ਧਰਮ ਦੀ ਮਰਿਆਦਾ ਬਹਾਲ ਰੱਖਣ ਦੀ ਲੜਾਈ ਲੜ ਰਹੇ ਹਾਂ : ਗਿਆਨੀ ਹਰਪ੍ਰੀਤ ਸਿੰਘ

In ਪੰਜਾਬ
March 27, 2026

ਬੋਹਾ (ਮਾਨਸਾ)/ਏ.ਟੀ.ਨਿਊਜ਼: ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਰਮ ਦੀ ਮਰਿਆਦਾ ਬਹਾਲ ਰੱਖਣ ਦੀ ਲੜਾਈ ਲੜ ਰਹੇ ਹਨ। ਇਸ ਲਈ ਮਰਿਆਦਾ ਤੋੜਨ ਵਾਲੇ ਲੋਕਾਂ ਨਾਲ ਉਦੋਂ ਤੱਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਹ ਧਰਮ ਦੇ ਰਾਹ ’ਤੇ ਪਰਤ ਨਹੀਂ ਆਉਂਦੇ ਹਨ। ਉਹ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ’ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਜਿਸ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਾਲੀ ਮੁਕਤਿਆਂ ਦਾ ਬੇਦਾਵਾ ਪਾੜਿਆ ਸੀ, ਉਸੇ ਧਰਤੀ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਏ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਦਾਵਾ ਦਿੱਤਾ ਹੈ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਸਾਹਮਣੇ ਕਬੂਲ ਕੀਤੇ ਗੁਨਾਹ ਅਸਲ ਵਿੱਚ ਕੀਤੇ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਿੱਤ ਨਵੇਂ ਬੇਦਾਵੇ ਦੇਣ ਦਾ ਰਿਕਾਰਡ ਬਣਾ ਰਿਹਾ ਹੈ। ਉਨ੍ਹਾਂ ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਵਰਗੇ ਹਾਲਾਤ ਪੈਦਾ ਹੋ ਗਏ ਹਨ ਤੇ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ, ਰਜਿੰਦਰ ਸਿੰਘ ਰਿਉਂਦ ਕਲਾ, ਭੀਮ ਸਿੰਘ ਕਣਕਵਾਲ, ਹਰਜੀਤ ਸਿੰਘ ਜੰਡੂ ਤੇ ਗੁਰਜੰਟ ਸਿੰਘ ਫਫੜੇ ਭਾਈਕੇ ਨੇ ਵੀ ਸੰਬੋਧਨ ਕੀਤਾ।

Loading