ਸ਼੍ਰੋਮਣੀ ਕਮੇਟੀ ਦਾ ਸਾਲ 2026-27 ਲਈ 1487.41 ਕਰੋੜ ਰੁਪਏ ਦਾ ਅਨੁਮਾਨਤ ਬਜਟ ਪੇਸ਼

In ਪੰਜਾਬ
March 30, 2026

ਅੰਮ੍ਰਿਤਸਰ/ਏ.ਟੀ.ਨਿਊਜ਼: ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਾਲ 2026-27 ਲਈ 1487.41 ਕਰੋੜ ਰੁਪਏ ਦਾ ਅਨੁਮਾਨਤ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਕਮੇਟੀ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕਰਦਿਆਂ ਪਾਸ ਕੀਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ। ਇਸ ਵਿੱਤੀ ਵਰ੍ਹੇ ਦੇ ਬਜਟ ’ਚ 7.28 ਫ਼ੀਸਦੀ ਵਾਧਾ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ 100.94 ਕਰੋੜ ਰੁਪਏ ਵੱਧ ਹੈ। ਪਿਛਲੇ ਸਾਲ ਕਰੀਬ 1386 ਕਰੋੜ ਦਾ ਬਜਟ ਪਾਸ ਹੋਇਆ ਸੀ। ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਮੌਜੂਦ ਸਨ।
ਬਜਟ ਇਜਲਾਸ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸਾਲ ਧਰਮ ਪ੍ਰਚਾਰ ਕਮੇਟੀ ਦਾ ਬਜਟ 120 ਕਰੋੜ ਰੁਪਏ ਅਤੇ ਸੈਕਸ਼ਨ 85 ਦੇ ਗੁਰਦੁਆਰਿਆਂ ਦਾ ਬਜਟ 1127.34 ਕਰੋੜ ਰੱਖਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਅਕਾਲੀ ਮਾਰਕੀਟ ਵਿੱਚ ਬਣਾਈ ਜਾਣ ਵਾਲੀ ਨਵੀਂ ਸਰਾਂ ਦੀ ਉਸਾਰੀ ਲਈ 33 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ 325.20 ਕਰੋੜ ਰੁਪਏ ਵਿੱਦਿਅਕ ਅਦਾਰਿਆਂ ਵਾਸਤੇ ਰੱਖੇ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੇ ਕਰੀਬ 22 ਹਜ਼ਾਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੇ ਹੋਰ ਖ਼ਰਚਿਆਂ ਲਈ 6.08 ਅਰਬ ਰੁਪਏ ਰੱਖੇ ਗਏ ਹਨ। ਪੰਥਕ ਭਲਾਈ ਕਾਰਜਾਂ ਲਈ 7.61 ਕਰੋੜ, ਸਿੱਖ ਬੱਚਿਆਂ ਦੀ ਮੁਫ਼ਤ ਵਿੱਦਿਆ ਲਈ 12.50 ਕਰੋੜ, ਪ੍ਰਸ਼ਾਸਨਿਕ ਪ੍ਰੀਖਿਆ ਦਾ ਮੁੱਢਲਾ ਟੈਸਟ ਪਾਸ ਕਰਨ ਵਾਲੇ ਗੁਰਸਿੱਖ ਵਿਦਿਆਰਥੀਆਂ ਲਈ 5 ਕਰੋੜ, ਸਿੱਖੀ ਪ੍ਰਚਾਰ ਲਈ 13.25 ਕਰੋੜ ਅਤੇ ਸ਼ਤਾਬਦੀ ਸਮਾਗਮਾਂ ਲਈ 7 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਖੇਡਾਂ ਲਈ 3.11 ਕਰੋੜ, ਕੁਦਰਤੀ ਆਫ਼ਤਾਂ ਲਈ 1.60 ਕਰੋੜ ਰੁਪਏ ਰੱਖੇ ਹਨ।
ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਅਤੇ ਅਜਮੇਰ ਸਿੰਘ ਖੇੜਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਭਗਤ ਰਵਿਦਾਸ ਦੀ 650 ਸਾਲਾ ਸ਼ਤਾਬਦੀ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਮੁਕਾਬਲੇ ਸਿਰਫ਼ 0.9 ਫ਼ੀਸਦੀ: ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਜਟ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਵਾਲਾ ਹੈ। ਬਜਟ ਦਾ ਮੁੱਖ ਸਰੋਤ ਸੰਗਤ ਵੱਲੋਂ ਭੇਟ ਕੀਤੀ ਜਾਂਦੀ ਰਾਸ਼ੀ ਅਤੇ ਦਸਵੰਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਜਟ ਮੁਕਾਬਲੇ ਸਿਰਫ਼ 0.9 ਫ਼ੀਸਦੀ ਹੀ ਹੈ। ਇਹ ਸਿਰਫ਼ ਇੱਕ ਵੱਡੇ ਸ਼ਹਿਰ ਦੇ ਨਿਗਮ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਭੰਬਲਭੂਸਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਪੰਜਾਬ ਸਰਕਾਰ ਨਾਲੋਂ ਵਧੇਰੇ ਬਜਟ ਹੈ।

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਸਣੇ ਕਈ ਮਤੇ ਪਾਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਜਲਾਸ ਦੌਰਾਨ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਕੋਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹੋਰ ਮਤਿਆਂ ਵਿੱਚ ਸਿੱਖਾਂ ਦੀ ਮੌਲਿਕ ਤੇ ਅੱਡਰੀ ਪਛਾਣ ਨੂੰ ਰਲਗੱਡ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ, ਧਾਰਮਿਕ ਗ੍ਰੰਥਾਂ ਖ਼ਿਲਾਫ਼ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਬੰਧੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਪਹੁੰਚ ਅਤੇ ਮੁੱਖ ਮੰਤਰੀ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨਾਲ ਪੈਦਾ ਹੋਈ ਦੁਚਿੱਤੀ ’ਤੇ ਚਿੰਤਾ ਦਾ ਪ੍ਰਗਟਾਵਾ, ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ, ਏ ਆਈ ਦੀ ਦੁਰਵਰਤੋਂ ਅਤੇ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸੇ ਤਰ੍ਹਾਂ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008’ ਨਾਲ ਕੋਈ ਛੇੜਛਾੜ ਨਾ ਕਰਨ ਬਾਰੇ ਮਤਾ ਪਾਸ ਕੀਤਾ ਗਿਆ।

Loading