ਇਤਿਹਾਸਿਕ ਸ਼ਹਿਰਾਂ ਨੂੰ ਵਿਸ਼ਵ ਪੱਧਰੀ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚ ਬਦਲਿਆ ਜਾਵੇ : ਮਾਹਿਰ

In ਮੁੱਖ ਖ਼ਬਰਾਂ
March 30, 2026

ਚੰਡੀਗੜ੍ਹ/ਏ.ਟੀ.ਨਿਊਜ਼: ਸਾਬਕਾ ਮੁੱਖ ਨਗਰ ਯੋਜਨਾਕਾਰਾਂ ਦੇ ਇੱਕ ਮੁੱਖ ਸਮੂਹ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਆਨੰਦਪੁਰ ਸਾਹਿਬ, ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਗਲਿਆਰਾ ਖੇਤਰ ਨੂੰ ਵਿਸ਼ਵ ਪੱਧਰੀ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚ ਬਦਲਣ ਲਈ ਇੱਕ ਵਿਆਪਕ ਖੇਤਰੀ ਵਿਕਾਸ ਯੋਜਨਾ ਤਿਆਰ ਕਰੇ। ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਦੇ ਸਾਬਕਾ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਜੁੜੇ ਇਹ ਤਿੰਨ ਪਵਿੱਤਰ ਸਥਾਨ ਇੱਕ ਅਜਿਹੀ ਦੂਰਅੰਦੇਸ਼ੀ ਯੋਜਨਾ ਦੀ ਮੰਗ ਕਰਦੇ ਹਨ ਜੋ ਸਿਰਫ਼ ਮਾਸ, ਸ਼ਰਾਬ ਅਤੇ ਤੰਬਾਕੂ ’ਤੇ ਪਾਬੰਦੀ ਲਗਾਉਣ ਵਰਗੇ ਨਿਯਮਾਂ ਤੱਕ ਸੀਮਤ ਨਾ ਹੋਵੇ, ਸਗੋਂ ਇਹਨਾਂ ਸ਼ਹਿਰਾਂ ਦੀ ਪੂਰੀ ਨੁਹਾਰ ਬਦਲੀ ਜਾਵੇ।
ਸਾਬਕਾ ਸੀ.ਟੀ.ਪੀ. ਔਜਲਾ ਨੇ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਸਬੰਧੀ ਕਾਨੂੰਨ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨਾਜ਼ੁਕ ਵਾਤਾਵਰਨ ਵਾਲੇ ਖੇਤਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੇ ਐਲਾਨਾਂ ਨੂੰ ਠੋਸ ਤਕਨੀਕੀ ਅਤੇ ਪ੍ਰਸ਼ਾਸਨਿਕ ਉਪਾਵਾਂ ਦਾ ਸਮਰਥਨ ਮਿਲਣਾ ਚਾਹੀਦਾ ਹੈ। ਮਾਹਿਰਾਂ ਨੇ ਪੰਜਾਬ ਰਿਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਦੇ ਤਹਿਤ ਇੱਕ ਅਜਿਹੀ ਯੋਜਨਾ ਬਣਾਉਣ ਦੀ ਸਿਫਾਰਸ਼ ਕੀਤੀ ਹੈ ਜਿਸ ਵਿੱਚ ਸ਼ਹਿਰੀ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸ਼ਾਮਲ ਹੋਵੇ।
ਸਾਬਕਾ ਸੀ.ਟੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰ ਦੇ ਸੁੰਦਰੀਕਰਨ ਤੋਂ ਬਾਅਦ ਹੁਣ ਜ਼ਮੀਨੀ ਪੱਧਰ ’ਤੇ ਕਾਫੀ ਬਦਲਾਅ ਆਇਆ ਹੈ। ਇਸੇ ਤਰ੍ਹਾਂ 1999 ਵਿੱਚ ਖ਼ਾਲਸਾ ਸਾਜਨਾ ਦਿਵਸ ਦੀ 300ਵੀਂ ਵਰ੍ਹੇਗੰਢ ਮੌਕੇ ਆਨੰਦਪੁਰ ਸਾਹਿਬ ਨੂੰ ਵਿਰਾਸਤ-ਏ-ਖ਼ਾਲਸਾ, ਚੌੜੀਆਂ ਸੜਕਾਂ ਅਤੇ ਵਿਸ਼ਵ ਪੱਧਰੀ ਹੋਟਲ ਵਰਗੇ ਵੱਡੇ ਪ੍ਰੋਜੈਕਟ ਮਿਲੇ ਸਨ ਅਤੇ ਅਜਿਹਾ ਹੀ ਵਿਕਾਸ ਦਮਦਮਾ ਸਾਹਿਬ ਦੇ ਆਲੇ-ਦੁਆਲੇ ਵੀ ਹੋਇਆ ਸੀ। ਇੱਕ ਹੋਰ ਮਾਹਿਰ ਐਚ.ਐਸ. ਭੋਗਲ ਨੇ ਕਿਹਾ ਕਿ ਸਮੇਂ ਦੀ ਲੋੜ ਇੱਕ ਅਜਿਹੀ ਯੋਜਨਾਬੰਦੀ ਦੀ ਹੈ ਜੋ ਪਵਿੱਤਰ ਸ਼ਹਿਰਾਂ ਵਿੱਚ ਸੈਰ-ਸਪਾਟੇ ਦੇ ਨਾਲ-ਨਾਲ ‘ਪਲੱਗ ਐਂਡ ਪਲੇ’ ਉਦਯੋਗਿਕ ਜਾਂ ਵਪਾਰਕ ਜ਼ੋਨ ਬਣਾਉਣ ’ਤੇ ਧਿਆਨ ਕੇਂਦਰਿਤ ਕਰੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕੇ।
ਮਾਹਿਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹਨਾਂ ਇਲਾਕਿਆਂ ਦੀ ਪਵਿੱਤਰਤਾ, ਇਤਿਹਾਸਕ ਵਿਰਾਸਤ ਅਤੇ ਅਧਿਆਤਮਿਕ ਤਾਣੇ-ਬਾਣੇ ਨੂੰ ਬਚਾਉਣ ਲਈ ਜ਼ਮੀਨ ਦੀ ਵਰਤੋਂ ਦੇ ਨਿਯਮਾਂ ਵਿੱਚ ਸੁਧਾਰ ਅਤੇ ਲੰਬੇ ਸਮੇਂ ਦੇ ਸ਼ਾਸਨ ਤੰਤਰ ਦੀ ਲੋੜ ਹੈ। ਅੰਤ ਵਿੱਚ, ਮਾਹਿਰਾਂ ਦੇ ਇਸ ਸਮੂਹ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਤੌਰ ’ਤੇ ‘ਗੁਰੂ ਕਾ ਲਾਹੌਰ’ ਵਰਗੇ ਇਤਿਹਾਸਕ ਨਗਰ ਨੂੰ ਮੁੜ ਸੁਰਜੀਤ ਕਰਨ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਿਰੀ ਯੋਜਨਾਬੰਦੀ ਦੇ ਇੱਕ ਨਮੂਨੇ ਵਜੋਂ ਵਸਾਇਆ ਸੀ। ਇਸ ਦੇ ਨਾਲ ਹੀ ਨੈਣਾ ਦੇਵੀ ਅਤੇ ਹੋਰ ਅੰਤਰ-ਰਾਜੀ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਵੀ ਸਾਂਝੇ ਯਤਨ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
v

Loading