ਰਾਜਬੀਰ ਦੇਸਵਾਲ
ਭਾਰਤੀ ਫ਼ਿਲਮੀ ਗੀਤ ਕਦੇ ਵੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਹੇ; ਇਨ੍ਹਾਂ ਨੇ ਹਮੇਸ਼ਾ ਸਮਾਜ ਦੀ ਭਾਵਨਾਤਮਕ ਡੂੰਘਾਈ, ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਕਲਾਤਮਕਤਾ ਨੂੰ ਦਰਸਾਇਆ ਹੈ। ਇੱਕ ਸਮਾਂ ਸੀ ਜਦੋਂ ਹਿੰਦੀ ਸਿਨੇਮਾ ਵੱਲੋਂ ਪਿਆਰ, ਖਿੱਚ ਅਤੇ ਨਜ਼ਦੀਕੀਆਂ ਨੂੰ ਵੀ ਬੇਹੱਦ ਸੁਹਜ ਨਾਲ ਪੇਸ਼ ਕੀਤਾ ਜਾਂਦਾ ਸੀ। ਉਸ ਸਮੇਂ ਦੀ ਭਾਸ਼ਾ ਸੰਕੇਤਕ ਹੁੰਦੇ ਹੋਏ ਵੀ ਸੰਜਮੀ ਅਤੇ ਭਾਵਪੂਰਤ ਹੁੰਦੇ ਹੋਏ ਵੀ ਸਨਮਾਨਜਨਕ ਸੀ। ਹਾਲਾਂਕਿ, ਅੱਜ ਦੇ ਦੌਰ ਵਿੱਚ ਖ਼ਾਸ ਕਰਕੇ ਰੈਪ ਅਤੇ ਵਪਾਰਕ ਸੰਗੀਤ ਦੇ ਵਧਦੇ ਪ੍ਰਭਾਵ ਕਾਰਨ ਉਹ ਸੰਤੁਲਨ ਵਿਗੜਦਾ ਜਾਪਦਾ ਹੈ, ਜਿਸ ਦੀ ਜਗ੍ਹਾ ਹੁਣ ਸਪੱਸ਼ਟਤਾ ਅਤੇ ਸਨਸਨੀ ਫ਼ੈਲਾਉਣ ਦੀ ਵਧਦੀ ਪ੍ਰਵਿਰਤੀ ਨੇ ਲੈ ਲਈ ਹੈ।
ਨੋਰਾ ਫ਼ਤੇਹੀ ਦੇ ਗੀਤ ‘ਸਰਕੇ ਚੁਨਰ ਤੇਰੀ ਸਰਕੇ’ ਨੂੰ ਲੈ ਕੇ ਹਾਲੀਆ ਹੋਇਆ ਵਿਵਾਦ ਇਸ ਦੀ ਇੱਕ ਉਦਾਹਰਣ ਹੈ। ਇਸ ਗੀਤ ਨੂੰ ਇਸ ਦੇ ਕਥਿਤ ਤੌਰ ’ਤੇ ਅਸ਼ਲੀਲ ਬੋਲਾਂ ਅਤੇ ਬੇਹੱਦ ਭੜਕਾਊ ਪੇਸ਼ਕਾਰੀ ਲਈ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ ਪਲੈਟਫ਼ਾਰਮਾਂ, ਗ਼ੈਰ-ਰਸਮੀ ਇਕੱਠਾਂ ਅਤੇ ਚਰਚਾ ਦੇ ਮੰਚਾਂ ਤੱਕ ਫ਼ੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਐਡਵੋਕੇਟ ਵਿਨੀਤ ਜਿੰਦਲ ਦੀ ਸ਼ਿਕਾਇਤ ਤੋਂ ਬਾਅਦ ਸੈਂਟਰਲ ਬੋਰਡ ਔਫ਼ ਫ਼ਿਲਮ ਸਰਟੀਫ਼ਿਕੇਸ਼ਨ ਵਰਗੀ ਸੰਸਥਾ ਦੇ ਅਧਿਕਾਰੀਆਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਜਦੋਂਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਬਾਰੇ ਨੋਟਿਸ ਜਾਰੀ ਕੀਤਾ ਹੈ।
ਬਾਦਸ਼ਾਹ ਦੇ ਗੀਤ ‘ਟਟੀਰੀ’ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੰਗਾਮਾ ਦੇਖਣ ਨੂੰ ਮਿਲਿਆ। ਇਸ ਹਰਿਆਣਵੀ ਰੈਪ ਨੂੰ ਇਸ ਦੇ ਬੋਲ ਅਤੇ ਫ਼ਿਲਮਾਂਕਣ ਕਾਰਨ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਅਸ਼ਲੀਲ ਅਤੇ ਔਰਤਾਂ ਨੂੰ ਨੁਮਾਇਸ਼ ਦੀ ਵਸਤੂ ਵਾਂਗ ਦਿਖਾਉਣ ਵਾਲਾ ਮੰਨਿਆ ਗਿਆ। ਇਸ ਤੋਂ ਬਾਅਦ ਕਾਨੂੰਨੀ ਸ਼ਿਕਾਇਤਾਂ ਹੋਈਆਂ ਅਤੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਸਪੱਸ਼ਟੀਕਰਨ ਲੈਣ ਲਈ ਤਲਬ ਕੀਤਾ। ਉਸ ਦੇ ਪੇਸ਼ ਨਾ ਹੋਣ ਕਾਰਨ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ, ਜਿਸ ਵਿੱਚ ਗ੍ਰਿਫ਼ਤਾਰੀ, ਪਾਸਪੋਰਟ ਜ਼ਬਤ ਕਰਨ ਅਤੇ ਰਾਜ ਅੰਦਰ ਪੇਸ਼ਕਾਰੀਆਂ ’ਤੇ ਰੋਕ ਲਗਾਉਣ ਦੀਆਂ ਮੱਦਾਂ ਵੀ ਸ਼ਾਮਲ ਸਨ। ਮਾਮਲਾ ਉਦੋਂ ਹੋਰ ਵੀ ਵਧ ਗਿਆ ਜਦੋਂ ਇੱਕ ਐੱਫ਼ ਆਈ ਆਰ ਵਿੱਚ ਅਸ਼ਲੀਲ ਸਮੱਗਰੀ ਦਾ ਦੋਸ਼ ਲਾਇਆ ਗਿਆ, ਖ਼ਾਸ ਤੌਰ ’ਤੇ ਸਕੂਲ ਵਰਗੇ ਮਾਹੌਲ ਵਿੱਚ ਦਿਖਾਈਆਂ ਗਈਆਂ ਅਣਉਚਿਤ ਤਸਵੀਰਾਂ ਨੂੰ ਲੈ ਕੇ। ਆਖ਼ਰਕਾਰ ਵਧਦੇ ਵਿਰੋਧ ਕਾਰਨ ਗੀਤ ਨੂੰ ਵਾਪਸ ਲੈ ਲਿਆ ਗਿਆ ਅਤੇ ਮੁਆਫ਼ੀ ਮੰਗੀ ਗਈ। ਫ਼ਿਰ ਵੀ ਇਸ ਮਾਮਲੇ ਨੇ ਵੱਡਾ ਸਵਾਲ ਇਹ ਉਠਾਇਆ ਹੈ ਕਿ ਕਲਾਤਮਿਕ ਆਜ਼ਾਦੀ ਅਤੇ ਸਮਾਜਿਕ ਜ਼ਿੰਮੇਵਾਰੀ ਵਿਚਕਾਰ ਲਕੀਰ ਕਿੱਥੇ ਖਿੱਚਣੀ ਹੈ? ਇਹ ਸਵਾਲ ਅਜੇ ਵੀ ਅਣਸੁਲਝਿਆ ਹੈ।
ਇਹ ਘਟਨਾਵਾਂ ਇਕੱਲੀਆਂ ਨਹੀਂ, ਸਗੋਂ ਇਹ ਅੱਜ ਦੇ ਸੰਗੀਤ ਜਗਤ ਵਿੱਚ ਇੱਕ ਵੱਡੇ ਰੁਝਾਨ ਨੂੰ ਦਰਸਾਉਂਦੀਆਂ ਹਨ। ਕਈ ਆਧੁਨਿਕ ਗੀਤ ‘ਸੱਭਿਅਤਾ’ ਦੀਆਂ ਸੀਮਾਵਾਂ ਨੂੰ ਲੰਘਦੇ ਹੋਏ ਨਜ਼ਰ ਆਉਂਦੇ ਹਨ; ਇਨ੍ਹਾਂ ਵਿੱਚ ਅਜਿਹੀ ਭਾਸ਼ਾ ਅਤੇ ਬਿੰਬਾਂ ਦੀ ਵਰਤੋਂ ਹੁੰਦੀ ਹੈ, ਜੋ ਸਰੋਤਿਆਂ ਦੇ ਇੱਕ ਵੱਡੇ ਵਰਗ ਨੂੰ ਅਸ਼ਲੀਲ ਅਤੇ ਅਸਹਿਜ ਕਰਨ ਵਾਲੇ ਲੱਗਦੇ ਹਨ। ਉਹ ਅਕਸਰ ਰੁਮਾਂਸ ਦੇ ਉਸ ਸੂਖ਼ਮ ਅਤੇ ਕਲਾਤਮਕ ਚਿੱਤਰਣ ਦੀ ਥਾਂ ਲੈ ਲੈਂਦੇ ਹਨ, ਜੋ ਕਦੇ ਫ਼ਿਲਮੀ ਸੰਗੀਤ ਦੀ ਪਛਾਣ ਹੁੰਦਾ ਸੀ। ਇਸ ਤਰ੍ਹਾਂ ਦੇ ਬੋਲ, ਸੱਚੀ ਭਾਵਨਾਤਮਕ ਭਾਵਨਾ ਦੀ ਬਜਾਏ ਅਕਸਰ ਦਬਦਬਾ ਅਤੇ ਖੋਖਲੇ ਦਿਖਾਵੇ ਦਾ ਭਾਵ ਦਰਸਾਉਂਦੇ ਹਨ।
ਅਜਿਹੀ ਸਮੱਗਰੀ ਦੀ ਵਧਦੀ ਲੋਕਪ੍ਰਿਅਤਾ ਸ਼ਾਇਦ ਸਭ ਤੋਂ ਜ਼ਿਆਦਾ ਚਿੰਤਾਜਨਕ ਪਹਿਲੂ ਹੈ। ਸੰਗੀਤ ਵੀਡੀਓ ਵਿੱਚ ਅਕਸਰ ਹਿੰਸਾ, ਆਕ੍ਰਮਕਤਾ ਅਤੇ ਬੰਦੂਕਾਂ, ਲਗਜ਼ਰੀ ਕਾਰਾਂ ਤੇ ਤਾਕਤ ਦਾ ਪ੍ਰਦਰਸ਼ਨ ਦਿਖਾਇਆ ਜਾਂਦਾ ਹੈ। ਸੰਗੀਤ ਦੀਆਂ ਕੁਝ ਵੰਨਗੀਆਂ, ਜਿਨ੍ਹਾਂ ਵਿੱਚ ਪੰਜਾਬੀ ਪੌਪ ਅਤੇ ਰੈਪ ਸ਼ਾਮਲ ਹਨ, ਵਿੱਚ ਦਬਦਬੇ ਅਤੇ ਮਰਦਾਨਗੀ ਦੇ ਵਾਰ ਵਾਰ ਦੁਹਰਾਏ ਜਾਣ ਵਾਲੇ ਵਿਸ਼ੇ ਹੀ ਹਾਵੀ ਰਹਿੰਦੇ ਹਨ। ਹਾਲਾਂਕਿ, ਇਹ ਸਭ ਕੁਝ ਲੋਕਾਂ ਨੂੰ ਤੁਰੰਤ ਆਪਣੇ ਵੱਲ ਖਿੱਚ ਅਤੇ ਉਨ੍ਹਾਂ ਵਿੱਚ ਜੋਸ਼ ਭਰ ਸਕਦਾ ਹੈ, ਪਰ ਇਨ੍ਹਾਂ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਇਸ ਮਾੜੇ ਰੁਝਾਨ ਵੱਲ ਧੱਕਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ, ਖ਼ਾਸਕਰ ਉਨ੍ਹਾਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਜੋ ਇਨ੍ਹਾਂ ਤਸਵੀਰਾਂ ਤੋਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਹਨ।
ਰਚਨਾਤਮਕ ਆਜ਼ਾਦੀ ਕਲਾਤਮਕ ਪ੍ਰਗਟਾਵੇ ਦੀ ਬੁਨਿਆਦ ਹੈ ਅਤੇ ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਇਹ ਪਛਾਣਨਾ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਸਦੀਵੀ ਕਲਾ ਅਕਸਰ ਕਲਪਨਾ, ਭਾਸ਼ਾ ਅਤੇ ਸੰਜਮ ਦੇ ਸੁਮੇਲ ਤੋਂ ਉਪਜਦੀ ਹੈ। ਜਦੋਂ ਸੂਖ਼ਮਤਾ ਦੀ ਥਾਂ ਅਜਿਹਾ ਰੁਝਾਨ ਭਾਰੂ ਹੋ ਜਾਂਦਾ ਹੈ ਤਾਂ ਪ੍ਰਗਟਾਵੇ ਵਿਚਲਾ ਸੁਹਜ ਘਟਣ ਲੱਗਦਾ ਹੈ।
ਪਿਛਲੇ ਕੁਝ ਦਹਾਕਿਆਂ ਦੇ ਗੀਤਾਂ ’ਤੇ ਇੱਕ ਨਜ਼ਰ ਮਾਰਨ ਨਾਲ ਹੈਰਾਨੀਜਨਕ ਫ਼ਰਕ ਨਜ਼ਰ ਆਉਾਂਦਾਹੈ। ਉਸ ਸਮੇਂ ਵੀ ਪਿਆਰ, ਤਾਂਘ ਅਤੇ ਆਪਸੀ ਨਜ਼ਦੀਕੀਆਂ ਦਿਖਾਏ ਜਾਂਦੇ ਸਨ, ਪਰ ਫ਼ਿਰ ਵੀ ਉਨ੍ਹਾਂ ਨੂੰ ਬਹੁਤ ਸਲੀਕੇ ਅਤੇ ਕਾਵਿਕ ਸੂਝ-ਬੂਝ ਨਾਲ ਪੇਸ਼ ਕੀਤਾ ਜਾਂਦਾ ਸੀ। ‘ਆਜ ਸਜਨ ਮੋਹੇ ਅੰਗ ਲਗਾ ਲੋ’ ਜਾਂ ‘ਪੀਆ ਅੰਗ ਲਗ ਲਗ ਕੇ ਭਈ ਸਾਂਵਲੀ ਮੈਂ’ ਵਰਗੀਆਂ ਸਤਰਾਂ ਨੇੜਤਾ ਦੀ ਇੱਛਾ ਨੂੰ ਬਹੁਤ ਖ਼ੂਬਸੂਰਤੀ ਅਤੇ ਸੁਹਜ ਨਾਲ ਜ਼ਾਹਿਰ ਕਰਦੀਆਂ ਹਨ। ਇਸੇ ਤਰ੍ਹਾਂ ‘ਸ਼ਰਾਰਤ ਕਰਨੇ ਕੋ ਲਲਚਾਏ ਰੇ ਮੇਰਾ ਮਨ’ ਚੰਚਲ ਚਾਹਤ ਨੂੰ ਬਿਨਾਂ ਕਿਸੇ ਅਸ਼ਲੀਲਤਾ ਦੇ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ।
ਰੁਮਾਂਸ ਦੇ ਹੋਰ ਵੀ ਕਈ ਸਿੱਧੇ ਪ੍ਰਗਟਾਵਿਆਂ ਨੂੰ ਬਹੁਤ ਨਫ਼ਾਸਤ ਨਾਲ ਘੜਿਆ ਗਿਆ। ਕਈ ਗੀਤ ਔਰਤ ਤੇ ਮਰਦ ਦੀ ਆਪਸੀ ਖਿੱਚ ਨੂੰ ਸਵੀਕਾਰ ਕਰਦੇ ਹਨ, ਫ਼ਿਰ ਵੀ ਉਨ੍ਹਾਂ ਦੀ ਕਾਵਿਕ ਸੁੰਦਰਤਾ ਇਹ ਯਕੀਨੀ ਬਣਾਉਂਦੀ ਹੈ ਕਿ ਉਹ ਕਦੇ ਵੀ ਅਸ਼ੀਲਲ ਨਾ ਲੱਗਣ। ਸਰੋਤੇ ਸਪੱਸ਼ਟਤਾ ਦੀ ਬਜਾਏ ਸੰਕੇਤਾਂ ਰਾਹੀਂ ਨੇੜਤਾ ਨੂੰ ਮਹਿਸੂਸ ਕਰਦੇ ਹਨ, ਜਿਸ ਨਾਲ ਕਲਪਨਾ ਨੂੰ ਉਸ ਤਸਵੀਰ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੈ।
ਸਦਾਬਹਾਰ ਗੀਤ ‘ਬਾਹੋਂ ਮੇਂ ਚਲੇ ਆਓ’ ’ਤੇ ਵੀ ਗੌਰ ਕਰੋ, ਜੋ ਨਿੱਘ ਅਤੇ ਪਿਆਰ ਨਾਲ ਨੇੜਤਾ ਦਾ ਸੱਦਾ ਦਿੰਦਾ ਹੈ। ਅਜਿਹੇ ਗੀਤ ਦਰਸਾਉਂਦੇ ਹਨ ਕਿ ਗੀਤਾਂ ’ਚ ਭਾਵਨਾਤਮਕ ਡੂੰਘਾਈ ਦੇ ਨਾਲ ਨਾਲ ਸੂਖ਼ਮ ਨਿੱਜੀ ਭਾਵਨਾਵਾਂ ਵੀ ਬਹੁਤ ਸਹਿਜ ਤੇ ਸੁਹਜ ਨਾਲ ਪ੍ਰਗਟਾਈਆਂ ਜਾ ਸਕਦੀਆਂ ਹਨ।
ਪੁਰਾਣੇ ਜ਼ਮਾਨੇ ਦੀ ਗੀਤਕਾਰੀ ਵਿੱਚ ਰੂਪਕਾਂ ਦਾ ਇੱਕ ਖ਼ਾਸ ਮਹੱਤਵ ਸੀ। ‘ਮੈਂ ਨਦੀਆ ਫ਼ਿਰ ਭੀ ਮੈਂ ਪਿਆਸੀ’ ਵਰਗੇ ਭਾਵ ਕਾਵਿਕ ਅਮੀਰੀ ਨਾਲ ਬਿਰਹਾ ਦੀ ਭਾਵਨਾ ਨੂੰ ਦਰਸਾਉਂਦੇ ਹਨ। ਇਨ੍ਹਾਂ ਦੀ ਚੰਚਲ ਸੁਰ ਦੇ ਬਾਵਜੂਦ ਕਾਵਿਕਤਾ ਸਦਕਾ ਨਿੱਜੀ ਭਾਵਨਾਵਾਂ ਦਾ ਪ੍ਰਗਟਾਵਾ ਕਦੇ ਵੀ ਅਸ਼ਲੀਲਤਾ ਦੇ ਦਾਇਰੇ ਵਿੱਚ ਦਾਖ਼ਲ ਨਹੀਂ ਹੋਇਆ। ‘ਬਚਪਨ ਤੋ ਅਭੀ ਰੂਠਾ ਹੀ ਨਹੀਂ’ ਵਰਗੀ ਇੱਕ ਲਾਈਨ ਮਾਸੂਮੀਅਤ ਨੂੰ ਬਰਕਰਾਰ ਰੱਖਦੇ ਹੋਏ ਜਵਾਨੀ ਵਿੱਚ ਤਬਦੀਲੀ ਨੂੰ ਸੁੰਦਰਤਾ ਨਾਲ ਬਿਆਨਦੀ ਹੈ। ਉਨ੍ਹਾਂ ਗੀਤਾਂ ਦੀ ਇਹ ਇੱਕ ਅਜਿਹੀ ਖ਼ਾਸੀਅਤ ਹੈ, ਜੋ ਅੱਜਕੱਲ੍ਹ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਇਹ ਕਹਿਣਾ ਗ਼ਲਤ ਹੋਵੇਗਾ ਕਿ ਆਧੁਨਿਕ ਸੰਗੀਤ ਵਿੱਚ ਨਜ਼ਾਕਤ ਬਿਲਕੁਲ ਮਨਫ਼ੀ ਹੈ। ਕਈ ਗੀਤਾਂ ਨੇ ਅੱਜ ਵੀ ਸੂਖ਼ਮ ਰੁਮਾਂਸ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੋਇਆ ਹੈ। ‘ਪਹਿਲਾ ਨਸ਼ਾ’, ‘ਤੁਮ ਹੀ ਹੋ’, ‘ਰਾਤਾਂ ਲੰਬੀਆਂ’, ‘ਕੇਸਰੀਆ’ ਅਤੇ ‘ਤੇਰਾ ਬਨ ਜਾਊਂਗਾ’ ਵਰਗੇ ਗੀਤ ਇਹ ਸਾਬਿਤ ਕਰਦੇ ਹਨ ਕਿ ਦਰਸ਼ਕ ਅੱਜ ਵੀ ਸੱਚਾਈ, ਸੁਰੀਲਾਪਣ ਅਤੇ ਸੱਚੀਆਂ ਭਾਵਨਾਵਾਂ ਨੂੰ ਪਸੰਦ ਕਰਦੇ ਹਨ। ਇਹ ਰਚਨਾਵਾਂ ਇਹ ਸਾਬਿਤ ਕਰਦੀਆਂ ਹਨ ਕਿ ਸਫ਼ਲਤਾ ਲਈ ਕਿਸੇ ਨੂੰ ਹੈਰਾਨ ਕਰਨ ਜਾਂ ਅਸ਼ਲੀਲਤਾ ਦਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ।
ਅੱਜਕੱਲ੍ਹ ਦੇ ਕਈ ਗੀਤਾਂ ਨੂੰ ਲੈ ਕੇ ਪ੍ਰਗਟਾਈ ਜਾਂਦੀ ਗਹਿਰੀ ਚਿੰਤਾ ਸਿਰਫ਼ ਉਨ੍ਹਾਂ ਦੀ ਸ਼ਬਦਾਵਲੀ ਬਾਰੇ ਨਹੀਂ, ਸਗੋਂ ਉਨ੍ਹਾਂ ਵਿਚਲੇ ਨਜ਼ਰੀਏ ਬਾਰੇ ਹੈ। ਦੌਲਤ, ਆਕ੍ਰਮਕਤਾ ਅਤੇ ਕਿਸੇ ਨੂੰ ਸਿਰਫ਼ ਇੱਕ ਵਸਤੂ ਦੀ ਤਰ੍ਹਾਂ ਦੇਖੇ ਜਾਣ ’ਤੇ ਵਾਰ-ਵਾਰ ਜ਼ੋਰ ਦੇਣ ਨਾਲ ਅਜਿਹੇ ਨਾਂਹ-ਪੱਖੀ ਰੁਝਾਨ ਆਮ ਹੋ ਜਾਣ ਦਾ ਖ਼ਤਰਾ ਰਹਿੰਦਾ ਹੈ। ਜਦੋਂ ਸੰਗੀਤ ਸਫ਼ਲਤਾ ਦੇ ਫ਼ੋਕੇ ਪ੍ਰਤੀਕਾਂ ਜਿਵੇਂ ਚਮਕਦਾਰ ਜੀਵਨ ਸ਼ੈਲੀ, ਦਬਦਬਾ ਅਤੇ ਤਾਕਤ ਨੂੰ ਵਧਾ ਚੜ੍ਹਾ ਕੇ ਦਿਖਾਉਂਦਾ ਹੈ ਤਾਂ ਇਹ ਅਣਜਾਣਪੁਣੇ ਵਿੱਚ ਹੀ ਲੋਕਾਂ ਦੀਆਂ ਇੱਛਾਵਾਂ ਅਤੇ ਸਮਾਜਿਕ ਵਿਹਾਰ ’ਤੇ ਅਸਰ ਪਾ ਸਕਦਾ ਹੈ। ਸਿਨੇਮਾ ਅਤੇ ਸੰਗੀਤ ਦਾ ਸਮਾਜ ਨਾਲ ਹਮੇਸ਼ਾ ਇੱਕ ਅਨਿੱਖੜ ਰਿਸ਼ਤਾ ਰਿਹਾ ਹੈ: ਇਹ ਦੋਵੇਂ ਹੀ ਨਾ ਸਿਰਫ਼ ਮੌਜੂਦਾ ਰੁਝਾਨਾਂ ਨੂੰ ਦਰਸਾਉਂਦੇ ਹਨ, ਸਗੋਂ ਉਨ੍ਹਾਂ ਨੂੰ ਆਕਾਰ ਵੀ ਦਿੰਦੇ ਹਨ। ਇਸ ਲਈ ਇਹ ਸਵਾਲ ਕਰਨਾ ਵਾਜਬ ਹੈ ਕਿ ਕੀ ਤੁਰੰਤ ਪ੍ਰਸਿੱਧੀ ਅਤੇ ਵਾਇਰਲ ਸਫ਼ਲਤਾ ਦੀ ਚਾਹਤ ਕਲਾਤਮਕ ਮਾਣ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਦੀ ਕੀਮਤ ’ਤੇ ਹਾਸਲ ਕੀਤੀ ਜਾਣੀ ਚਾਹੀਦੀ ਹੈ।
ਅੰਤ ਵਿੱਚ ਇਸ ਚਰਚਾ ਦਾ ਉਦੇਸ਼ ਕਿਸੇ ਦੀ ਨਿੰਦਾ ਕਰਨਾ ਨਹੀਂ, ਸਗੋਂ ਚਿੰਤਨ ਕਰਨਾ ਹੈ। ਇਸ ਦਾ ਮਕਸਦ ਉਸ ਦੌਰ ਨੂੰ ਯਾਦ ਕਰਨਾ ਹੈ, ਜਦੋਂ ਫ਼ਿਲਮ ਸੰਗੀਤ ਵਿੱਚ ਅਸ਼ਲੀਲਤਾ ਦਾ ਸਹਾਰਾ ਲਏ ਬਿਨਾਂ ਰੁਮਾਂਸ, ਚੰਚਲਤਾ ਅਤੇ ਕਾਵਿਕ ਸੁੰਦਰਤਾ ਦਾ ਖ਼ੂਬਸੂਰਤ ਸੰਤੁਲਨ ਹੁੰਦਾ ਸੀ। ਉਹ ਵਿਰਾਸਤ ਅੱਜ ਦੇ ਰਚਨਾਕਾਰਾਂ ਲਈ ਵੀ ਇੱਕ ਕੀਮਤੀ ਮਾਰਗਦਰਸ਼ਕ ਬਣੀ ਹੋਈ ਹੈ।
ਅੱਜ ਸ਼ਾਇਦ ਇਸ ਗੱਲ ਦੀ ਸਭ ਤੋਂ ਵੱਧ ਲੋੜ ਹੈ ਕਿ ਕਲਾਤਮਕਤਾ ਪ੍ਰਤੀ ਇੱਕ ਨਵਾਂ ਨਜ਼ਰੀਆ ਅਪਣਾ ਕੇ ਬਿੰਬਾਂ, ਕਲਪਨਾ ਅਤੇ ਭਾਸ਼ਾਈ ਖ਼ੂਬਸੂਰਤੀ ਰਾਹੀਂ ਪਿਆਰ ਅਤੇ ਮਨੁੱਖੀ ਭਾਵਨਾਵਾਂ ਦੇ ਚਿਤਰਣ ਨੂੰ ਅਮੀਰ ਬਣਾਇਆ ਜਾਵੇ। ਜਦੋਂ ਇਹ ਸੰਤੁਲਨ ਬਹਾਲ ਹੋ ਜਾਵੇਗਾ ਤਾਂ ਭਾਰਤੀ ਫ਼ਿਲਮੀ ਗੀਤ ਲਗਾਤਾਰ ਜ਼ਮਾਨੇ ਮੁਤਾਬਿਕ ਬਦਲਦਿਆਂ ਹੋਇਆਂ ਵੀ ਆਪਣਾ ਸੁਹਜ ਤੇ ਖ਼ੂਬਸੂਰਤੀ ਕਾਇਮ ਰੱਖ ਸਕਣਗੇ। ਇਸ ਦੇ ਨਾਲ ਹੀ ਇਹ ਉਸ ਸਥਾਈ ਆਕਰਸ਼ਣ ਨੂੰ ਵੀ ਬਰਕਰਾਰ ਰੱਖ ਸਕਣਗੇ ਜਿਸ ਨੇ ਕਦੇ ਉਨ੍ਹਾਂ ਨੂੰ ਸਦਾਬਹਾਰ ਸੱਭਿਆਚਾਰਕ ਵਿਰਾਸਤ ਬਣਾਇਆ ਸੀ।
![]()
