2 views 2 secs 0 comments

ਪੱਛਮੀ ਏਸ਼ੀਆ ਜੰਗ ਕਾਰਨ ਲਗਪਗ 5.5 ਲੱਖ ਭਾਰਤੀ ਵਤਨ ਪਰਤੇ : ਵਿਦੇਸ਼ ਮੰਤਰਾਲਾ

In ਭਾਰਤ
March 31, 2026

ਨਵੀਂ ਦਿੱਲੀ/ਏ.ਟੀ.ਨਿਊਜ਼ : ਪੱਛਮੀ ਏਸ਼ੀਆ ਸੰਘਰਸ਼ ਦੇ ਵਿਚਕਾਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖੇਤਰ ਵਿੱਚ ‘ਵੱਖ-ਵੱਖ ਘਟਨਾਵਾਂ’ ਵਿੱਚ ਅੱਠ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ ਇੱਕ ਲਾਪਤਾ ਹੈ। ਪੱਛਮੀ ਏਸ਼ੀਆ ਦੀ ਸਥਿਤੀ ’ਤੇ ਇੱਥੇ ਇੱਕ ਅੰਤਰ-ਮੰਤਰਾਲਾ ਬ੍ਰੀਫਿੰਗ ਵਿੱਚ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ), ਅਸੀਮ ਆਰ ਮਹਾਜਨ ਨੇ ਇਹ ਵੀ ਕਿਹਾ, ਪਿਛਲੇ ਦਿਨੀਂ, ਕੁਵੈਤ ਵਿੱਚ ਇੱਕ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਹੋ ਗਈ ਸੀ।’
ਹਾਲਾਂਕਿ ਉਨ੍ਹਾਂ ਨੇ ਇਸ ਮੌਤ ਦੇ ਹਾਲਾਤਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ। ਉਨ੍ਹਾਂ ਕਿਹਾ, ‘ਅਸੀਂ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਕੁਵੈਤ ਵਿੱਚ ਸਾਡਾ ਮਿਸ਼ਨ ਮ੍ਰਿਤਕ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਅਤੇ ਉਸਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਵਾਪਸ ਭੇਜਣ ਲਈ ਸਥਾਨਕ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਕਰ ਰਿਹਾ ਹੈ।’
ਪਿਛਲੇ ਦਿਨੀਂ ਪੱਛਮੀ ਏਸ਼ੀਆ ਦੀ ਸਥਿਤੀ ’ਤੇ ਅੰਤਰ-ਮੰਤਰਾਲਾ ਬ੍ਰੀਫਿੰਗ ਦੌਰਾਨ ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ‘ਵੱਖ-ਵੱਖ ਘਟਨਾਵਾਂ’ ਵਿੱਚ ਛੇ ਭਾਰਤੀ ਨਾਗਰਿਕਾਂ ਦੀ ਜਾਨ ਗਈ ਸੀ ਜਦੋਂ ਕਿ ਇੱਕ ਲਾਪਤਾ ਸੀ। ਉਨ੍ਹਾਂ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘ਮੰਦਭਾਗੀ ਗੱਲ ਹੈ ਕਿ ਅੱਠ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਵੱਖ-ਵੱਖ ਘਟਨਾਵਾਂ ਵਿੱਚ ਇੱਕ ਭਾਰਤੀ ਨਾਗਰਿਕ ਲਾਪਤਾ ਹੈ।’
ਸਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਤਾਜ਼ਾ ਘਟਨਾਵਾਂ ਕਾਰਨ ਰਿਆਦ ਵਿੱਚ ਇੱਕ ਭਾਰਤੀ ਨਾਗਰਿਕ ਮਾਰਿਆ ਗਿਆ ਸੀ। ਮੰਤਰਾਲੇ ਨੇ ਇਹ ਵੀ ਸਾਂਝਾ ਕੀਤਾ ਕਿ 28 ਫਰਵਰੀ ਤੋਂ ਹੁਣ ਤੱਕ ਖੇਤਰ ਤੋਂ ਲਗਪਗ 5.5 ਲੱਖ ਯਾਤਰੀ ਭਾਰਤ ਵਾਪਸ ਆਏ ਹਨ। ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਉਹ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਵਿੱਚ ਬਦਲਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਸੰਜਮ ਵਰਤਣ ਅਤੇ ਤਣਾਅ ਘਟਾਉਣ ਦੀ ਅਪੀਲ ਜਾਰੀ ਰੱਖਦੇ ਹਾਂ,ਅਤੇ ਨਾਲ ਹੀ ਸੰਘਰਸ਼ ਨੂੰ ਜਲਦੀ ਖਤਮ ਕਰਨ ਦੇ ਸਾਧਨ ਵਜੋਂ ਗੱਲਬਾਤ ਅਤੇ ਕੂਟਨੀਤੀ ’ਤੇ ਜ਼ੋਰ ਦਿੰਦੇ ਹਾਂ।

Loading