ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ…….

In ਮੁੱਖ ਲੇਖ
April 09, 2026

ਕਮਲਜੀਤ ਕੌਰ ਗੁੰਮਟੀ

ਪੰਜਾਬੀ ਸੱਭਿਆਚਾਰ ਵਿੱਚ ਵਿਆਹ ਸਿਰਫ਼ ਇੱਕ ਰਸਮ ਨਹੀਂ, ਸਗੋਂ ਖੁਸ਼ੀਆਂ, ਪਿਆਰ ਅਤੇ ਪਰਿਵਾਰਕ ਰਿਸ਼ਤਿਆਂ ਦਾ ਬੜਾ ਵੱਡਾ ਵਸੀਲਾ ਹੈ। ਪੁਰਾਣੇ ਸਮੇਂ ਵਿੱਚ ਜਦੋਂ ਕਿਸੇ ਘਰ ਵਿੱਚ ਵਿਆਹ ਦੀ ਗੱਲ ਚੱਲਦੀ ਤਾਂ ਉਸ ਘਰ ਵਿੱਚ ਹੀ ਨਹੀਂ, ਸਗੋਂ ਸਾਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦਾ ਸੀ। ਲੋਕ ਇੱਕ-ਦੂਜੇ ਦੇ ਘਰ ਆਉਾਂਦੇ-ਜਾਂਦੇਅਤੇ ਵਿਆਹ ਦੀਆਂ ਤਿਆਰੀਆਂ ਵਿੱਚ ਹਿੱਸਾ ਲੈਂਦੇ ਸਨ। ਉਸ ਸਮੇਂ ਵਿਆਹਾਂ ਵਿੱਚ ਸਾਦਗੀ ਹੁੰਦੀ ਸੀ, ਪਰ ਦਿਲਾਂ ਵਿੱਚ ਬੇਹੱਦ ਚਾਅ ਹੁੰਦਾ ਸੀ। ਜਦੋਂ ਕਿਸੇ ਘਰ ਦੀ ਧੀ ਜਾਂ ਪੁੱਤ ਜਵਾਨ ਹੋ ਜਾਂਦਾ ਤਾਂ ਮਾਪੇ ਉਸ ਦੇ ਵਿਆਹ ਬਾਰੇ ਸੋਚਣ ਲੱਗ ਪੈਂਦੇ। ਧੀ ਲਈ ਪਿਤਾ, ਮਾਂ, ਭਰਾ, ਮਾਮਾ, ਚਾਚਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਚੰਗੇ ਘਰ ਦਾ ਵਰ ਲੱਭਦੇ ਸਨ। ਧੀ ਵੀ ਆਪਣੇ ਮਨ ਵਿੱਚ ਇੱਕ ਚੰਗੇ ਜੀਵਨ ਸਾਥੀ ਦੀ ਆਸ ਰੱਖਦੀ। ਲੋਕ ਗੀਤਾਂ ਜ਼ਰੀਏ ਆਪਣੇ ਮਾਪਿਆਂ ਨੂੰ ਆਪਣਾ ਵਰ ਲੱਭਣ ਲਈ ਕਹਿੰਦੀ ਹੋਈ ਉਹ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ;

ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ
ਕਰਾਂ ਅਰਦਾਸ, ਬਾਬਲ ਵਰ ਲੋੜੀਏ।
ਜਾਈਏ ਕਿਹੋ ਜਿਹਾ ਵਰ ਲੋੜੀਏ ?
ਬਾਬਲ ਜਿਉਂ ਤਾਰਿਆਂ ਵਿੱਚੋਂ ਚੰਨ
ਚੰਨਾਂ ਵਿੱਚੋਂ ਕਾਹਨ
ਘਨੱਈਆ ਵਰ ਲੋੜੀਏ।
ਲੋਕ ਗੀਤਾਂ ਜ਼ਰੀਏ ਹੀ ਧੀ ਆਪਣੇ ਬਾਬਲ ਨੂੰ ਆਪਣੇ ਮੁਟਿਆਰ ਹੋਣ ਦੀ ਖ਼ਬਰ ਦਿੰਦੀ ਸੀ;
ਚੜ੍ਹ ਚੁਬਾਰੇ ਸੁੱਤਿਆ ਬਾਬਲ
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ
ਘਰ ਬੇਟੜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ
ਨ੍ਹਾਵਣ ਚੱਲੀ ਆਂ ਤਲਾਅ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ
ਰੂਪ ਨਾ ਝੜਿਆ ਜਾ।

ਪੁਰਾਤਨ ਸਮੇਂ ਵਿੱਚ ਧੀ ਆਪਣੀ ਮਾਂ ਨੂੰ ਵੀ ਕਹਿੰਦੀ, ਮੇਰੇ ਬਾਬਲ ਨੂੰ ਸਮਝਾ ਕਿ ਮੇਰੇ ਹਾਣ ਦੀਆਂ ਸਭ ਸਹੇਲੀਆਂ ਵਿਆਹੀਆਂ ਗਈਆਂ ਹਨ। ਮੇਰਾ ਵਿਆਹ ਕਰ ਦੇਵੇ;

ਮਾਏ ਨੀਂ ਸੁਣ ਮੇਰੀਏ ਵਾਰੀ
ਬਾਬਲ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਹੁਰੇ ਵਾਰੀ
ਸਾਡੜੇ ਮਨ ਵਿੱਚ ਚਾਅ।
ਆਪ ਹੀ ਆਪਣੇ ਵਿਆਹ ਦੀ ਗੱਲ ਕਰਕੇ ਧੀ ਬਾਬਲ ਨੂੰ ਰਿਸ਼ਤਾ ਲੱਭਣ ਲਈ ਤਾਂ ਜ਼ਰੂਰ ਕਹਿੰਦੀ, ਪਰ ਜਦੋਂ ਮਾਪਿਆਂ ਕੋਲੋਂ ਵਿਦਾ ਹੋ ਕੇ ਡੋਲੀ ਵਿੱਚ ਬੈਠ ਕੇ ਸਹੁਰੇ ਘਰ ਜਾਂਦੀ ਤਾਂ ਉਹ ਦੇਖਦੀ ਕਿ ਮੇਰੇ ਮਾਂ-ਬਾਪ ਤੇ ਭਰਾ ਵਿਦਾ ਕਰਨ ਲੱਗਿਆ ਕਿਵੇਂ ਰੋਂਦੇ ਹਨ;

ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ
ਮਾਈ ਨੇ ਦਿੱਤਾ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ
ਭਾਬੋ ਦੇ ਮਨ ਚਾਅ
ਗਿੱਧੇ ਦੇ ਪਿੜ ਵਿੱਚ ਵੀ ਇੱਕ ਧੀ ਬੋਲੀਆਂ ਜ਼ਰੀਏ ਮਾਂ-ਬਾਪ ਨੂੰ ਕਹਿੰਦੀ ਕਿ ਮੈਂ ਹੁਣ ਕੋਠੇ ਜਿੱਡੀ ਹੋ ਗਈ ਹਾਂ, ਮੇਰਾ ਵੀ ਵਿਆਹ ਕਰ ਦੇਵੋ:
ਮੈਨੂੰ ਵਿਆਹ ਦੇ ਅੰਮੀਏ
ਨੀਂ ਮੈਂ ਕੋਠੇ ਜਿੱਡੀ ਹੋਈ।
ਜਦ ਕੋਈ ਵੀ ਵਿਆਹ ਵਾਲੀ ਕੁੜੀ ਨੂੰ ਪੁੱਛਦਾ, ਤੇਰਾ ਵਰ ਕੀਂਹਨੇ ਲੱਭਿਆ ਹੈ ਤਾਂ ਉਹ ਬੜੇ ਮਾਣ ਨਾਲ ਦੱਸਦੀ;
ਮੇਰੀਏ ਲੰਮੀਏ ਨੀਂ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਸੀ
ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ
ਉਹਨੇ ਵਰ ਟੋਲਿਆ ਸੀ
ਜਿੰਨਾ ਚਾਅ ਕੁੜੀਆਂ ਨੂੰ ਵਿਆਹ ਦਾ ਹੁੰਦਾ, ਓਨਾ ਹੀ ਮੁੰਡਿਆਂ ਨੂੰ ਹੁੰਦਾ ਹੈ। ਕੁਆਰੇ ਦਿਓਰ, ਵੱਡੀ ਭਰਜਾਈ ਦੀਆਂ ਪੇਕਿਆਂ ਤੋਂ ਸਾਕ ਲਿਆਉਣ ਲਈ ਮਿੰਨਤਾਂ ਕਰਦੇ ਸਨ;

ਨੀਂ ਭਾਬੀ ਮੈਨੂੰ ਸਾਕ ਕਰਾ ਦੇ
ਅੱਜ ਤੱਕ ਫਿਰਾਂ ਕੁਆਰਾ
ਸੋਹਣੀ ਜੀ ਇੱਕ ਨਾਰ ਲਿਆ ਦੇ
ਹੋ ਜੂ ਪਾਰ ਨਿਤਾਰਾ
ਨੀਂ ਆ ਚੱਕ ਪੇਕਿਆਂ ਨੂੰ
ਆਉਣ ਜਾਣ ਦਾ ਭਾੜਾ
ਇਹ ਬੋਲੀਆਂ ਵਿਆਹਾਂ ਵਿੱਚ ਵੀ ਹਾਸਾ ਤੇ ਖੁਸ਼ੀ ਪੈਦਾ ਕਰਦੀਆਂ ਸਨ। ਦਿਉਰ ਭਾਬੀ ਨਾਲ ਮਜ਼ਾਕ ਵਿੱਚ ਹੀ ਆਪਣੇ ਸਾਕ ਦੀ ਗੱਲ ਕਰਦਾ;
ਨੀਂ ਭਾਬੀ ਮੈਨੂੰ ਸਾਕ ਕਰਾ ਦੇ
ਵੱਜ ਨਾ ਜਾਵੇ ਠੱਗੀ।
ਸੌ ਗੱਡੀਆਂ ’ਤੇ ਜੰਞ ਆਉਂਗੀ
ਤੇਰੇ ਹੇਠ ਹੋਊ ਬੱਘੀ।
ਵੀਰ ਮੇਰੇ ਨੂੰ ਕੈਂਠਾ ਕਰਾ ਦੂੰ
ਤੈਨੂੰ ਕਰਾ ਦੂੰ ਸੱਗੀ।
ਨੀਂ ਮਿੰਨਤਾ ਕਰਦੇ ਦੀ ਦਾੜ੍ਹੀ ਹੋ
ਗਈ ਬੱਗੀ…
ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਜੀਵਨ ਦੇ ਤਰੀਕੇ, ਸੋਚ ਅਤੇ ਕਦਰਾਂ ਕੀਮਤਾਂ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਇਸ ਬਦਲਾਅ ਦਾ ਪ੍ਰਭਾਵ ਵਿਆਹ ਜਿਹੇ ਪਵਿੱਤਰ ਬੰਧਨ ’ਤੇ ਵੀ ਪਿਆ ਹੈ। ਪਹਿਲਾਂ ਵਿਆਹ ਨੂੰ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਸੀ, ਪਰ ਅੱਜ ਕਈ ਨੌਜਵਾਨ ਇਸ ਤੋਂ ਦੂਰ ਰਹਿਣਾ ਚਾਹੁੰਦੇ ਹਨ। ਵਿਆਹ ਪ੍ਰਤੀ ਨੌਜਵਾਨ ਪੀੜ੍ਹੀ ਦਾ ਘਟ ਦਾ ਚਾਅ ਸਮਾਜ ਲਈ ਚਿੰਤਾਜਨਕ ਵਿਸ਼ਾ ਬਣ ਗਿਆ ਹੈ।
ਅੱਜ ਦੇ ਸਮੇਂ ਵਿੱਚ ਵਿਆਹਾਂ ਦਾ ਮਾਹੌਲ ਕਾਫ਼ੀ ਬਦਲ ਗਿਆ ਹੈ। ਅੱਜਕੱਲ੍ਹ ਬਹੁਤੇ ਮੁੰਡੇ-ਕੁੜੀਆਂ 30-35 ਸਾਲ ਦੀ ਉਮਰ ਤੱਕ ਵੀ ਅਣਵਿਆਹੇ ਰਹਿੰਦੇ ਹਨ। ਕਈ ਵਾਰ ਮਾਪਿਆਂ ਨੂੰ ਰਿਸ਼ਤੇ ਲੱਭਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਅੱਜਕੱਲ੍ਹ ਲੋਕਾਂ ਨੂੰ ਰਿਸ਼ਤੇ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣੇ ਪੈਂਦੇ ਹਨ ਜਾਂ ਇੰਟਰਨੈੱਟ ਦੀ ਮਦਦ ਲੈਣੀ ਪੈਂਦੀ ਹੈ।
ਜਿਨ੍ਹਾਂ ਲੜਕਿਆਂ ਦਾ ਜਨਮ ਜਦੋਂ ਪੰਜਾਬ ਵਿੱਚ ਭਰੂਣ ਹੱਤਿਆ ਜ਼ੋਰਾਂ ’ਤੇ ਸੀ, ਉਸ ਸਮੇਂ ਹੋਇਆ, ਉਨਾਂ ਮੁੰਡਿਆਂ ਦੇ ਰਿਸ਼ਤਿਆਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਮੱਸਿਆ ਆ ਰਹੀ ਹੈ ਕਿਉਂਕਿ ਉਸ ਸਮੇਂ ਲੜਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੋ ਗਈ ਸੀ। ਰਹਿੰਦੀ ਖੂੰਹਦੀ ਕਸਰ ਵਿਦੇਸ਼ ਵੱਲ ਨੌਜਵਾਨ ਲੜਕੀਆਂ ਦੇ ਹੋਏ ਰੁਖ਼ ਨੇ ਕੱਢ ਦਿੱਤੀ।
ਜਦੋਂ ਕੋਈ ਰਿਸ਼ਤਾ ਆਉਂਦਾ ਵੀ ਹੈ ਤਾਂ ਮੁੰਡੇ ਜਾਂ ਕੁੜੀਆਂ ਉਸ ਨੂੰ ਮਨਜ਼ੂਰ ਨਹੀਂ ਕਰਦੇ। ਉਹ ਆਪਣੀਆਂ ਪਸੰਦਾਂ ਅਤੇ ਉਮੀਦਾਂ ਦੇ ਕਾਰਨ ਕਈ ਰਿਸ਼ਤੇ ਠੁਕਰਾ ਦਿੰਦੇ ਹਨ। ਇਸ ਕਰਕੇ ਬਹੁਤੇ ਕੁੜੀਆਂ ਤੇ ਮੁੰਡਿਆਂ ਦੀ ਵਿਆਹ ਦੀ ਉਮਰ ਵੱਡੀ ਹੋ ਰਹੀ ਹੈ ਅਤੇ ਵਿਆਹਾਂ ਦਾ ਪੁਰਾਣਾ ਚਾਅ ਘੱਟ ਹੁੰਦਾ ਜਾ ਰਿਹਾ ਹੈ।
ਵਿਆਹ ਸਿਰਫ਼ ਦੋ ਵਿਅਕਤੀਆਂ ਦਾ ਨਹੀਂ, ਸਗੋਂ ਦੋ ਪਰਿਵਾਰਾਂ ਦਾ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿੱਚ ਪਿਆਰ, ਭਰੋਸਾ, ਸਮਝ ਅਤੇ ਜ਼ਿੰਮੇਵਾਰੀ ਹੁੰਦੀ ਹੈ, ਪਰ ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਆਜ਼ਾਦ ਜੀਵਨ ਜਿਉਣਾ ਚਾਹੁੰਦੇ ਹਨ, ਵਿਆਹ ਨੂੰ ਬੰਧਨ ਜਾਂ ਜ਼ਿੰਮੇਵਾਰੀ ਦਾ ਬੋਝ ਸਮਝਦੇ ਹਨ। ਇਸੇ ਕਰਕੇ ਵਿਆਹ ਤੋਂ ਦੂਰ ਰਹਿਣ ਜਾਂ ਇਸ ਨੂੰ ਦੇਰ ਨਾਲ ਕਰਨ ਦਾ ਫ਼ੈਸਲਾ ਕਰਦੇ ਹਨ।
ਪੱਛਮੀ ਸੱਭਿਅਤਾ ਦਾ ਪ੍ਰਭਾਵ ਵੀ ਇਸ ਬਦਲਾਅ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ। ਅੱਜਕੱਲ੍ਹ ਲਿਵ-ਇਨ ਰਿਸ਼ਤਿਆਂ ਦਾ ਰੁਝਾਨ ਵਧ ਰਿਹਾ ਹੈ, ਜਿਸ ਵਿੱਚ ਦੋ ਲੋਕ ਵਿਆਹ ਤੋਂ ਬਿਨਾਂ ਇਕੱਠੇ ਰਹਿੰਦੇ ਹਨ। ਕੁਝ ਲੋਕ ਇਸ ਨੂੰ ਆਜ਼ਾਦੀ ਅਤੇ ਆਧੁਨਿਕਤਾ ਦਾ ਪ੍ਰਤੀਕ ਮੰਨਦੇ ਹਨ। ਇਸ ਤਰ੍ਹਾਂ ਦੇ ਰਿਸ਼ਤੇ ਲੰਬੇ ਸਮੇਂ ਤੱਕ ਨਹੀਂ ਟਿਕਦੇ ਅਤੇ ਸਮਾਜਿਕ ਬਣਤਰ ਨੂੰ ਕਮਜ਼ੋਰ ਕਰ ਸਕਦੇ ਹਨ।
ਇਸ ਦੇ ਨਾਲ-ਨਾਲ ਆਧੁਨਿਕ ਜੀਵਨ ਦੀ ਦੌੜ ਵਿੱਚ ਲੋਕ ਭੌਤਿਕ ਸੁੱਖਾਂ ਨੂੰ ਜ਼ਿਆਦਾ ਮਹੱਤਵ ਦੇਣ ਲੱਗ ਪਏ ਹਨ। ਪੈਸਾ, ਕੈਰੀਅਰ ਅਤੇ ਆਰਾਮਦਾਇਕ ਜੀਵਨ ਕਈ ਨੌਜਵਾਨਾਂ ਲਈ ਪਹਿਲੀ ਤਰਜੀਹ ਬਣ ਗਏ ਹਨ। ਉਹ ਸੋਚਦੇ ਹਨ ਕਿ ਵਿਆਹ ਨਾਲ ਉਨ੍ਹਾਂ ਦੀ ਆਜ਼ਾਦੀ ਘੱਟ ਹੋ ਜਾਵੇਗੀ। ਇਸ ਕਾਰਨ ਉਹ ਆਪਣੀਆਂ ਨਿੱਜੀ ਇੱਛਾਵਾਂ ਨੂੰ ਵਿਆਹ ਤੋਂ ਉੱਪਰ ਰੱਖਦੇ ਹਨ। ਸਾਡੇ ਕੋਲ ਸਮਾਜ ਵਿੱਚ ਕਈ ਉਦਾਹਰਨਾਂ ਅਜਿਹੀਆਂ ਹਨ ਜਿਨ੍ਹਾਂ ਦੇ ਵਿਆਹ ਛੋਟੀ ਉਮਰ ਵਿੱਚ ਹੋਏ ਤੇ ਕਾਮਯਾਬੀ ਵੀ ਵਿਆਹ ਤੋਂ ਬਾਅਦ ਹੀ ਹਾਸਲ ਕੀਤੀ।
ਇੱਥੇ ਮੇਰਾ ਇਹ ਕਹਿਣ ਦਾ ਮਤਲਬ ਹਰਗਿਜ਼ ਨਹੀਂ ਕਿ ਬਾਲ ਵਿਆਹ ਹੋਣ, ਹਾਂ ਉਮਰ ਮੁਤਾਬਿਕ ਵਿਆਹ ਹੋਣਾ ਲਾਜ਼ਮੀ ਹੈ। ਪਰਿਵਾਰ ਅਤੇ ਸਮਾਜ ਦੀ ਭੂਮਿਕਾ ਵੀ ਇਸ ਮਾਮਲੇ ਵਿੱਚ ਮਹੱਤਵਪੂਰਨ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਹਿਯੋਗ, ਸਮਰਪਣ ਅਤੇ ਪਰਿਵਾਰਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ। ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਸਹੀ ਕਦਰਾਂ ਕੀਮਤਾਂ ਮਿਲਣ ਤਾਂ ਉਹ ਵਿਆਹ ਦੇ ਮਹੱਤਵ ਨੂੰ ਸਮਝ ਸਕਣਗੇ।
ਵਿਆਹ ਸਮਾਜ ਦੀ ਮਜ਼ਬੂਤ ਨੀਂਹ ਹੈ। ਜੇਕਰ ਇਹ ਬੰਧਨ ਕਮਜ਼ੋਰ ਹੋਵੇਗਾ ਤਾਂ ਸਮਾਜਿਕ ਸੰਤੁਲਨ ਵੀ ਪ੍ਰਭਾਵਿਤ ਹੋਵੇਗਾ। ਲੋੜ ਹੈ ਨੌਜਵਾਨ ਪੀੜ੍ਹੀ ਵਿਆਹ ਦੇ ਅਸਲ ਮਤਲਬ ਨੂੰ ਸਮਝੇ ਅਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਤਿਕਾਰ ਦੇਵੇ। ਤਦ ਹੀ ਇੱਕ ਖੁਸ਼ਹਾਲ ਅਤੇ ਸੰਤੁਲਿਤ ਸਮਾਜ ਦੀ ਰਚਨਾ ਹੋ ਸਕਦੀ ਹੈ।

Loading