ਅਲੋਪ ਕਿਉਂ ਹੋਈਆਂ ਸੱਭਿਆਚਾਰਕ ਸਾਂਝਾਂ

In ਮੁੱਖ ਲੇਖ
April 02, 2026

ਗੁਰਬਿੰਦਰ ਸਿੰਘ ਮਾਣਕ
ਕਿਸੇ ਖਿੱਤੇ ਦਾ ਸੱਭਿਆਚਾਰ ਉੱਥੇ ਵਸੇ ਲੋਕਾਂ ਦੀ ਜੀਵਨ-ਜਾਚ ਦਾ ਸ਼ੀਸ਼ਾ ਹੁੰਦਾ ਹੈ। ਲੋਕ ਸੱਭਿਆਚਾਰ ਨੂੰ ਦੀਰਘ ਦ੍ਰਿਸ਼ਟੀ ਨਾਲ ਵਾਚਿਆਂ ਹੀ ਕਿਸੇ ਖਿੱਤੇ ਦੀ ਸਮਾਜਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਖਾਣ-ਪੀਣ, ਰਸਮ-ਰਿਵਾਜ, ਕਿੱਤੇ ਅਤੇ ਜੀਵਨ ਦੇ ਹੋਰ ਅਨੇਕਾਂ ਸਰੋਕਾਰਾਂ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕਿਸੇ ਬੋਲੀ ਦੇ ਲੋਕ ਸਾਹਿਤ ਦੇ ਵਿਸ਼ਾਲ ਭੰਡਾਰ ’ਚੋਂ ਜ਼ਿੰਦਗੀ ਦੇ ਨਿਵੇਕਲੇ ਰੰਗਾਂ ਦੀ ਥਾਹ ਪਾਈ ਜਾ ਸਕਦੀ ਹੈ। ਲੋਕਾਂ ਦੀਆਂ ਆਸਾਂ, ਉਮੰਗਾਂ, ਰੀਝਾਂ, ਮਨਾਂ ਦੇ ਅਮੋੜ ਵਲਵਲੇ, ਖੁਸ਼ੀਆਂ, ਚਾਅ-ਮਲਾਰ, ਰੋਸੇ, ਗਿਲੇ-ਸ਼ਿਕਵੇ, ਰਿਸ਼ਤਿਆਂ ਦੇ ਭਰ ਵਗਦੇ ਦਰਿਆ ਦੀ ਮਹਿਕ, ਗੱਲ ਕੀ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ, ਜਿਹੜਾ ਸੱਭਿਆਚਾਰ ਦੇ ਸ਼ੀਸ਼ੇ ’ਚ ਨਾ ਦਿਸਦਾ ਹੋਵੇ। ਪੰਜਾਬੀ ਸੱਭਿਆਚਾਰ ਵੀ ਨਿਵੇਕਲੇ ਰੰਗਾਂ ਨਾਲ ਵਰੋਸਾਇਆ, ਪੰਜ ਪਾਣੀਆਂ ਦੀ ਧਰਤੀ ਦਾ ਮਾਣ ਹੈ। ਅਨੇਕਾਂ ਵਿਕੋਲਿਤਰੇ ਪਛਾਣ-ਚਿੰਨ੍ਹ ਪੰਜਾਬੀਆਂ ਦੇ ਮਾਣ ਨੂੰ ਚਾਰ-ਚੰਨ ਲਾਉਂਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸੱਭਿਆਚਾਰ ਪਰਿਵਰਤਨਸ਼ੀਲ ਵਰਤਾਰਾ ਹੈ। ਜਿਉਂ-ਜਿਉਂ ਸਿੱਖਿਆ, ਵਿਗਿਆਨ, ਆਵਾਜਾਈ ਦੇ ਤੇਜ਼-ਤਰਾਰ ਸਾਧਨ, ਤਕਨਾਲੋਜੀ, ਵਪਾਰ ਤੇ ਅਨੇਕਾਂ ਹੋਰ ਵਿਗਿਆਨਕ ਖੋਜਾਂ ਹੋਈਆਂ, ਤਿਉਂ-ਤਿਉਂ ਮਨੁੱਖੀ ਰਹਿਣੀ-ਬਹਿਣੀ ਵਿਚ ਵੀ ਅਨੇਕਾਂ ਤਬਦੀਲੀਆਂ ਆਈਆਂ ਤੇ ਲਗਾਤਾਰ ਆ ਰਹੀਆਂ ਹਨ।
ਇਸ ਕੁਦਰਤੀ ਵਰਤਾਰੇ ਨੂੰ ਰੋਕਣਾ ਸੰਭਵ ਨਹੀਂ ਤੇ ਇਸ ਨੇ ਸਮੇਂ ਨਾਲ ਬਦਲਣਾ ਹੀ ਹੁੰਦਾ ਹੈ। ਸਮਾਜ ਵਿੱਚ ਵਿਚਰਦੇ ਬਜ਼ੁਰਗ ਬਾਬੇ ਤੇ ਦਾਦੀਆਂ-ਪੜਦਾਦੀਆਂ ਦੀ ਹੈਸੀਅਤ ਗ੍ਰਹਿਣ ਕਰ ਚੁੱਕੇ ਲੋਕ, ਜਿਨ੍ਹਾਂ ਨੇ ਪੁਰਾਣੇ ਸਮਿਆਂ ਨੂੰ ਵੀ ਮਾਣਿਆ ਹੁੰਦਾ ਹੈ, ਅਕਸਰ ਆਪਣੀ ਗੱਲਬਾਤ ਵਿੱਚ ਪੁਰਾਣੇ ਸਮਿਆਂ ਦੀ ਸਾਦਗੀ, ਸੱਚੀ-ਸੁੱਚੀ ਕਿਰਤ ਕਰਨ ਵਾਲੇ ਮਿਹਨਤੀ ਜਿਊੜੇ, ਸਬਰ ਸ਼ੁਕਰ ਦਾ ਜੀਵਨ ਜਿਊਣ ਵਾਲੇ ਨਿਰਛਲ ਲੋਕ, ਅਪਣੱਤ ਭਰੀਆਂ ਮੁਹੱਬਤੀ ਸਾਂਝਾਂ, ਇਕ-ਦੂਜੇ ਦੇ ਕੰਮ ਆਉਣ ਦਾ ਨਿਰਸਵਾਰਥ ਜਜ਼ਬਾ ਤੇ ਮਾਨਵੀ ਕਦਰਾਂ ਦੇ ਅਨੇਕਾਂ ਰੰਗਾਂ ਦੀਆਂ ਬਾਤਾਂ ਪਾਉਾਂਦੇਨਹੀਂ ਥੱਕਦੇ ਤੇ ਅਜੋਕੇ ਸਮਿਆਂ ਦੀ ਰਹਿਣੀ-ਬਹਿਣੀ ਨੂੰ ਦੇਖਦੇ ਅਕਸਰ ਕਹਿ ਦਿੰਦੇ ਹਨ ਕਿ ਉਹ ਸਮੇਂ ਬਹੁਤ ਚੰਗੇ ਸਨ। ਆਪਸੀ ਪਿਆਰ, ਅਪਣੱਤ ਤੇ ਭਾਈਚਾਰਕ ਸਾਂਝਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਮੂਲ ਧੁਰੀ ਹੈ। ਸਾਡੇ ਰਿਸ਼ਤੇ-ਨਾਤੇ, ਸਾਕ-ਸਕੀਰੀਆਂ, ਜਨਮ-ਮੌਤ, ਮੰਗਣੇ-ਵਿਆਹ, ਖੇਤੀਬਾੜੀ ਨਾਲ ਜੁੜੇ ਕੰਮ-ਧੰਦੇ, ਮੇਲਿਆਂ ਦੀਆਂ ਰੌਣਕਾਂ, ਗੱਲ ਕੀ ਜ਼ਿੰਦਗੀ ਨਾਲ ਜੁੜੇ ਹਰ ਵਰਤਾਰੇ ’ਚੋਂ ਹੀ ਸਾਂਝਾਂ ਦੀ ਮਹਿਕ ਆਉਂਦੀ ਹੈ। ਕੱਚੇ ਘਰਾਂ ਵਿੱਚ ਵਸਦੇ ਸਾਦ-ਮੁਰਾਦੇ ਲੋਕ, ਸੱਚੀ-ਸੁੱਚੀ ਤੇ ਹੱਡ-ਭੰਨਵੀਂ ਕਿਰਤ ਕਰਦੇ ਤੇ ਰੁੱਖੀ-ਸੁੱਖੀ ਖਾ ਕੇ ਵੀ ਸਬਰ-ਸ਼ੁਕਰ ਮਨਾਉਾਂਦੇ,ਇਕ-ਦੂਜੇ ਦੇ ਕੰਮ ਆਉਣ ਦੀ ਤਾਂਘ ਰੱਖਦੇ, ਜੀਵਨ ਦੀ ਗੱਡੀ ਨੂੰ ਖੁਸ਼ੀਆਂ ਨਾਲ ਤੋਰੀ ਰੱਖਦੇ ਸਨ। ਸਮਾਜਿਕ ਭਾਈਚਾਰਾ ਬਹੁਤ ਪੀਢਾ ਸੀ। ਖੁਸ਼ੀ-ਗ਼ਮੀ ਸਮੇਂ ਕਿਸੇ ਦੇ ਨਾਲ ਖੜ੍ਹੇ ਹੋ ਕੇ, ਦਿਲੋਂ ਸਾਂਝ ਦਾ ਪ੍ਰਗਟਾਵਾ ਕਰਨਾ ਆਮ ਵਰਤਾਰਾ ਸੀ। ਗਲੀ-ਗੁਆਂਢ ਵਿੱਚ ਦੇ ਘਰਾਂ ਨਾਲ ਤਾਂ ਦਾਲ-ਸਬਜ਼ੀ ਵਟਾਉਣ ਦੀ ਸਾਂਝ ਸੁਹਿਰਦ ਭਾਵਨਾ ਦਾ ਪ੍ਰਗਟਾਵਾ ਸੀ।
ਖੇਤੀ ਮੁੱਖ ਕਿੱਤਾ ਹੋਣ ਕਾਰਨ ਬਹੁਤੇ ਲੋਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀ ਨਾਲ ਜੁੜੇ ਹੋਏ ਸਨ। ਬਹੁਤਾ ਕੰਮ ਹੱਥੀਂ ਹੀ ਕੀਤਾ ਜਾਂਦਾ ਸੀ। ਫ਼ਸਲ ਨੂੰ ਸਾਂਭਣ ਸਮੇਂ ਤਾਂ ਘਰ ਦੇ ਸਾਰੇ ਜੀਅ ਹੀ ਲੱਗ ਜਾਂਦੇ ਸਨ।
ਕੰਮਾਂਕਾਰਾਂ ਤੋਂ ਵਿਹਲੀਆਂ ਹੋ ਕੇ ਮੁਟਿਆਰਾਂ ਤ੍ਰਿੰਝਣਾਂ ਵਿੱਚ ਇਕੱਠੀਆਂ ਹੋ ਲੋਕ ਗੀਤਾਂ ਰਾਹੀਂ ਮਨਾਂ ਦੇ ਵਲਵਲੇ ਸਾਂਝੇ ਕਰਦੀਆਂ ਸਨ। ਕੋਈ ਤਾਈ, ਚਾਚੀ, ਭੂਆ, ਮਾਸੀ ਲੋਕ ਗੀਤ ਦਾ ਮੁੱਖੜਾ ਛੋਹ ਲੈਂਦੀ ਤਾਂ ਅੱਗੇ ਹੋਰ ਮੁਟਿਆਰਾਂ ਨੂੰ ਵੀ ਇਹ ਇਸ਼ਾਰਾ ਹੀ ਹੁੰਦਾ ਕਿ ਚਰਖੇ ਵੀ ਕੱਤੀ ਜਾਓ, ਆਪਣੇ ਦਾਜ ਲਈ ਚਾਦਰਾਂ, ਸਿਰ੍ਹਾਣੇ ਵੀ ਫੁੱਲਾਂ ਬੂਟਿਆਂ ਨਾਲ ਸ਼ਿੰਗਾਰੀ ਜਾਓ ਤੇ ਨਾਲੋ-ਨਾਲ ਗੀਤਾਂ ਦੀ ਸ਼ਹਿਬਰ ਵੀ ਲਾਈ ਰੱਖੋ। ਇੱਕ-ਦੂਜੀ ਦੀ ਸਾਂਝ ਤੇ ਅਪਣੱਤ ਨਾਲ ਮਨ ਵੀ ਹੌਲ਼ਾ ਹੋ ਜਾਂਦਾ ਤੇ ਕੰਮਕਾਰ ਵੀ ਹੋਈ ਜਾਂਦੇ। ਕਿਸੇ ਧੀ-ਧਿਆਣੀ ਦੇ ਵਿਆਹ ਸਮੇਂ ਤਾਂ ਪੂਰਾ ਪਿੰਡ ਹੀ ਇਹ ਸਮਝਦਾ ਸੀ ਕਿ ਸਾਡੀ ਧੀ ਰਾਣੀ ਦਾ ਕਾਰਜ ਹੈ ਤੇ ਹਰ ਕੋਈ ਵਧ-ਚੜ੍ਹ ਕੇ ਪੂਰੀ ਜ਼ਿੰਮੇਵਾਰੀ ਨਾਲ ਕੰਮਾਂਕਾਰਾਂ ’ਚ ਹੱਥ ਵਟਾਉਂਦਾ। ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਹੀ ਸ਼ਰੀਕਾ-ਭਾਈਚਾਰਾ ਤੇ ਹੋਰ ਆਲ਼ੇ-ਦੁਆਲ਼ੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਤਿਆਰੀਆਂ ਆਰੰਭ ਦਿੰਦੀਆਂ। ਦਾਲਾਂ ਚੁਗ ਕੇ ਸਾਫ਼ ਕਰਨੀਆਂ, ਕਣਕ ਛੱਟ ਕੇ ਆਟਾ ਤਿਆਰ ਕਰਾਉਣਾ ਤੇ ਛਾਣ ਕੇ ਵਰਤੋਂਯੋਗ ਬਣਾ ਕੇ ਰੱਖਣਾ, ਕੁੜੀ ਦੇ ਦਾਜ ਵਿੱਚ ਦੇਣ ਲਈ ਰਜਾਈਆਂ ਨਗੰਦਣੀਆਂ ਤੇ ਹੋਰ ਸਾਮਾਨ ਦੀ ਤਿਆਰੀ ਕਰਨ ਵਰਗੇ ਅਨੇਕਾਂ ਕੰੰਮ ਹੱਥੋ-ਹੱਥੀ ਸਵਾਰੇ ਜਾਂਦੇ। ਕਈ ਦਿਨ ਪਹਿਲਾਂ ਤੋਂ ਹੀ ਸੁਆਣੀਆਂ ਇਕੱਠੀਆਂ ਹੋ ਕੇ ਨਾਲੇ ਕੰਮ ਕਰੀ ਜਾਂਦੀਆਂ ਤੇ ਨਾਲ ਹੀ ਲੋਕ-ਗੀਤ, ਸੁਹਾਗ/ਘੋੜੀਆਂ ਵੀ ਗਾਈ ਜਾਂਦੀਆਂ। ਵਿਆਹ ਦੇ ਨੇੜੇ ਜਾ ਕੇ ਭਾਜੀ ਤਿਆਰ ਕਰਨ ਲਈ ਹਲਵਾਈ ਲਗਦਾ ਤਾਂ ਹੱਥੋ-ਹੱਥੀ ਲੱਡੂ ਵੱਟੇ ਜਾਂਦੇ। ਜੇ ਕੋਈ ਅਨਾੜੀ ਛੋਟੇ-ਵੱਡੇ ਕਰਦਾ ਤਾਂ ਕੋਈ ਸਿਆਣਾ ਉਸ ਨੂੰ ਝਿੜਕ ਕੇ ਸਹੀ ਢੰਗ ਦੱਸਦਾ। ਆਮ ਤੌਰ ’ਤੇ ਬਰਾਤਾਂ ਦੋ ਤੋਂ ਤਿੰਨ ਦਿਨਾਂ ਤੱਕ ਠਹਿਰਦੀਆਂ। ਉਨ੍ਹਾਂ ਦੇ ਠਹਿਰਨ ਤੇ ਆਉ-ਭਗਤ ਦੇ ਯੋਗ ਪ੍ਰਬੰਧ ਲਈ ਪਿੰਡ ਦੇ ਕੁਝ ਸਿਆਣੇ, ਨੌਜਵਾਨਾਂ ਨੂੰ ਨਾਲ ਲੈ ਕੇ ਮੰਜੇ-ਬਿਸਤਰੇ, ਦੁੱਧ, ਲੱਸੀ ਆਦਿ ਵਸਤਾਂ ਦਾ ਘਰ-ਘਰ ਜਾ ਕੇ ਪ੍ਰਬੰਧ ਕਰਦੇ। ਬਰਾਤ ਦਾ ਬਹੁਤ ਸਤਿਕਾਰ ਤੇ ਸੇਵਾ ਕਰਨੀ ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ। ਜਦੋਂ ਤੱਕ ਬਰਾਤੀ ਚਾਹ-ਪਾਣੀ ਨਾ ਪੀ ਲੈਂਦੇ, ਮੇਲ ’ਚੋਂ ਕਿਸੇ ਦੀ ਜ਼ੁਅੱਰਤ ਨਹੀਂ ਪੈਂਦੀ ਸੀ ਕਿ ਉਨ੍ਹਾਂ ਦੇ ਨਾਲ ਬੈਠ ਕੇ ਚਾਹ-ਪਾਣੀ ਪੀ ਲੈਣ। ਉਨ੍ਹਾਂ ਸਮਿਆਂ ਵਿੱਚ ਪਿੰਡ ਦੇ ਨੌਜਵਾਨ ਹੀ ਬਰਾਤ ਨੂੰ ਚਾਹ-ਪਾਣੀ ਤੇ ਰੋਟੀ ਵਰਤਾਉਂਦੇ। ਇਹ ਸੇਵਾ ਕਰਦੇ ਸਮੇਂ ਨੌਜਵਾਨਾਂ ਨੂੰ ਇਹ ਤਾਕੀਦ ਕੀਤੀ ਜਾਂਦੀ ਸੀ ਕਿ ਹਰ ਇਕ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਣਾ ਹੈ। ਸਿਆਣੇ ਕਿਹਾ ਕਰਦੇ ਸਨ ਕਿ ਇਨ੍ਹਾਂ ਬਰਾਤੀਆਂ ਨੇ ਪਿੰਡ ਵੱਲੋਂ ਕੀਤੀ ਚੰਗੀ ਆਉ-ਭਗਤ ਤੇ ਮਾਣ-ਸਤਿਕਾਰ ਦੀਆਂ ਗੱਲਾਂ ਕਈ ਪਿੰਡਾਂ ਵਿੱਚ ਜਾ ਕੇ ਕਰਨੀਆਂ ਹਨ। ਇਸ ਲਈ ਇਹ ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਕਿਸੇ ਦੀ ਮੌਤ ਹੋਣ ਦੀ ਸੂਰਤ ਵਿੱਚ ਤਾਂ ਪੂਰਾ ਪਿੰਡ ਹੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਆਉਣਾ ਆਪਣਾ ਫ਼ਰਜ਼ ਸਮਝਦਾ ਸੀ। ਕਈ-ਕਈ ਦਿਨ ਲੋਕ ਮਾਤਮ ਵਾਲੇ ਘਰ ਵਿੱਚ ਬੈਠ ਕੇ ਅਫ਼ਸੋਸ ਕਰਦੇ। ਸਿਆਣੇ-ਬਿਆਣੇ ਬੰਦੇ ਆਪਣੇ ਤਜਰਬੇ ਅਤੇ ਜੱਗ-ਜਹਾਨ ਦੀਆਂ ਹੋਰ ਗੱਲਾਂ ਕਰਕੇ ਪਰਿਵਾਰ ਨੂੰ ਢਾਰਸ ਬੰਨ੍ਹਾਉਂਦੇ। ਗੱਲਾਂਬਾਤਾਂ ਨਾਲ ਹੌਲ਼ੀ ਹੌਲ਼ੀ ਮਾਤਮ ਵਾਲੇ ਪਰਿਵਾਰ ਦੇ ਜੀਆਂ ਦੇ ਮਨਾਂ ਵਿਚ ਵੀ ਦਰਦ ਦੀ ਸ਼ਿੱਦਤ ਘਟ ਜਾਂਦੀ। ਮੌਤ ਤੋਂ ਬਾਅਦ ਸੱਥਰ ਵਿਛਾ ਕੇ ਕਈ-ਕਈ ਦਿਨ ਬੈਠਣ ਪਿੱਛੇ ਵੀ ਇਹੀ ਤਰਕ ਸੀ ਕਿ ਇੱਕ-ਦੂਜੇ ਨਾਲ ਗੱਲਬਾਤ ਕਰਦਿਆਂ ਮਨਾਂ ’ਚੋਂ ਪੀੜ ਘੱਟ ਹੋ ਜਾਵੇ। ਇਹੋ ਜਿਹੇ ਗ਼ਮੀ ਤੇੇ ਦੁੱਖ ਦੇ ਸਮੇਂ ਜੇ ਕਿਸੇ ਦੀ ਫ਼ਸਲ ਬੀਜਣ/ਸਾਂਭਣ ਜਾਂ ਹੋਰ ਕੋਈ ਕੰਮ ਹੋਣਾ ਤਾਂ ਲੋਕਾਂ ਨੇ ਉਹ ਵੀ ਕਰ ਦੇਣਾ।
ਸਮੇਂ ਨੇ ਬਦਲਣਾ ਹੀ ਹੁੰਦਾ ਹੈ ਤੇ ਇਸੇ ਅਨੁਸਾਰ ਮਨੁੱਖ ਦੀ ਜੀਵਨ-ਤੋਰ ਵਿੱਚ ਵੀ ਬਦਲਾਅ ਆਉਣਾ ਸੁਭਾਵਿਕ ਵਰਤਾਰਾ ਹੈ। ਸੱਭਿਆਚਾਰ ਵਿੱਚ ਵੀ ਨਿਰੰਤਰ ਤਬਦੀਲੀ ਆਉਂਦੀ ਰਹਿੰਦੀ ਹੈ। ਸਿੱਖਿਆ, ਵਿਗਿਆਨ, ਖੋਜਾਂ ਤੇ ਕੁਦਰਤ ਦੇ ਲੁਕਵੇਂ ਭੇਦ ਉਜਾਗਰ ਹੋਣ ਨਾਲ ਮਨੁੱਖੀ ਜੀਵਨ ਦੇ ਰੰਗ-ਢੰਗ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਤੇ ਇਹ ਅੱਗੇ ਵੀ ਆਉਂਦੇ ਰਹਿਣੇ ਹਨ। ਸਵਾਲ ਇਹ ਹੈ ਕਿ ਆਧੁਨਿਕ ਸਮਿਆਂ ਦੀ ਹਨੇਰੀ ਵਿੱਚ ਤੇ ਦੂਜੇ ਸੱਭਿਆਚਾਰਾਂ ਦੀ ਅੰਨ੍ਹੀ ਨਕਲ ਕਰਨ ਦੇ ਰੁਝਾਨ ਨੇ ਪੰਜਾਬੀ ਸੱਭਿਆਚਾਰ ਦੇ ਮੁੱਲਵਾਨ ਆਦਰਸ਼ਾਂ ਨੂੰ ਬਹੁਤ ਢਾਅ ਲਾਈ ਹੈ। ਸਮੇਂ ਅਨੁਸਾਰ ਖ਼ੁਦ ਨੂੰ ਬਦਲਣਾ ਵੀ ਜ਼ਰੂਰੀ ਹੈ ਪਰ ਇਹ ਬਦਲਾਅ ਅਜਿਹਾ ਨਾ ਹੋਵੇ ਕਿ ਸਾਡੇ ਮਨਾਂ ’ਚੋਂ ਉਹ ਸਭ ਕੁਝ ਵਿੱਸਰ ਜਾਵੇ, ਜੋ ਸਾਡੇ ਸੱਭਿਆਚਾਰ ਦੀ ਮੂਲ ਪਛਾਣ ਹੈ।

Loading