ਇਰਾਨ ਨੇ ਯੇਰੂਸ਼ਲਮ ’ਤੇ ਵਰ੍ਹਾਇਆ ਕਹਿਰ, 10 ਸ਼ਕਤੀਸ਼ਾਲੀ ਧਮਾਕੇ ਕੀਤੇ

In ਮੁੱਖ ਖ਼ਬਰਾਂ
April 01, 2026

ਮੱਧ ਪੂਰਬ ਵਿੱਚ ਤਣਾਅ ਹੁਣ ਇੱਕ ਭਿਆਨਕ ਜੰਗ ਦੇ ਰੂਪ ਵਿੱਚ ਬਦਲ ਗਿਆ ਹੈ। ਬੀਤੇ ਦਿਨੀਂ ਸਵੇਰੇ ਯੇਰੂਸ਼ਲਮ, ਤਿਹਰਾਨ, ਰਿਆਦ ਅਤੇ ਦੁਬਈ ਵਰਗੇ ਪ੍ਰਮੁੱਖ ਸ਼ਹਿਰ ਮਿਜ਼ਾਈਲ ਹਮਲਿਆਂ ਅਤੇ ਧਮਾਕਿਆਂ ਦੀ ਗੂੰਜ ਨਾਲ ਕੰਬ ਉੱਠੇ। ਇਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਸਿੱਧੇ ਟਕਰਾਅ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਯੇਰੂਸ਼ਲਮ ਦੇ ਅਸਮਾਨ ਵਿੱਚ ਇੱਕ ਤੋਂ ਬਾਅਦ ਇੱਕ 10 ਸ਼ਕਤੀਸ਼ਾਲੀ ਧਮਾਕੇ ਸੁਣੇ ਗਏ ਹਨ। ਮਿਜ਼ਾਈਲ ਹਮਲਿਆਂ ਕਾਰਨ ਘੱਟੋ-ਘੱਟ 8 ਤੋਂ 9 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਮਾਮੂਲੀ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਨੇਈ ਬ੍ਰਾਕ ਇਲਾਕੇ ਵਿੱਚ ਇੱਕ ਕਲੱਸਟਰ ਮਿਜ਼ਾਈਲ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਇੱਥੇ ਇੱਕ ਮਾਂ ਅਤੇ ਉਸਦੇ ਬੱਚਿਆਂ ਨੂੰ ਇੱਕ ਪ੍ਰਭਾਵਿਤ ਇਮਾਰਤ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਤੇਲ ਅਵੀਵ, ਪੇਟਾ ਟਿਕਵਾ ਅਤੇ ਗਿਵਤ ਸ਼ਮੂਏਲ ਵਰਗੇ ਇਲਾਕਿਆਂ ਵਿੱਚ ਮਿਜ਼ਾਈਲਾਂ ਦੇ ਮਲਬੇ ਕਾਰਨ ਕਈ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਜ਼ਰਾਇਲ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ ਹਾਈਫ਼ਾ ਵਿੱਚ ਸਥਿਤ ‘ਬਾਜਨ’ ਤੇਲ ਰਿਫ਼ਾਇਨਰੀ ’ਤੇ ਇਰਾਨ ਅਤੇ ਹਿਜ਼ਬੁੱਲਾ ਵੱਲੋਂ ਕੀਤੇ ਗਏ ਸਾਂਝੇ ਮਿਜ਼ਾਈਲ ਹਮਲੇ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਤੇਲ ਦੇ ਸਟੋਰੇਜ ਟੈਂਕਾਂ ’ਤੇ ਮਿਜ਼ਾਈਲਾਂ ਡਿੱਗਣ ਤੋਂ ਬਾਅਦ ਅਸਮਾਨ ਨੂੰ ਛੂਹਦੀਆਂ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਇਜ਼ਰਾਇਲ ਦੇ ਸੁਰੱਖਿਆ ਘੇਰੇ ਵਿੱਚ ਲੱਗੀ ਵੱਡੀ ਸੰਨ੍ਹ ਦੀ ਗਵਾਹੀ ਦੇ ਰਹੇ ਹਨ। ਹਾਈਫ਼ਾ ਇਜ਼ਰਾਇਲ ਦੀਆਂ ਦੋ ਮੁੱਖ ਤੇਲ ਰਿਫ਼ਾਇਨਰੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਹ ਹਮਲਾ ਸਿਰਫ਼ ਫ਼ੌਜੀ ਕਾਰਵਾਈ ਨਹੀਂ, ਬਲਕਿ ਇਰਾਨ ਵੱਲੋਂ ਇਜ਼ਰਾਇਲ ਦੀ ਊਰਜਾ ਸਪਲਾਈ ਅਤੇ ਆਰਥਿਕਤਾ ਨੂੰ ਠੱਪ ਕਰਨ ਦੀ ਇੱਕ ਸੋਚੀ-ਸਮਝੀ ਰਣਨੀਤੀ ਮੰਨੀ ਜਾ ਰਹੀ ਹੈ।
ਮਾਹਿਰ ਹੁਣ ਸਵਾਲ ਉਠਾ ਰਹੇ ਹਨ ਕਿ ਕੀ ਇਜ਼ਰਾਇਲ ਦਾ ਮਸ਼ਹੂਰ ‘ਆਇਰਨ ਡੋਮ’ ਸੁਰੱਖਿਆ ਸਿਸਟਮ ਇਰਾਨੀ ਬੈਲਿਸਟਿਕ ਮਿਜ਼ਾਈਲਾਂ ਦੇ ਇਸ ‘ਮਾਸਟਰ ਪਲਾਨ’ ਅੱਗੇ ਬੇਅਸਰ ਸਾਬਤ ਹੋ ਰਿਹਾ ਹੈ। ‘ਦਿ ਟਾਈਮਜ਼ ਆਫ਼ ਇਜ਼ਰਾਈਲ’ ਮੁਤਾਬਕ ਆਈ.ਡੀ.ਐਫ਼. ਅਜੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅੱਗ ਸਿੱਧੇ ਮਿਜ਼ਾਈਲ ਹਮਲੇ ਨਾਲ ਲੱਗੀ ਹੈ ਜਾਂ ਮਿਜ਼ਾਈਲ ਨੂੰ ਹਵਾ ਵਿੱਚ ਰੋਕਣ ਦੌਰਾਨ ਡਿੱਗੇ ਮਲਬੇ ਕਾਰਨ। ਫ਼ਿਲਹਾਲ ਫ਼ਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਹੈ।
ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਸੰਕੇਤ ਦਿੱਤੇ ਹਨ ਕਿ ਉਹ ਇਰਾਨ ਵਿਰੁੱਧ ਫ਼ੌਜੀ ਮੁਹਿੰਮ ਨੂੰ ਖਤਮ ਕਰਨ ਦੇ ਹੱਕ ਵਿੱਚ ਹਨ। ਰਿਪੋਰਟਾਂ ਮੁਤਾਬਕ, ਟ੍ਰੰਪ ਨੇ ਕਿਹਾ ਹੈ ਕਿ ਜੇਕਰ ‘ਸਟਰੇਟ ਆਫ਼ ਹਾਰਮੁਜ਼’ ਦਾ ਰਸਤਾ ਬੰਦ ਵੀ ਰਹਿੰਦਾ ਹੈ, ਤਾਂ ਵੀ ਉਹ ਜੰਗ ਰੋਕਣ ਲਈ ਤਿਆਰ ਹੋ ਸਕਦੇ ਹਨ। ਅਮਰੀਕੀ ਸਲਾਹਕਾਰਾਂ ਦਾ ਮੰਨਣਾ ਹੈ ਕਿ ਹੋਰਮੁਜ਼ ਦੇ ਰਸਤੇ ਨੂੰ ਜ਼ਬਰਦਸਤੀ ਖੋਲ੍ਹਣ ਨਾਲ ਜੰਗ ਦੀ ਸਮਾਂ ਸੀਮਾ ਵਿਗੜ ਸਕਦੀ ਹੈ। ਹੁਣ ਅਮਰੀਕਾ ਦਾ ਮੁੱਖ ਧਿਆਨ ਇਰਾਨ ਦੀ ਨੌਸੈਨਿਕ ਸਮਰੱਥਾ ਅਤੇ ਉਸ ਦੀਆਂ ਮਿਜ਼ਾਈਲਾਂ ਦੀ ਤਾਕਤ ਨੂੰ ਖ਼ਤਮ ਕਰਨ ’ਤੇ ਹੈ। ਇਸ ਤੋਂ ਬਾਅਦ ਹੀ ਕੂਟਨੀਤਕ ਹੱਲ ਵੱਲ ਵਧਿਆ ਜਾਵੇਗਾ। ਵਾੲ੍ਹੀਟ ਹਾਊਸ ਦੇ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਸਪੱਸ਼ਟ ਕੀਤਾ ਹੈ ਕਿ ਹੋਰਮੁਜ਼ ਨੂੰ ਸੁਰੱਖਿਅਤ ਬਣਾਉਣਾ ਫ਼ਿਲਹਾਲ ਅਮਰੀਕੀ ਅਭਿਆਨ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ। ਅਮਰੀਕਾ ਚਾਹੁੰਦਾ ਹੈ ਕਿ ਤੇਹਰਾਨ ਖੁਦ ਦਬਾਅ ਵਿੱਚ ਆ ਕੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਬਹਾਲ ਕਰੇ। ਦੂਜੇ ਪਾਸੇ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅਲ ਜਜ਼ੀਰਾ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਹੋਰਮੁਜ਼ ਦਾ ਰਸਤਾ ‘ਹਰ ਹਾਲ ਵਿੱਚ ਖੁੱਲ੍ਹੇਗਾ’, ਚਾਹੇ ਇਰਾਨ ਕਾਨੂੰਨ ਮੰਨੇ ਜਾਂ ਫ਼ਿਰ ਅੰਤਰਰਾਸ਼ਟਰੀ ਗਠਜੋੜ ਨੂੰ ਕਾਰਵਾਈ ਕਰਨੀ ਪਵੇ।
ਇਰਾਨੀ ਲੀਡਰਸ਼ਿਪ ਅਜੇ ਵੀ ਅਮਰੀਕਾ ’ਤੇ ਭਰੋਸਾ ਨਹੀਂ ਕਰ ਰਹੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਵਾਸ਼ਿੰਗਟਨ ਜੰਗ ਖ਼ਤਮ ਕਰਨ ਲਈ ਗੰਭੀਰ ਨਹੀਂ ਹੈ। ਵੈਸੇ ਵੀ ਟਰੰਪ ਵਾਰ ਵਾਰ ਆਪਣੇ ਬਿਆਨ ਬਦਲ ਰਹੇ ਹਨ। ਕਦੇ ਉਹ ਹੋਰਮੁਜ਼ ਦੀ ਅਹਿਮੀਅਤ ਘੱਟ ਦੱਸਦੇ ਹਨ ਅਤੇ ਕਦੇ ਇਰਾਨ ਦੇ ਤੇਲ ਖੂਹਾਂ ਅਤੇ ਪਾਵਰ ਪਲਾਂਟਾਂ ਨੂੰ ਉਡਾਉਣ ਦੀ ਧਮਕੀ ਦਿੰਦੇ ਹਨ। ਫ਼ਿਲਹਾਲ, ਵਾਸ਼ਿੰਗਟਨ ਇੱਕ ਅਜਿਹੀ ਰਣਨੀਤੀ ’ਤੇ ਚੱਲ ਰਿਹਾ ਹੈ ਜਿੱਥੇ ਫ਼ੌਜੀ ਹਮਲੇ ਅਤੇ ਸੰਜਮ ਦੋਵੇਂ ਨਾਲ-ਨਾਲ ਚੱਲ ਰਹੇ ਹਨ, ਜੋ ਇੱਕ ਅਨਿਸ਼ਚਿਤ ਭਵਿੱਖ ਵੱਲ ਇਸ਼ਾਰਾ ਕਰਦਾ ਹੈ। ਅਮਰੀਕਾ ਨੇ ਮੱਧ-ਪੂਰਬ ਵਿੱਚ ਸੈਂਕੜੇ ‘ਸਪੈਸ਼ਲ ਅਪਰੇਸ਼ਨ ਫ਼ੋਰਸਿਜ਼’ ਤਾਇਨਾਤ ਕਰ ਦਿੱਤੀਆਂ ਹਨ। ਦੂਜੇ ਪਾਸੇ, ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਫ਼ੌਜਾਂ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਖੇਤਰੀ ਭਾਈਵਾਲਾਂ ਨੂੰ ‘ਸਬਕ ਸਿਖਾਇਆ ਜਾ ਸਕੇ’।

ਸੰਯੁਕਤ ਰਾਸ਼ਟਰ ਨਾਲ ਜੁੜੇ ਡਿਪਲੋਮੈਟ ਮੁਹੰਮਦ ਸਫ਼ਾ ਨੇ ਅਸਤੀਫ਼ਾ ਕਿਉਂ ਦਿੱਤਾ?
ਸੰਯੁਕਤ ਰਾਸ਼ਟਰ ਨਾਲ ਜੁੜੇ ਡਿਪਲੋਮੈਟ ਮੁਹੰਮਦ ਸਫ਼ਾ ਦੇ ਅਸਤੀਫ਼ੇ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੇ ਅਸਤੀਫ਼ੇ ਦੇ ਮੁੱਖ ਕਾਰਨ ਹੇਠ ਲਿਖੇ ਹਨ:ਮੁਹੰਮਦ ਸਫ਼ਾ ਨੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਅਮਰੀਕਾ ਅੰਦਰੂਨੀ ਤੌਰ ’ਤੇ ਇਰਾਨ ਵਿੱਚ ਪ੍ਰਮਾਣੂ ਹਥਿਆਰਾਂ ਦੀ ਸੰਭਾਵਿਤ ਵਰਤੋਂ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ‘ਮਨੁੱਖਤਾ ਵਿਰੁੱਧ ਅਪਰਾਧ’ ਦਾ ਗਵਾਹ ਨਹੀਂ ਬਣਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਅਸਤੀਫ਼ਾ ਦੇ ਕੇ ਇਸ ਜਾਣਕਾਰੀ ਨੂੰ ਜਨਤਕ ਕਰਨ ਦਾ ਫ਼ੈਸਲਾ ਕੀਤਾ। ਸਫ਼ਾ ਨੇ ਆਪਣੇ ਅਸਤੀਫ਼ਾ ਪੱਤਰ ਵਿੱਚ ਲਿਖਿਆ ਕਿ ਯੂ.ਐਨ. ਦੇ ਕੁਝ ਉੱਚ ਅਧਿਕਾਰੀ ਸੰਸਥਾ ਦੇ ਸਿਧਾਂਤਾਂ ਦੀ ਬਜਾਏ ਇੱਕ ਸ਼ਕਤੀਸ਼ਾਲੀ ਲੌਬੀ (ਸ਼ਾਇਦ ਅਮਰੀਕਾ ਅਤੇ ਇਜ਼ਰਾਇਲ ਵੱਲ ਇਸ਼ਾਰਾ) ਦੇ ਹਿੱਤਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਹ ਲੌਬੀ ਫ਼ੈਸਲਾ ਲੈਣ ਵਾਲੇ ਨੇਤਾਵਾਂ ਨੂੰ ਜੰਗੀ ਅਪਰਾਧਾਂ ਦੇ ਦੋਸ਼ਾਂ ਤੋਂ ਬਚਾ ਰਹੀ ਹੈ। ਉਨ੍ਹਾਂ ਨੇ ਯੂ.ਐਨ. ਦੀ ਇਸ ਗੱਲੋਂ ਨਿੰਦਾ ਕੀਤੀ ਕਿ ਸੰਸਥਾ ਗਾਜ਼ਾ ਦੀ ਸਥਿਤੀ ਨੂੰ ‘ਨਸਲਕੁਸ਼ੀ’ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਲਿਬਨਾਨ ਵਿੱਚ ਹੋ ਰਹੀ ਕਾਰਵਾਈ ਨੂੰ ‘ਜੰਗੀ ਅਪਰਾਧ’ ਨਹੀਂ ਮੰਨ ਰਹੀ। ਇਰਾਨ ’ਤੇ ਹੋ ਰਹੇ ਹਮਲਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਨਹੀਂ ਦੱਸ ਰਹੀ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਯੂ. ਐਨ.ਓ. ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਲੋਮੈਟਾਂ ਨੇ ਮੀਡੀਆ ਦੀ ਮਦਦ ਨਾਲ ਇਰਾਨ ਦੇ ‘ਪ੍ਰਮਾਣੂ ਖਤਰੇ’ ਬਾਰੇ ਇੱਕ ਝੂਠਾ ਪ੍ਰਚਾਰ ਕੀਤਾ ਤਾਂ ਜੋ ਜੰਗ ਲਈ ਮਾਹੌਲ ਤਿਆਰ ਕੀਤਾ ਜਾ ਸਕੇ। ਮੁਹੰਮਦ ਸਫ਼ਾ ਨੇ ਕਿਹਾ ਕਿ ਮੈਂ ਆਪਣਾ ਡਿਪਲੋਮੈਟਿਕ ਕੈਰੀਅਰ ਇਸ ਜਾਣਕਾਰੀ ਨੂੰ ਲੀਕ ਕਰਨ ਲਈ ਕੁਰਬਾਨ ਕਰ ਦਿੱਤਾ ਹੈ… ਮੈਂ ਅਜਿਹੇ ਸਮੇਂ ਡਿਊਟੀ ’ਤੇ ਨਹੀਂ ਰਹਿ ਸਕਦਾ ਜਦੋਂ ਅਮਰੀਕਾ ਇਰਾਨ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਤਿਆਰੀ ਕਰ ਰਿਹਾ ਹੋਵੇ। ਮੁਹੰਮਦ ਸਫ਼ਾ ਪਿਛਲੇ 12 ਸਾਲਾਂ ਤੋਂ ਸੰਯੁਕਤ ਰਾਸ਼ਟਰ ਨਾਲ ਜੁੜੇ ਹੋਏ ਸਨ ਉਨ੍ਹਾਂ ਦੇ ਇਸ ਕਦਮ ਨੇ ਜੰਗ ਦੇ ਵਿਚਕਾਰ ਯੂ.ਐਨ.ਓ. ਦੀ ਭੂਮਿਕਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Loading