ਅਮਰੀਕਾ-ਇਰਾਨ ਤਣਾਅ ਘਟਾਉਣ ਲਈ ਇੱਕ ਵਿਚੋਲੇ ਦੀ ਭੂਮਿਕਾ ਨਿਭਾ ਸਕਦਾ ਹੈ ਭਾਰਤ

In ਮੁੱਖ ਖ਼ਬਰਾਂ
March 25, 2026

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਫੋਨ ’ਤੇ ਗੱਲਬਾਤ ਕਰਦਿਆਂ ਮੱਧ ਪੂਰਬ (ਮਿਡਲ ਈਸਟ) ਦੀ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ। ਭਾਰਤ ਵਿੱਚ ਅਮਰੀਕੀ ਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦੱਸਿਆ ਕਿ ਦੋਵਾਂ ਆਗੂਆਂ ਨੇ ਸਟਰੇਟ ਆਫ ਹੋਰਮੁਜ਼ ਨੂੰ ਖੁੱਲ੍ਹਾ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਸਮੁੰਦਰੀ ਰਸਤਾ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਲਈ ਬਹੁਤ ਅਹਿਮ ਹੈ ਅਤੇ ਇਰਾਨ ਨਾਲ ਚੱਲ ਰਹੇ ਤਣਾਅ ਕਾਰਨ ਇਸ ਦੇ ਬੰਦ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਇਸ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਨੇ ਮੰਨਿਆ ਕਿ ਜੇਕਰ ਇਹ ਰਸਤਾ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦਾ ਅਸਰ ਸਿਰਫ਼ ਖੇਤਰੀ ਸੁਰੱਖਿਆ ’ਤੇ ਹੀ ਨਹੀਂ ਬਲਕਿ ਪੂਰੀ ਦੁਨੀਆ ਦੀ ਆਰਥਿਕਤਾ ’ਤੇ ਪਵੇਗਾ। ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਵਧਦੇ ਟਕਰਾਅ ਨੂੰ ਦੇਖਦੇ ਹੋਏ ਭਾਰਤ ਅਤੇ ਅਮਰੀਕਾ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਵਪਾਰਕ ਰਸਤਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਹੋਈ ਇਸ ਗੱਲਬਾਤ ਦਾ ਮੁੱਖ ਕੇਂਦਰ ਸਟਰੇਟ ਆਫ ਹੋਰਮੁਜ਼ ਰਿਹਾ ਜੋ ਓਮਾਨ ਅਤੇ ਇਰਾਨ ਵਿਚਕਾਰ ਇੱਕ ਬਹੁਤ ਹੀ ਤੰਗ ਸਮੁੰਦਰੀ ਰਸਤਾ ਹੈ। ਦੁਨੀਆ ਦਾ ਲਗਪਗ 20 ਤੋਂ 30 ਫੀਸਦੀ ਕੱਚਾ ਤੇਲ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ। ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਮੰਗਵਾਉਂਦਾ ਹੈ, ਇਸ ਲਈ ਜੇਕਰ ਇਰਾਨ ਅਤੇ ਇਜ਼ਰਾਇਲ ਦੇ ਟਕਰਾਅ ਕਾਰਨ ਇਹ ਰਸਤਾ ਬੰਦ ਹੁੰਦਾ ਹੈ, ਤਾਂ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਸਕਦੀਆਂ ਹਨ। ਦੋਵਾਂ ਆਗੂਆਂ ਨੇ ਸਹਿਮਤੀ ਜਤਾਈ ਕਿ ਵਿਸ਼ਵ ਦੀ ਆਰਥਿਕ ਸਥਿਰਤਾ ਲਈ ਇਸ ਰਸਤੇ ਨੂੰ ਹਰ ਹਾਲ ਵਿੱਚ ਖੁੱਲ੍ਹਾ ਰੱਖਣਾ ਜ਼ਰੂਰੀ ਹੈ।
ਅਮਰੀਕੀ ਦੂਤ ਸਰਜੀਓ ਗੋਰ ਅਨੁਸਾਰ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਤਹਿਰਾਨ ਵਿੱਚ ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਰਾਸ਼ਟਰਪਤੀ ਟਰੰਪ ਨੇ ਮੱਧ ਪੂਰਬ ਵਿੱਚ ਅਮਰੀਕਾ ਦੀ ਰਣਨੀਤੀ ਬਾਰੇ ਮੋਦੀ ਨਾਲ ਸਲਾਹ ਕੀਤੀ ਅਤੇ ਭਾਰਤ ਦੀ ਭੂਮਿਕਾ ਨੂੰ ਅਹਿਮ ਦੱਸਿਆ। ਭਾਰਤ ਦੇ ਇਰਾਨ ਨਾਲ ਵੀ ਚੰਗੇ ਸਬੰਧ ਹਨ ਅਤੇ ਅਮਰੀਕਾ ਨਾਲ ਵੀ ਗੂੜ੍ਹੀ ਦੋਸਤੀ ਹੈ, ਇਸ ਲਈ ਮੋਦੀ ਇਸ ਖੇਤਰ ਵਿੱਚ ਤਣਾਅ ਘਟਾਉਣ ਲਈ ਇੱਕ ਵਿਚੋਲੇ ਦੀ ਭੂਮਿਕਾ ਨਿਭਾ ਸਕਦੇ ਹਨ। ਇਸ ਤੋਂ ਇਲਾਵਾ ਲਿਬਨਾਨ ਵਿੱਚ ਚੱਲ ਰਹੀ ਜੰਗ ਅਤੇ ਸਮੁੰਦਰੀ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਵੀ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਵਿਚਾਲੇ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ ਗਈ।

Loading