ਐਫ. ਬੀ. ਆਈ. ਮੁਖੀ ਪਟੇਲ ਇੱਕ ਸ਼ਾਨਦਾਰ ਵਿਅਕਤੀ ਹੈ: ਟਰੰਪ

In ਅਮਰੀਕਾ
March 27, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਮਫਿਸ ਸੇਫ ਟਾਸਕ ਫੋਰਸ ਦੀ ਵਾਸ਼ਿੰਗਟਨ, ਡੀ ਸੀ ਵਿੱਚ ਇੱਕ ਗੋਲਮੇਜ ਮੀਟਿੰਗ ਦੌਰਾਨ ਐਫ. ਬੀ. ਆਈ. ਮੁਖੀ ਭਾਰਤੀ ਮੂਲ ਦੇ ਕਾਸ਼ ਪਟੇਲ ਦੀ ਰਜਵੀਂ ਪ੍ਰਸੰਸਾ ਕੀਤੀ। ਇਸ ਮੀਟਿੰਗ ਵਿੱਚ ਪਟੇਲ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਨੇ ਹਿੰਸਕ ਅਪਰਾਧੀਆਂ ਦੀਆਂ ਰਿਕਾਰਡ ਇਤਿਹਾਸਿਕ ਗ੍ਰਿਫ਼ਤਾਰੀਆਂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਟਰੰਪ ਨੇ ਕਿਹਾ ਕਿ ਐਫ. ਬੀ. ਆਈ. ਮੁਖੀ ਕਾਸ਼ ਪਟੇਲ ਇੱਕ ਸ਼ਾਨਦਾਰ ਵਿਅਕਤੀ ਹੈ। ਦਰਅਸਲ ਜਦੋਂ ਤੁਸੀਂ ਉਸ ਨੂੰ ਜਾਣਨ ਦਾ ਯਤਨ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਉਹ ਅਦਭੁੱਤ ਹੈ। ਟਰੰਪ ਨੇ ਕਿਹਾ ਕਿ ਕਾਸ਼ ਤੁਹਾਡਾ ਬਹੁਤ-ਬਹੁਤ ਧੰਨਵਾਦ , ਤੁਸੀਂ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਪਟੇਲ ਨੇ ਪ੍ਰਸ਼ਾਸਨ ਦੁਆਰਾ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਤੇ ਮੈਮਫਿਸ ਸੇਫ ਟਾਸਕ ਫੋਰਸ ਦੀ ਭੂਮਿਕਾ ’ਤੇ ਰੋਸ਼ਨੀ ਪਾਈ ਜਿਨ੍ਹਾਂ ਦੀ ਕਾਰਗੁਜ਼ਾਰੀ ਸਦਕਾ ਪਿਛਲੇ 6 ਮਹੀਨਿਆਂ ਦੌਰਾਨ ਸ਼ਹਿਰ ਵਿੱਚ ਹਿੰਸਕ ਅਪਰਾਧ ਵਿੱਚ ਤੇਜੀ ਨਾਲ ਕਮੀ ਆਈ ਹੈ। ਪਟੇਲ ਨੇ ਟਰੰਪ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤੁਸੀਂ ਸਾਨੂੰ ਇਜਾਜ਼ਤ ਦਿੱਤੀ। ‘‘ਤੁਸੀਂ ਸਾਨੂੰ ਕਿਹਾ ਕਿ ਜਾਓ ਗਿਰੋਹਾਂ ਦੇ ਸਰਗਰਨਿਆਂ, ਬਲਾਤਕਾਰੀਆਂ, ਕਾਤਲਾਂ ਤੇ ਡਰੱਗ ਦੇ ਵਪਾਰੀਆਂ ਨੂੰ ਫੜੋ।’’ ਪਟੇਲ ਨੇ ਆਪਣੇ ਸੰਬੋਧਨ ਵਿੱਚ ਆਪਣੀ ਨਿੱਜੀ ਯਾਤਰਾ ਬਾਰੇ ਵੀ ਗੱਲ ਕੀਤੀ। ਯੂ ਐਸ ਮਾਰਸ਼ਲ ਸਰਵਿਸ ਮੁਖੀ ਗੈਡੀ ਸੇਰਾਲਟਾ ਨੇ ਕਿਹਾ ਕਿ ਟਾਸਕ ਫੋਰਸ ਨੇ 6 ਮਹੀਨਿਆਂ ਦੌਰਾਨ 7342 ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਹੋਈਆਂ ਹਨ, ਉਨ੍ਹਾਂ ਵਿੱਚ ਕਤਲ, ਡਰੱਗ, ਗੈਂਗ ਅਪਰਾਧ ਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਸਬੰਧਿਤ ਮਾਮਲੇ ਸ਼ਾਮਿਲ ਹਨ।

Loading