ਟਰੰਪ ਦੀ ਜੰਗਬੰਦੀ: ਰਾਹਤ ਜਾਂ ਰਣਨੀਤਕ ਹਾਰ?

In ਮੁੱਖ ਖ਼ਬਰਾਂ
April 08, 2026

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨਾਲ ਕੀਤੇ ਗਏ ਅਚਾਨਕ ਦੋ ਹਫ਼ਤਿਆਂ ਦੇ ਜੰਗਬੰਦੀ ਦੇ ਐਲਾਨ ਨੇ ਅਮਰੀਕੀ ਰਾਜਨੀਤੀ ਅਤੇ ਵਿਸ਼ਵ ਭਰ ਦੇ ਬਾਜ਼ਾਰਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਜਿੱਥੇ ਇੱਕ ਪਾਸੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਸ਼ੇਅਰ ਬਾਜ਼ਾਰ ਵਿੱਚ ਉਛਾਲ ਦੇਖਿਆ ਗਿਆ ਹੈ, ਉੱਥੇ ਹੀ ਵਾਸ਼ਿੰਗਟਨ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਇਸ ਫੈਸਲੇ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ। ਰਿਪਬਲਿਕਨ ਪਾਰਟੀ ਦੇ ਕੱਟੜਪੰਥੀ ਆਗੂ ਇਸ ਸਮਝੌਤੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਨ, ਜਦਕਿ ਡੈਮੋਕ੍ਰੇਟਿਕ ਪਾਰਟੀ ਨੇ ਇਸ ਜੰਗ ਨੂੰ ਸੰਵਿਧਾਨਕ ਉਲੰਘਣਾ ਦੱਸਦਿਆਂ ਰਾਸ਼ਟਰਪਤੀ ਟਰੰਪ ਵਿਰੁੱਧ ਕਾਰਵਾਈ ਦੀ ਮੰਗ ਤੇਜ਼ ਕਰ ਦਿੱਤੀ ਹੈ। ਇਸ ਸਮਝੌਤੇ ਵਿੱਚ ਸਭ ਤੋਂ ਹੈਰਾਨੀਜਨਕ ਪਹਿਲੂ ਪਾਕਿਸਤਾਨ ਦੀ ਭੂਮਿਕਾ ਰਿਹਾ। ਰਾਸ਼ਟਰਪਤੀ ਟਰੰਪ ਨੇ ਖ਼ੁਦ ਸ਼ਾਹਬਾਜ਼ ਸ਼ਰੀਫ਼ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਧੰਨਵਾਦ ਕਰਕੇ ਇਹ ਸਪੱਸ਼ਟ ਕਰ ਦਿੱਤਾ ਕਿ ਇਸਲਾਮਾਬਾਦ ਨੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਇੱਕ ਮਹੱਤਵਪੂਰਨ ਪੁਲ ਦਾ ਕੰਮ ਕੀਤਾ ਹੈ।
ਹਾਲਾਂਕਿ ਪਾਕਿਸਤਾਨ ਮੂਹਰੇ ਰਿਹਾ, ਪਰ ਪਰਦੇ ਦੇ ਪਿੱਛੇ ਚੀਨ ਨੇ ਅਹਿਮ ਦਬਾਅ ਬਣਾਇਆ ਸੀ। ਚੀਨ ਲਈ ਇਰਾਨ ਦਾ ਊਰਜਾ ਬੁਨਿਆਦੀ ਢਾਂਚਾ ਬਹੁਤ ਮਹੱਤਵਪੂਰਨ ਹੈ। ਅਮਰੀਕੀ ਹਮਲਿਆਂ ਨਾਲ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਸੀ, ਇਸ ਲਈ ਬੀਜਿੰਗ ਨੇ ਇਰਾਨ ਨੂੰ ‘ਲਚਕੀਲਾਪਨ’ ਦਿਖਾਉਣ ਦੀ ਸਲਾਹ ਦਿੱਤੀ ਸੀ ਤਾਂ ਜੋ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਜੰਗਬੰਦੀ ਤੋਂ ਇੱਕ ਦਿਨ ਪਹਿਲਾਂ ਸੰਪਾਦਕੀ ਵਿੱਚ ਲਿਖਿਆ ਸੀ ਕਿ ਜੇਕਰ ਅਮਰੀਕਾ ਅਤੇ ਇਜ਼ਰਾਇਲ ਫ਼ੌਜੀ ਸਾਧਨਾਂ ਦੀ ਵਰਤੋਂ ਕਰਕੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਹ ‘ਤੇਲ ਜੀਵਨ ਰੇਖਾ’ ਇੱਕ ‘ਯੁੱਧ ਦੇ ਮੈਦਾਨ’ ਵਿੱਚ ਬਦਲ ਜਾਵੇਗੀ, ਜਿਸ ਨਾਲ ਪੂਰੀ ਦੁਨੀਆ ਨੂੰ ਨੁਕਸਾਨ ਹੋਵੇਗਾ। ਚੀਨ ਨੇ ਚਿਤਾਵਨੀ ਦਿੱਤੀ ਸੀ ਕਿ ਫ਼ੌਜੀ ਦਖਲਅੰਦਾਜ਼ੀ ਖੇਤਰ ਨੂੰ ‘ਅਸਲ ਯੁੱਧ ਖੇਤਰ’ ਵਿੱਚ ਬਦਲ ਦੇਵੇਗੀ, ਵਿਸ਼ਵ ਆਰਥਿਕ ਸਥਿਰਤਾ ਨੂੰ ਤਬਾਹ ਕਰ ਦੇਵੇਗੀ ਅਤੇ ਖੇਤਰੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਏਗੀ। ਚੀਨ ਦਾ ਕਹਿਣਾ ਸੀ ਕਿ ਸ਼ਾਂਤੀ ਤੋਂ ਬਿਨਾਂ, ਕੋਈ ਵੀ ਸਮੁੰਦਰੀ ਰਸਤਾ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦਾ।
ਰੂਸੀ ਸਰਕਾਰੀ ਮੀਡੀਆ ਆਰਟੀ ਇੰਟਰਨੈਸ਼ਨਲ ਦਾ ਮੰਨਣਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਵਿਰੁੱਧ ਐਲਾਨੀ ਗਈ ‘ਦੋ ਹਫ਼ਤਿਆਂ ਦੀ ਜੰਗਬੰਦੀ’ ਕੋਈ ਮਹਿਜ਼ ਕੂਟਨੀਤਕ ਚਾਲ ਨਹੀਂ, ਸਗੋਂ ਈਸਫਾਹਨ ਦੇ ਪਹਾੜਾਂ ਵਿੱਚ ਅਮਰੀਕੀ ਫ਼ੌਜੀ ਸ਼ਕਤੀ ਨੂੰ ਲੱਗੇ ਉਸ ਜ਼ਬਰਦਸਤ ਝਟਕੇ ਦਾ ਨਤੀਜਾ ਹੈ, ਜਿਸ ਨੇ ਵਾਸ਼ਿੰਗਟਨ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਸੀ। ਆਰ.ਟੀ. ਇੰਟਰਨੈਸ਼ਨਲ ਲਿਖਦਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ 3 ਅਪ੍ਰੈਲ ਨੂੰ ਹੋਈ ਸੀ ਜਦੋਂ ਇਰਾਨੀ ਮਿਜ਼ਾਈਲ ਪ੍ਰਣਾਲੀ ਨੇ ਅਮਰੀਕਾ ਦੇ ਅਤਿ-ਆਧੁਨਿਕ ਐਫ-15ਈ ਸਟ੍ਰਾਈਕ ਈਗਲ ਨੂੰ ਡੇਗ ਦਿੱਤਾ। ਹਾਲਾਂਕਿ ਅਮਰੀਕਾ ਨੇ ਇੱਕ ਗੁੰਝਲਦਾਰ ‘ਸਪੈਸ਼ਲ ਫੋਰਸਿਜ਼’ ਅਪਰੇਸ਼ਨ ਰਾਹੀਂ ਆਪਣੇ ਲਾਪਤਾ ਹਥਿਆਰ ਅਧਿਕਾਰੀ ਨੂੰ ਬਚਾਉਣ ਦਾ ਦਾਅਵਾ ਕੀਤਾ ਸੀ, ਪਰ ਇਸ ਦੀ ਕੀਮਤ ਨੇ ਅਮਰੀਕੀ ਹਵਾਈ ਫ਼ੌਜ ਦੇ ਮਾਣ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਦੋ ਐਮ ਸੀ-130ਜੇ ਟ੍ਰਾਂਸਪੋਰਟ ਜਹਾਜ਼ ਅਤੇ ਚਾਰ ਲਿਟਰ ਬਰਲਡ ਹੈਲੀਕਾਪਟਰਾਂ ਦਾ ਚਿੱਕੜ ਵਿੱਚ ਫਸਣਾ ਅਤੇ ਫਿਰ ਅਮਰੀਕਾ ਵੱਲੋਂ ਉਨ੍ਹਾਂ ਨੂੰ ਖੁਦ ਨਸ਼ਟ ਕਰਨਾ, ਸੋਮਾਲੀਆ ਦੇ ‘ਬਲੈਕ ਹਾਕ ਡਾਊਨ’ (1993) ਦੀ ਯਾਦ ਦਿਵਾਉਂਦਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਇਰਾਨ ਵਰਗੇ ਦੇਸ਼ ਵਿੱਚ ਜ਼ਮੀਨੀ ਜਾਂ ਵਿਸ਼ੇਸ਼ ਅਪਰੇਸ਼ਨ ਕਰਨਾ ਹੁਣ ਅਮਰੀਕਾ ਲਈ ਬੱਚਿਆਂ ਦੀ ਖੇਡ ਨਹੀਂ ਰਿਹਾ।
ਆਰ.ਟੀ. ਇੰਟਰਨੈਸ਼ਨਲ ਨੇ ਇਹ ਵੀ ਲਿਖਿਆ ਹੈ ਕਿ ਇਸ ਜੰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਹੁਣ ਇੱਕ-ਧਰੁਵੀ ਨਹੀਂ ਰਹੀ।
ਕੌਣ ਜਿੱਤਿਆ ਅਤੇ ਕੌਣ ਹਾਰਿਆ?
ਇਹ ਜੰਗ ਅਜਿਹੀ ਹੈ ਜਿੱਥੇ ਦੋਵੇਂ ਧਿਰਾਂ ਜਿੱਤ ਦਾ ਜਸ਼ਨ ਮਨਾ ਰਹੀਆਂ ਹਨ, ਪਰ ਹਕੀਕਤ ਕੁਝ ਹੋਰ ਹੈ।
ਮੋਜਤਬਾ ਖ਼ਾਮੇਨੇਈ ਅਤੇ ਇਰਾਨੀ ਮੀਡੀਆ ਇਸ ਨੂੰ ‘ਇਤਿਹਾਸਕ ਜਿੱਤ’ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਨੇ ਅਮਰੀਕਾ ਨੂੰ 10-ਨੁਕਾਤੀ ਸ਼ਰਤਾਂ (ਪਾਬੰਦੀਆਂ ਹਟਾਉਣਾ, ਯੂਰੇਨੀਅਮ ਅਧਿਕਾਰ ਦੀ ਪ੍ਰਵਾਨਗੀ) ’ਤੇ ਗੱਲ ਕਰਨ ਲਈ ਮਜ਼ਬੂਰ ਕੀਤਾ।


ਜੰਗਬੰਦੀ ਦੇ ਅਹਿਮ ਨੁਕਤੇ
ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਨੇ ਜਿਸ ‘10-ਨੁਕਾਤੀ ਪਲਾਨ’ ਨੂੰ ਗੱਲਬਾਤ ਦਾ ਆਧਾਰ ਬਣਾਇਆ ਹੈ, ਉਹ ਅਸਲ ਵਿੱਚ ਅਮਰੀਕਾ ਲਈ ਇੱਕ ‘ਸਮਰਪਣ ਪੱਤਰ’ ਵਾਂਗ ਹੈ। ਇਸ ਦੇ ਪ੍ਰਮੁੱਖ ਨੁਕਤੇ ਹੇਠ ਲਿਖੇ ਹਨ:
ਗ਼ੈਰ-ਹਮਲਾਵਰ ਵਚਨਬੱਧਤਾ: ਅਮਰੀਕਾ ਲਿਖਤੀ ਰੂਪ ਵਿੱਚ ਦੇਵੇ ਕਿ ਉਹ ਇਰਾਨ ’ਤੇ ਹਮਲਾ ਨਹੀਂ ਕਰੇਗਾ।
ਸਟ੍ਰੇਟ ਆਫ ਹਰਮੁਜ਼: ਇਸ ਅਹਿਮ ਸਮੁੰਦਰੀ ਰਸਤੇ ’ਤੇ ਇਰਾਨ ਦਾ ਮੁਕੰਮਲ ਕੰਟਰੋਲ ਹੋਵੇਗਾ।
ਪ੍ਰਮਾਣੂ ਅਧਿਕਾਰ: ਯੂਰੇਨੀਅਮ ਸੰਵਰਧਨ ਦੇ ਇਰਾਨੀ ਅਧਿਕਾਰ ਨੂੰ ਅੰਤਰਰਾਸ਼ਟਰੀ ਮਾਨਤਾ।
ਪਾਬੰਦੀਆਂ ਦਾ ਖਾਤਮਾ: ਸਾਰੀਆਂ ਆਰਥਿਕ ਅਤੇ ਰਾਜਨੀਤਿਕ ਪਾਬੰਦੀਆਂ ਨੂੰ ਤੁਰੰਤ ਹਟਾਉਣਾ।
ਅੰਤਰਰਾਸ਼ਟਰੀ ਮਤੇ: ਇਰਾਨ ਵਿਰੋਧੀ ਸਾਰੇ ਮਤਿਆਂ ਨੂੰ ਰੱਦ ਕਰਨਾ।
ਜੰਗ ਦਾ ਹਰਜਾਨਾ: ਅਮਰੀਕੀ ਹਮਲਿਆਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਭਾਰੀ ਜੁਰਮਾਨਾ।
ਫ਼ੌਜੀ ਵਾਪਸੀ: ਮੱਧ-ਪੂਰਬ ਖੇਤਰ ਵਿੱਚੋਂ ਸਾਰੀਆਂ ਅਮਰੀਕੀ ਲੜਾਕੂ ਫੌਜਾਂ ਦਾ ਬਾਹਰ ਨਿਕਲਣਾ।
ਲਿਬਨਾਨ ਮੋਰਚਾ: ਹਿਜ਼ਬੁੱਲਾ ਅਤੇ ਹੋਰ ਇਸਲਾਮਿਕ ਪ੍ਰਤੀਰੋਧਾਂ ਵਿਰੁੱਧ ਜੰਗ ਦਾ ਖਾਤਮਾ।
ਖੇਤਰੀ ਸੁਰੱਖਿਆ: ਅਮਰੀਕੀ ਦਖਲ ਤੋਂ ਮੁਕਤ ਨਵਾਂ ਖੇਤਰੀ ਸੁਰੱਖਿਆ ਢਾਂਚਾ।
ਵਿਗਿਆਨਕ ਖੁਦਮੁਖਤਿਆਰੀ: ਇਰਾਨ ਦੇ ਤਕਨੀਕੀ ਵਿਕਾਸ ’ਤੇ ਬਾਹਰੀ ਨਿਗਰਾਨੀ ਦੀ ਸਮਾਪਤੀ।

Loading