਦਿਮਾਗ ਵਿੱਚ ਪਲਾਸਟਿਕ ਦੀ ਮਾਤਰਾ 50 ਫ਼ੀਸਦੀ ਵੱਧ ਸੀ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਮਾਨਸਿਕ ਰੋਗਾਂ ਜਾਂ ਪਾਗਲਪਨ ਦੇ ਸ਼ਿਕਾਰ ਵਿਅਕਤੀਆਂ ਦੇ ਦਿਮਾਗ ’ਚ ਪਲਾਸਟਿਕ ਦੀ ਮਾਤਰਾ ਆਮ ਲੋਕਾਂ ਨਾਲੋਂ 10 ਗੁਣਾ ਵੱਧ ਮਿਲੀ ਹੈ। ਇਹ ਅਧਿਐਨ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਦਿਮਾਗ ’ਚ ਜਮ੍ਹਾਂ ਹੋ ਰਿਹਾ ਪਲਾਸਟਿਕ ਸਾਡੇ ਤੰਤੂ-ਤੰਤਰ ਨੂੰ ਨਸ਼ਟ ਕਰ ਰਿਹਾ ਹੈ ਤੇ ਭਵਿੱਖ ’ਚ ਅਲਜ਼ਾਈਮਰ ਤੇ ਡਿਮੈਂਸ਼ੀਆ ਵਰਗੀਆਂ ਗੰਭੀਰ ਮਾਨਸਿਕ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦਾ ਹੈ। ਇਸ ਤਰ੍ਹਾਂ ਪਲਾਸਟਿਕ ਪ੍ਰਦੂਸ਼ਣ ਧੀਮਾ ਜ਼ਹਿਰ ਸਾਬਤ ਹੋ ਰਿਹਾ ਹੈ। ਜਦੋਂ ਅਸੀਂ ਪਲਾਸਟਿਕ ਦੇ ਬਰਤਨਾਂ ਅਤੇ ਸਮਾਨ ਦੀ ਖਰੀਦਦਾਰੀ ਤੋਂ ਤੋਬਾ ਕਰਾਂਗੇ ਤਾਂ ਨਾ ਸਿਰਫ਼ ਪਲਾਸਟਿਕ ਬਣਾਉਣ ਵਾਲੇ ਕਾਰਖ਼ਾਨੇ ਬੰਦ ਹੋਣਗੇ, ਸਗੋਂ ਸਾਡੀ ਪੁਰਾਤਨ ਜੂਟ ਇੰਡਸਟਰੀ (ਪਟਸਨ ਉਦਯੋਗ) ਨੂੰ ਮੁੜ ਹੁਲਾਰਾ ਮਿਲੇਗਾ। ਜੇਕਰ ਅਸੀਂ ਅੱਜ ਆਪਣੀਆਂ ਆਦਤਾਂ ਨਹੀਂ ਬਦਲਦੇ ਤਾਂ 2050 ਤੱਕ ਸਮੁੰਦਰਾਂ ’ਚ ਮੱਛੀਆਂ ਨਾਲੋਂ ਵੱਧ ਪਲਾਸਟਿਕ ਦੀ ਮਾਤਰਾ ਹੋਵੇਗੀ। ਪਲਾਸਟਿਕ ਵਿਰੁੱਧ ਲੜਾਈ ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਆਪਣੇ ਘਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਸ਼ੁਰੂਆਤ ਅੱਜ ਹੀ ਕਰੋ। ਇਹ ਉਹ ਜੰਗ ਹੈ, ਜੋ ਸਾਨੂੰ ਆਪਣੀ ਹੋਂਦ ਤੇ ਆਪਣੀਆਂ ਨਸਲਾਂ ਲਈ ਹਰ ਹਾਲ ਜਿੱਤਣੀ ਹੀ ਪਵੇਗੀ।

Loading