ਦਰਬਾਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਬਿਜਲੀ ਪ੍ਰਬੰਧ ਕਿਸ ਨੇ ਕਰਾਇਆ ?

In ਮੁੱਖ ਲੇਖ
April 02, 2026

ਜਸਵੰਤ ਸਿੰਘ

ਫ਼ਰੀਦਕੋਟ ਰਿਆਸਤ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅੰਦਰ ਸਭ ਤੋਂ ਪਹਿਲਾਂ ਬਿਜਲੀ ਦੀ ਰੌਸ਼ਨੀ ਦਾ ਪ੍ਰਬੰਧ ਕੀਤਾ ਸੀ। ਉਸ ਸਮੇਂ ਬਿਜਲੀ ਪ੍ਰਬੰਧ ਲਈ 25,000 ਰੁਪਏ ਖ਼ਰਚ ਆਇਆ ਸੀ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਲਈ 75,000 ਰੁਪਏ ਦਾ ਖ਼ਰਚਾ ਫ਼ਰੀਦਕੋਟ ਰਿਆਸਤ ਵੱਲੋਂ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਉਸ ਵਕਤ ਬਿਜਲੀ ਪ੍ਰਬੰਧ ਦਾ ਵਿਰੋਧ ਵੀ ਬਹੁਤ ਵੱਡੇ ਪੱਧਰ ’ਤੇ ਹੋਇਆ। ਪਹਿਲਾਂ ਪਹਿਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅੱਠ ਪਹਿਰ ਘਿਓ ਦੀ ਜੋਤ ਜਗਾਈ ਜਾਂਦੀ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਪਰਿਕਰਮਾ ਵਿੱਚ ਸੁੱਚੀ ਮੌਮ ਦੀਆਂ ਬੱਤੀਆਂ ਜਗਾਈਆਂ ਜਾਂਦੀਆਂ ਸਨ। ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਬਿਜਲੀ ਪ੍ਰਬੰਧ ਬਾਰੇ ਗੱਲਬਾਤ ਸ਼ੁਰੂ ਕੀਤੀ ਗਈ ਸੀ। 26 ਜਨਵਰੀ 1896 ਨੂੰ ਆਪਣੇ 23ਵੇਂ ਇਜਲਾਸ ਵਿੱਚ ਇੱਕ ਮਤੇ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਬਿਜਲੀ ਪ੍ਰਬੰਧ ਲਈ ਸਿਫ਼ਾਰਸ਼ ਕੀਤੀ ਗਈ, ਜਿਸ ਸੰਬੰਧੀ ਸ. ਸੁੰਦਰ ਸਿੰਘ ਮਜੀਠੀਆ ਨੇ ਗੱਲਬਾਤ ਰੱਖੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਕਰਨਲ ਜਵਾਲਾ ਸਿੰਘ ਤੇ ਖ਼ਾਲਸਾ ਹਾਈ ਸਕੂਲ ਗੁਜਰਾਂਵਾਲਾ ਦੇ ਮਾਸਟਰ ਨਰਾਇਣ ਸਿੰਘ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ। ਇਸ ਕੰਮ ਲਈ ਸ. ਬਹਾਦਰ ਸਿੰਘ, ਸ. ਅਰਜਨ ਸਿੰਘ ਦੀ ਅਗਵਾਈ ਵਿੱਚ 11 ਮੈਂਬਰੀ ਕਮੇਟੀ ਬਣਾਈ ਗਈ, ਜਿਸ ਨੇ ਸਿੱਖਾਂ ਦੇ ਪ੍ਰਭਾਵਸ਼ਾਲੀ ਆਗੂਆਂ, ਸਰਖੇਮ ਸਿੰਘ ਬੇਦੀ, ਰਾਏ ਬਹਾਦਰ, ਸ. ਸੁਜਾਨ ਸਿੰਘ ਰਾਵਲਪਿੰਡੀ ਤੇ ਬਲਵੰਤ ਸਿੰਘ ਅਟਾਰੀ ਵਰਗਿਆਂ ਦੀ ਹਮਾਇਤ ਪ੍ਰਾਪਤੀ ਕਰ ਲਈ ਗਈ। ਬਿਜਲੀਕਰਨ ਕਮੇਟੀ ਨੇ ਰਾਜਾ ਬਿਕਰਮ ਸਿੰਘ ਫ਼ਰੀਦਕੋਟ ਕੋਲ ਪਹੁੰਚ ਕੀਤੀ। 25 ਅਪ੍ਰੈਲ 1897 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਮਹਾਰਾਜਾ ਬਿਕਰਮ ਸਿੰਘ ਵੱਲੋਂ ਭੇਜੇ ਗਏ ਦਰਬਾਰੀਆਂ ਨੇ ਪੇਸ਼ ਹੋ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਪ੍ਰਬੰਧ ਲਈ ਮਹਾਰਾਜਾ 20,000 ਰੁਪਏ ਯੋਗਦਾਨ ਨਾਲ ਬਿਜਲੀ ਦਾ ਪ੍ਰਬੰਧ ਕਰਨਗੇ।

22 ਜੂਨ 1897 ਨੂੰ ਕੰਵਰ ਗਜੇਂਦਰ ਸਿੰਘ ਫ਼ਰੀਦਕੋਟ ਰਿਆਸਤ ਦੀ ਹਾਜ਼ਰੀ ਵਿੱਚ ਰਾਏ ਢੋਲਣ ਦਾਸ ਦਾ ਆਪਣਾ ਜਨਰੇਟਰ ਲਿਆ ਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਰੌਸ਼ਨੀ ਦਾ ਤਜਰਬਾ ਕੀਤਾ ਗਿਆ। 14 ਅਗਸਤ 1897 ਨੂੰ ਮਹਾਰਾਜਾ ਆਪ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਬਿਜਲੀ ਜਨਰੇਟਰ ਪ੍ਰਬੰਧ ਲਈ ਇੱਕ ਲੱਖ ਰੁਪਏ ਭੇਟ ਕੀਤੇ। ਮਹਾਰਾਜਾ ਬਿਕਰਮ ਸਿੰਘ ਵੱਲੋਂ ਪ੍ਰਤੀ ਮਹੀਨਾ 50,000 ਰੁਪਏ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਮ੍ਹਾਂ ਕਰਵਾਏ ਜਾਂਦੇ ਸਨ। ਮਹਾਰਾਜਾ ਵੱਲੋਂ ਅਰਦਾਸ ਕਰਵਾਏ ਗਏ ਰੁਪਇਆਂ ਨਾਲ ਬਿਜਲੀ ਪੈਦਾ ਕਰਨ ਲਈ ਲੱਕੜ, ਕੋਲੇ ਨਾਲ ਚੱਲਣ ਵਾਲੇ ਇੰਜਣ ਤੇ ਤਾਰਾਂ ਦੀ ਫਿਟਿੰਗ ਲਈ ਖੰਭਿਆਂ ਸਮੇਤ ਹੋਰ ਸਾਮਾਨ ਖ਼ਰੀਦਿਆ ਗਿਆ। ਦੂਜੇ ਪਾਸੇ ਸਿੰਘ ਸਭਾ ਲਾਹੌਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਭਾਈ ਹਰਨਾਮ ਸਿੰਘ, ਭਾਈ ਭਗਤ ਸਿੰਘ, ਭਾਈ ਪ੍ਰਤਾਪ ਸਿੰਘ ਵਲੋਂ ਇਸ ਦੇ ਵਿਰੋਧ ’ਚ ਪੱਤਰ ਲਿਖਿਆ ਗਿਆ, ਜੋ ‘ਬਿਜਲੀ ਵਿਦਰਾਨ’ ਸਿਰਲੇਖ ਹੇਠ ਛਪਿਆ। ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਸਿੰਘ ਸਭਾ ਲਹਿਰ ਦੇ ਚਰਚਿਤ ਨਾਂਅ ਬਾਬੂ ਤੇਜਾ ਸਿੰਘ ਭਸੋੜ ਵੱਲੋਂ ਵੀ ਖ਼ਾਲਸਾ ਅਖਬਾਰ ਦੇ 3 ਸਤੰਬਰ 1897 ਦੇ ਅੰਕ ਵਿੱਚ ਇਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਮੁੱਢਲਾ ਤਰਕ ਸੀ ਕਿ ਦਰਬਾਰ ਸਾਹਿਬ ਪੂਰਬੀ ਇਮਾਰਤ ਹੈ, ਜਦਕਿ ਬਿਜਲੀ ਪੱਛਮ ਦੀ ਦੇਣ ਹੈ, ਇਸ ਲਈ ਇੱਥੇ ਸੱਚ ਦਾ ਪ੍ਰਕਾਸ਼ ਹੋਵੇ, ਰੌਸ਼ਨੀ ਦਾ ਨਹੀਂ।
ਹੋਤੀ ਮਰਦਾਨ ਦੇ ਸੰਤ ਦਿਆਲ ਸਿੰਘ ਖ਼ਾਲਸਾ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਿਜਲੀ ਦੀਆਂ ਤਾਰਾਂ ਰਾਹੀਂ ਖੋਦਣਾ ਭਾਰੀ ਬੇਹੁਰਮਤੀ ਹੈ ਪਰ ਇਸ ਵਿਰੋਧ ਦੇ ਬਾਵਜੂਦ ਬਿਜਲੀ ਸ਼ੁਰੂ ਕੀਤੀ ਗਈ ਅਤੇ ਬਿਜਲੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਜਨਰੇਟਰ ਦਰਬਾਰ ਸਾਹਿਬ ਦੇ ਪੁਰਾਣੇ ਦਫ਼ਤਰ ਦੇ ਨਾਲ ਵਾਲੀ ਗਲੀ ਵਿੱਚ ਲਗਾਇਆ ਗਿਆ। ਤਾਰਾਂ ਦੀ ਫਿਟਿੰਗ ਲਈ ਲਾਏ ਗਏ ਖੰਭੇ ਜਿਨ੍ਹਾਂ ਦੀ ਗਿਣਤੀ ਉਸ ਸਮੇਂ 8 ਸੀ, ’ਚੋਂ 4 ਪਰਿਕਰਮਾ ਚੌੜੀ ਕਰਨ ਸਮੇਂ ਉਤਾਰ ਦਿੱਤੇ ਗਏ, ਜਦਕਿ ਬਾਕੀ ਚਾਰਾਂ ’ਚੋਂ ਚਾਰੇ ਕੋਨਿਆਂ ਵਿੱਚ ਅੱਜ ਵੀ ਮੌਜੂਦ ਹਨ। ਉਪਰੋਕਤ ਖੰਭਿਆਂ ’ਤੇ ਦਿਲਕਸ਼ ਮੀਨਾਕਾਰੀ ਕੀਤੀ ਗਈ ਹੈ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਬਹੁਤੀ ਸੰਗਤ ਨੂੰ ਇਨ੍ਹਾਂ ਇਤਿਹਾਸਕ ਖੰਭਿਆਂ ਬਾਰੇ ਜਾਣਕਾਰੀ ਨਹੀਂ ਹੈ।

Loading