ਜਰਮਨ ਵਿੱਚ ਪੰਜਾਬੀਆਂ ਲਈ ‘ਸੁਨਹਿਰੀ ਮੌਕਾ’

In ਮੁੱਖ ਖ਼ਬਰਾਂ
March 28, 2026

ਜਰਮਨੀ ਇਸ ਵੇਲੇ ਗੰਭੀਰ ਹੁਨਰਮੰਦ ਕਾਮਿਆਂ ਦੀ ਘਾਟ ਨਾਲ ਲੜ ਰਿਹਾ ਹੈ। ਪੁਰਾਣੀ ਪੀੜ੍ਹੀ ਦੇ ਰਿਟਾਇਰ ਹੋਣ ਅਤੇ ਘੱਟ ਜਨਮ ਦਰ ਕਾਰਨ ਉਸ ਦੀ ਆਰਥਿਕਤਾ ਨੂੰ ਹਰ ਸਾਲ ਲਗਭਗ 2,88,000 ਵਿਦੇਸ਼ੀ ਕਾਮਿਆਂ ਦੀ ਲੋੜ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਜਰਮਨੀ ਨੇ ਭਾਰਤ ਵੱਲ ਰੁਖ ਕੀਤਾ ਹੈ। ਜਰਮਨ ਨੇ ਭਾਰਤੀ ਨੌਜਵਾਨਾਂ ਲਈ ਵੋਕੇਸ਼ਨਲ ਟ੍ਰੇਨਿੰਗ ਅਤੇ ਸਕਿਲਡ ਵਰਕ ਵੀਜ਼ਾ ਦੇ ਰਾਹ ਖੋਲ੍ਹ ਦਿੱਤੇ ਗਏ ਹਨ। 2022 ਵਿੱਚ ਭਾਰਤ ਅਤੇ ਜਰਮਨੀ ਵਿਚਾਲੇ ਮਾਈਗ੍ਰੇਸ਼ਨ ਐਂਡ ਮੋਬਿਲਟੀ ਪਾਰਟਨਰਸ਼ਿਪ ਸਮਝੌਤਾ ਹੋਣ ਤੋਂ ਬਾਅਦ ਭਾਰਤੀਆਂ ਲਈ ਵੀਜ਼ਾ ਪ੍ਰਕਿਰਿਆ ਆਸਾਨ ਹੋ ਗਈ। 2024 ਵਿੱਚ ਜਰਮਨੀ ਨੇ ਭਾਰਤੀਆਂ ਲਈ ਸਕਿਲਡ ਵਰਕ ਵੀਜ਼ਾ ਕੋਟਾ 20,000 ਤੋਂ ਵਧਾ ਕੇ 90,000 ਕਰ ਦਿੱਤਾ। ਇਸ ਨਾਲ 2015 ਵਿੱਚ 23,320 ਭਾਰਤੀ ਕਾਮਿਆਂ ਦੀ ਗਿਣਤੀ 2024 ਤੱਕ 1,36,670 ਤੱਕ ਪਹੁੰਚ ਗਈ ਸੀ। ਇਨ੍ਹਾਂ ਵਿੱਚ ਬਹੁਤੇ ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਰੈਸਟੋਰੈਂਟਾਂ, ਟ੍ਰਾਂਸਪੋਰਟ ਅਤੇ ਹੁਨਰਮੰਦ ਟ੍ਰੇਡਾਂ ਵਿੱਚ ਮੌਕੇ ਮਿਲ ਰਹੇ ਹਨ।
ਜਰਮਨੀ ਵਿੱਚ ਸਿਰਫ਼ ਇੰਜੀਨੀਅਰ ਜਾਂ ਡਾਕਟਰਾਂ ਦੀ ਹੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਕਿੱਤਿਆਂ ਵਿੱਚ ਵੱਡੀ ਘਾਟ ਹੈ ਜਿਨ੍ਹਾਂ ਨੂੰ ਭਾਰਤ ਵਿੱਚ ਅਕਸਰ ਛੋਟਾ ਸਮਝਿਆ ਜਾਂਦਾ ਹੈ। ਕਸਾਈ, ਬੇਕਰ, ਮਿਸਤਰੀ ਅਤੇ ਮੈਕੈਨਿਕਸ ਦੀ ਮੰਗ ਸਿਖਰਾਂ ’ਤੇ ਹੈ। ਉਦਾਹਰਣ ਵਜੋਂ, ਜਰਮਨੀ ਵਿੱਚ ਕਸਾਈ ਦੇ ਕਾਰੋਬਾਰ 19,000 ਤੋਂ ਘਟ ਕੇ 11,000 ਰਹਿ ਗਏ ਹਨ। ਅਦਿਤੀ ਬੈਨਰਜੀ ਅਤੇ ਵਾਨ ਉਂਗਰਨ-ਸਟਰਨਬਰਗ ਵਰਗੇ ਲੋਕ ‘ਮੈਜਿਕ ਬਿਲੀਅਨ’ ਵਰਗੀਆਂ ਏਜੰਸੀਆਂ ਰਾਹੀਂ ਭਾਰਤੀ ਨੌਜਵਾਨਾਂ ਨੂੰ ਸਿੱਧੀ ਟ੍ਰੇਨਿੰਗ ਅਤੇ ਰੁਜ਼ਗਾਰ ਨਾਲ ਜੋੜ ਰਹੇ ਹਨ।
ਜਰਮਨੀ ਵਿੱਚ ਪੰਜਾਬੀਆਂ ਦੀ ਗਿਣਤੀ ਭਾਵੇਂ ਕੈਨੇਡਾ ਜਾਂ ਯੂਕੇ ਦੇ ਮੁਕਾਬਲੇ ਘੱਟ (15,000-25,000) ਹੈ, ਪਰ ਉਨ੍ਹਾਂ ਦੀ ਸਮਾਜਿਕ ਪਕੜ ਮਜ਼ਬੂਤ ਹੋ ਰਹੀ ਹੈ। ਜਰਮਨੀ ਵਿੱਚ ਲਗਭਗ 35 ਗੁਰਦੁਆਰੇ ਹਨ, ਜੋ ਨਾ ਸਿਰਫ਼ ਅਧਿਆਤਮਿਕਤਾ ਸਗੋਂ ਨਵੇਂ ਆਉਣ ਵਾਲੇ ਨੌਜਵਾਨਾਂ ਲਈ ਸਮਾਜਿਕ ਸੁਰੱਖਿਆ ਨੈੱਟਵਰਕ ਵਜੋਂ ਕੰਮ ਕਰਦੇ ਹਨ। ਰੈਸਟੋਰੈਂਟ ਇੰਡਸਟਰੀ ਤੋਂ ਬਾਅਦ ਹੁਣ ਪੰਜਾਬੀ ਨੌਜਵਾਨ ਲੌਜਿਸਟਿਕਸ (ਟਰੱਕ ਡਰਾਈਵਿੰਗ), ਮੈਕੈਨਿਕਲ ਇੰਜੀਨੀਅਰਿੰਗ ਅਤੇ ਨਗਰ ਪਾਲਿਕਾਵਾਂ ਵਿੱਚ ਸੇਵਾਵਾਂ ਦੇ ਰਹੇ ਹਨ।
ਪੰਜਾਬੀ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ। ਭਾਰਤ ਵਿੱਚ ਬੇਰੁਜ਼ਗਾਰੀ ਅਤੇ ਘੱਟ ਤਨਖਾਹਾਂ ਕਾਰਨ ਯੂਰਪ ਵੱਲ ਰੁਖ ਵਧ ਰਿਹਾ ਹੈ। ਜਰਮਨੀ ਦਾ ਇਹ ਮਾਡਲ ਪੰਜਾਬੀ ਨੌਜਵਾਨਾਂ ਲਈ ਡਿਗਰੀ ਬਨਾਮ ਹੁਨਰ ਦੀ ਜੰਗ ਵਿੱਚ ਇੱਕ ਨਵਾਂ ਰਾਹ ਦਿਖਾਉਾਂਦਾਹੈ। ਜੇਕਰ ਨੌਜਵਾਨ ਜਰਮਨ ਭਾਸ਼ਾ ਸਿੱਖਣ ਅਤੇ ਵੋਕੇਸ਼ਨਲ ਟ੍ਰੇਨਿੰਗ (ਕੰਮ ਸਿੱਖਣ) ਲਈ ਤਿਆਰ ਹਨ, ਤਾਂ ਜਰਮਨੀ ਉਨ੍ਹਾਂ ਨੂੰ ਨਾ ਸਿਰਫ਼ ਵਧੀਆ ਤਨਖ਼ਾਹ, ਸਗੋਂ ਇੱਕ ਸੁਰੱਖਿਅਤ ਸਮਾਜਿਕ ਜੀਵਨ ਵੀ ਪ੍ਰਦਾਨ ਕਰ ਰਿਹਾ ਹੈ। ਮਾਹਿਰਾਂ ਦੀ ਸਲਾਹ ਹੈ ਕਿ ਏਜੰਟਾਂ ਦੇ ਮਗਰ ਲੱਗ ਕੇ ਗ਼ੈਰ-ਕਾਨੂੰਨੀ ਰਸਤੇ ਅਪਣਾਉਣ ਦੀ ਬਜਾਏ, ਇੰਡੀਆ ਵਰਕਸ ਵਰਗੀਆਂ ਅਧਿਕਾਰਤ ਸੰਸਥਾਵਾਂ ਰਾਹੀਂ ਸਕਿਲਡ ਵੀਜ਼ਾ ਲਈ ਅਪਲਾਈ ਕਰਨਾ ਭਵਿੱਖ ਲਈ ਸਭ ਤੋਂ ਵਧੀਆ ਕਦਮ ਹੈ।

Loading