ਦਰਵੇਸ਼ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ

In ਪੰਜਾਬ
April 01, 2026

ਇਮਾਨਦਾਰੀ, ਪੰਥ ਪ੍ਰਸਤੀ, ਲੋਕ ਸੇਵਾ ਅਤੇ ਸਖ਼ਤ ਮਿਹਨਤ ਦੇ ਸਹਾਰੇ ਰਾਜਿਆਂ, ਰਜਵਾੜਿਆਂ, ਜਗੀਰਦਾਰਾਂ ਅਤੇ ਸਰਮਾਏਦਾਰਾਂ ਨਾਲ ਆਖ਼ਰੀ ਸਾਹਾਂ ਤੱਕ ਲੜੇ ਜਥੇਦਾਰ ਗੁਰਚਰਨ ਸਿੰਘ ਟੌਹੜਾ। ਨਾਭੇ ਰਿਆਸਤ ਦਾ ਪਿੰਡ ਟੌਹੜਾ ਭਾਵੇਂ ਜਨ ਸੰਖਿਆ ਪੱਖੋਂ ਭਾਵੇਂਂ ਬਹੁਤ ਛੋਟਾ ਸੀ ਪਰੰਤੂ ਪੰਥ ਪ੍ਰਸਤੀ ਪੱਖੋਂ ਬਹੁਤ ਮਹਾਨ ਸੀ ਅਤੇ ਹੈ । ਇਸ ਪਿੰਡ ਦੇ ਪੰਜ ਘਰਾਣੇ ਨਾਭੇ ਰਿਆਸਤ ਵਿੱਚੋਂ ਜਲਾਵਤਨ ਕਰ ਦਿੱਤੇ ਗਏ ਸਨ। ਇਸ ਪਿੰਡ ਦੇ ਲੋਕਾਂ ਨੇ ਲੋਕ ਲਹਿਰਾਂ ਅਤੇ ਅਕਾਲੀ ਮੋਰਚਿਆਂ ਵਿੱਚ ਗੌਰਵਮਈ ਰੋਲ ਨਿਭਾਇਆ । ਇਸੇ ਪਿੰਡ ਦੇ ਜੰਮਪਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੰਥਕ ਖੇਤਰ ਵਿੱਚ ਮਾਣ-ਮੱਤੀ ਸੇਵਾ ਕੀਤੀ ਹੈ । ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਦਾ ਪੱਲਾ ਫੜਕੇ ਗੁਰਮਤਿ ਦੇ ਗਾਡੀ ਰਾਹ ਉੱਤੇ ਤੁਰਦਿਆਂ ਇਸ ਗਰੀਬ ਗੁਰਸਿੱਖ ਅਤੇ ਪੰਥ ਪ੍ਰਸਤ ਆਗੂ ਨੇ ਆਪਣੀ ਇਮਾਨਦਾਰੀ, ਪੰਥਕ ਸੇਵਾ ਅਤੇ ਸਖ਼ਤ ਮਿਹਨਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਸੰਸਾਰ ਵਿੱਚ ਜੋ ਸਨਮਾਨ ਖੱਟਿਆ ਹੈ ਉਹ ਸਾਡੇ ਤੁਹਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਅਤੇ ਕਿਰਤੀ ਲੋਕਾਂ ਲਈ ਰਾਹ ਦਸੇਰਾ ਵੀ ਹੈ । ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਲਾਲੋਆਂ ਦੇ ਕਾਫ਼ਲੇ ਦੀ ਅਗਵਾਈ ਕਰਦਿਆਂ ਧਰਤੀ ਤੋਂ ਉੱਠ ਕੇ ਅਕਾਸ਼ ਨੂੰ ਛੂਹਣ ਤੱਕ ਦੀ ਮੰਜ਼ਲ ਨੂੰ ਪ੍ਰਾਪਤ ਕੀਤਾ । ਗੁਰਮੁਖ ਵਾਂਗੂੰ ਹਰ ਰੋਜ਼ ਬਾਣੀ ਪੜ੍ਹਨੀ, ਕੀਰਤਨ ਕਰਨਾ ਅਤੇ ਦਸਾਂ ਨੋਂਹਾਂ ਦੀ ਕਿਰਤ ਕਮਾਈ ਕਰਕੇ ਲੋਕ ਸੇਵਾ ਅਤੇ ਪੰਥਕ ਸੇਵਾ ਕਰਨ ਲਈ ਰੋਜ਼ ਮਰਾ ਦਾ ਸਫ਼ਰ ਪੂਰਾ ਕਰਨਾ, ਕਠਿਨ ਤਪੱਸਿਆ ਸੀ ਪਰੰਤੂ ਉਨ੍ਹਾਂ ਇਹ ਸੇਵਾ ਨਿਤਨੇਮ ਵਾਂਗ ਨਿਭਾਈ ਅਤੇ ਇਸ ਉੱਤੇ ਅਮਲ ਵੀ ਕੀਤਾ । ਇਹ ਵੀ ਸੱਚ ਹੈ ਕਿ ਕਿਰਤੀਆਂ ਕਾਮਿਆ ਅਤੇ ਗੁਰਮੁਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਜਿੰਨਾ ਚਿਰ ਟਕਸਾਲੀ ਅਕਾਲੀਆਂ ਪਾਸ ਰਹੀ ਉਤਨਾ ਚਿਰ ਇਸ ਜਥੇਬੰਦੀ ਨੇ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ , ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਦਿੱਲੀ ਦੇ ਹਰ ਉਸ ਸ਼ਾਸਕ ਨਾਲ ਟੱਕਰ ਲਈ ਜਿਸ ਨੇ ਵੀ ਪੰਥ ਅਤੇ ਪੰਜਾਬ ਦੀ ਪੱਗ ਨੂੰ ਹੱਥ ਪਾਇਆ। ਇਹ ਵੀ ਸੱਚ ਹੈ ਕਿ ਜਦੋਂ ਰਾਜੇ ,ਰਜਵਾੜਿਆਂ, ਜਗੀਰਦਾਰਾਂ ਅਤੇ ਸਰਮਾਏਦਾਰਾਂ ਨੇ ਇਸ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਉੱਤੇ ਸਰਮਾਏ ਦੇ ਜ਼ੋਰ ਨਾਲ ਕਬਜ਼ਾ ਕਰ ਲਿਆ ਤਾਂ ਇਸ ਦਾ ਪਤਨ ਵੀ ਇਤਨਾ ਗਹਿਰਾ ਹੋ ਗਿਆ ਜਿੱਥੋਂ ਕੱਢਣਾ ਅਸੰਭਵ ਲੱਗਦਾ ਹੈ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੰਥਕ ਸਿਆਸਤ ਤਂੋ ਬਾਹਰ ਧੱਕਣ ਲਈ ਜਿੰਨਾ ਜ਼ੋਰ ਸਮੇਂ ਦੀਆਂ ਸਰਕਾਰਾਂ ਨੇ ਲਾਇਆ ਉਸ ਤਂੋ ਕਿਤੇ ਵੱਧ ਸ਼੍ਰੋਮਣੀ ਅਕਾਲੀ ਦਲ ਉੱਤੇ ਸਰਮਾਏ ਦੇ ਜ਼ੋਰ ਨਾਲ ਕਾਬਜਧਾਰੀ ਜਗੀਰਦਾਰਾਂ ਨੇ ਵੀ ਕੀਤਾ। ਬਦਕਿਸਮਤੀ ਇਹ ਵੀ ਰਹੀ ਕਿ ਪੰਥ ਵਿਚਲੀਆਂ ਜੁਝਾਰੂ ਜਥੇਬੰਦੀਆਂ ਵੀ ਜਗੀਰਦਾਰਾਂ ਅਤੇ ਸਰਕਾਰੀ ਏਜੰਸੀਆਂ ਦੇ ਗੁਮਰਾਹਕੁੰਨ ਪ੍ਰਚਾਰ ਵਿੱਚ ਫਸ ਕੇ ਟੌਹੜਾ ਸਾਹਿਬ ਉੱਤੇ ਹਮਲਾਵਰ ਹੋ ਗਈਆਂ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿੰਨਾ ਚਿਰ ਸਰੀਰ ਰੂਪ ਵਿੱਚ ਸੰਸਾਰ ਵਿੱਚ ਰਹੇ ਧਰੂੰ ਤਾਰੇ ਵਾਂਗੂੰ ਚਮਕਦੇ ਰਹੇ। ਜਦੋਂ ਦੁਨੀਆ ਤੋਂ ਰੁਖ਼ਸਤ ਹੋਏ ਤਾਂ ਇੰਝ ਲੱਗਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਪੰਥਕ ਰੂਹ ਹੀ ਕੱਢ ਕੇ ਲੈ ਗਏ ਹੋਣ। ਮੈਨੂੰ ਮਾਣ ਹੈ ਕਿ ਮੈਂ ਪੂਰਾ ਜੀਵਨ ਇਸ ਮਹਾਨ ਪੰਥ ਸੇਵਕ ਆਗੂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਰਾਹੀਂ ਪੰਥ ਦੀ ਮਾਣ-ਮੱਤੀ ਸੇਵਾ ਕੀਤੀ ਹੈ ।
ਕਰਨੈਲ ਸਿੰਘ ਪੰਜੋਲੀ

Loading