ਗੁਰਪਿੰਦਰ
ਅੱਜ ਪੰਜਾਬੀ ਸੰਗੀਤ ਵਿਸ਼ਵ ਪੱਧਰ ’ਤੇ ਵੱਡੇ ਮੰਚ ਤੱਕ ਪਹੁੰਚ ਚੁੱਕਾ ਹੈ। ਯੂਟਿਊਬ ਵਿੱਲ੍ਹਜ਼, ਰੀਲਜ਼, ਸਟ੍ਰੀਮਿੰਗ ਪਲੇਟਫਾਰਮ ਤੇ ਅੰਤਰਰਾਸ਼ਟਰੀ ਕਾਂਸਰਟਸ ਨੇ ਇਸ ਨੂੰ ਇੱਕ ਵੱਡੇ ਉਦਯੋਗ ਵਿੱਚ ਬਦਲ ਦਿੱਤਾ ਹੈ। ਪਰ ਇਸ ਚਮਕ-ਦਮਕ ਦੇ ਪਿੱਛੇ ਇੱਕ ਪ੍ਰੇਸ਼ਾਨ ਕਰਨ ਵਾਲਾ ਸਵਾਲ ਹਮੇਸ਼ਾ ਰੜਕਦਾ ਹੈ ਕਿ ਇਸ ਸੰਗੀਤ ਵਿੱਚ ਔਰਤਾਂ ਕਿਸ ਰੂਪ ਵਿੱਚ ਮੌਜੂਦ ਹਨ? ਕੀ ਉਹ ਆਪਣੀ ਆਵਾਜ਼ ਤੇ ਅਨੁਭਵ ਨਾਲ ਸਾਹਮਣੇ ਆਉਂਦੀਆਂ ਹਨ ਜਾਂ ਉਨ੍ਹਾਂ ਨੂੰ ਦੇਖਣ ਦੀ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ? ਇਸ ਸਵਾਲ ਦਾ ਜਵਾਬ ਸਾਨੂੰ ‘ਮੇਲ ਗੇਜ਼’ ਮਤਲਬ ਪੁਰਸ਼ ਦ੍ਰਿਸ਼ਟੀਕੋਣ ਵੱਲ ਲੈ ਜਾਂਦਾ ਹੈ। ਪੰਜਾਬੀ ਲੋਕ ਸੰਗੀਤ ਤੋਂ ਲੈ ਕੇ ਆਧੁਨਿਕ ਪੰਜਾਬੀ ਪੌਪ ਸੰਗੀਤ ਤੱਕ ਦਾ ਸਫ਼ਰ ਸਿਰਫ਼ ਸੰਗੀਤ ਸ਼ੈਲੀ ਦਾ ਸਫ਼ਰ ਨਹੀਂ, ਸਗੋਂ ਦੇਖਣ ਤੇ ਦਿਸਣ ਦੇ ਢੰਗਾਂ ਵਿੱਚ ਆਏ ਬਦਲਾਵਾਂ ਦੀ ਵੀ ਕਹਾਣੀ ਹੈ। ਜਿੱਥੇ ਲੋਕ ਗੀਤਾਂ ਵਿੱਚ ਔਰਤਾਂ ਗੱਲ ਕਰਦੀਆਂ ਸਨ, ਅੱਜਕਲ੍ਹ ਦੇ ਗੀਤਾਂ ’ਚ ਉਨ੍ਹਾਂ ਦਾ ਸਰੀਰ ਗੱਲ ਕਰਦਾ ਦਿਸਦਾ ਹੈ। ਇਹੀ ਬਦਲਾਅ ਚਿੰਤਾ ਦਾ ਕਾਰਨ ਹੈ।
ਲੋਕ ਗੀਤਾਂ ’ਚ ਔਰਤ ਦਾ ਮੁਹਾਂਦਰਾ-ਰਵਾਇਤੀ ਪੰਜਾਬੀ ਲੋਕ ਗੀਤ, ਗਿੱਧਾ, ਟੱਪੇ, ਤ੍ਰਿੰਝਣ ਤੇ ਸੁਹਾਗ ਔਰਤਾਂ ਦੇ ਸਮੂਹਿਕ ਜੀਵਨ ਤੋਂ ਉਤਪੰਨ ਹੋਏ ਸਨ। ਜੋ ਔਰਤਾਂ ਵਲੋਂ ਤ੍ਰਿੰਝਣ ਜਾਂ ਵਿਆਹ ਸਮਾਗਮਾਂ ਮੌਕੇ ਗਾਏ ਜਾਂਦੇ ਸਨ, ਜਿੱਥੇ ਨਾ ਕੋਈ ਕੈਮਰਾ ਤੇ ਨਾ ਕੋਈ ਬਾਜ਼ਾਰ ਸੀ। ਔਰਤਾਂ ਆਪਸ ’ਚ ਇੱਕ-ਦੂਜੇ ਲਈ ਗਾਉਂਦੀਆਂ ਸਨ, ਪੁਰਸ਼ ਦਰਸ਼ਕਾਂ ਲਈ ਨਹੀਂ। ਇਨ੍ਹਾਂ ਗੀਤਾਂ ਵਿੱਚ ਔਰਤ ਦਾ ਸਰੀਰ ਨਹੀਂ, ਉਨ੍ਹਾਂ ਦੇ ਮਨੋਭਾਵ ਕੇਂਦਰ ਵਿੱਚ ਹੁੰਦੇ ਸਨ। ਗਿੱਧੇ ਦੇ ਬੋਲਾਂ ਵਿੱਚ ਹਾਸਿਆਂ ਤੇ ਵਿਅੰਗ ਦੇ ਜ਼ਰੀਏ ਸਹੁਰੇ ਘਰ ਦੀ ਰਾਜਨੀਤੀ, ਪਤੀ-ਪਤਨੀ ਦੇ ਰਿਸ਼ਤੇ ਤੇ ਸਮਾਜਿਕ ਦਬਾਅ ’ਤੇ ਟਿੱਪਣੀ ਕੀਤੀ ਜਾਂਦੀ ਸੀ। ਤ੍ਰਿੰਝਣ ਗੀਤਾਂ ਵਿੱਚ ਔਰਤਾਂ ਦੀ ਮਿਹਨਤ, ਵਿਯੋਗ ਤੇ ਦੋਸਤੀ ਦੀਆਂ ਭਾਵਨਾਵਾਂ ਦਾ ਜ਼ਿਕਰ ਹੁੰਦਾ ਸੀ। ਇਹ ਗੀਤ ਪਿਤ੍ਰਸੱਤਾ ਦੇ ਅੰਦਰ ਔਰਤਾਂ ਨੂੰ ਦਿਲ ਦੀ ਗੱਲ ਕਹਿਣ ਦੀ ਜਗ੍ਹਾ ਦਿੰਦੇ ਸਨ। ਇਹ ਇੱਕ ਕਿਸਮ ਦਾ ਸੱਭਿਆਚਾਰਕ ਸੰਵਾਦ ਸੀ, ਜਿੱਥੇ ਔਰਤ ਸਿਰਫ਼ ਪਾਤਰ ਨਹੀਂ, ਸਗੋਂ ਕਥਾਕਾਰ ਵੀ ਸੀ। ਇੱਥੇ ਪੁਰਸ਼ ਦ੍ਰਿਸ਼ਟੀਕੋਣ ਦਾ ਸਵਾਲ ਲਗਭਗ ਗੈਰ-ਹਾਜ਼ਰ ਸੀ। ਜਦੋਂ ਔਰਤ ਖੁਦ ਗਾ ਰਹੀ ਹੋਵੇ, ਸੁਣ ਰਹੀ ਹੋਵੇ ਤੇ ਪ੍ਰਤਿਕਿਰਿਆ ਦੇ ਰਹੀ ਹੋਵੇ ਤਾਂ ਉਹ ਦੇਖਣ ਦੀ ਵਸਤੂ ਨਹੀਂ ਰਹਿੰਦੀ, ਸਗੋਂ ਅਨੁਭਵ ਦਾ ਕੇਂਦਰ ਬਣ ਜਾਂਦੀ ਹੈ।
ਲੋਕ ਕਥਾਵਾਂ-ਹੀਰ-ਰਾਂਝਾ, ਸੋਹਣੀ-ਮਹੀਵਾਲ ਤੇ ਮਿਰਜ਼ਾ-ਸਾਹਿਬਾਂ ਜਿਹੀਆਂ ਲੋਕ ਗਾਥਾਵਾਂ ਵੀ ਇਸੇ ਨੂੰ ਦੁਹਰਾਉਂਦੀਆਂ ਹਨ। ਇਨ੍ਹਾਂ ਗਾਥਾਵਾਂ ਦੀਆਂ ਨਾਇਕਾਵਾਂ ਪਿਆਰ ਕਰਦੀਆਂ, ਫ਼ੈਸਲੇ ਲੈਂਦੀਆਂ ਤੇ ਸਮਾਜਿਕ ਬੰਧਨਾਂ ਨੂੰ ਚੁਣੌਤੀ ਵੀ ਦਿੰਦੀਆਂ ਹਨ, ਪਰ ਇਨ੍ਹਾਂ ਦਾ ਅੰਤ ਅਕਸਰ ਦੁਖਦਾਈ ਹੁੰਦਾ ਹੈ। ਇਹ ਸਮਾਜ ਵਲੋਂ ਇੱਕ ਚਿਤਾਵਨੀ ਵਾਂਗ ਹੈ ਕਿ- ਔਰਤ ਨੂੰ ਸੁਤੰਤਰਤਾ ਦੀ ਕੀਮਤ ਚੁਕਾਉਣੀ ਪੈਂਦੀ ਹੈ। ਫਿਰ ਵੀ ਇਨ੍ਹਾਂ ਨਾਇਕਾਵਾਂ ਦੀ ਆਵਾਜ਼, ਤਰਕ ਤੇ ਭਾਵਨਾਤਮਕ ਗਹਿਰਾਈ ਉਨ੍ਹਾਂ ਨੂੰ ਸਿਰਫ਼ ਪੀੜਤ ਨਹੀਂ ਬਣਾਉਂਦੀ,ਉਹ ਪਿਤ੍ਰਸੱਤਾ ਦੇ ਅੰਦਰ ਪ੍ਰਤਿਰੋਧ ਦੀ ਸੰਭਾਵਨਾ ਨੂੰ ਜੀਵੰਤ ਰੱਖਦੀ ਹੈ। ਇਸੇ ਕਰਕੇ ਲੋਕ ਪਰੰਪਰਾ ਨੂੰ ਪੂਰੀ ਤਰ੍ਹਾਂ ਸਸ਼ਕਤੀਕਾਰੀ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਪੂਰੀ ਤਰ੍ਹਾਂ ਦਮਨਕਾਰੀ।
ਆਧੁਨਿਕ ਪੰਜਾਬੀ ਸੰਗੀਤ-ਇਹ ਮੁੱਦਾ ਆਧੁਨਿਕ ਪੰਜਾਬੀ ਪੌਪ ਸੰਗੀਤ ਵੱਲ ਵੇਖਣ ’ਤੇ ਹੋਰ ਗਹਿਰਾ ਹੋ ਜਾਂਦਾ ਹੈ। ਅੱਜ ਦੇ ਪੰਜਾਬੀ ਗੀਤਾਂ ਨੂੰ ਇੱਕ ਮਿਊਜ਼ਿਕ ਵੀਡੀਓ ਤੋਂ ਬਗੈਰ ਅਧੂਰਾ ਮੰਨਿਆ ਜਾਂਦਾ ਹੈ, ਜਿਸ ਕਰਕੇ ‘ਪੁਰਸ਼ ਦ੍ਰਿਸ਼ਟੀਕੋਣ’ ਪੂਰੀ ਤਾਕਤ ਨਾਲ ਸਾਹਮਣੇ ਆ ਜਾਂਦਾ ਹੈ। ਕਈ ਪੌਪ ਗੀਤਾਂ ਵਿੱਚ ਤਾਂ ਔਰਤ ਦੀ ਮੌਜੂਦਗੀ ਉਸ ਦੇ ਸਰੀਰ ਤੱਕ ਸੀਮਤ ਕਰ ਦਿੱਤੀ ਜਾਂਦੀ ਹੈ ਅਤੇ ਕੈਮਰਾ ਉਸ ਦੀ ਮਨੋਸਥਿਤੀ ਤੇ ਅੱਖਾਂ ਦੀ ਬਜਾਏ ਉਸ ਦੀ ਕਮਰ, ਬੁੱਲ੍ਹ ਤੇ ਚਾਲ ਨੂੰ ਹੀ ਦਿਖਾਉਂਦਾ ਹੈ। ਉਹ ਗੀਤ ਦੀ ਨਾਇਕਾ ਦੀ ਬਜਾਏ ਦ੍ਰਿਸ਼ਟੀ ਦਾ ਆਕਰਸ਼ਣ ਬਣ ਜਾਂਦੀ ਹੈ। ਪੁਰਸ਼ ਗਾਇਕ ਗਾਉਂਦਾ ਹੋਇਆ ਆਪਣਾ ਮਕਸਦ ਹਾਸਲ ਕਰਦਾ ਹੈ, ਜਦਕਿ ਔਰਤ ਮੁਸਕਰਾਉਂਦੀ ਤੇ ਨੱਚਦੀ ਹੋਈ ਪ੍ਰਤਿਕਿਰਿਆ ਦਿੰਦੀ ਹੈ। ਇਹੀ ਉਹ ਪੁਰਸ਼ ਦ੍ਰਿਸ਼ਟੀਕੋਣ ਹੈ, ਜਿਸ ਵਿੱਚ ਦੁਨੀਆ ਪੁਰਸ਼ ਦੀ ਨਜ਼ਰ ਤੋਂ ਦੇਖਦੀ ਹੈ ਤੇ ਔਰਤ ਉਸ ਦੀ ਨਜ਼ਰ ਦਾ ਵਿਸ਼ਾ ਬਣ ਜਾਂਦੀ ਹੈ।
ਪਸੰਦ ਅਤੇ ਫ਼ੈਸ਼ਨ ਦਾ ਭਰਮ-ਆਧੁਨਿਕ ਮੀਡੀਆ ਦੀ ਸਭ ਤੋਂ ਵੱਡੀ ਚਾਲ ਇਹ ਹੈ ਕਿ ਉਹ ਔਰਤ ਦੇ ਵਸਤੂਕਰਨ ਨੂੰ ਸ਼ੋਸ਼ਣ ਵਜੋਂ ਨਹੀਂ, ਸਗੋਂ ‘ਚੋਇਸ’ ਤੇ ‘ਇੰਪਾਵਰਮੈਂਟ’ ਵਜੋਂ ਪੇਸ਼ ਕਰਦਾ ਹੈ। ਇਸ ਨੂੰ ਔਰਤ ਦੀ ਆਪਣੀ ਪਸੰਦ ਤੇ ਉਸ ਦਾ ਆਤਮ-ਵਿਸ਼ਵਾਸ ਦੱਸਿਆ ਜਾਂਦਾ ਹੈ। ਇਹੀ ਵੱਡਾ ਸਵਾਲ ਹੈ ਕਿ ਪਸੰਦ ਕਿਹੜੇ ਹਾਲਾਤ ਵਿੱਚ ਕੀਤੀ ਜਾ ਰਹੀ ਹੈ? ਜਦੋਂ ਗੀਤ ਲਿਖਣ ਵਾਲਾ, ਸੰਗੀਤ ਬਣਾਉਣ ਵਾਲੇ, ਵੀਡੀਓ ਨਿਰਦੇਸ਼ਕ ਤੇ ਪੈਸੇ ਲਗਾਉਣ ਵਾਲੇ ਜ਼ਿਆਦਾਤਰ ਪੁਰਸ਼ ਹੋਣ ਤਾਂ ਔਰਤ ਦੀ ਸੁਤੰਤਰਤਾ ਕਿੰਨੀ ਕੁ ਵਾਸਤਵਿਕ ਹੋਵੇਗੀ? ਇੱਥੇ ਪੁਰਸ਼ ਦ੍ਰਿਸ਼ਟੀਕੋਣ ਸਭ ਤੋਂ ਖਤਰਨਾਕ ਰੂਪ ਧਾਰ ਕੇ ਅਸਮਾਨ ਸ਼ਕਤੀ-ਸੰਬੰਧਾਂ ਨੂੰ ਅਦ੍ਰਿਸ਼ ਬਣਾ ਦਿੰਦਾ ਹੈ। ਲੋਕ ਗੀਤਾਂ ਵਿੱਚ ਔਰਤ ਪਿਤ੍ਰਸੱਤਾ ਦੇ ਅੰਦਰ ਗੱਲ ਕਰਦੀ ਸੀ, ਪਰ ਆਧੁਨਿਕ ਗੀਤਾਂ ਵਿੱਚ ਉਹ ਦਿਖਾਵੇ ਦੇ ਬਾਜ਼ਾਰ ਅੰਦਰ ਦਿਖਾਈ ਦਿੰਦੀ ਹੈ। ਇਹ ਬਦਲਾਅ ਔਰਤ ਦੇ ਸਸ਼ਕਤੀਕਰਨ ਤੋਂ ਜ਼ਿਆਦਾ ਉਸ ਦੇ ‘ਕੰਟਰੋਲ’ ਹੋ ਜਾਣ ਦਾ ਸੂਚਕ ਹੈ।
ਨੌਜਵਾਨ ਪੀੜ੍ਹੀ ’ਤੇ ਅਸਰ-ਇਹ ਗੀਤ ਤੇ ਵੀਡੀਓਜ਼ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ, ਸਗੋਂ ਇਹ ਨੌਜਵਾਨਾਂ ਦੀ ਸੋਚ, ਰਿਸ਼ਤੇ ਤੇ ਆਤਮ-ਚਿੱਤਰ ਨੂੰ ਵੀ ਆਕਾਰ ਦਿੰਦੇ ਹਨ। ਜਦੋਂ ਔਰਤ ਦੇ ਜਿਸਮ ਨੂੰ ਵਾਰ-ਵਾਰ ਵਸਤੂ ਵਜੋਂ ਦਿਖਾਇਆ ਜਾਂਦਾ ਹੈ ਤਾਂ ਸੁਨੇਹਾ ਆਮ ਹੋ ਜਾਂਦਾ ਹੈ ਕਿ ਔਰਤ ਹੋਣ ਦਾ ਅਰਥ ਇਹੀ ਹੈ। ਜੋ ਕੁੜੀਆਂ ਲਈ ਸੁੰਦਰਤਾ ਤੇ ਸਵੀਕਾਰਤਾ ਦਾ ਦਬਾਅ ਪੈਦਾ ਕਰਦਾ ਹੈ, ਜਦਕਿ ਮੁੰਡਿਆਂ ਲਈ ਇਹ ਮਲਕੀਅਤ ਤੇ ਉਪਭੋਗ ਦੀ ਸੋਚ ਨੂੰ ਮਜ਼ਬੂਤ ਕਰਦਾ ਹੈ। ਇਸ ਤਰ੍ਹਾਂ ਸੰਗੀਤ ਸਮਾਜਿਕ ਅਸਮਾਨਤਾ ਨੂੰ ਕੋਈ ਚੁਣੌਤੀ ਦੇਣ ਦੀ ਬਜਾਏ, ਉਸ ਨੂੰ ਵਾਰ-ਵਾਰ ਦੁਹਰਾਉਂਦਾ ਹੈ।
ਵਿਰੋਧ ਦੀਆਂ ਆਵਾਜ਼ਾਂ-ਫਿਰ ਵੀ ਇਹ ਕਹਾਣੀ ਪੂਰੀ ਤਰ੍ਹਾਂ ਨਿਰਾਸ਼ਜਨਕ ਨਹੀਂ ਹੈ। ਹਾਲ ਦੇ ਸਾਲਾਂ ਵਿੱਚ ਕੁਝ ਔਰਤ ਪੰਜਾਬੀ ਕਲਾਕਾਰਾਂ ਨੇ ਇਸ ਢਾਂਚੇ ਨੂੰ ਚੁਣੌਤੀ ਦਿੰਦਿਆਂ ਆਪਣੀਆਂ ਸ਼ਰਤਾਂ ’ਤੇ ਗੀਤ ਗਾਏ ਹਨ। ਉਹ ਆਤਮ-ਸਨਮਾਨ, ਸੁਤੰਤਰਤਾ ਤੇ ਅਨੁਭਵ ਦੀ ਗੱਲ ਕਰ ਰਹੀਆਂ ਹਨ। ਸੋਸ਼ਲ ਮੀਡੀਆ ਨੇ ਉਨ੍ਹਾਂ ਨੂੰ ਮੁੱਖ ਧਾਰਾ ਦੇ ਪੁਰਸ਼-ਪ੍ਰਧਾਨ ਉਦਯੋਗ ਤੋਂ ਬਾਹਰ ਨਿਕਲ ਕੇ ਆਪਣੀ ਜਗ੍ਹਾ ਬਣਾਉਣ ਦਾ ਮੌਕਾ ਦਿੱਤਾ ਹੈ, ਪਰ ਇਹ ਸੰਘਰਸ਼ ਅਜੇ ਬਹੁਤ ਲੰਬਾ ਹੈ। ਜਦੋਂ ਤੱਕ ਔਰਤਾਂ ਸਿਰਫ਼ ਪਰਦੇ ’ਤੇ ਦਿਸਣਗੀਆਂ ਤੇ ਪਰਦੇ ਦੇ ਪਿੱਛੇ ਨਹੀਂ, ਤਾਂ ਉਹ ਗੀਤ ਲਿਖਣ ਵਾਲੇ, ਸੰਗੀਤ ਬਣਾਉਣ ਵਾਲੇ ਤੇ ਫ਼ੈਸਲੇ ਲੈਣ ਵਾਲੇ ਦੀ ਜਗ੍ਹਾ ’ਤੇ ਨਹੀਂ ਹੋ ਸਕਦੀਆਂ, ਤਦ ਤੱਕ ਉਨ੍ਹਾਂ ਦਾ ਪ੍ਰਤਿਰੋਧ ਸੀਮਤ ਰਹੇਗਾ।
ਅੱਗੇ ਦਾ ਰਾਹ-ਪੰਜਾਬੀ ਸੰਗੀਤ ਦੀ ਅਸਲ ਤਾਕਤ ਇਸ ਦੀ ਜੀਵੰਤਤਾ ਤੇ ਸੱਭਿਆਚਾਰਕ ਗਹਿਰਾਈ ਵਿੱਚ ਹੈ। ਜੇ ਇਸ ਨੂੰ ਸੱਚਮੁੱਚ ਪ੍ਰਗਤੀਸ਼ੀਲ ਬਣਾਉਣਾ ਹੈ ਤਾਂ ਸਾਨੂੰ ਇਹ ਸਵਾਲ ਪੁੱਛਣਾ ਹੋਵੇਗਾ ਕਿ ਕੈਮਰਾ ਕਿਸ ਦੇ ਹੱਥ ਵਿੱਚ ਹੈ ਤੇ ਨਜ਼ਰ ਕਿਸ ’ਤੇ ਹੈ। ਪੁਰਸ਼ ਦ੍ਰਿਸ਼ਟੀਕੋਣ ਨੂੰ ਚੁਣੌਤੀ ਦਿੱਤੇ ਬਗੈਰ ਸਸ਼ਕਤੀਕਰਨ ਸਿਰਫ਼ ਇੱਕ ਆਕਰਸ਼ਕ ਸ਼ਬਦ ਬਣ ਕੇ ਰਹਿ ਜਾਵੇਗਾ। ਸਾਨੂੰ ਔਰਤਾਂ ਨੂੰ ਸਿਰਫ਼ ਦਿਸਣ ਦੀ ਵਸਤੂ ਸਮਝਣ ਦੀ ਬਜਾਏ ਦੇਖਣ ਵਾਲੀ, ਗੱਲ ਕਰਨ ਵਾਲੀ ਤੇ ਫ਼ੈਸਲੇ ਲੈਣ ਵਾਲੀ ਵਜੋਂ ਸਵੀਕਾਰ ਕਰਨਾ ਹੋਵੇਗਾ। ਜਦੋਂ ਪੰਜਾਬੀ ਸੰਗੀਤ ਇਸ ਬਦਲਾਅ ਨੂੰ ਅਪਣਾਏਗਾ ਤਾਂ ਹੀ ਇਹ ਮਨੋਰੰਜਨ ਤੋਂ ਅੱਗੇ ਵਧ ਕੇ ਸਮਾਜਿਕ ਬਦਲਾਅ ਦਾ ਮਾਧਿਅਮ ਬਣ ਸਕੇਗਾ। ਸੰਗੀਤ ਸਮਾਜ ਦੀ ਆਤਮਾ ਹੁੰਦਾ ਹੈ। ਦਰਅਸਲ ਕੋਈ ਵੀ ਸਮਾਜ ਉਸ ਸਮੇਂ ਤੱਕ ਸਿਹਤਮੰਦ ਨਹੀਂ ਬਣ ਸਕਦਾ, ਜਦੋਂ ਤੱਕ ਉਸ ਦੀ ਅੱਧੀ ਆਬਾਦੀ ਨੂੰ ਸਿਰਫ਼ ਦ੍ਰਿਸ਼ ਬਣਾ ਕੇ ਰੱਖਿਆ ਜਾਵੇ। ਪੰਜਾਬੀ ਸੰਗੀਤ ਲਈ ਇਹ ਆਤਮ-ਮੰਥਨ ਦਾ ਸਮਾਂ ਹੈ ਕਿ ਇਸ ਦੀਆਂ ਧੁਨੀਆਂ ’ਚੋਂ ਸਿਰਫ਼ ਸ਼ੋਰ-ਸ਼ਰਾਬਾ ਨਿਕਲਣ ਦੀ ਬਜਾਏ ਸਮਾਨਤਾ ਦੀ ਆਵਾਜ਼ ਵੀ ਸੁਣਾਈ ਦੇਵੇ।
-ਅਸਿਸਟੈਂਟ ਪ੍ਰੋਫੈਸਰ, ਇਲਾਹਾਬਾਦ ਯੂਨੀਵਰਸਿਟੀ।
![]()
