ਕਮਲੇਸ਼ ਉੱਪਲ
ਵੀਹਵੀਂ ਸਦੀ ਦੇ ਸੰਗੀਤ ਦਾ ਹੁਸੀਨ ਬਾਗ਼ ਅਤੇ ਪੰਜਾਬ ਦੀ ਕੋਇਲ ਕਹਾਉਣ ਵਾਲੀ ਸੁਰਿੰਦਰ ਕੌਰ ਨੇ ਪੰਜਾਬੀ ਮਿੱਟੀ ਦੀ ਖੁਸ਼ਬੋ ਨੂੰ ਸੁਰਾਂ ’ਚ ਢਾਲ ਕੇ ਅਜਿਹਾ ਨਿਰੋਲ ਪੰਜਾਬੀ ਸੁਰ-ਸੰਸਾਰ ਸਿਰਜਿਆ ਜਿਸ ਦੀ ਪ੍ਰਤੀਧੁਨੀ ਆਉਣ ਵਾਲੀਆਂ ਸਦੀਆਂ ਤੱਕ ਫਿਜ਼ਾ ’ਚ ਗੂੰਜਦੀ ਰਹੇਗੀ। ਸੁਰਿੰਦਰ ਕੌਰ ਤੇ ਉਸ ਦੀ ਭੈਣ ਪ੍ਰਕਾਸ਼ ਕੌਰ ਦੀ ਗਾਇਕੀ ਦਾ ਯੁੱਗ ਹੁਣ ਦੇ ਤਕਨੀਕੀ ਤਾਮ-ਝਾਮ ਵਾਲੇ ਤਿੱਖੇ ਤੇ ਕੰਨਖਾਊ ਰੌਲੇ-ਰੱਪੇ ਵਾਲੇ ਯੁੱਗ ਤੋਂ ਵੱਖਰਾ ਸੀ।
ਸੁਰਿੰਦਰ ਕੌਰ ਦਾ ਜਨਮ 25 ਨਵੰਬਰ, 1929 ਨੂੰ ਲਾਹੌਰ ਵਿੱਚ ਹੋਇਆ ਸੀ। ਉਸ ਨੇ ਬਾਰਾਂ ਸਾਲ ਦੀ ਉਮਰ ਵਿੱਚ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਮਾਸਟਰ ਇਨਾਇਤ ਹੁਸੈਨ ਅਤੇ ਪੰਡਿਤ ਮਨੀ ਪ੍ਰਸ਼ਾਦ ਕੋਲੋਂ ਕਲਾਸੀਕਲ ਗਾਇਕੀ ਸਿੱਖੀ। ਉਨ੍ਹਾਂ ਸਮਿਆਂ ਵਿੱਚ ਆਲ ਇੰਡੀਆ ਰੇਡੀਓ ਜਲੰਧਰ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਏ ਗੀਤਾਂ ਦੀਆਂ ਰਸ-ਭਿੰਨੀਆਂ ਸੁਰਾਂ ਨੇ ਮੇਰੀ ਪੀੜ੍ਹੀ ਦੇ ਗ਼ਰੀਬੜੇ ਜਿਹੇ ਬਚਪਨ ਨੂੰ ਜੋ ਰੂਹ ਦੀ ਅਮੀਰੀ ਬਖਸ਼ੀ, ਉਹ ਹੁਣ ਵਾਲੀ ਪਨੀਰੀ ਨੂੰ ਕਿੱਥੇ ਨਸੀਬ ਹੋਣੀ ਹੈ!
ਸ਼ਾਮ ਨੂੰ ਰੋਜ਼ ਘਰ ਵਿੱਚ ਰੇਡੀਓ ਵੱਜਦਾ ਤਾਂ ਸਾਡਾ ਗਲੀ ਦੀ ਮਿੱਟੀ ’ਚ ਖੇਡਦਿਆਂ ਦਾ ਧਿਆਨ ਬਦੋਬਦੀ ਸੁਰਿੰਦਰ ਕੌਰ ਦੀ ਘਰ-ਘਰ ਵੱਜ ਰਹੇ ਰੇਡੀਓ ਰਾਹੀਂ ਸੁਣ ਰਹੀ ਮਿੱਠੀ-ਮਿੱਠੀ ਆਵਾਜ਼ ਵੱਲ ਚਲਾ ਜਾਂਦਾ। ਸੁਰਾਂ ਦੇ ਨਾਲ ਨਾਲ ਬੋਲ ਵੀ ਇੰਨੇ ਸਪੱਸ਼ਟ ਅਤੇ ਮਨਮੋਹਣੇ ਹੁੰਦੇ ਸਨ ਕਿ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗੀਤ ਬਿਨਾਂ ਯਤਨ ਕੀਤਿਆਂ ਆਪ ਹੀ ਯਾਦ ਹੋ ਜਾਂਦੇ ਸਨ। ‘ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੂੰਗਰੂਆਂ ਵਾਲੀ’, ‘ਮਾਵਾਂ ਤੇ ਧੀਆਂ ਰਲ ਬੈਠੀਆਂ’, ‘ਬਾਜਰੇ ਦਾ ਸਿੱਟਾ ਅਸਾਂ ਤਲੀ ’ਤੇ ਮਰੋੜਿਆ’, ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ’, ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਆਦਿ ਗੀਤਾਂ ਤੋਂ ਤਾਂ ਪੰਜਾਬੀਆਂ ਦੀਆਂ ਪਿਛਲੀਆਂ ਪੀੜ੍ਹੀਆਂ ’ਚੋਂ ਕੋਈ ਵੀ ਨਾਵਾਕਿਫ਼ ਨਹੀਂ।
ਸੁਰਿੰਦਰ ਕੌਰ ਦੇ ਵਿਦਿਆਨਾਥ ਸੇਠ ਨਾਲ ਗਾਏ ਉਹ ਤਿੰਨ ਗੀਤ ਖ਼ਾਸ ਤੌਰ ’ਤੇ ਯਾਦ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੇ ਬੋਲ, ਸੁਰ-ਬਣਤਰ ਅਤੇ ਸੰਗੀਤ ਬਣਾਉਣ ਵਾਲਿਆਂ ਨੂੰ ਜੀਨੀਅਸ ਕਹਿਣਾ ਚਾਹੀਦਾ ਹੈ। ਅਸੀਂ ਪੰਜਾਬੀ ਆਪਣੇ ਸੱਭਿਆਚਾਰ ਦੇ ਵਾਰਿਸਾਂ ਅਤੇ ਰਚੇਤਿਆਂ ਨੂੰ ਯਾਦ ਰੱਖਣ ਦੇ ਸ਼ੌਕੀਨ ਹੀ ਕਦੋਂ ਹਾਂ? ਸੁਰਿੰਦਰ ਕੌਰ ਤੇ ਸੇਠ ਵਿਦਿਆਨਾਥ ਦੇ ਜਿਨ੍ਹਾਂ ਗੀਤਾਂ ਦਾ ਜ਼ਿਕਰ ਮੈਂ ਕਰਨ ਜਾ ਰਹੀ ਹਾਂ ਉਨ੍ਹਾਂ ਦੇ ਰਿਕਾਰਡ ਜਾਪਦਾ ਹੈ, ਆਲ ਇੰਡੀਆ ਰੇਡੀਓ ਜਲੰਧਰ ਵਾਲਿਆਂ ਨੇ ਸਾਂਭ ਕੇ ਰੱਖੇ ਹੀ ਨਹੀਂ ਅਤੇ ਜੇ ਕਿਤੇ ਕਿਸੇ ਨਵੀਂ ਤਕਨਾਲੋਜੀ ਮੁਤਾਬਿਕ ਸਾਂਭੇ ਵੀ ਹੋਣ ਤਾਂ ਕਦੇ ਵਜਾਏ-ਸੁਣਾਏ ਹੀ ਨਹੀਂ ਹੋਣੇ। ਵਰਨਾ ਇਹ ਕਦੇ ਤਾਂ ਕੰਨਾਂ ’ਚ ਪੈ ਜਾਂਦੇ। ਸੱਤਰ-ਪਝੱਤਰ ਸਾਲ ਪਹਿਲਾਂ ਦੇ ਸੁਣੇ ਉਹ ਗੀਤ ਹਨ;
- ਬੇਲੀ ਬੇਲੀ ਕਰੇਂ ਬੇਲੀਆ ਕੋਈ ਨਾ ਤੇਰਾ ਬੇਲੀ…
- ਲਿਸ਼ਕ ਲੈ ਤੇ ਸੱਜ ਲੈ ਤੂੰ ਜਿੰਨਾ ਸੱਜਣਾ,
ਮਿੱਟੀ ਦਿਆ ਭਾਂਡਿਆਂ ਅਖੀਰ ਭੱਜਣਾ… - ਗਲ਼ ਆਪਣੇ ਤੂੰ ਮੁਫ਼ਤ ਦੀ ਬਿਪਤਾ ਏ ਪਾ ਲਈ,
ਲੱਭਾ ਈ ਦੁਨੀਆ ਵਾਲਿਆ ਦੁਨੀਆ ਬਣਾ ਕੇ ਕੀ…
ਸ਼ਾਇਦ ਅਜਿਹਾ ਦੋ-ਗਾਣਾ ਕੋਈ ਹੋਰ ਵੀ ਹੋਵੇ, ਪਰ ਮੇਰੇ ਜ਼ਿਹਨ ਵਿੱਚ ਇਹ ਤਿੰਨ ਗੀਤ ਅੱਜ ਵੀ ਗੂੰਜਦੇ ਰਹਿੰਦੇ ਹਨ। ਅਸੀਂ ਕਿੰਨੀ ਵਧੀਆ ਵਿਰਾਸਤ ਭੁਲਾਈ ਅਤੇ ਰੋਲੀ ਬੈਠੇ ਹਾਂ! ਕੁਝ ਗੀਤ ਸੁਰਿੰਦਰ ਕੌਰ ਨੇ ਭਾਰਤੀ ਫਿਲਮ ਉਦਯੋਗ ਲਈ ਵੀ ਗਾਏ ਜੋ ਲਗਭਗ ਸਾਰੇ ਹੀ ਹਿੱਟ ਸਾਬਤ ਹੋਏ। ਸੁਰਿੰਦਰ ਕੌਰ ਦੇ ਪਤੀ ਕਸਬ ਤੋਂ ਪ੍ਰੋਫ਼ੈਸਰ ਸਨ ਤੇ ਸੁਰਿੰਦਰ ਦੀ ਗਾਇਕੀ ਦੀ ਬਰਕਰਾਰੀ ਦਾ ਸਿਹਰਾ ਉਨ੍ਹਾਂ ਨੂੰ ਵੀ ਜਾਂਦਾ ਹੈ। ਸੁਰਿੰਦਰ ਕੌਰ ਨੇ 1948 ਤੋਂ 1952 ਤੱਕ ਦੇ ਸਮੇਂ ਵਿੱਚ ਫਿਲਮੀ ਪਲੇਅਬੈਕ ਗਾਇਕੀ ਕੀਤੀ। ਫਿਲਮ ‘ਸ਼ਹੀਦ’ ਦੇ ਗੀਤ ਤਾਂ ਭੁਲਾਏ ਹੀ ਨਹੀਂ ਜਾ ਸਕਦੇ। ਇਨ੍ਹਾਂ ਗੀਤਾਂ ਦੀ ਅਦਾਇਗੀ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਦੀ ਮਧੁਰਤਾ, ਬੁਲੰਦੀ, ਗੂੰਜ ਅਤੇ ਤਲੱਫ਼ਜ਼ ਦੀ ਸਪੱਸ਼ਟਤਾ ਕਮਾਲ ਦੀ ਹੈ। ‘ਸ਼ਹੀਦ’ ਤੋਂ ਇਲਾਵਾ ਸੁਰਿੰਦਰ ਕੌਰ ਨੇ ਹੋਰ ਵੀ ਕਈ ਫਿਲਮਾਂ ਜਿਵੇਂ ‘ਪਿਆਰ ਕੀ ਜੀਤ’, ‘ਨਦੀਆ ਕੇ ਪਾਰ’, ‘ਸਾਂਵਰੀਆ’ ਆਦਿ ਵਿੱਚ ਗੀਤ ਗਾਏ ਸਨ। ਜੇ ਸੁਰਿੰਕਰ ਕੌਰ ਫਿਲਮਾਂ ’ਚ ਗਾਉਂਦੀ ਰਹਿੰਦੀ ਤਾਂ ਹੋਰ ਨਾਮਣਾ ਖੱਟਦੀ। ਉਸ ਦੀ ਆਵਾਜ਼ ਵਿੱਚ ਫਿਲਮ ‘ਸ਼ਹੀਦ’ ਦੇ ਗੀਤ ਅਭਿਨੇਤਰੀ ਕਾਮਿਨੀ ਕੌਸ਼ਲ ਉਤੇ ਫਿਲਮਾਏ ਗਏ ਸਨ। ਸੁਰਿੰਦਰ ਕੌਰ ਦੇ ਗਾਏ ਫਿਲਮੀ ਗੀਤਾਂ ’ਚੋਂ ਕੁਝ ਹਨ; - ਉਜੜਾ ਉਮੀਦੋਂ ਕਾ ਚਮਨ ਹਾਏ ਹਮ ਕਹਾਂ ਔਰ ਤੁਮ ਕਹਾਂ
- ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫ਼ਸਾਨਾ
- ਆਨਾ ਹੈ ਤੋ ਆ ਜਾਓ ਗਰ ਅਬ ਭੀ ਨਾ ਆਓਗੇ
ਹਮ ਤੁਮ ਕੋ ਨਾ ਪਾਏਂਗੇ ਤੁਮ ਹਮ ਕੋ ਨਾ ਪਾਓਗੇ
ਫਿਲਮ ‘ਸ਼ਹੀਦ’ ਦੇ ਗੀਤਾਂ ਵਿੱਚ ਗਾਇਕਾ ਦੀ ਆਵਾਜ਼ ਦੀ ਜੋ ਗੋਲਾਈ ਝਲਕਦੀ ਹੈ, ਉਹ ਅਜੋਕੀ ਕਦੇ-ਘੱਗੀ-ਕਦੇ-ਤਿੱਖੀ ਫਿਲਮੀ ਗਾਇਕੀ ’ਚੋਂ ਨਹੀਂ ਲੱਭ ਸਕਦੀ। ਇਸ ਫਿਲਮ ਦਾ ਸੰਗੀਤ ਗ਼ੁਲਾਮ ਹੈਦਰ ਨੇ ਦਿੱਤਾ ਸੀ।
ਸੰਗੀਤਕਾਰ ਗਿਆਨ ਦੱਤ ਨੇ 1949 ਵਿੱਚ ਫਿਲਮ ‘ਸੁਨਹਿਰੇ ਦਿਨ’ ਦਾ ਸੰਗੀਤ ਦਿੱਤਾ ਸੀ, ਜਿਸ ਦੇ ਦੋ ਗੀਤ ‘ਦਿਲ ਦੋ ਨੈਨੋਂ ਮੇਂ ਖੋ ਗਯਾ ਭਲਾ ਹੁਆ ਯਾ ਬੁਰਾ ਹੁਆ’ ਅਤੇ ‘ਲੋ ਜੀ ਸੁਨ ਲੋ ਤੁਮ ਸੇ ਕਹਤੇ ਹੈਂ ਅਬ ਤੁਮ ਬਿਨ ਚੈਨ ਨਹੀਂ ਆਏ।’ ਸੁਰਿੰਦਰ ਕੌਰ ਦੇ ਕੁਝ ਦੋਗਾਣੇ ਮੁਕੇਸ਼ ਨਾਲ ਗਾਏ ਵੀ ਮਸ਼ਹੂਰ ਹੋਏ।
14 ਜੂਨ 2006 ਨੂੰ ਸੁਰਿੰਦਰ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਉਸ ਨੂੰ 1984 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਅਤੇ 2006 ਵਿੱਚ ਪਦਮ ਸ਼੍ਰੀ ਐਵਾਰਡ। ਸੁਰਿੰਦਰ ਕੌਰ ਵਾਲਾ ਯੁੱਗ ਤਾਂ ਮੁੜ ਕੇ ਨਹੀਂ ਆਉਣਾ, ਪਰ ਉਸ ਦੀ ਬੇਟੀ ਡੌਲੀ ਗੁਲੇਰੀਆ ਤੇ ਹੋਰ ਪਰਿਵਾਰਕ ਪੀੜ੍ਹੀ ਸੁਰਿੰਦਰ ਕੌਰ ਦੀ ਸੰਗੀਤਕ ਵਿਰਾਸਤ ਨੂੰ ਯਥਾਸੰਭਵ ਅੱਗੇ ਤੋਰ ਰਹੀ ਹੈ।
![]()
