ਕਿਸਾਨਾਂ ਦੀ ਆਮਦਨ ਵਧਾਉਣ ਲਈ ਉੱਚਿਤ ਯੋਜਨਾਬੰਦੀ ਦੀ ਲੋੜ

In ਮੁੱਖ ਲੇਖ
April 10, 2026

ਭਗਵਾਨ ਦਾਸ
ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਸੰਬੰਧੀ ਕਿਸਾਨਾਂ ਦੀ ਸੋਚ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ। ਉਨ੍ਹਾਂ ਨੂੰ ਖੇਤੀ ਨੂੰ ਵਪਾਰਕ ਸਮਝਣਾ ਚਾਹੀਦਾ ਹੈ। ਕੇਂਦਰ ਵਲੋਂ ਕੁਝ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਮੁਕੱਰਰ ਕੀਤਾ ਗਿਆ, ਜਿਸ ਵਿੱਚ ਕਣਕ ਤੇ ਝੋਨਾ ਮੁੱਖ ਫ਼ਸਲਾਂ ਸਨ। ਇਸ ਨਾਲ ਉਤਪਾਦਨ ਤੇ ਉਤਪਾਦਕਤਾ ’ਚ ਨੁਮਾਇਆ ਵਾਧਾ ਹੋਇਆ। ਕੇਂਦਰੀ ਅੰਨ ਭੰਡਾਰ ’ਚ ਦੋਵੇਂ ਫ਼ਸਲਾਂ ਦਾ ਜ਼ਖ਼ੀਰਾ ਵਧਾਇਆ ਗਿਆ, ਜਿਸ ’ਚ ਪੰਜਾਬ ਦੀ ਵੱਡੀ ਭੂਮਿਕਾ ਰਹੀ ਹੈ। ਇਸ ਯੋਗਦਾਨ ’ਚ ਪੰਜਾਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਭਾਵੇਂ ਹੁਣ ਕਣਕ ਉਤਪਾਦਨ ’ਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵੀ ਹਨ, ਜੋ ਅੱਗੇ ਨਿਕਲ ਗਏ ਹਨ। ਸਬਜ਼ ਇਨਕਲਾਬ ਵਜੋਂ ਉਤਪਾਦਨ ’ਚ ਇੰਨਾ ਵਾਧਾ ਹੋਇਆ ਕਿ ਭਾਰਤ ਆਤਮਨਿਰਭਰ ਹੀ ਨਹੀਂ, ਸਗੋਂ ਅਨਾਜ ਦੂਜੇ ਮੁਲਕਾਂ ਨੂੰ ਭੇਜਣ ਦੇ ਵੀ ਕਾਬਿਲ ਹੋ ਗਿਆ। ਅੱਜ ਭਾਰਤ ਵਿਸ਼ਵ ’ਚ ਚੌਲ ਪੈਦਾ ਕਰਨ ਵਾਲਾ ਸਭ ਤੋਂ ਮੋਹਰੀ ਦੇਸ਼ ਹੈ। ਇਹ 150 ਮਿਲੀਅਨ ਟਨ ਤੱਕ ਚੌਲ ਪੈਦਾ ਕਰ ਰਿਹਾ ਹੈ, ਜਿਸ ’ਚ ਪੰਜਾਬ ਦਾ ਪ੍ਰਭਾਵਸ਼ਾਲੀ ਯੋਗਦਾਨ ਹੈ। ਭਾਰਤ ਵੱਲੋਂ 60 ਲੱਖ ਟਨ ਵਿਦੇਸ਼ ਭੇਜੀ ਜਾ ਰਹੀ ਬਾਸਮਤੀ ’ਚ ਪੰਜਾਬ ਦਾ 40 ਫ਼ੀਸਦੀ ਤੱਕ ਹਿੱਸਾ ਹੈ। ਇਸ ਨਾਲ ਦੇਸ਼ ਨੂੰ 50 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਆ ਰਹੀ ਹੈ।
ਹੁਣ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਫ਼ਸਲੀ ਭਿੰਨਤਾ ਲਿਆਉਣੀ ਜ਼ਰੂਰੀ ਹੈ। ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾਉਣ ਦੀ ਲੋੜ ਹੈ ਤਾਂ ਜੋ ਪਾਣੀ ਦੀ ਬੱਚਤ ਹੋਵੇ। ਫ਼ਸਲੀ ਭਿੰਨਤਾ ਆਉਣ ਨਾਲ ਕਿਸਾਨਾਂ ਲਈ ਖੇਤੀ ਇੱਕ ਵਪਾਰ ਬਣ ਜਾਵੇਗੀ। ਉਨ੍ਹਾਂ ਨੂੰ ਪੂਰੇ ਵੇਰਵੇ ਤੇ ਹਿਸਾਬ-ਕਿਤਾਬ ਰੱਖਣਾ ਪਵੇਗਾ। ਖੇਤੀ ਇੱਥੋਂ ਤੱਕ ਹੀ ਸੀਮਤ ਨਹੀਂ ਹੋਵੇਗੀ ਕਿ ਕਣਕ ਝੋਨੇ ਵਾਂਗ ਕਿਸਾਨ ਫ਼ਸਲ ਵੱਢਣ ਤੇ ਸਰਕਾਰੀ ਖ਼ਰੀਦ ’ਤੇ ਐਮ.ਐਸ.ਪੀ. ਹੋਣ ਕਾਰਨ ਮੰਡੀ ’ਚ ਵੇਚ ਆਉਣ। ਉਨ੍ਹਾਂ ਨੂੰ ਮੰਡੀਕਰਨ ਦਾ ਪੂਰਾ ਗਿਆਨ ਰੱਖਣਾ ਪਵੇਗਾ। ਇਸ ਤੋਂ ਬਿਨਾਂ ਸਹੀ ਯੋਜਨਾਬੰਦੀ ਨਹੀਂ ਹੋ ਸਕਦੀ। ਉਤਪਾਦਕਤਾ ਤੋਂ ਆਮਦਨ ਵਧਾਉਣ ਲਈ ਸੁਯੋਗ ਯੋਜਨਾਬੰਦੀ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਯੋਜਨਾਬੰਦੀ ਕਰਦਿਆਂ ਵੱਧ ਆਮਦਨ ਨੂੰ ਮੁੱਖ ਰੱਖ ਕੇ ਵਧੇਰੇ ਫ਼ਾਇਦੇ ਵਾਲੀਆਂ ਫ਼ਸਲਾਂ ਨੂੰ ਪਹਿਲ ਦੇ ਕੇ ਖੇਤੀ ਨੂੰ ਵਪਾਰਕ ਬਣਾਉਣਾ ਪਵੇਗਾ। ਇਸ ਤਰ੍ਹਾਂ ਆਮਦਨ ਵਧਾਉਣ ਲਈ ਕਿਸਾਨ ਸੂਝ ਬੂਝ ਨਾਲ ਸੋਚਣ ਲਈ ਮਜਬੂਰ ਹੋਣਗੇ, ਕਿ ਕਿਸ ਫ਼ਸਲ ਦੀ ਕਾਸ਼ਤ ਕਰਨੀ ਹੈ, ਕਿਹੜੇ ਸਹਾਇਕ ਧੰਦੇ ਅਪਣਾਉਣੇ ਹਨ, ਵੱਖੋ ਵੱਖ ਕਿਸਮਾਂ ਹੇਠ ਕਿੰਨਾ ਕਿੰਨਾ ਰਕਬਾ ਰੱਖਣਾ ਹੈ, ਕਿਹੜੇ ਖੇਤ ’ਚ ਕਿਹੜੀ ਕਿਸਮ ਬੀਜਣੀ ਹੈ? ਆਮਦਨ ਵਧਾਉਣ ਲਈ ਇਹ ਸਭ ਕੁਝ ਵਿਚਾਰਨ ਦੀ ਲੋੜ ਹੈ। ਕਿਹੜੇ ਬੀਜ, ਖਾਦਾਂ, ਕੀਟਨਾਸ਼ਕ ਤੇ ਕਿਹੜੇ ਖੇਤੀਬਾੜੀ ਦੇ ਸੰਦ ਲੋੜੀਂਦੇ ਹਨ, ਇਸ ਦਾ ਸਾਰਾ ਪ੍ਰਬੰਧ ਉਸ ਨੂੰ ਕਰਨਾ ਪਵੇਗਾ। ਯੋਜਨਾਬੰਦੀ ਕਰਨੀ ਪਵੇਗੀ ਕਿ ਕਣਕ ਝੋਨੇ ਦਾ ਫ਼ਸਲੀ ਚੱਕਰ ਘਟਾ ਕੇ ਜੋ ਫ਼ਸਲਾਂ ਪੈਦਾ ਕਰਨੀਆਂ ਹਨ, ਉਨ੍ਹਾਂ ਦਾ ਭੰਡਾਰਨ ਤੇ ਮੰਡੀਕਰਨ ਕਿਵੇਂ ਕਰਨਾ ਹੈ, ਕਿਉਂਕਿ ਉਨ੍ਹਾਂ ਦੀ ਐਮ.ਐਸ.ਪੀ. ’ਤੇ ਸਰਕਾਰੀ ਖ਼ਰੀਦ ਨਹੀਂ ਹੈ।
ਸ਼ੁੱਧ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਸਮੱਗਰੀ ਦਾ ਪ੍ਰਯੋਗ ਕਰਨਾ ਪਵੇਗਾ। ਹੁਣ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 110 ਕਿੱਲੋ ਪ੍ਰਤੀ ਏਕੜ ਯੂਰੀਆ ਪਾਏ ਜਾਣ ਦੀ ਸਿਫ਼ਾਰਸ਼ ਨੂੰ ਅਣਗੌਲਿਆਂ ਕਰ ਕੇ 180 200 ਕਿੱਲੋ ਪ੍ਰਤੀ ਏਕੜ ਤੱਕ ਯੂਰੀਆ ਪਾਈ ਜਾ ਰਹੇ ਹਨ। ਇਸੇ ਤਰ੍ਹਾਂ ਡੀ.ਏ.ਪੀ. ਦੀ ਲੋੜ ਨਾਲੋਂ ਵੱਧ ਵਰਤੋਂ ਕਰੀ ਜਾ ਰਹੇ ਹਨ, ਜਿਸ ਨਾਲ ਖ਼ਰਚਾ ਵਧਦਾ ਹੈ ਤੇ ਸ਼ੁੱਧ ਆਮਦਨ ਘਟਦੀ ਹੈ। ਮਾਹਿਰ ਕਹਿੰਦੇ ਹਨ ਕਿ ਜ਼ਿਆਦਾ ਨਾਈਟ੍ਰੋਜਨ ਪਾਉਣ ਨਾਲ ਫ਼ਸਲ ’ਤੇ ਬਿਮਾਰੀਆਂ ਵੀ ਜ਼ਿਆਦਾ ਆਉਂਦੀਆਂ ਹਨ, ਜਿਸ ਕਾਰਨ ਕੀਟਨਾਸ਼ਕ ਤੇ ਸਪਰੇਆਂ ’ਤੇ ਕਿਸਾਨਾਂ ਨੂੰ ਵੱਧ ਖ਼ਰਚ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਖ਼ਾਲਸ ਤੇ ਸ਼ੁੱਧ ਰਸਾਇਣਕ ਖਾਦ, ਕੀਟਨਾਸ਼ਕ, ਨਦੀਨਨਾਸ਼ਕ ਤੇ ਹੋਰ ਖੇਤੀ ਸਮੱਗਰੀ ਸ਼ੁੱਧ ਰੂਪ ’ਚ ਮੁਹੱਈਆ ਕਰਨ ਲਈ ਡਾ. ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬੜੇ ਉਪਰਾਲੇ ਕਰ ਰਹੇ ਹਨ ਤਾਂ ਜੋ ਉਤਪਾਦਕਤਾ ਵਧੇ, ਜਿਸ ਨਾਲ ਕਿ ਕਿਸਾਨਾਂ ਦੀ ਆਮਦਨ ਵੀ ਵਧੇਗੀ।
ਉਤਪਾਦਕਤਾ ਵਧਣ ਉਪਰੰਤ ਵੀ ਕਿਸਾਨ ਵਧੇਰੇ ਕਰਜ਼ਈ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਔਸਤਨ ਇੱਕ ਕਿਸਾਨ ਘਰਾਣੇ ਸਿਰ 2.03 ਲੱਖ ਕਰਜ਼ਾ ਹੋ ਗਿਆ ਹੈ। ਇਹ ਭਾਰਤ ’ਚ ਤੀਜੇ ਸਥਾਨ ’ਤੇ ਹੈ। ਕਿਸਾਨਾਂ ਨੂੰ ਆਪਣੀ ਖੇਤੀ ਤੇ ਯੋਜਨਾਬੰਦੀ ਨੂੰ ਮੁੱਖ ਰੱਖਦੇ ਹੋਏ ਕਰਜ਼ਾ ਲੈਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਕਿਹੜੀ ਏਜੰਸੀ ਤੋਂ ਕਿੰਨਾ ਕਰਜ਼ਾ ਲੈਣਾ ਹੈ ਤੇ ਕਿੱਥੋਂ ਘੱਟ ਸੂਦ ਤੇ ਬਿਨਾਂ ਖ਼ੱਜਲ ਖ਼ੁਆਰੀ ਤੋਂ ਮਿਲਦਾ ਹੈ, ਇਸ ਦੀ ਵੀ ਕਿਸਾਨਾਂ ਨੂੰ ਪੂਰੀ ਜਾਣਕਾਰੀ ਲੈਣ ਉਪਰੰਤ ਸਹੀ ਫ਼ੈਸਲਾ ਕਰਨਾ ਚਾਹੀਦਾ ਹੈ। ਕਿਸਾਨ ਮੇਲੇ ਵੀ ਬੀਜ ਵੇਚਣ ਦੇ ਕੇਂਦਰ ਤੇ ਵਪਾਰੀਆਂ ਦੀਆਂ ਨੁਮਾਇਸ਼ਾਂ ਲਾ ਕੇ ਸਿਰਫ਼ ਆਮਦਨ ਪ੍ਰਾਪਤੀ ਦਾ ਜ਼ਰੀਆ ਹੀ ਨਹੀਂ ਬਣਨੇ ਚਾਹੀਦੇ, ਸਗੋਂ ਸਹੀ ਤੌਰ ’ਤੇ ਕਿਸਾਨਾਂ ਤੱਕ ਖੋਜ ਤੇ ਦਰਪੇਸ਼ ਮੁਸ਼ਕਿਲਾਂ ਦਾ ਹੱਲ ਲੱਭ ਕੇ ਉਨ੍ਹਾਂ ਨੂੰ ਸਹੀ ਸੇਧ ਦੇਣ ਦੇ ਕੇਂਦਰ ਹੋਣ। ਆਮ ਕਿਸਾਨਾਂ ’ਚ ਯੋਜਨਾਬੰਦੀ ਦੀ ਰੁਚੀ ਬੜੀ ਘੱਟ ਹੈ। ਕਿਸਾਨਾਂ ਨੂੰ ਖੇਤੀ ਮਾਹਿਰਾਂ ਤੋਂ ਸੇਧ ਲੈ ਕੇ ਸਹੀ ਢੰਗ ਨਾਲ ਯੋਜਨਾਬੰਦੀ ਕਰਨ ਦੀ ਲੋੜ ਹੈ। ਇਸੇ ਨਾਲ ਹੀ ਉਨ੍ਹਾਂ ਦੀ ਆਮਦਨੀ ’ਚ ਵਾਧਾ ਹੋਵੇਗਾ। ਫ਼ਸਲੀ ਭਿੰਨਤਾ ਪੱਖੋਂ ਮਾਹਿਰਾਂ ਤੇ ਖੋਜ ਸੰਸਥਾਵਾਂ ਨੂੰ ਕਿਸਾਨਾਂ ਨਾਲ ਤਾਲਮੇਲ ਕਰ ਕੇ ਅਜਿਹੀਆਂ ਫ਼ਸਲਾਂ ਤੇ ਉਨ੍ਹਾਂ ਦੀਆਂ ਲਾਹੇਵੰਦ ਕਿਸਮਾਂ ਮੁਹੱਈਆ ਕਰਨੀਆਂ ਚਾਹੀਦੀਆਂ ਹਨ, ਜੋ ਝੋਨੇ ਜਿੰਨਾ ਮੁਨਾਫ਼ਾ ਦੇਣ। ਇਸ ਵੇਲੇ ਵਰਤਮਾਨ ਫ਼ਸਲੀ ਚੱਕਰ ’ਚ ਉਨ੍ਹਾਂ ਦੀ ਸ਼ੁੱਧ ਆਮਦਨ ਕਣਕ ’ਤੇ ਘੱਟ ਪਰ ਝੋਨੇ ’ਤੇ ਵਧੇਰੇ ਆਧਾਰਿਤ ਹੈ, ਕਿਉਂਕਿ ਕਣਕ ਨਾਲੋਂ ਵੱਧ ਮੁਨਾਫ਼ਾ ਝੋਨਾ ਦਿੰਦਾ ਹੈ।

Loading