ਟਰੰਪ ਵੱਲੋਂ ਇਰਾਨ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਧਮਕੀ

In ਮੁੱਖ ਖ਼ਬਰਾਂ
April 04, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਅਜੇ ਇਰਾਨ ਵਿੱਚ ਜੋ ਬਚਿਆ ਹੈ ਉਸ ਨੂੰ ਨਸ਼ਟ ਕਰਨਾ ਸ਼ੁਰੂ ਵੀ ਨਹੀਂ ਕੀਤਾ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਇਰਾਨ ਦੇ ਬੁਨਿਆਦੀ ਢਾਂਚੇ ’ਤੇ ਹਮਲੇ ਹੋਰ ਤੇਜ਼ ਕਰਨਗੇ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਈ ਦੇਸ਼ ਹੋਰਮੁਜ਼ ਦੇ ਜਲ ਮਾਰਗ ਰਾਹੀਂ ਤੇਲ ਅਤੇ ਗੈਸ ਦੀ ਸਪਲਾਈ ਮੁੜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਧਰ ਮੱਧ ਪੂਰਬ ਵਿੱਚ ਜੰਗ ਦੇ ਖਤਮ ਹੋਣ ਦੇ ਬਹੁਤ ਘੱਟ ਸੰਕੇਤ ਦਿਖਾਈ ਦੇ ਰਹੇ ਹਨ। ਤਾਜ਼ਾ ਰਿਪੋਰਟਾਂ ਵਿੱਚ ਇਜ਼ਰਾਇਲ ਨੇ ਕਿਹਾ ਕਿ ਉਸ ਨੂੰ ਇਰਾਨ ਵੱਲੋਂ ਫਾਇਰਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਵੈਤ ਅਤੇ ਬਹਿਰੀਨ ਨੇ ਵੀ ਆਪਣੇ ਉੱਪਰ ਹਮਲੇ ਹੋਣ ਦੀ ਰਿਪੋਰਟ ਦਿੱਤੀ ਹੈ ਅਤੇ ਇਰਾਨ ਨੇ ਕਿਹਾ ਕਿ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਇੱਕ ਮੁੱਖ ਪੁਲ ਦੇ ਨੇੜੇ ਫਾਰਸੀ ਨਵੇਂ ਸਾਲ ਦੀ ਸਮਾਪਤੀ ਦਾ ਜਸ਼ਨ ਮਨਾ ਰਹੇ ਅੱਠ ਲੋਕ ਮਾਰੇ ਗਏ ਹਨ।
ਤਹਿਰਾਨ ਨੇ ਆਪਣੇ ਗੁਆਂਢੀਆਂ ’ਤੇ ਹਮਲਾ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਭਾਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਉਸ ਦੇਸ਼ ਤੋਂ ਖ਼ਤਰਾ ਲਗਪਗ ਖ਼ਤਮ ਹੋ ਗਿਆ ਹੈ। ਟਰੰਪ ਨੇ ਪਿਛਲੇ ਦਿਨੀਂ ਪੁਲ ਦੇ ਡਿੱਗਣ ’ਤੇ ਖੁਸ਼ੀ ਜ਼ਾਹਰ ਕੀਤੀ, ਜੋ ਕਥਿਤ ਤੌਰ ’ਤੇ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਸੀ। ਦੂਜੇ ਪਾਸੇ ਇਰਾਨ ਨੇ ਪੁਲ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ‘ਨੇਚਰ ਡੇਅ’ ਮਨਾ ਰਹੇ 95 ਲੋਕ ਜ਼ਖਮੀ ਵੀ ਹੋਏ ਹਨ।
ਹੋਰਮੁਜ਼ ਜਲਮਾਰਗ ਦੀ ਘੇਰਾਬੰਦੀ ਕਾਰਨ ਵਿਸ਼ਵ ਊਰਜਾ ਸਪਲਾਈ ਪ੍ਰਭਾਵਿਤ ਖਾੜੀ ਦੇਸ਼ਾਂ ’ਤੇ ਇਰਾਨ ਦੇ ਹਮਲਿਆਂ ਅਤੇ ਹੋਰਮੁਜ਼ ਜਲਮਾਰਗ ’ਤੇ ਉਸ ਦੇ ਕਬਜ਼ੇ ਨੇ ਵਿਸ਼ਵ ਦੀ ਊਰਜਾ ਸਪਲਾਈ ਨੂੰ ਵਿਗਾੜ ਦਿੱਤਾ ਹੈ, ਜਿਸ ਦੇ ਪ੍ਰਭਾਵ ਮੱਧ ਪੂਰਬ ਤੋਂ ਬਹੁਤ ਦੂਰ ਤੱਕ ਮਹਿਸੂਸ ਕੀਤੇ ਜਾ ਰਹੇ ਹਨ। ਇਹ ਜੰਗ ਵਿੱਚ ਇਰਾਨ ਦਾ ਸਭ ਤੋਂ ਵੱਡਾ ਰਣਨੀਤਕ ਲਾਭ ਸਾਬਤ ਹੋਇਆ ਹੈ। ਬ੍ਰਿਟੇਨ ਨੇ ਲਗਪਗ ਤਿੰਨ ਦਰਜਨ ਦੇਸ਼ਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਕਿ ਲੜਾਈ ਖਤਮ ਹੋਣ ਤੋਂ ਬਾਅਦ ਇਸ ਜਲਮਾਰਗ ਨੂੰ ਦੁਬਾਰਾ ਕਿਵੇਂ ਖੋਲ੍ਹਿਆ ਜਾਵੇ।

Loading