ਸਾਵਧਾਨ! ਸਿਗਰਟ ਨਾਲੋਂ ਘੱਟ ਨਹੀਂ ‘ਵੇਪਿੰਗ’ ਦਾ ਖ਼ਤਰਾ, ਡੀ.ਐਨ.ਏ. ਤੱਕ ਨੂੰ ਪਹੁੰਚ ਰਿਹਾ ਨੁਕਸਾਨ: ਨਵੀਂ ਖੋਜ

In ਮੁੱਖ ਖ਼ਬਰਾਂ
April 01, 2026

ਸਿਡਨੀ (ਆਸਟ੍ਰੇਲੀਆ)/ਏ.ਟੀ.ਨਿਊਜ਼: ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਖੋਜਕਰਤਾਵਾਂ ਨੇ ਇੱਕ ਵੱਡੀ ਚਿਤਾਵਨੀ ਜਾਰੀ ਕਰਦਿਆਂ ਖੁਲਾਸਾ ਕੀਤਾ ਹੈ ਕਿ ਵੇਪਿੰਗ ਸਿਗਰਟ ਪੀਣ ਜਿੰਨੀ ਹੀ ਘਾਤਕ ਹੈ ਅਤੇ ਇਹ ਸਿੱਧੇ ਤੌਰ ’ਤੇ ਮੂੰਹ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਹੀ ਹੈ। ਮਾਹਿਰਾਂ ਨੇ 2017 ਤੋਂ 2025 ਦੇ ਵਿਚਕਾਰ ਹੋਏ ਅਧਿਐਨਾਂ ਦੀ ਸਮੀਖਿਆ ਤੋਂ ਬਾਅਦ ਦੱਸਿਆ ਕਿ ਵੇਪਿੰਗ ਨਾਲ ਸਰੀਰ ਦੇ ਸੈੱਲਾਂ ਵਿੱਚ ਅਜਿਹੇ ਬਦਲਾਅ ਆਉਂਦੇ ਹਨ ਜੋ ਬੇਹੱਦ ਚਿੰਤਾਜਨਕ ਹਨ: ਵੇਪਿੰਗ ਯੂਜ਼ਰ ਦੇ ਡੀ.ਐੱਨ.ਏ. ਵਿੱਚ ਤਬਦੀਲੀ ਲਿਆਉਂਦੀ ਹੈ, ਜਿਸ ਨਾਲ ਸੈੱਲ ਗਲਤ ਤਰੀਕੇ ਨਾਲ ਕੰਮ ਕਰਨ ਲੱਗਦੇ ਹਨ । ਇਸ ਵਿੱਚ ਫਾਰਮਲਡੀਹਾਈਡ ਵਰਗੇ ਖ਼ਤਰਨਾਕ ਕੈਮੀਕਲ ਹੁੰਦੇ ਹਨ ਜੋ ਸਰੀਰ ਵਿੱਚ ਸੋਜਸ਼ ਪੈਦਾ ਕਰਦੇ ਹਨ।
ਖੋਜ ਵਿੱਚ ਪਾਇਆ ਗਿਆ ਹੈ ਕਿ ਉਹ ਲੋਕ ਜੋ ਰਵਾਇਤੀ ਸਿਗਰਟ ਦੇ ਨਾਲ-ਨਾਲ ਵੇਪ ਦਾ ਵੀ ਇਸਤੇਮਾਲ ਕਰਦੇ ਹਨ, ਉਨ੍ਹਾਂ ਵਿੱਚ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ 4 ਗੁਣਾ ਵੱਧ ਜਾਂਦਾ ਹੈ। ਪ੍ਰੋਫੈਸਰ ਬਰਨਾਰਡ ਸਟੀਵਰਟ ਅਨੁਸਾਰ, ਵੇਪਿੰਗ ਨੂੰ ਕਿਸੇ ਵੀ ਹਾਲਤ ਵਿੱਚ ‘ਸੁਰੱਖਿਅਤ’ ਨਹੀਂ ਮੰਨਿਆ ਜਾ ਸਕਦਾ।
ਰਿਪੋਰਟ ਵਿੱਚ ਇੱਕ 19 ਸਾਲਾ ਨੌਜਵਾਨ ਦਾ ਮਿਸਾਲੀ ਕੇਸ ਦਿੱਤਾ ਗਿਆ ਹੈ, ਜਿਸ ਨੂੰ ਵੇਪਿੰਗ ਕਾਰਨ ਮੂੰਹ ਦਾ ਗੰਭੀਰ ਕੈਂਸਰ ਹੋ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਇੰਨੀ ਛੋਟੀ ਉਮਰ ਵਿੱਚ ਅਜਿਹਾ ਕੈਂਸਰ ਦੇਖਣ ਨੂੰ ਨਹੀਂ ਮਿਲਦਾ, ਜੋ ਇਹ ਸਾਬਤ ਕਰਦਾ ਹੈ ਕਿ ਵੇਪ ਨੌਜਵਾਨ ਪੀੜ੍ਹੀ ਲਈ ਬੇਹੱਦ ਖ਼ਤਰਨਾਕ ਹੈ।
ਵੇਪਿੰਗ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਬ੍ਰਿਟੇਨ ਵਰਗੇ ਦੇਸ਼ਾਂ ਨੇ ਡਿਸਪੋਸੇਬਲ ਵੇਪ ’ਤੇ ਪਾਬੰਦੀ ਲਗਾਉਣ ਵਰਗੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਖੋਜਕਰਤਾਵਾਂ ਦੀ ਸਲਾਹ ਹੈ ਕਿ ਲੋਕਾਂ ਨੂੰ ਵੇਪਿੰਗ ਨੂੰ ਸਿਗਰਟ ਛੱਡਣ ਦੇ ਤਰੀਕੇ ਵਜੋਂ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਖੁਦ ਇੱਕ ਜਾਨਲੇਵਾ ਆਦਤ ਹੈ।

Loading