2 views 0 secs 0 comments

ਪੰਜਾਬ ’ਚ ਧਰਮ ਪਰਿਵਰਤਨ ਨੂੰ ਠੱਲ੍ਹ ਪਾਉਣ ਦੀ ਲੋੜ : ਦਿੱਲੀ ਕਮੇਟੀ

In ਭਾਰਤ
March 27, 2026

ਨਵੀਂ ਦਿੱਲੀ/ਏ.ਟੀ.ਨਿਊਜ਼: ਸੁਪਰੀਮ ਕੋਰਟ ਨੇ ਧਰਮ ਪਰਿਵਰਤਨ ਕਰਕੇ ਇਸਾਈ ਬਣਨ ਮਗਰੋਂ ਅਨੁਸੂਚਿਤ ਜਾਤੀਆਂ (ਐੱਸ ਸੀ) ਵਰਗ ਦੀਆਂ ਸਹੂਲਤਾਂ ਦਾ ਲਾਭ ਮਿਲਣ ’ਤੇ ਲਗਾਈ ਰੋਕ ਦੇ ਫੈਸਲੇ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਵਿੱਚ ਧਰਮ ਪਰਿਵਰਤਨ ਨੂੰ ਠੱਲ੍ਹ ਪੈਣ ’ਚ ਮਦਦ ਮਿਲੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿਖ਼ਰਲੀ ਅਦਾਲਤ ਦਾ ਇਹ ਫੈਸਲਾ ਬਹੁਤ ਹੀ ਸਵਾਗਤਯੋਗ ਹੈ ਕਿ ਐੱਸ ਸੀ ਵਰਗ ਦੀਆਂ ਸਹੂਲਤਾਂ ਸਿਰਫ ਹਿੰਦੂ, ਸਿੱਖ ਤੇ ਬੁੱਧ ਧਰਮਾਂ ਦੇ ਲੋਕਾਂ ਨੂੰ ਮਿਲਣਗੀਆਂ ਅਤੇ ਜੇਕਰ ਕੋਈ ਧਰਮ ਪਰਿਵਰਤਨ ਕਰਕੇ ਇਸਾਈ ਬਣਦਾ ਹੈ ਤਾਂ ਫਿਰ ਉਹ ਇਹ ਸਹੂਲਤਾਂ ਲੈਣ ਦੇ ਯੋਗ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਲਚ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਕੇ ਉਨ੍ਹਾਂ ਨੂੰ ਇਸਾਈ ਬਣਾਇਆ ਜਾ ਰਿਹਾ ਹੈ। ਇਹ ਮੁੱਦਾ ਦਿੱਲੀ ਗੁਰਦੁਆਰਾ ਕਮੇਟੀ ਨੇ ਅਨੇਕਾਂ ਵਾਰ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਅਤੇ 2000 ਦੇ ਕਰੀਬ ਲੋਕਾਂ ਦੀ ਸਿੱਖ ਧਰਮ ਵਿੱਚ ਮੁੜ ਵਾਪਸੀ ਵੀ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਹੈ ਤਾਂ ਪੂਰੀ ਆਸ ਹੈ ਕਿ ਇਸ ਨਾਲ ਧਰਮ ਪਰਿਵਰਤਨ ਦੀ ਮੁਹਿੰਮ ਨੂੰ ਖਾਸ ਤੌਰ ’ਤੇ ਪੰਜਾਬ ਵਿਚ ਠੱਲ੍ਹ ਪਵੇਗੀ ਅਤੇ ਲੋਕ ਹੁਣ ਇਹ ਸਮਝ ਲੈਣਗੇ ਕਿ ਲਾਲਚ ਵਿੱਚ ਆ ਕੇ ਜੇਕਰ ਇਸਾਈ ਧਰਮ ਅਪਣਾਇਆ ਤਾਂ ਐੱਸ ਸੀ ਵਰਗ ਨੂੰ ਮਿਲਦੀਆਂ ਸਹੂਲਤਾਂ ਤੋਂ ਉਹ ਵਾਂਝੇ ਰਹਿ ਜਾਣਗੇ।
ਉਨ੍ਹਾਂ ਕਿਹਾ ਕਿ ਐੱਸ ਸੀ ਵਰਗ ਦੇ ਬੱਚਿਆਂ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵਾਂਕਰਨ ਤੇ ਹੋਰ ਸਹੂਲਤਾਂ ਮਿਲਦੀਆਂ ਹਨ ਅਤੇ ਜੇਕਰ ਕੋਈ ਇਸਾਈ ਬਣਦਾ ਹੈ ਤਾਂ ਉਹ ਇਨ੍ਹਾਂ ਸਹੂਲਤਾਂ ਤੋਂ ਸੱਖਣਾ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਵੀ ਅਦਾਲਤ ਦੇ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ।

Loading