ਨਵਤੇਜ ਸਿੰਘ
ਅਮਰੀਕਾ ਤੇ ਇਜ਼ਰਾਇਲ ਵੱਲੋਂ ਸਾਂਝੇ ਰੂਪ ਵਿੱਚ ਇਰਾਨ ’ਤੇ ਕੀਤੇ ਹਮਲੇ ਨਾਲ ਖਾੜੀ ਦੇਸ਼ ਜੰਗ ਦੀ ਲਪੇਟ ’ਚ ਆ ਗਏ ਹਨ। ਇਹ ਜੰਗ ਇੱਕ ਤਰ੍ਹਾਂ ਨਾਲ ਇਰਾਨ ’ਤੇ ਜਬਰੀ ਥੋਪੀ ਗਈ ਹੈ। ਇਜ਼ਰਾਇਲ ਨੇ ਦੋਸ਼ ਲਗਾਇਆ ਹੈ ਕਿ ਇਰਾਨ ਦੀਆਂ ਪ੍ਰਮਾਣੂ ਬੰਬ ਤਿਆਰ ਕਰਨ ਸੰਬੰਧੀ ਸਰਗਰਮੀਆਂ ਕਾਰਨ ਉਸ ਦੀ ਸੁਰੱਖਿਆ ਨੂੰ ਖਤਰਾ ਹੋ ਗਿਆ ਹੈ। ਇਸੇ ਤਰ੍ਹਾਂ ਅਮਰੀਕਾ ਦਾ ਦੋਸ਼ ਹੈ ਕਿ ਇਰਾਨ ਹਿਜ਼ਬੁੱਲਾ ਤੇ ਹਮਾਸ ਵਰਗੇ ਅੱਤਵਾਦੀ ਸੰਗਠਨਾਂ ਦੀ ਮਦਦ ਕਰਦਾ ਹੈ ਤੇ ਉਨ੍ਹਾਂ ਨੂੰ ਪਨਾਹ ਦਿੰਦਾ ਹੈ। ਇਨ੍ਹਾਂ ਦੋਸ਼ਾਂ ਦੇ ਚਲਦਿਆਂ ਮੱਧ ਪੂਰਬੀ ਦੇਸ਼ਾਂ ’ਚ ਜੰਗ ਛਿੜ ਗਈ ਹੈ। ਇਸ ਜੰਗ ’ਚ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ, ਰੱਖਿਆ ਮੰਤਰੀ ਤੇ ਫ਼ੌਜ ਮੁਖੀ ਸਮੇਤ ਕਈ ਅਧਿਕਾਰੀ ਮਾਰੇ ਗਏ ਹਨ। ਇਰਾਨ ’ਚ ਹੁਣ ਤੱਕ ਮੌਤਾਂ ਦੀ ਗਿਣਤੀ 5000 ਤੋਂ ਪਾਰ ਹੋ ਚੁੱਕੀ ਹੈ, ਜਿਨ੍ਹਾਂ ’ਚ 205 ਬੱਚੇ, ਵਿਦਿਆਰਥਣਾਂ ਤੇ ਔਰਤਾਂ ਵੀ ਸ਼ਾਮਿਲ ਹਨ। ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਇਰਾਨ ਵੀ ਇਜ਼ਰਾਇਲ ਅਤੇ ਅਮਰੀਕਾ ਦੇ ਖਾੜੀ ਦੇਸ਼ਾਂ ’ਚ ਸਥਿਤ ਅਮਰੀਕੀ ਅੱਡਿਆਂ ’ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਕਰ ਰਿਹਾ ਹੈ। ਇਸ ਤੋਂ ਇਲਾਵਾ ਰੂਸ ਤੇ ਯੂਕ੍ਰੇਨ ਦਰਮਿਆਨ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ’ਚ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ। ਇਸੇ ਤਰ੍ਹਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਵੀ ਤਣਾਅ ਦਾ ਮਾਹੌਲ ਹੈ ਅਤੇ ਦੋਵੇਂ ਦੇਸ਼ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ। ਪਿਛਲੇ ਦਿਨੀਂ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਇੱਕ ਹਸਪਤਾਲ ‘ਤੇ ਹਮਲਾ ਕਰਕੇ 400 ਦੇ ਲਗਭਗ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਭਾਵੇਂ ਜੰਗ ਕਿਸੇ ਮਸਲੇ ਦਾ ਸਥਾਈ ਹੱਲ ਨਹੀਂ, ਪਰ ਵਿਸ਼ਵ ਦੇ ਵੱਡੀ ਗਿਣਤੀ ਵਿੱਚ ਦੇਸ਼ ਜੰਗ ਨੂੰ ਆਖਰੀ ਬਦਲ ਵਜੋਂ ਨਹੀਂ, ਸਗੋਂ ਪਹਿਲੀ ਤਰਜੀਹ ਵਜੋਂ ਚੁਣ ਰਹੇ ਹਨ। ਹੁਣ ਤੱਕ ਸੱਭਿਅਤਾ ਦਾ ਜਿੰਨਾ ਵਿਕਾਸ ਤੇ ਉੱਨਤੀ ਹੋਈ ਹੈ, ਉਹ ਸ਼ਾਂਤਮਈ ਤੇ ਭਾਈਚਾਰਕ ਸਾਂਝ ਵਾਲੇ ਮਾਹੌਲ ’ਚ ਹੀ ਹੋਈ ਹੈ। ਸਾਲਾਂਬੱਧੀ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਦੀ ਮਿਹਨਤ, ਖੋਜ ਤੇ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਤਰੱਕੀ ਤੇ ਖ਼ੁਸ਼ਹਾਲੀ ਸਿਰਜੀ ਜਾਂਦੀ ਹੈ, ਪਰ ਜੰਗ ਦਾ ਮਾਹੌਲ ਮਿੰਟਾਂ-ਸਕਿੰਟਾਂ ’ਚ ਇਸ ਖ਼ੁਸ਼ਹਾਲੀ ਨੂੰ ਉਜਾੜੇ ਤੇ ਤਬਾਹੀ ’ਚ ਬਦਲ ਦਿੰਦਾ ਹੈ। ਜੰਗਾਂ ਕਾਰਨ ਸਾਲਾਂਬੱਧੀ ਮਿਹਨਤ ਤੇ ਸਰਮਾਏ ਨਾਲ ਉਸਾਰੀਆਂ ਆਲੀਸ਼ਾਨ ਤੇ ਬਹੁਮੰਜ਼ਿਲਾ ਇਮਾਰਤਾਂ ਪਲਾਂ-ਛਿਣਾਂ ’ਚ ਰਾਖ਼ ਦਾ ਢੇਰ ਬਣ ਜਾਂਦੀਆਂ ਹਨ। ਬੰਬਾਂ, ਮਿਜ਼ਾਈਲਾਂ ਤੇ ਤੋਪਾਂ ਦੇ ਹਮਲਿਆਂ ਨਾਲ ਯੂਕ੍ਰੇਨ ਵਰਗਾ ਵਿਕਸਿਤ ਤੇ ਆਲੀਸ਼ਾਨ ਇਮਾਰਤਾਂ ਵਾਲਾ ਦੇਸ਼ ਖੰਡਰ ਬਣ ਚੁੱਕਾ ਹੈ। ਅਜਿਹੇ ਹੀ ਹਾਲਾਤ ਫਿਲਸਤੀਨ, ਲਿਬਨਾਨ, ਸੀਰੀਆ, ਇਰਾਕ ਤੇ ਅਫ਼ਗਾਨਿਸਤਾਨ ’ਚ ਦੇਖੇ ਜਾ ਸਕਦੇ ਹਨ। ਇਨ੍ਹਾਂ ਦੇਸ਼ਾਂ ’ਚ ਪਿਛਲੇ ਲੰਮੇ ਸਮੇਂ ਦੌਰਾਨ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ, ਬੱਚੇ ਅਨਾਥ ਹੋ ਗਏ ਤੇ ਰੋਟੀ ਇਨ੍ਹਾਂ ਲਈ ਚੁਣੌਤੀ ਬਣ ਗਈ ਹੈ। ਇਨ੍ਹਾਂ ਕੋਲ ਸਿਰ ਦੀ ਛੱਤ ਨਹੀਂ, ਖੁੱਲ੍ਹੇ ਅਸਮਾਨਾਂ ਹੇਠਾਂ ਰਾਤ-ਦਿਨ ਕੱਟਣੇ ਪੈ ਰਹੇ ਹਨ। ਫਿਲਸਤੀਨ, ਇਰਾਕ, ਸੀਰੀਆ, ਯੂਕ੍ਰੇਨ ਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ’ਚ ਜੰਗਾਂ ਕਾਰਨ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦਾ ਸ਼ਰ੍ਹੇਆਮ ਘਾਣ ਹੋਇਆ ਹੈ, ਪਰ ਦੁਨੀਆ ਨੇ ਹਾਲੇ ਵੀ ਇਸ ਵਿਆਪਕ ਤਬਾਹੀ ਤੋਂ ਕੋਈ ਸਬਕ ਨਹੀਂ ਸਿੱਖਿਆ।
ਅਸਲ ’ਚ ਦੁਨੀਆ ਦੇ ਸਾਧਨ ਸੰਪੰਨ ਦੇਸ਼ਾਂ ‘ਚ ਆਪਣੇ-ਆਪ ਨੂੰ ਤਾਕਤਵਰ ਸਾਬਤ ਕਰਨ ਦੀ ਦੌੜ ਲੱਗੀ ਹੋਈ ਹੈ। ਤਾਕਤ ਦਾ ਪੈਮਾਨਾ ਇਹ ਨਹੀਂ ਕਿ ਸਾਡੇ ਦੇਸ਼ ਦੇ ਨਾਗਰਿਕ ਪੜ੍ਹੇ-ਲਿਖੇ ਹੋਣ, ਰੁਜ਼ਗਾਰ ਦੇ ਵਾਧੂ ਸਰੋਤ ਹੋਣ, ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ, ਸਮਾਜਿਕ ਤੇ ਆਰਥਿਕ ਸਮਾਨਤਾ ਹੋਵੇ, ਸਗੋਂ ਅਜੋਕੇ ਸਮੇਂ ’ਚ ਤਾਕਤਵਰ ਉਹ ਦੇਸ਼ ਹੈ, ਜਿਸ ਕੋਲ ਵੱਧ ਤੋਂ ਵੱਧ ਪ੍ਰਮਾਣੂ ਹਥਿਆਰ ਹੋਣ ਜਾਂ ਜੰਗ ਦਾ ਵਧੇਰੇ ਅਤਿ-ਆਧੁਨਿਕ ਸਾਮਾਨ ਹੋਵੇ। ਅਮਰੀਕਾ, ਰੂਸ, ਚੀਨ ਤੇ ਉੱਤਰ ਕੋਰੀਆ ਵਰਗੇ ਦੇਸ਼ ਇੱਕ-ਦੂਜੇ ਨੂੰ ਪ੍ਰਮਾਣੂ ਬੰਬ ਚਲਾਉਣ ਦੀ ਧਮਕੀ ਦਿੰਦੇ ਰਹਿੰਦੇ ਹਨ। ਅਮਰੀਕਾ ਵਰਗੇ ਦੇਸ਼ ਛੋਟੇ ਦੇਸ਼ਾਂ ’ਤੇ ਆਪਣੀਆਂ ਇੱਛਾਵਾਂ ਥੋਪਦੇ ਹਨ, ਜਿਸ ਨੂੰ ਜਦ ਕੋਈ ਦੇਸ਼ ਮੰਨਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੇ ਖ਼ਿਲਾਫ਼ ਪ੍ਰਮਾਣੂ ਬੰਬਾਂ ਦੀਆਂ ਧਮਕੀਆਂ ਦਿੰਦਿਆਂ ਜੰਗ ਛੇੜ ਦਿੰਦੇ ਹਨ। ਛੋਟੇ ਦੇਸ਼ਾਂ ਖ਼ਿਲਾਫ਼ ਆਪਣੀਆਂ ਵਿਸਥਾਰਵਾਦੀ ਨੀਤੀਆਂ ਚਲਾ ਕੇ ਉਨ੍ਹਾਂ ਦੇ ਇਲਾਕਿਆਂ ਕੁਦਰਤੀ ਸਰੋਤਾਂ ਅਤੇ ਆਮਦਨ ਦੇ ਸਰੋਤਾਂ ’ਤੇ ਕਬਜ਼ੇ ਕਰ ਲੈਂਦੇ ਹਨ। ਉਨ੍ਹਾਂ ਦੇ ਦੇਸ਼ ਦੀ ਸੱਤਾ ’ਤੇ ਆਪਣੀ ਮਨਮਰਜ਼ੀ ਦਾ ਸ਼ਾਸਕ ਬਿਠਾ ਦਿੰਦੇ ਹਨ, ਜਿਹੜੇ ਇਨ੍ਹਾਂ ਦੇ ਸਵਾਰਥੀ ਹਿਤਾਂ ਦੀ ਪੂਰਤੀ ਕਰਦੇ ਹਨ। ਇਰਾਕ, ਅਫ਼ਗਾਨਿਸਤਾਨ, ਯੂਕ੍ਰੇਨ, ਸੀਰੀਆ ਤੇ ਹੁਣ ਇਰਾਨ ਵਰਗੇ ਦੇਸ਼ ਵੀ ਅਜਿਹੀਆਂ ਨੀਤੀਆਂ ਦਾ ਸ਼ਿਕਾਰ ਹੋਏ ਹਨ। ਜੰਗ ਭਾਵੇਂ ਦੋ ਦੇਸ਼ਾਂ ਵਿਚਕਾਰ ਦੀ ਹੋਵੇ, ਪਰ ਇਸ ਦੇ ਬੁਰੇ ਪ੍ਰਭਾਵ ਪੂਰੀ ਦੁਨੀਆ ’ਤੇ ਪੈਂਦੇ ਹਨ। ਇਸੇ ਤਰ੍ਹਾਂ ਇਜ਼ਰਾਇਲ ਤੇ ਇਰਾਨ ਦਰਮਿਆਨ ਜੰਗ ਦਾ ਪ੍ਰਭਾਵ ਵੀ ਪੂਰੀ ਦੁਨੀਆ ’ਤੇ ਦਿਖਾਈ ਦੇ ਰਿਹਾ ਹੈ। ਖਾੜੀ ਦੇਸ਼ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਹਨ। ਜੰਗ ਛਿੜਨ ਕਾਰਨ ਪੂਰੀ ਸਪਲਾਈ ਚੇਨ ਪ੍ਰਭਾਵਿਤ ਹੋ ਗਈ ਹੈ। ਭਾਰਤ ਸਮੇਤ ਕਈ ਦੇਸ਼ਾਂ ਨੂੰ ਪੈਟਰੋਲ, ਡੀਜ਼ਲ, ਗੈਸ, ਖਣਿਜ ਪਦਾਰਥ ਤੇ ਕਈ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਇਨ੍ਹਾਂ ਦੇਸ਼ਾਂ ਤੋਂ ਆਉਂਦੀਆਂ ਹਨ। ਜੰਗ ਦਰਮਿਆਨ ਇਰਾਨ ਨੇ ਹੋਰਮੁਜ਼ ਲਾਂਘਾ, ਜਿਥੋਂ ਵੱਖ-ਵੱਖ ਦੇਸ਼ਾਂ ਨੂੰ ਵਧੇਰੇ ਕਰਕੇ ਗੈਸ, ਤੇਲ ਅਤੇ ਹੋਰ ਚੀਜ਼ਾਂ ਦੀ ਸਪਲਾਈ ਹੁੰਦੀ ਹੈ, ਨੂੰ ਕਾਫੀ ਹੱਦ ਤੱਕ ਬੰਦ ਕਰ ਦਿੱਤਾ ਹੈ, ਜਿਸ ਨਾਲ ਹੋਰ ਦੇਸ਼ਾਂ ਸਮੇਤ ਭਾਰਤ ’ਚ ਵੀ ਪੈਟਰੋਲ, ਡੀਜ਼ਲ ਤੇ ਗੈਸ ਦੀ ਕਿੱਲਤ ਹੋ ਗਈ ਹੈ। ਰਸੋਈ ਗੈਸ ਦੀ ਘਾਟ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਹੈ। ਗੈਸ ਏਜੰਸੀਆਂ ਦੇ ਬਾਹਰ ਸਿਲੰਡਰ ਲੈਣ ਲਈ ਲੋਕਾਂ ਦੀਆਂ ਭੀੜਾਂ ਲੱਗ ਗਈਆਂ ਹਨ। ਬੇਸ਼ੱਕ ਸਰਕਾਰ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਚੌਕਸ ਹੈ, ਪਰ ਫਿਰ ਵੀ ਲੋਕਾਂ ਨੂੰ ਕਈ ਥਾਈਂ ਗੈਸ ਸਿਲੰਡਰ 1100 ਦੀ ਬਜਾਏ ਅੰਦਰਖਾਤੇ 2500 ਰੁਪਏ ਦਾ ਮਿਲ ਰਿਹਾ ਹੈ। ਅਮਰੀਕਾ ਦੀਆਂ ਸਵਾਰਥੀ ਤੇ ਵਿਸਥਾਰਵਾਦੀ ਨੀਤੀਆਂ ਕਾਰਨ ਪੂਰੀ ਦੁਨੀਆ ਮਹਿੰਗਾਈ ਦੀ ਮਾਰ ਹੇਠ ਹੈ। ਜੰਗ ਦੇ ਸਮੇਂ ਸੁਰੱਖਿਆ ਤੇ ਆਰਥਿਕ ਪੱਖੋਂ ਸਭ ਤੋਂ ਵੱਧ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਹਨ। ਯੁੱਧ ਪੀੜਤ ਦੇਸ਼ਾਂ ਦੇ ਹਾਲਾਤ ਦੇਖੇ ਜਾਣ ਤਾਂ ਇਥੇ ਵੀ ਆਮ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਸਾਧਨ ਸੰਪੰਨ ਲੋਕ ਔਖੇ ਸਮੇਂ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ’ਚ ਸੁਰੱਖਿਅਤ ਥਾਂ ਪਨਾਹ ਲੈ ਲੈਂਦੇ ਹਨ, ਪਰ ਆਮ ਲੋਕਾਂ, ਬੱਚੇ ਤੇ ਬਜ਼ੁਰਗਾਂ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਹੈ।
ਯੁੱਧ ਪੀੜਤ ਦੇਸ਼ਾਂ ’ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਬੱੱਚੇ, ਬਜ਼ੁਰਗ ਔਰਤਾਂ ਮੌਤ ਦੇ ਮੂੰਹ ’ਚ ਜਾ ਰਹੇ ਹਨ ਪਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਾ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਦੀ ਚੁੱਪ ਬਰਕਰਾਰ ਹੈ। ਜਿਸ ਦਾ ਗਠਨ ਹੀ 1945 ’ਚ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਹੋਇਆ ਸੀ। ਯੂ.ਐਨ.ਓ. ਦਾ ਅੰਗ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਉਦੇਸ਼ ਦੇਸ਼ਾਂ ’ਚ ਸ਼ਾਂਤੀ ਸਥਾਪਿਤ ਕਰਨਾ ਤੇ ਸੁਰੱਖਿਆ ਨਾਲ ਸੰਬੰਧਿਤ ਨਿਰਣੇ ਲੈਣਾ ਹੁੰਦਾ ਹੈ, ਪਰ ਅੱਜ ਛੋਟੇ ਦੇਸ਼ਾਂ ’ਤੇ ਧੱਕੇ ਨਾਲ ਜੰਗਾਂ ਥੋਪੀਆਂ ਜਾ ਰਹੀਆਂ ਹਨ। ਬੱਚੇ, ਬਜ਼ੁਰਗਾਂ, ਔਰਤਾਂ, ਹਸਪਤਾਲਾਂ, ਸਕੂਲਾਂ, ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਯੂ.ਐਨ.ਓ. ਸਮੇਤ ਦੁਨੀਆ ਦੇ ਬਹੁਗਿਣਤੀ ਦੇਸ਼ ਇਸ ਖਿਲਾਫ਼ ਇਕ ਵੀ ਸ਼ਬਦ ਨਹੀਂ ਬੋਲ ਰਹੇ। ਭਾਰਤ ਵਰਗੇ ਦੇਸ਼ ਦੀ ਵਿਦੇਸ਼ ਨੀਤੀ ਕਦੇ ਸਪੱਸ਼ਟ ਤੇ ਮਜ਼ਬੂਤ ਹੁੰਦੀ ਸੀ, ਪਰ ਅੱਜ ਸਾਡੀ ਸਰਕਾਰ ਨੂੰ ਵੀ ਇਸ ਜੰਗ ਖਿਲਾਫ਼ ਬੋਲਣ ਲਈ ਕੋਈ ਸ਼ਬਦ ਨਹੀਂ ਮਿਲ ਰਹੇ। ਸਾਡੀ ਸਰਕਾਰ ਨੂੰ ਵੀ ਕਿਸਾਨਾਂ ਤੇ ਕਾਰੋਬਾਰੀਆਂ ਦੇ ਹਿਤਾਂ ਖਿਲਾਫ਼ ਜਾ ਕੇ ਮੁਕਤ ਵਪਾਰ ਸਮਝੌਤਾ ਅਮਰੀਕਾ ਦੀ ਇੱਛਾ ਅਨੁਸਾਰ ਕਰਨਾ ਪਿਆ ਹੈ। ਇਹ ਸਮਝੌਤਾ ਅਮਰੀਕਾ ਦੇ ਸਵਾਰਥਾਂ ਦੀ ਪੂਰਤੀ ਤਾਂ ਕਰਦਾ ਹੈ, ਪਰ ਭਾਰਤੀ ਲੋਕਾਂ ਦੇ ਹਿਤਾਂ ਦੀ ਪੂਰਤੀ ਨਹੀਂ ਕਰਦਾ, ਜਿਸ ਕਰਕੇ ਇਸ ਦਾ ਵਿਰੋਧ ਦੋ ਰਿਹਾ ਹੈ। ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਸਸਤਾ ਤੇਲ ਖਰੀਦਣਾ ਜਬਰੀ ਘੱਟ ਕਰਵਾ ਕੇ ਆਪਣੇ ਕੋਲੋਂ ਤੇਲ ਖ਼ਰੀਦਣ ਲਈ ਮਜਬੂਰ ਕੀਤਾ ਹੈ। ਇਹੀ ਨੀਤੀਆਂ ਅਮਰੀਕਾ ਖਾੜੀ ਦੇਸ਼ਾਂ ’ਤੇ ਥੋਪ ਰਿਹਾ ਹੈ। ਦੁਨੀਆ ਦੇ ਜਿਸ ਵੀ ਖਿੱਤੇ ’ਚ ਜੰਗ ਹੁੰਦੀ ਹੈ, ਉਸ ਦਾ ਯੂ.ਐਨ.ਓ. ਸਮੇਤ ਸਾਰੇ ਦੇਸ਼ਾਂ ਨੂੰ ਇਕਮੱਤ ਹੋ ਕੇ ਸ਼ਾਂਤਮਈ ਤਰੀਕੇ ਨਾਲ ਹੱਲ ਲੱਭਣਾ ਚਾਹੀਦਾ ਹੈ, ਤਾਂ ਜੋ ਜੰਗਾਂ ਕਾਰਨ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦਾ ਹੋਰ ਘਾਣ ਨਾ ਹੋਵੇ।
![]()
