ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇੱਕ ਵਾਰ ਫ਼ਿਰ ਅਮਰੀਕੀ ਪ੍ਰਸ਼ਾਸਨ ਨੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਵੈ ਇੱਛੁਕ ਤੌਰ ’ਤੇ ਦੇਸ਼ ਛੱਡ ਜਾਣ ਬਦਲੇ ਮੁਫ਼ਤ ਸਫ਼ਰ ਤੇ ਨਗਦ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਯੂ ਐਸ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ( ਡੀ ਐਚ ਐਸ) ਨੇ ਇਹ ਪੇਸ਼ਕਸ਼ ਸੋਸ਼ਲ ਮੀਡੀਆ ਐਕਸ ਉੱਪਰ ਚੀਨ ਤੇ ਕੋਲੰਬੀਆ ਦੇ ਦ੍ਰਿਸ਼ਾਂ ਸਮੇਤ ਤਾਜ ਮਹਿਲ ਦੀ ਖੂਬਸੂਰਤ ਤਸਵੀਰ ਨਾਲ ਸਾਂਝੀ ਕੀਤੀ ਹੈ। ਭਾਰਤ , ਚੀਨ ਤੇ ਕੋਲੰਬੀਆ ਦੇ ਪਿਛੋਕੜ ਵਾਲੇ ਸਭ ਤੋਂ ਵਧ ਗ਼ੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਰਹਿੰਦੇ ਹਨ। ਟਰੰਪ ਪ੍ਰਸ਼ਾਸਨ ਵੱਲੋਂ ਪ੍ਰਾਜੈਕਟ ਹੋਮਕਮਿੰਗ 2025 ਵਿੱਚ ਸ਼ੁਰੂ ਕੀਤਾ ਗਿਆ ਸੀ। ਡੀ. ਐਚ. ਐਸ. ਨੇ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਂਦਿਆਂ ਪੇਸ਼ਕਸ਼ ਵਿੱਚ ਕਿਹਾ ਹੈ ਕਿ ਤੁਸੀਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਲਈ ਘਰ ਵਾਪਿਸ ਜਾ ਸਕਦੇ ਹੋ। ਇਸ ਸਵੈ ਇੱਛੁਕ ਦੇਸ਼ ਛੱਡਣ ਬਦਲੇ ਮੁਫ਼ਤ ਸਫ਼ਰ ਦੀ ਸਹੂਲਤ ਤੇ 2600 ਡਾਲਰ ਐਗਜ਼ਿਟ ਬੋਨਸ ਵਜੋਂ ਦਿੱਤੇ ਜਾਣਗੇ। 2022 ਵਿੱਚ ਲਾਏ ਗਏ ਇੱਕ ਅਨੁਮਾਨ ਅਨੁਸਾਰ ਅਮਰੀਕਾ ਵਿੱਚ ਅੰਦਾਜ਼ਨ 7,25,000 ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਨੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਛੱਡਣ ਬਦਲੇ ਇੱਕ ਹਜ਼ਾਰ ਡਾਲਰ ਨਕਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਡੀ. ਐਚ. ਐਸ. ਦੇ ਸਾਬਕਾ ਸਕੱਤਰ ਕ੍ਰਿਸਟੀ ਨੋਇਮ ਨੇ ਨਵੰਬਰ 2025 ਵਿੱਚ ਕਿਹਾ ਸੀ ਕਿ 16 ਲੱਖ ਗ਼ੈਰ ਕਾਨੂੰਨੀ ਪ੍ਰਵਾਸੀ ਸਵੈ ਇੱਛੁਕ ਤੌਰ ’ਤੇ ਦੇਸ਼ ਵਿਚੋਂ ਚਲੇ ਗਏ ਹਨ।
![]()
