ਪੱਛਮੀ ਦੇਸ਼ਾਂ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਨੇ ਵਿਸ਼ਵ ਅਰਥਵਿਵਸਥਾ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਆਰਥਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਜੰਗ ਲੰਬੀ ਖਿੱਚੀ ਗਈ, ਤਾਂ ਦੁਨੀਆ ਨੂੰ ਸਾਲ 2008 ਵਰਗੀ ਭਿਆਨਕ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।
ਯੂਰਪੀ ਸੰਸਦ ਵਿੱਚ ਬੋਲਦਿਆਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡਰਿਊ ਬੇਲੀ ਨੇ ਕਿਹਾ ਕਿ ਇਸ ਜੰਗ ਕਾਰਣ 3 ਟ੍ਰਿਲੀਅਨ ਡਾਲਰ ਦਾ ‘ਪ੍ਰਾਈਵੇਟ ਕ੍ਰੈਡਿਟ ਮਾਰਕੀਟ’ ਖ਼ਤਰੇ ਵਿੱਚ ਹੈ। ਉਨ੍ਹਾਂ ਮੁਤਾਬਕ, ਇਹ ਸੰਕਟ ਇੰਨਾ ਵੱਡਾ ਹੋ ਸਕਦਾ ਹੈ ਕਿ ਇਹ ਆਮ ਆਦਮੀ ਦੀ ਰੋਜ਼ੀ-ਰੋਟੀ ’ਤੇ ਸਿੱਧਾ ਵਾਰ ਕਰੇਗਾ।
ਪ੍ਰਾਈਵੇਟ ਕ੍ਰੈਡਿਟ ਮਾਰਕੀਟ ਉਹ ਬਾਜ਼ਾਰ ਹੈ ਜਿੱਥੇ ਬੈਂਕਾਂ ਦੀ ਬਜਾਏ ਹੇਜ ਫੰਡ ਅਤੇ ਪ੍ਰਾਈਵੇਟ ਇਕੁਇਟੀ ਫਰਮਾਂ ਕੰਪਨੀਆਂ ਨੂੰ ਕਰਜ਼ਾ ਦਿੰਦੀਆਂ ਹਨ। ਇਸ ਖੇਤਰ ਵਿੱਚ ਨਿਯਮ ਸਖ਼ਤ ਨਹੀਂ ਹਨ, ਜਿਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਕਿਸ ਨੇ ਕਿੰਨਾ ਜੋਖਮ ਲਿਆ ਹੈ। ਅਕਸਰ ਉਹ ਕੰਪਨੀਆਂ ਇੱਥੋਂ ਕਰਜ਼ਾ ਲੈਂਦੀਆਂ ਹਨ ਜਿਨ੍ਹਾਂ ਨੂੰ ਬੈਂਕਾਂ ਨੇ ਮਨ੍ਹਾ ਕਰ ਦਿੱਤਾ ਹੁੰਦਾ ਹੈ। ਹੁਣ ਨਿਵੇਸ਼ਕਾਂ ਦਾ ਭਰੋਸਾ ਟੁੱਟਣ ਕਾਰਨ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 20 ਅਰਬ ਡਾਲਰ ਤੋਂ ਵੱਧ ਦੀ ਰਕਮ ਬਾਜ਼ਾਰ ਵਿੱਚੋਂ ਕੱਢੀ ਜਾ ਚੁੱਕੀ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਅਮਰੀਕਾ-ਇਰਾਨ ਜੰਗ ਕਾਰਨ ਵਿਆਜ ਦਰਾਂ ਵਧਣਗੀਆਂ ਅਤੇ ਇਹ ਕਮਜ਼ੋਰ ਕੰਪਨੀਆਂ ਫੇਲ੍ਹ ਹੋ ਜਾਣਗੀਆਂ। ਜਦੋਂ ਬਹੁਤ ਸਾਰੇ ਲੋਕ ਇੱਕੋ ਵਾਰ ਪੈਸਾ ਕੱਢਦੇ ਹਨ, ਤਾਂ ਇਹ ਬਾਜ਼ਾਰ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਸਕਦਾ ਹੈ।
ਕਈ ਬੈਂਕਾਂ ਨੇ ਇਨ੍ਹਾਂ ਪ੍ਰਾਈਵੇਟ ਫੰਡਾਂ ਵਿੱਚ ਨਿਵੇਸ਼ ਕੀਤਾ ਹੁੰਦਾ ਹੈ ਜਾਂ ਉਨ੍ਹਾਂ ਨੂੰ ਲੋਨ ਦਿੱਤਾ ਹੁੰਦਾ ਹੈ। ਜੇ ਪ੍ਰਾਈਵੇਟ ਮਾਰਕੀਟ ਡੁੱਬਦੀ ਹੈ, ਤਾਂ ਬੈਂਕਾਂ ਦੇ ਪੈਸੇ ਵੀ ਫਸ ਸਕਦੇ ਹਨ। ਇਹ ਬਿਲਕੁਲ 2008 ਵਾਂਗ ਹੈ, ਜਿੱਥੇ ਇੱਕ ਸੈਕਟਰ ਦੀ ਗਿਰਾਵਟ ਨੇ ਪੂਰੇ ਬੈਂਕਿੰਗ ਸਿਸਟਮ ਨੂੰ ਹਿਲਾ ਦਿੱਤਾ ਸੀ।
ਇਹ ਇੱਕ ਅਜਿਹਾ ‘ਗੁਪਤ’ ਕਰਜ਼ਾ ਜਾਲ ਹੈ ਜੋ ਉਦੋਂ ਤੱਕ ਸਹੀ ਲੱਗਦਾ ਹੈ ਜਦੋਂ ਤੱਕ ਹਾਲਾਤ ਠੀਕ ਹਨ। ਪਰ ਜੰਗ ਵਰਗੇ ਹਾਲਾਤ ਇਸ ਵਿੱਚ ਧਮਾਕਾ ਕਰ ਸਕਦੇ ਹਨ, ਜਿਸ ਦਾ ਅਸਰ 2008 ਵਾਂਗ ਪੂਰੀ ਦੁਨੀਆ ਦੀਆਂ ਨੌਕਰੀਆਂ ਅਤੇ ਬੈਂਕਾਂ ’ਤੇ ਪਵੇਗਾ।
ਇਰਾਨ ਨਾਲ ਜੰਗ ਕਾਰਨ ਸਿਰਫ਼ ਤੇਲ ਦੀਆਂ ਕੀਮਤਾਂ ਹੀ ਨਹੀਂ ਵਧਣਗੀਆਂ, ਸਗੋਂ ਪੂਰਾ ਆਰਥਿਕ ਚੱਕਰ ਪ੍ਰਭਾਵਿਤ ਹੋਵੇਗਾ। ਜੰਗ ਕਾਰਨ ਦੁਨੀਆ ਦੀ 20-25% ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਤੇਲ ਮਹਿੰਗਾ ਹੋਣ ਨਾਲ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਮਹਿੰਗਾਈ ਨੂੰ ਰੋਕਣ ਲਈ ਬੈਂਕ ਵਿਆਜ ਦਰਾਂ ਵਧਾਉਣਗੇ, ਜਿਸ ਨਾਲ ਕਰਜ਼ੇ ਮਹਿੰਗੇ ਹੋ ਜਾਣਗੇ। ਕੰਪਨੀਆਂ ਦੀ ਕਮਾਈ ਘਟੇਗੀ, ਉਹ ਕਰਜ਼ਾ ਨਹੀਂ ਮੋੜ ਸਕਣਗੀਆਂ ਅਤੇ ਖਰਚੇ ਘਟਾਉਣ ਲਈ ਮੁਲਾਜ਼ਮਾਂ ਦੀ ਛਾਂਟੀ ਕਰਨਗੀਆਂ।
ਐਂਡਰਿਊ ਬੇਲੀ ਨੇ ਇਸ ਨੂੰ ‘ਡਬਲ ਵ੍ਹੈਮੀ’ (ਦੋਹਰਾ ਝਟਕਾ) ਕਰਾਰ ਦਿੱਤਾ ਹੈ। ਇੱਕ ਪਾਸੇ ਜੰਗ ਕਾਰਨ ਅਸਥਿਰਤਾ ਅਤੇ ਦੂਜੇ ਪਾਸੇ ਪ੍ਰਾਈਵੇਟ ਕ੍ਰੈਡਿਟ ਮਾਰਕੀਟ ਦਾ ਡੁੱਬਣਾ—ਇਹ ਦੋਵੇਂ ਮਿਲ ਕੇ ਵਿਸ਼ਵ ਅਰਥਚਾਰੇ ਨੂੰ ਡੂੰਘੀ ਖੱਡ ਵਿੱਚ ਸੁੱਟ ਸਕਦੇ ਹਨ। ਭਾਰਤ ਵਰਗੇ ਦੇਸ਼ਾਂ ’ਤੇ ਵੀ ਇਸ ਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜੇਕਰ ਇਰਾਨ ਜੰਗ ਕਾਰਣ ਤੇਲ ਦੀਆਂ ਕੀਮਤਾਂ ਹੋਰ ਵਧਦੀਆਂ ਹਨ, ਤਾਂ ਇਹ ਪੈਸਾ ਹੋਰ ਤੇਜ਼ੀ ਨਾਲ ਬਾਹਰ ਨਿਕਲੇਗਾ, ਜੋ ਵਿਸ਼ਵ ਅਰਥਚਾਰੇ ਲਈ ‘ਡੈੱਥ ਵਾਰੰਟ’ ਸਾਬਤ ਹੋ ਸਕਦਾ ਹੈ।
![]()
