ਨਵੀਂ ਦਿੱਲੀ/ਏ.ਟੀ.ਨਿਊਜ਼: ਰੂਸ ਅਤੇ ਚੀਨ ਵਿਚਾਲੇ ਵਧਦੀ ‘ਨੋ-ਲਿਮਿਟਸ’ (ਬਿਨਾਂ ਕਿਸੇ ਸੀਮਾ ਦੇ) ਸਾਂਝੇਦਾਰੀ ਅੰਤਰਰਾਸ਼ਟਰੀ ਵਿਵਸਥਾ ਨੂੰ ਨਵਾਂ ਰੂਪ ਦੇ ਰਹੀ ਹੈ। ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਗੱਠਜੋੜ ਪੱਛਮੀ ਦੇਸ਼ਾਂ ਲਈ ਇੱਕ ‘ਸ਼ਕਤੀਸ਼ਾਲੀ ਖ਼ਤਰਾ’ ਬਣ ਕੇ ਉੱਭਰ ਰਿਹਾ ਹੈ। ਰਿਪੋਰਟ ਮੁਤਾਬਕ, ਇਹ ਸਾਂਝੇਦਾਰੀ ਜਿੱਥੇ ਆਰਥਿਕ ਵੰਡ ਪੈਦਾ ਕਰ ਰਹੀ ਹੈ, ਉੱਥੇ ਹੀ ਮਾਸਕੋ ਦੇ ਜੰਗੀ ਤਜ਼ਰਬੇ ਦੀ ਮਦਦ ਨਾਲ ਬੀਜਿੰਗ ਆਪਣੇ ਫ਼ੌਜੀ ਆਧੁਨਿਕੀਕਰਨ ਦੀ ਗਤੀ ਨੂੰ ਤੇਜ਼ ਕਰ ਰਿਹਾ ਹੈ।
ਰਿਪੋਰਟ ਵਿੱਚ ਬੀਜਿੰਗ ਨੂੰ ‘ਗਲੋਬਲ ਆਰਡਰ ਮੇਕਰ’ (ਵਿਵਸਥਾ ਬਣਾਉਣ ਵਾਲਾ) ਅਤੇ ਮਾਸਕੋ ਨੂੰ ‘ਗਲੋਬਲ ਆਰਡਰ ਡਿਸਰਪਟਰ’ (ਵਿਵਸਥਾ ਭੰਗ ਕਰਨ ਵਾਲਾ) ਦੱਸਿਆ ਗਿਆ ਹੈ। ਦੋਵੇਂ ਦੇਸ਼ ਮਿਲ ਕੇ ਪੱਛਮੀ ਪ੍ਰਭਾਵ ਵਾਲੀ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ। ਸਾਲ 2014 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲਗਭਗ 8 ਸਾਂਝੀਆਂ ਫ਼ੌਜੀ ਅਭਿਆਸ ਹੋਏ ਸਨ, ਜੋ 2024 ਤੱਕ ਵਧ ਕੇ 14 ਹੋ ਗਏ ਹਨ। ਖਾਸ ਗੱਲ ਇਹ ਹੈ ਕਿ ਰੂਸ ਯੂਕ੍ਰੇਨ ਨਾਲ ਜੰਗ ਵਿੱਚ ਰੁੱਝੇ ਹੋਣ ਦੇ ਬਾਵਜੂਦ ਚੀਨ ਨਾਲ ਫ਼ੌਜੀ ਅਭਿਆਸ ਜਾਰੀ ਰੱਖ ਰਿਹਾ ਹੈ। ਚੀਨ ਨੇ 1979 (ਵੀਅਤਨਾਮ ਜੰਗ) ਤੋਂ ਬਾਅਦ ਕੋਈ ਵੱਡੀ ਜੰਗ ਨਹੀਂ ਲੜੀ ਹੈ। ਇਸ ਲਈ, ਉਹ ਰੂਸ ਦੀ ਆਧੁਨਿਕ ਜੰਗਨੀਤੀ ਅਤੇ ਸੰਚਾਲਨ ਗਿਆਨ ਤੋਂ ਸਿੱਖ ਕੇ ਆਪਣੀ ਫ਼ੌਜ ਨੂੰ ਮਜ਼ਬੂਤ ਕਰ ਰਿਹਾ ਹੈ। ਦੋਵਾਂ ਦੇਸ਼ਾਂ ਨੇ ਦੱਖਣੀ ਚੀਨ ਸਾਗਰ ਤੋਂ ਲੈ ਕੇ ਅਲਾਸਕਾ ਦੇ ਤੱਟ ਤੱਕ ਸਾਂਝੀਆਂ ਜਲ ਸੈਨਾ ਗਸ਼ਤਾਂ ਕੀਤੀਆਂ ਹਨ। ਅਗਸਤ 2025 ਵਿੱਚ ‘ਸੀ ਆਫ਼ ਜਾਪਾਨ’ ਵਿੱਚ ਕੀਤੀ ਗਈ ਸਾਂਝੀ ਪਣਡੁੱਬੀ ਗਸ਼ਤ ਇਸ ਰਿਸ਼ਤੇ ਦੀ ਡੂੰਘਾਈ ਨੂੰ ਦਰਸਾਉਂਦੀ ਹੈ।
ਰਿਪੋਰਟ ਅਨੁਸਾਰ, ਰੂਸ ਵਿਰੁੱਧ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਚੀਨ ਨੇ ਮਾਸਕੋ ਨਾਲ ਮਜ਼ਬੂਤ ਆਰਥਿਕ ਸਬੰਧ ਬਣਾਈ ਰੱਖੇ ਹਨ। ਰੱਖਿਆ ਦੇ ਖੇਤਰ ਵਿੱਚ, ਚੀਨ ਨੇ ਸ਼ੁਰੂ ਵਿੱਚ ਰੂਸ ਤੋਂ ਹਥਿਆਰ ਖਰੀਦੇ ਅਤੇ ਫ਼ਿਰ ਉਹਨਾਂ ਦੀ ‘ਰਿਵਰਸ-ਇੰਜੀਨੀਅਰਿੰਗ’ (ਨਕਲ) ਕਰਕੇ ਆਪਣੇ ਜਹਾਜ਼ ਤਿਆਰ ਕੀਤੇ।
ਆਪਸੀ ਅਵਿਸ਼ਵਾਸ ਵੀ ਬਰਕਰਾਰ
ਹਾਲਾਂਕਿ ਦੋਵੇਂ ਦੇਸ਼ ਨੇੜੇ ਆ ਰਹੇ ਹਨ, ਪਰ ਰਿਪੋਰਟ ਵਿੱਚ ਆਪਸੀ ਅਵਿਸ਼ਵਾਸ ਦਾ ਵੀ ਜ਼ਿਕਰ ਹੈ। ਚੀਨ ਇਸ ਗੱਲ ਤੋਂ ਨਾਰਾਜ਼ ਰਿਹਾ ਹੈ ਕਿ ਰੂਸ ਨੇ ਆਪਣੇ ਵਧੀਆ ਰੱਖਿਆ ਪਲੇਟਫ਼ਾਰਮ ਭਾਰਤ ਨੂੰ ਵੇਚੇ ਹਨ, ਜਿਸ ਨੂੰ ਚੀਨ ਆਪਣਾ ਰਣਨੀਤਕ ਵਿਰੋਧੀ ਮੰਨਦਾ ਹੈ।
ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੀ ਇਹ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਚੀਨ-ਰੂਸ ਦਾ ਇਹ ‘ਧੁਰਾ’ ਆਉਣ ਵਾਲੇ ਸਮੇਂ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਅਤੇ ਵਿਸ਼ਵ ਦੀ ਸਿਆਸਤ ਵਿੱਚ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਬਣੇਗਾ।
ਕੀ ਇਹ ਗਠਜੋੜ ਸਫ਼ਲ ਹੋ ਰਿਹਾ ਹੈ ਜਾਂ ਨਹੀਂ?
ਰੂਸ ਵਿਰੁੱਧ ਲਗਾਈਆਂ ਗਈਆਂ ਪੱਛਮੀ ਪਾਬੰਦੀਆਂ ਦੇ ਬਾਵਜੂਦ, ਚੀਨ ਨੇ ਰੂਸ ਦੀ ਆਰਥਿਕਤਾ ਨੂੰ ਡਿੱਗਣ ਨਹੀਂ ਦਿੱਤਾ। ਰੂਸ ਦਾ ਤੇਲ ਅਤੇ ਗੈਸ ਹੁਣ ਯੂਰਪ ਦੀ ਬਜਾਏ ਚੀਨ ਜਾ ਰਿਹਾ ਹੈ, ਜੋ ਦੋਵਾਂ ਲਈ ‘ਜੇਤੂ’ ਸਥਿਤੀ ਹੈ।
ਚੀਨ ਕੋਲ ਪੈਸਾ ਅਤੇ ਨਵੀਂ ਤਕਨੀਕ (ਏਆਈ, ਡਰੋਨ) ਹੈ, ਜਦਕਿ ਰੂਸ ਕੋਲ ਦਹਾਕਿਆਂ ਦਾ ਜੰਗੀ ਤਜ਼ਰਬਾ ਅਤੇ ਉੱਨਤ ਇੰਜਣ ਤਕਨੀਕ ਹੈ। ਦੋਵੇਂ ਮਿਲ ਕੇ ਪੱਛਮੀ ਹਥਿਆਰਾਂ ਦੇ ਮੁਕਾਬਲੇ ਨਵੇਂ ਸਿਸਟਮ ਤਿਆਰ ਕਰ ਰਹੇ ਹਨ।ਸੰਯੁਕਤ ਰਾਸ਼ਟਰ ਵਰਗੇ ਮੰਚਾਂ ’ਤੇ ਦੋਵੇਂ ਦੇਸ਼ ਅਕਸਰ ਇੱਕ-ਦੂਜੇ ਦਾ ਸਾਥ ਦਿੰਦੇ ਹਨ, ਜਿਸ ਨਾਲ ਅਮਰੀਕਾ ਲਈ ਦੁਨੀਆ ’ਤੇ ਇਕਪਾਸੜ ਫ਼ੈਸਲੇ ਲੈਣਾ ਮੁਸ਼ਕਿਲ ਹੋ ਗਿਆ ਹੈ।
ਹਾਲਾਂਕਿ ਇਹ ਗਠਜੋੜ ਬਾਹਰੋਂ ਮਜ਼ਬੂਤ ਲੱਗਦਾ ਹੈ, ਪਰ ਇਸ ਵਿੱਚ ਕੁਝ ਡੂੰਘੀਆਂ ਤਰੇੜਾਂ ਵੀ ਹਨ। ਰੂਸ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦਾਂ ਦਾ ਪੁਰਾਣਾ ਇਤਿਹਾਸ ਰਿਹਾ ਹੈ। ਰੂਸ ਨੂੰ ਡਰ ਹੈ ਕਿ ਚੀਨ ਉਸ ਦੇ ਮੱਧ ਏਸ਼ੀਆਈ ਖੇਤਰ ਵਿੱਚ ਆਪਣਾ ਪ੍ਰਭਾਵ ਵਧਾ ਰਿਹਾ ਹੈ। ਰੂਸ ਅਤੇ ਭਾਰਤ ਦੀ ਦੋਸਤੀ ਬਹੁਤ ਪੁਰਾਣੀ ਹੈ। ਚੀਨ ਚਾਹੁੰਦਾ ਹੈ ਕਿ ਰੂਸ ਭਾਰਤ ਨੂੰ ਹਥਿਆਰ ਨਾ ਦੇਵੇ, ਪਰ ਰੂਸ ਆਪਣੀ ਆਜ਼ਾਦ ਵਿਦੇਸ਼ ਨੀਤੀ ਕਾਰਨ ਅਜਿਹਾ ਨਹੀਂ ਕਰ ਰਿਹਾ। ਇਹ ਚੀਨ ਲਈ ਪਰੇਸ਼ਾਨੀ ਦਾ ਸਬੱਬ ਹੈ।
ਅੱਜ ਚੀਨ ਦੀ ਆਰਥਿਕਤਾ ਰੂਸ ਨਾਲੋਂ ਕਈ ਗੁਣਾ ਵੱਡੀ ਹੈ। ਰੂਸ ਨੂੰ ਇਹ ਗੱਲ ਹਜ਼ਮ ਕਰਨੀ ਮੁਸ਼ਕਿਲ ਹੋ ਰਹੀ ਹੈ ਕਿ ਉਹ ਹੁਣ ਇਸ ਰਿਸ਼ਤੇ ਵਿੱਚ ‘ਜੂਨੀਅਰ ਪਾਰਟਨਰ’ ਬਣਦਾ ਜਾ ਰਿਹਾ ਹੈ। ਰੂਸ ਹਮੇਸ਼ਾ ਚੀਨ ਤੋਂ ਸਾਵਧਾਨ ਰਹਿੰਦਾ ਹੈ ਕਿਉਂਕਿ ਚੀਨ ਰੂਸੀ ਹਥਿਆਰਾਂ ਦੀ ਨਕਲ ਕਰਨ ਵਿੱਚ ਮਾਹਿਰ ਹੈ।
ਵਿਸ਼ਵ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਠਜੋੜ ਥੋੜ੍ਹੇ ਸਮੇਂ ਲਈ ਬਹੁਤ ਸਫ਼ਲ ਹੈ ਕਿਉਂਕਿ ਦੋਵਾਂ ਦਾ ਦੁਸ਼ਮਣ ਇੱਕ ਹੈ—ਅਮਰੀਕਾ। ਪਰ ਲੰਬੇ ਸਮੇਂ ਵਿੱਚ, ਇਹ ਕਹਿਣਾ ਮੁਸ਼ਕਲ ਹੈ ਕਿ ਇਹ ਕਿੰਨਾ ਟਿਕੇਗਾ। ਜਿਵੇਂ ਹੀ ਅਮਰੀਕਾ ਦਾ ਦਬਾਅ ਘੱਟ ਹੋਵੇਗਾ, ਇਹਨਾਂ ਦੋਵਾਂ ਦੇ ਆਪਣੇ ਆਪਸੀ ਹਿੱਤ ਅਤੇ ਅਵਿਸ਼ਵਾਸ ਮੁੜ ਸਾਹਮਣੇ ਆ ਸਕਦੇ ਹਨ।
![]()
