ਮਿਲਾਨ/ਏ.ਟੀ.ਨਿਊਜ਼: ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਯੂਰੋਪ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਪੁਲ ਵਜੋਂ ਦੇਖਿਆ ਜਾ ਰਿਹਾ ਸੀ, ਪਰ ਹੁਣ ਇਹ ਰਿਸ਼ਤਾ ਟੁੱਟਦਾ ਨਜ਼ਰ ਆ ਰਿਹਾ ਹੈ। ਪੋਪ ਲਿਓ 14ਵੇਂ ਦੀ ਨਿੰਦਾ ਕਰਨ ਤੋਂ ਬਾਅਦ, ਟਰੰਪ ਨੇ ਹੁਣ ਆਪਣਾ ਗੁੱਸਾ ਮੇਲੋਨੀ ’ਤੇ ਕੱਢਿਆ ਹੈ। ਮੇਲੋਨੀ ਜੋ ਲੰਬੇ ਸਮੇਂ ਤੋਂ ਟਰੰਪ ਦੀ ਸਭ ਤੋਂ ਨਜ਼ਦੀਕੀ ਯੂਰੋਪੀਅਨ ਸਹਿਯੋਗੀ ਰਹੀ ਹੈ, ਨੇ ਪੋਪ ’ਤੇ ਟਰੰਪ ਦੇ ਹਮਲੇ ਨੂੰ ਅਸਵੀਕਾਰਨਯੋਗ ਦੱਸਿਆ ਸੀ ਅਤੇ ਇਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਦਾ ਸਮਰਥਨ ਨਹੀਂ ਕੀਤਾ ਸੀ।
ਇਟਲੀ ਦੇ ਪ੍ਰਮੁੱਖ ਅਖਬਾਰ ‘ਕੋਰੀਅਰ ਡੈਲਾ ਸੇਰਾ’ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਸੀ ਕਿ ਉਹ ਬਹਾਦਰ ਹੈ, ਪਰ ਮੈਂ ਗ਼ਲਤ ਸਾਂ।’’ ਟਰੰਪ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਉਸ ਦਾ ਵਤੀਰਾ ਨਾਂਹਪੱਖੀ ਰਿਹਾ ਹੈ। ਜੋ ਕੋਈ ਵੀ ਇਰਾਨ ਦੀ ਸਥਿਤੀ ਵਿੱਚ ਸਾਡੀ ਮਦਦ ਕਰਨ ਤੋਂ ਇਨਕਾਰ ਕਰਦਾ ਹੈ, ਸਾਡੇ ਉਸ ਨਾਲ ਪਹਿਲਾਂ ਵਰਗੇ ਸਬੰਧ ਨਹੀਂ ਰਹਿ ਸਕਦੇ।’’ ਮੇਲੋਨੀ ਨੇ ਹਾਲੇ ਤੱਕ ਟਰੰਪ ਦੇ ਹਮਲਿਆਂ ਦਾ ਸਿੱਧਾ ਜਵਾਬ ਨਹੀਂ ਦਿੱਤਾ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਥਿਤੀ ਉਸ ਦੇ ਲਈ ਫ਼ਾਇਦੇਮੰਦ ਹੋ ਸਕਦੀ ਹੈ ਕਿਉਂਕਿ ਇਟਲੀ ਵਿੱਚ ਇਰਾਨ ਜੰਗ ਕਾਫੀ ਨਾਪਸੰਦ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਊਰਜਾ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।
![]()
