ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
9815700916
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਪਿਛਲੇ ਦਿਨੀਂ ਆਕਲੈਂਡ ਦੇ ਓਟਾਹੂਹੂ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੰਗਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਗੁਰਦੁਆਰਾ ਸਾਹਿਬ ਪਹੁੰਚਣ ’ਤੇ ਪ੍ਰਧਾਨ ਮੰਤਰੀ ਲਕਸਨ ਦਾ ਸਿੱਖ ਰੀਤੀ-ਰਿਵਾਜਾਂ ਅਨੁਸਾਰ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਚਕਾਰ ਹੋਈ ਤਾਜ਼ਾ ਮੁਲਾਕਾਤ ਸਿਰਫ਼ ਇੱਕ ਰਸਮੀ ਮਿਲਣੀ ਨਹੀਂ, ਸਗੋਂ ਇਹ ਵਿਦੇਸ਼ੀ ਧਰਤੀ ’ਤੇ ਸਿੱਖ ਭਾਈਚਾਰੇ ਦੇ ਵਧਦੇ ਪ੍ਰਭਾਵ ਅਤੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦੀ ਅਹਿਮ ਪ੍ਰਵਾਨਗੀ ਹੈ। ਆਕਲੈਂਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਗੱਲਬਾਤ ਨੇ ਜਿੱਥੇ ਨਿਊਜ਼ੀਲੈਂਡ ਵਿੱਚ ਵਸਦੇ ਸਿੱਖਾਂ ਦੇ ਹੌਸਲੇ ਬੁਲੰਦ ਕੀਤੇ ਹਨ, ਉੱਥੇ ਹੀ ਦੋਵਾਂ ਸਭਿਆਚਾਰਾਂ ਵਿਚਾਲੇ ਆਪਸੀ ਸਮਝ ਅਤੇ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕੀਤਾ ਹੈ।
ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਤੇ ਪ੍ਰਧਾਨ ਮੰਤਰੀ ਵਿਚਾਲੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਦੇ ਮਸਲਿਆਂ ’ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰਾ ਨਿਊਜ਼ੀਲੈਂਡ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਦਾ ਇੱਕ ਮਜ਼ਬੂਤ ਹਿੱਸਾ ਹੈ।
ਨਿਊਜ਼ੀਲੈਂਡ ਦੀ ਤਰੱਕੀ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਸਖ਼ਤ ਮਿਹਨਤ, ਇਮਾਨਦਾਰੀ ਅਤੇ ‘ਸਰਬੱਤ ਦੇ ਭਲੇ’ ਦੇ ਸੰਕਲਪ ਨਾਲ ਇੱਕ ਖ਼ਾਸ ਮੁਕਾਮ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਲਕਸਨ ਦਾ ਖ਼ੁਦ ਗੁਰਦੁਆਰਾ ਸਾਹਿਬ ਪਹੁੰਚ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰ-ਵਟਾਂਦਰਾ ਕਰਨਾ ਇਹ ਦਰਸਾਉਂਦਾ ਹੈ ਕਿ ਉੱਥੋਂ ਦੀ ਸਰਕਾਰ ਸਿੱਖਾਂ ਨੂੰ ਦੇਸ਼ ਦੀ ਆਰਥਿਕ ਅਤੇ ਸਮਾਜਿਕ ਬੁਣਤਰ ਦਾ ਇੱਕ ਅਨਿੱਖੜਵਾਂ ਅੰਗ ਮੰਨਦੀ ਹੈ। ਮੀਟਿੰਗ ਦੌਰਾਨ ਨਿਊਜ਼ੀਲੈਂਡ ਵਿੱਚ ਸਿੱਖਾਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਧਰਮ ਦੇ ਮੂਲ ਸਿਧਾਂਤ ਅੱਜ ਦੇ ਆਧੁਨਿਕ ਅਤੇ ਬਹੁ-ਸਭਿਆਚਾਰਕ ਸਮਾਜ ਲਈ ਕਿੰਨੇ ਪ੍ਰਸੰਗਿਕ ਹਨ।
ਇਸ ਮੁਲਾਕਾਤ ਦਾ ਇੱਕ ਮਹੱਤਵਪੂਰਨ ਪਹਿਲੂ ਜਥੇਦਾਰ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਆਉਣ ਦਾ ਦਿੱਤਾ ਗਿਆ ਸੱਦਾ ਹੈ। ਪ੍ਰਧਾਨ ਮੰਤਰੀ ਲਕਸਨ ਵੱਲੋਂ ਇਸ ਸੱਦੇ ਨੂੰ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕੀਤਾ ਗਿਆ ਜੋ ਸਿੱਖ ਪੰਥ ਲਈ ਮਹੱਤਵਪੂਰਨ ਗੱਲ ਹੈ। ਸਿੱਖ ਨੁਮਾਇੰਦਿਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਲਕਸਨ ਨੇ ਵੀ ਆਪਣੀ ਤਰਫ਼ੋਂ ਜਥੇਦਾਰ ਸਾਹਿਬ ਨੂੰ ਇੱਕ ਯਾਦਗਾਰੀ ਘੜੀ ਭੇਟ ਕੀਤੀ।
ਅਜਿਹੀਆਂ ਮੁਲਾਕਾਤਾਂ ਵਿਸ਼ਵ ਪੱਧਰ ’ਤੇ ਸਿੱਖਾਂ ਦੀ ਵੱਖਰੀ ਪਛਾਣ ਅਤੇ ਉਨ੍ਹਾਂ ਦੇ ਸ਼ਾਂਤੀਪੂਰਨ ਸਹਿ-ਹੋਂਦ ਦੇ ਜਜ਼ਬੇ ਨੂੰ ਮਜ਼ਬੂਤ ਕਰਦੀਆਂ ਹਨ। ਜਿਸ ਤਰ੍ਹਾਂ ਨਿਊਜ਼ੀਲੈਂਡ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ, ਉਹ ਦੂਜੇ ਮੁਲਕਾਂ ਲਈ ਵੀ ਇੱਕ ਮਿਸਾਲ ਹੈ। ਲੋੜ ਇਸ ਗੱਲ ਦੀ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਆਗੂ ਅਤੇ ਧਾਰਮਿਕ ਸੰਸਥਾਵਾਂ ਇਸ ਸੁਖਾਵੇਂ ਮਾਹੌਲ ਦੀ ਵਰਤੋਂ ਕਰਕੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਸਥਾਨਕ ਭਾਈਚਾਰਿਆਂ ਵਿੱਚ ਸਿੱਖੀ ਦੀ ਮਹਿਕ ਫੈਲਾਉਣ ਲਈ ਹੋਰ ਵੀ ਸਰਗਰਮ ਹੋਣ। ਦੁਨੀਆ ਸਿਰਫ਼ ਕਿਤਾਬੀ ਗੱਲਾਂ ਨਾਲ ਨਹੀਂ ਬਦਲਦੀ, ਸਗੋਂ ਜੀਉਂਦੇ-ਜਾਗਦੇ ਕਿਰਦਾਰਾਂ ਨਾਲ ਬਦਲਦੀ ਹੈ। ਜਿੰਨੀ ਦੇਰ ਸਿੱਖ ਗੁਰਬਾਣੀ ਦੇ ਅਸੂਲਾਂ—ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ—ਨੂੰ ਆਪਣੀ ਰਾਜਨੀਤਿਕ ਅਤੇ ਸਮਾਜਿਕ ਜ਼ਿੰਦਗੀ ਦਾ ਆਧਾਰ ਬਣਾ ਕੇ ਰੱਖਣਗੇ, ਦੁਨੀਆ ਦੇ ਨਕਸ਼ੇ ’ਤੇ ਉਨ੍ਹਾਂ ਦਾ ਪ੍ਰਭਾਵ ਹਮੇਸ਼ਾ ਵਧਦਾ ਰਹੇਗਾ।
ਕਿਰਦਾਰ ਹੀ ਉਹ ‘ਪ੍ਰਚਾਰ’ ਹੈ ਜਿਸ ਨੂੰ ਕਿਸੇ ਭਾਸ਼ਾ ਦੀ ਲੋੜ ਨਹੀਂ ਪੈਂਦੀ, ਇਹ ਆਪਣੇ ਆਪ ਦੁਨੀਆ ਦੀਆਂ ਸਰਕਾਰਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੈਂਦਾ ਹੈ।
ਇਹ ਮੀਟਿੰਗ ਸਿੱਖ ਕੌਮ ਦੀ ਵਿਸ਼ਵ-ਵਿਆਪੀ ਚੜ੍ਹਦੀ ਕਲਾ ਦਾ ਇੱਕ ਹੋਰ ਪ੍ਰਤੱਖ ਪ੍ਰਮਾਣ ਹੈ।ਇਸ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਪਵੇਗਾ ਕਿ ਦੁਨੀਆ ਭਰ ਵਿੱਚ ਸਿੱਖਾਂ ਦੀ ਪਛਾਣ ਹੋਰ ਨਿਖਰ ਕੇ ਸਾਹਮਣੇ ਆਵੇਗੀ ਅਤੇ ਉਹ ਕੌਮਾਂਤਰੀ ਫੈਸਲਿਆਂ ਵਿੱਚ ਆਪਣਾ ਪ੍ਰਭਾਵ ਪਾਉਣ ਦੇ ਯੋਗ ਹੋਣਗੇ। ਵਿਸ਼ਵ ਰਾਜਨੀਤੀ ਵਿੱਚ ਅੱਜ-ਕੱਲ੍ਹ ‘ਸਾਫਟ ਪਾਵਰ’ ਦੀ ਬਹੁਤ ਅਹਿਮੀਅਤ ਹੈ। ਸਿੱਖਾਂ ਨੇ ਆਪਣੇ ਲੰਗਰ, ਸੇਵਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਰਾਹੀਂ ਦੁਨੀਆ ਵਿੱਚ ਆਪਣਾ ਅਕਸ ਬਹੁਤ ਮਜ਼ਬੂਤ ਕੀਤਾ ਹੈ। ਪੀ.ਐਮ. ਲਕਸਨ ਦੀ ਇਹ ਮੁਲਾਕਾਤ ਇਹ ਸਿੱਧ ਕਰਦੀ ਹੈ ਕਿ ਪੱਛਮੀ ਦੇਸ਼ ਹੁਣ ਸਿੱਖਾਂ ਨੂੰ ਸਿਰਫ਼ ਇੱਕ ਘੱਟ ਗਿਣਤੀ ਭਾਈਚਾਰੇ ਵਜੋਂ ਨਹੀਂ, ਸਗੋਂ ਇੱਕ ‘ਗਲੋਬਲ ਪਾਰਟਨਰ’ ਵਜੋਂ ਦੇਖ ਰਹੇ ਹਨ।
ਨਿਊਜ਼ੀਲੈਂਡ ਦੀ ਰਾਜਨੀਤੀ ਤੇ ਸਰਕਾਰ ਵਿੱਚ ਸਿੱਖਾਂ ਦਾ ਪ੍ਰਭਾਵ ਕਿਵੇਂ ਵਧਿਆ ?
ਸਿੱਖ ਭਾਈਚਾਰੇ ਨੇ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਖੇਤੀਬਾੜੀ (ਖ਼ਾਸ ਕਰਕੇ ਕੀਵੀ ਫਰੂਟ ਅਤੇ ਡੇਅਰੀ ਫਾਰਮਿੰਗ), ਟਰਾਂਸਪੋਰਟ, ਰੀਅਲ ਅਸਟੇਟ ਅਤੇ ਆਈ.ਟੀ. ਸੈਕਟਰ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ। ਕਿਸੇ ਵੀ ਦੇਸ਼ ਦੀ ਸਰਕਾਰ ਉਸ ਭਾਈਚਾਰੇ ਨੂੰ ਅਹਿਮੀਅਤ ਦਿੰਦੀ ਹੈ ਜੋ ਦੇਸ਼ ਦੇ ਜੀ.ਡੀ.ਪੀ. ਵਿੱਚ ਸਰਗਰਮ ਹਿੱਸਾ ਪਾਉਂਦਾ ਹੈ।
ਕੋਵਿਡ-19 ਮਹਾਮਾਰੀ ਦੌਰਾਨ ਅਤੇ ਕੁਦਰਤੀ ਆਫ਼ਤਾਂ (ਜਿਵੇਂ ਚੱਕਰਵਾਤ ਗੈਬਰੀਏਲ) ਵੇਲੇ ਸਿੱਖ ਗੁਰਦੁਆਰਿਆਂ ਅਤੇ ਸੰਸਥਾਵਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਸਥਾਨਕ ਲੋਕਾਂ ਨੂੰ ਮੁਫ਼ਤ ਲੰਗਰ ਅਤੇ ਰਾਸ਼ਨ ਵੰਡਿਆ। ਇਸ ਨਿਰਸਵਾਰਥ ਸੇਵਾ ਨੇ ਨਿਊਜ਼ੀਲੈਂਡ ਦੇ ਆਮ ਲੋਕਾਂ ਅਤੇ ਸਰਕਾਰ ਦੇ ਮਨ ਵਿੱਚ ਸਿੱਖਾਂ ਲਈ ਬਹੁਤ ਵੱਡਾ ਸਤਿਕਾਰ ਪੈਦਾ ਕੀਤਾ ਹੈ।
ਸਿੱਖ ਭਾਈਚਾਰਾ ਨਿਊਜ਼ੀਲੈਂਡ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ (ਨੈਸ਼ਨਲ ਪਾਰਟੀ ਅਤੇ ਲੇਬਰ ਪਾਰਟੀ) ਵਿੱਚ ਬਹੁਤ ਸਰਗਰਮ ਹੈ। ਕੰਵਲਜੀਤ ਸਿੰਘ ਬਖਸ਼ੀ ਅਤੇ ਪਰਮਜੀਤ ਸਿੰਘ ਪਰਮਾਰ ਵਰਗੇ ਆਗੂਆਂ ਨੇ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਹੈ।ਸਥਾਨਕ ਕੌਂਸਲਾਂ ਅਤੇ ਕਮਿਊਨਿਟੀ ਬੋਰਡਾਂ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਉਨ੍ਹਾਂ ਨੂੰ ਨੀਤੀ-ਘੜਨੀ ਪ੍ਰਕਿਰਿਆ ਵਿੱਚ ਸਿੱਧਾ ਪ੍ਰਭਾਵ ਪਾਉਣ ਦੇ ਯੋਗ ਬਣਾਇਆ ਹੈ।
ਨਿਊਜ਼ੀਲੈਂਡ ਵਿੱਚ ਸਿੱਖ ਧਰਮ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਧਰਮਾਂ ਵਿੱਚੋਂ ਇੱਕ ਹੈ। ਆਕਲੈਂਡ, ਹੈਮਿਲਟਨ ਅਤੇ ਤੌਰੰਗਾ ਵਰਗੇ ਸ਼ਹਿਰਾਂ ਦੀਆਂ ਕਈ ਸੀਟਾਂ ’ਤੇ ਸਿੱਖ ਅਤੇ ਪੰਜਾਬੀ ਵੋਟਰ ਹਾਰ-ਜਿੱਤ ਦਾ ਫ਼ੈਸਲਾ ਕਰਨ ਦੀ ਤਾਕਤ ਰੱਖਦੇ ਹਨ। ਇਸ ਕਾਰਨ ਹਰ ਸਿਆਸੀ ਪਾਰਟੀ ਸਿੱਖਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਨਾ ਜ਼ਰੂਰੀ ਸਮਝਦੀ ਹੈ।
ਨਵੀਂ ਪੀੜ੍ਹੀ ਦੇ ਸਿੱਖ ਨਿਊਜ਼ੀਲੈਂਡ ਵਿੱਚ ਉੱਚ ਵਿੱਦਿਆ ਹਾਸਲ ਕਰਕੇ ਡਾਕਟਰ, ਇੰਜੀਨੀਅਰ, ਵਕੀਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਣ ਰਹੇ ਹਨ। ਇਹ ਬੌਧਿਕ ਪ੍ਰਭਾਵ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਦੀ ਭਰੋਸੇਯੋਗਤਾ ਨੂੰ ਹੋਰ ਵਧਾਉਂਦਾ ਹੈ।
ਨਿਊਜ਼ੀਲੈਂਡ ਸਰਕਾਰ ਵੱਲੋਂ ਸਿੱਖਾਂ ਨੂੰ ਮਿਲਣ ਵਾਲਾ ਮਾਣ ਉਨ੍ਹਾਂ ਦੀ ‘ਵਿਸ਼ਵਵਿਆਪੀ ਸਾਂਝੀਵਾਲਤਾ’ ਅਤੇ ‘ਕਿਰਤ ਕਰੋ, ਵੰਡ ਛਕੋ’ ਦੇ ਸਿਧਾਂਤਾਂ ’ਤੇ ਚੱਲਣ ਦਾ ਨਤੀਜਾ ਹੈ। ਪੀ.ਐਮ. ਕ੍ਰਿਸਟੋਫਰ ਲਕਸਨ ਦਾ ਜਥੇਦਾਰ ਸਾਹਿਬ ਨੂੰ ਮਿਲਣਾ ਇਸੇ ਪ੍ਰਭਾਵ ਦੀ ਇੱਕ ਕੜੀ ਹੈ। ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਸਿਧਾਂਤ ਹੈ—‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’। ਜਦੋਂ ਸਿੱਖ ਸਿਆਸਤਦਾਨ ਇਸ ਸਿਧਾਂਤ ’ਤੇ ਅਮਲ ਕਰਦਾ ਹੈ, ਤਾਂ ਉਹ ਸਿਰਫ਼ ਆਪਣੇ ਭਾਈਚਾਰੇ ਲਈ ਨਹੀਂ, ਸਗੋਂ ਹਰ ਮਜ਼ਲੂਮ ਅਤੇ ਲੋੜਵੰਦ ਲਈ ਲੜਦਾ ਹੈ। ਦੁਨੀਆ ਦੇ ਦੇਸ਼ਾਂ (ਜਿਵੇਂ ਕੈਨੇਡਾ ਜਾਂ ਨਿਊਜ਼ੀਲੈਂਡ) ਵਿੱਚ ਸਿੱਖਾਂ ਦੀ ਸਿਆਸੀ ਸਫ਼ਲਤਾ ਦਾ ਰਾਜ਼ ਇਹੀ ਹੈ ਕਿ ਉਹ ਸਾਰਿਆਂ ਦੀ ਭਲਾਈ ਦੀ ਗੱਲ ਕਰਦੇ ਹਨ, ਜਿਸ ਨਾਲ ਦੂਜੇ ਭਾਈਚਾਰਿਆਂ ਦਾ ਭਰੋਸਾ ਵੀ ਉਨ੍ਹਾਂ ’ਤੇ ਬਣਦਾ ਹੈ।
ਮਾਓਰੀ ਭਾਈਚਾਰੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੀਤਾ ਨਿੱਘਾ ਸਵਾਗਤ
- ਸਿੱਖ ਵਿਰੋਧੀ ਪ੍ਰਦਰਸ਼ਨਾਂ ਤੋਂ ਬਣਾਈ ਦੂਰੀ
ਆਕਲੈਂਡ/ਅੰਮ੍ਰਿਤਸਰ : ਨਿਊਜ਼ੀਲੈਂਡ ਵਿੱਚ ਪਿਛਲੇ ਦਿਨੀਂ ਨਗਰ ਕੀਰਤਨਾਂ ਦੌਰਾਨ ਹੋਏ ਵਿਵਾਦ ਤੋਂ ਬਾਅਦ ਹੁਣ ਸਿੱਖ ਅਤੇ ਮਾਓਰੀ (ਨਿਊਜ਼ੀਲੈਂਡ ਦੇ ਮੂਲ ਨਿਵਾਸੀ) ਭਾਈਚਾਰੇ ਦਰਮਿਆਨ ਸਾਂਝ ਹੋਰ ਗੂੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਮਾਓਰੀ ਆਗੂਆਂ ਨੇ ਪਾਪਾਕੁਰਾ ਮਾਰਾਏ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਸਿੱਖ ਭਾਈਚਾਰੇ ਨਾਲ ਆਪਣੀ ਇਕਜੁੱਟਤਾ ਪ੍ਰਗਟਾਈ। ਮਾਓਰੀ ਪਰੰਪਰਾ ਅਨੁਸਾਰ ਆਪਣੇ ਪਵਿੱਤਰ ਅਸਥਾਨਾਂ (ਮਾਰਾਏ) ਅੰਦਰ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ, ਪਰ ਸਿੱਖ ਧਰਮ ਪ੍ਰਤੀ ਸਤਿਕਾਰ ਵਜੋਂ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਸ੍ਰੀ ਸਾਹਿਬ (ਕਿਰਪਾਨ) ਸਮੇਤ ਅੰਦਰ ਆਉਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ। ਮਾਓਰੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਮਹੀਨਿਆਂ ਵਿੱਚ ਜਿਨ੍ਹਾਂ ਲੋਕਾਂ ਨੇ ‘ਹਾਕਾ’ (ਮਾਓਰੀ ਜੰਗੀ ਨਾਚ) ਦੀ ਦੁਰਵਰਤੋਂ ਕਰਕੇ ਨਗਰ ਕੀਰਤਨਾਂ ਦਾ ਵਿਰੋਧ ਕੀਤਾ ਸੀ, ਉਨ੍ਹਾਂ ਦਾ ਮਾਓਰੀ ਭਾਈਚਾਰੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਜੇ-ਪੱਖੀ ਸੰਗਠਨਾਂ ਨੇ ਉਨ੍ਹਾਂ ਦੀ ਪਰੰਪਰਾ ਦਾ ਗਲਤ ਇਸਤੇਮਾਲ ਕੀਤਾ ਸੀ। ਮਾਓਰੀ ਪ੍ਰਤੀਨਿਧੀਆਂ ਨੇ ਸਿੱਖ ਸਿਧਾਂਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਿੱਖਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਜ਼ਿਕਰਯੋਗ ਹੈ ਕਿ ਦਸੰਬਰ 2025 ਅਤੇ ਜਨਵਰੀ 2026 ਵਿੱਚ ਬ੍ਰਾਇਨ ਤਾਮਾਕੀ ਦੀ ‘ਡੈਸਟਿਨੀ ਚਰਚ’ ਨਾਲ ਜੁੜੇ ਕੁਝ ਲੋਕਾਂ ਨੇ ਨਗਰ ਕੀਰਤਨ ਰੋਕ ਕੇ ‘ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ’ ਦੇ ਨਾਅਰੇ ਲਗਾਏ ਸਨ। ਇਸ ਤਾਜ਼ਾ ਮਿਲਣੀ ਨੇ ਉਨ੍ਹਾਂ ਕੱਟੜਪੰਥੀ ਤੱਤਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਦੋਵਾਂ ਭਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਦੌਰੇ ਦੌਰਾਨ ਜਥੇਦਾਰ ਸਾਹਿਬ ਨੇ ‘ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ’ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨਿਨੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ। ਇੱਥੇ ਸਿੱਖ ਰਵਾਇਤਾਂ ਅਨੁਸਾਰ 1,000 ਤੋਂ ਵੱਧ ਰਾਸ਼ਨ ਕਿੱਟਾਂ ਵੰਡੀਆਂ ਗਈਆਂ, ਜੋ ਲੋੜਵੰਦਾਂ ਪ੍ਰਤੀ ਸਿੱਖਾਂ ਦੀ ਨਿਰਸਵਾਰਥ ਸੇਵਾ ਨੂੰ ਦਰਸਾਉਂਦੀਆਂ ਹਨ।
![]()
