ਕੀ ਟਰੰਪ ਦੀ ਗੱਲਬਾਤ ਇਰਾਨ ਵਿਰੁੱਧ ‘ਆਖਰੀ ਹਮਲੇ’ ਦੀ ਰਣਨੀਤਕ ਤਿਆਰੀ ਹੈ?

In ਮੁੱਖ ਖ਼ਬਰਾਂ
March 28, 2026

ਹੁਣੇ ਜਿਹੇ ਰੂਸ ਦੀ ਸਰਕਾਰੀ ਅਖ਼ਬਾਰ ਆਰ.ਟੀ. ਇੰਟਰਨੈਸ਼ਨਲ ਵਿੱਚ ਫਰਹਾਦ ਇਬਰਾਹੀਮੋਵ ਦੀ ਇੱਕ ਰਿਪੋਰਟ ਛਪੀ ਹੈ। ਫਰਹਾਦ ਇਬਰਾਹੀਮੋਵ ਦਾ ਕਹਿਣਾ ਹੈ ਕਿ ਇਸ ਹਫਤੇ ਇਸ ਜੰਗ ਨੇ ਪੱਛਮੀ ਏਸ਼ੀਆ ਨੂੰ ਇੱਕ ਅਜਿਹੇ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਇੱਕ ਪਾਸੇ ਪਰਮਾਣੂ ਜੰਗ ਦੇ ਬੱਦਲ ਮੰਡਰਾ ਰਹੇ ਹਨ ਅਤੇ ਦੂਜੇ ਪਾਸੇ ਕੂਟਨੀਤਕ ਗੱਲਬਾਤ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨਾਲ ‘ਸੰਪਰਕ’ ਹੋਣ ਦੇ ਦਾਅਵਿਆਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਰਾਨ ਦੇ ਊਰਜਾ ਢਾਂਚੇ ਨੂੰ ਤਬਾਹ ਕਰਨ ਦਾ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ।
ਫਰਹਾਦ ਦਾ ਮੰਨਣਾ ਹੈ ਕਿ ਟਰੰਪ ਦੀ ਰਣਨੀਤੀ ਵਿੱਚ ਇਹ ਅਚਾਨਕ ਆਈ ਤਬਦੀਲੀ ਕੋਈ ਮਨੁੱਖੀ ਹਮਦਰਦੀ ਨਹੀਂ, ਸਗੋਂ ਇੱਕ ਗਣਿਤਿਕ ਚਾਲ ਹੈ। ਇਸ ਦੇ ਤਿੰਨ ਮੁੱਖ ਪਹਿਲੂ ਹਨ:
ਪੈਂਟਾਗਨ ਅਤੇ ਡਿਪਾਰਟਮੈਂਟ ਆਫ਼ ਵਾਰ ਨੂੰ ਅਹਿਸਾਸ ਹੋ ਗਿਆ ਹੈ ਕਿ ਇਰਾਨ ’ਤੇ ਸਿੱਧਾ ਹਮਲਾ ਅਮਰੀਕੀ ਹਿੱਤਾਂ ਅਤੇ ਖਾੜੀ ਦੇਸ਼ਾਂ (ਸਾਊਦੀ ਅਰਬ, ਯੂ.ਏ.ਈ.) ਦੇ ਤੇਲ ਖੂਹਾਂ ਲਈ ਘਾਤਕ ਹੋ ਸਕਦਾ ਹੈ। ਗੱਲਬਾਤ ਦਾ ਰਾਗ ਅਲਾਪ ਕੇ ਅਮਰੀਕਾ ਆਪਣੀਆਂ ਫ਼ੌਜਾਂ ਨੂੰ ਮੁੜ ਜਥੇਬੰਦ ਕਰਨ ਲਈ ਸਮਾਂ ਲੈ ਰਿਹਾ ਹੈ।
ਅਮਰੀਕਾ ਵੱਲੋਂ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲੀਬਾਫ ਵਰਗੇ ਆਗੂਆਂ ਦਾ ਨਾਂਅ ਗੁਪਤ ਗੱਲਬਾਤ ਲਈ ਉਛਾਲਣਾ, ਇਰਾਨੀ ਲੀਡਰਸ਼ਿਪ, ਆਈਆਰਜੀਸੀ ਅਤੇ ਧਾਰਮਿਕ ਸੰਸਥਾਵਾਂ ਵਿਚਕਾਰ ਬੇਭਰੋਸਗੀ ਪੈਦਾ ਕਰਨ ਦੀ ਇੱਕ ਮਨੋਵਿਗਿਆਨਕ ਜੰਗ ਹੈ।
ਹੋਰਮੂਜ਼ ਜਲਡਮਰੂ ਦੀ ਨਾਕਾਬੰਦੀ ਕਾਰਨ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ। ਟਰੰਪ ਜਾਣਦੇ ਹਨ ਕਿ ਜੇਕਰ ਤੇਲ ਦੀ ਸਪਲਾਈ ਲੰਬੇ ਸਮੇਂ ਤੱਕ ਰੁਕੀ ਰਹੀ, ਤਾਂ ਅਮਰੀਕੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਵੇਗਾ।
ਫਰਹਾਦ ਇਬਰਾਹੀਮੋਵ ਅਨੁਸਾਰ ਇਰਾਨ ਹਾਲੇ ਤੱਕ ਅਮਰੀਕਾ ਅੱਗੇ ਝੁਕਿਆ ਨਹੀਂ ਹੈ। ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਅਮਰੀਕਾ ਅਤੇ ਇਜ਼ਰਾਈਲ ਨੂੰ ‘ਬਦਮਾਸ਼’ ਕਰਾਰ ਦਿੱਤਾ ਹੈ। ਪਿਛਲੇ ਦਿਨੀਂ ਮਿਨਾਬ ਵਿੱਚ ਇੱਕ ਸਕੂਲ ’ਤੇ ਹੋਏ ਹਮਲੇ ਵਿੱਚ 170 ਤੋਂ ਵੱਧ ਬੱਚਿਆਂ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਰਾਨ ਇਸ ਨੂੰ ਅਮਰੀਕਾ ਵੱਲੋਂ ਕੀਤਾ ਗਿਆ ‘ਜੰਗੀ ਅਪਰਾਧ’ ਮੰਨਦਾ ਹੈ। ਅਮਰੀਕੀ-ਇਜ਼ਰਾਇਲੀ ਹਮਲਿਆਂ ਵਿੱਚ ਇਰਾਨ ਅੰਦਰ 1,937 ਅਤੇ ਲਿਬਨਾਨ ਵਿੱਚ 1,116 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਨਾਲ ਖੁਫ਼ੀਆ ਜਾਣਕਾਰੀ ਸਾਂਝੀ ਨਹੀਂ ਕਰ ਰਹੇ, ਪਰ ਅਮਰੀਕੀ ਬੇਸਾਂ ਦੀ ਸਥਿਤੀ ਜਨਤਕ ਹੈ, ਜਿਸ ਦਾ ਮਤਲਬ ਹੈ ਕਿ ਇਰਾਨ ਜਵਾਬੀ ਕਾਰਵਾਈ ਲਈ ਸੁਤੰਤਰ ਹੈ।
ਫਰਹਾਦ ਇਬਰਾਹੀਮੋਵ ਅਨੁਸਾਰ ਜਿੱਥੇ ਟਰੰਪ ਗੱਲਬਾਤ ਦੀ ਗੱਲ ਕਰ ਰਹੇ ਹਨ, ਉੱਥੇ ਹੀ ਪੈਂਟਾਗਨ ਇਰਾਨ ’ਤੇ ‘ਆਖਰੀ ਹਮਲੇ’ ਦੀ ਯੋਜਨਾ ਬਣਾ ਰਿਹਾ ਹੈ। ਇਸ ਯੋਜਨਾ ਵਿੱਚ ਸ਼ਾਮਲ ਹਨ:

ਤੇਲ ਮਾਰਗ ਨੂੰ ਖੋਲ੍ਹਣ ਲਈ ਇਰਾਨੀ ਟਾਪੂਆਂ ’ਤੇ ਫ਼ੌਜੀ ਕਬਜ਼ਾ
ਇਰਾਨ ਦੇ ਯੂਰੇਨੀਅਮ ਭੰਡਾਰਾਂ ਨੂੰ ਜ਼ਬਤ ਕਰਨ ਲਈ ਜ਼ਮੀਨੀ ਹਮਲੇ
ਇਜ਼ਰਾਇਲੀ ਹਵਾਈ ਹਮਲੇ: ਤਹਿਰਾਨ, ਯਜ਼ਦ ਅਤੇ ਇਸਫਾਹਾਨ ਵਰਗੇ ਸ਼ਹਿਰਾਂ ਵਿੱਚ ਮਿਜ਼ਾਈਲ ਉਤਪਾਦਨ ਕੇਂਦਰਾਂ ਨੂੰ ਨਿਸ਼ਾਨਾ ਬਣਾਉਣਾ
ਇਸ ਜੰਗ ਦੇ ਦੌਰਾਨ ਟਰੰਪ ਆਪਣੀ ਘਰੇਲੂ ਸਿਆਸੀ ਸਥਿਤੀ ਵੀ ਮਜ਼ਬੂਤ ਕਰ ਰਹੇ ਹਨ।
ਫਰਹਾਦ ਇਬਰਾਹੀਮੋਵ ਅਨੁਸਾਰ ?ਈਰਾਨ ਜਾਣਦਾ ਹੈ ਕਿ ਜਿੰਨੀ ਦੇਰ ਜੰਗ ਲੰਬੀ ਖਿੱਚੀ ਜਾਵੇਗੀ, ਅਮਰੀਕਾ ਲਈ ਇਸ ਦੀ ਕੀਮਤ ਉਨੀ ਹੀ ਵਧਦੀ ਜਾਵੇਗੀ। ਓਮਾਨ ਅਤੇ ਪਾਕਿਸਤਾਨ ਵਰਗੇ ਵਿਚੋਲੇ ਦੇਸ਼ਾਂ ਰਾਹੀਂ ਸ਼ਾਇਦ ਭਵਿੱਖ ਵਿੱਚ ਕੋਈ ਮੀਟਿੰਗ ਹੋਵੇ, ਪਰ ਫਿਲਹਾਲ ਇੀਰਾਨ ਦਾ ਰੁਖ਼ ਨਾ ਗੱਲਬਾਤ ਵਾਲਾ ਹੈ, ਨਾ ਆਤਮ-ਸਮਰਪਣ ਵਾਲਾ ਹੈ।
ਇਸ ਰਿਪੋਰਟ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਮਨੁੱਖ ਸੰਸਾਰ ਵਿੱਚ ਕਿਸੇ ਕੋਨੇ ਉਪਰ ਬੈਠੇ ਹਾਂ, ਸੰਕਟ ਵਿੱਚ ਘਿਰੇ ਹਾਂ। ਕਲਸੀ ਸਿਆਸਤਦਾਨਾਂ ਤੇ ਕਾਰਪੋਰੇਟ ਦਾ ਗਠਜੋੜ ਮਨਮਤਿ ਲਈ ਸੰਕਟ ਬਣਿਆ ਹੋਇਆ ਹੈ। ਦੁਨੀਆ ਲਈ ਅਗਲੇ ਕੁਝ ਹਫ਼ਤੇ ਬਹੁਤ ਨਾਜ਼ੁਕ ਹਨ, ਕਿਉਂਕਿ ਇੱਕ ਗਲਤ ਕਦਮ ਪੂਰੀ ਦੁਨੀਆ ਨੂੰ ਤੀਜੀ ਵਿਸ਼ਵ ਜੰਗ ਦੀ ਅੱਗ ਵਿੱਚ ਝੋਕ ਸਕਦਾ ਹੈ। ਇਹ ਜੰਗ ਸਾਧਾਰਨ ਨਹੀਂ ਹੋਵੇਗੀ, ਪ੍ਰਮਾਣੂ ਜੰਗ ਵਿੱਚ ਵੀ ਬਦਲ ਸਕਦੀ ਹੈ।ਇਸ ਦਾ ਸੇਕ ਹਰੇਕ ਮਨੁੱਖ ਨੂੰ ਲਗੇਗਾ।

Loading