ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਨੇ ਵਿਸ਼ਵ ਅਰਥਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ‘ਹੋਰਮੁਜ਼ ਸਟ੍ਰੇਟ’ ਵਿੱਚ ਜਹਾਜ਼ਾਂ ’ਤੇ ਹਮਲਿਆਂ ਅਤੇ ਅਮਰੀਕਾ ਵੱਲੋਂ ਇਰਾਨੀ ਜਹਾਜ਼ ਜ਼ਬਤ ਕੀਤੇ ਜਾਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਹੁਣ ਏਸ਼ੀਆਈ ਬਾਜ਼ਾਰਾਂ ਵਿੱਚ ਬ੍ਰੈਂਟ ਕਰੂਡ 7 ਫ਼ੀਸਦੀ ਦੇ ਉਛਾਲ ਨਾਲ 95.9 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ।
ਤੇਲ ਬਾਜ਼ਾਰ ਵਿੱਚ ਇਹ ਹਲਚਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਅਮਰੀਕੀ ਨੌਸੈਨਾ ਵੱਲੋਂ ਇੱਕ ਇਰਾਨੀ ਕਾਰਗੋ ਜਹਾਜ਼ ਨੂੰ ਜ਼ਬਤ ਕਰਨ ਦੀ ਪੁਸ਼ਟੀ ਕੀਤੀ ਹੈ। ਹੋਰਮੁਜ਼ ਦੇ ਲਾਂਘੇ ਵਿੱਚ ਦੋ ਭਾਰਤੀ ਜਹਾਜ਼ਾਂ ’ਤੇ ਹਮਲੇ ਹੋਏ ਹਨ। ਇੱਕ ਟੈਂਕਰ ’ਤੇ ਗੋਲੀਬਾਰੀ ਕੀਤੀ ਗਈ, ਜਦੋਂ ਕਿ ਦੂਜੇ ’ਤੇ ਅਣਪਛਾਤਾ ਗੋਲਾ ਲੱਗਿਆ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਦੀਆਂ ਦੋ ਗਨਬੋਟਾਂ ਨੇ ਭਾਰਤੀ ਝੰਡੇ ਵਾਲੇ ਤੇਲ ਟੈਂਕਰ ’ਤੇ ਗੋਲੀਬਾਰੀ ਕੀਤੀ। ਜਹਾਜ਼ ਦੇ ਕਪਤਾਨ ਅਨੁਸਾਰ, ਇਰਾਨੀ ਕਿਸ਼ਤੀਆਂ ਨੇ ਬਿਨਾਂ ਕਿਸੇ ਚਿਤਾਵਨੀ ਜਾਂ ਰੇਡੀਓ ਸੰਪਰਕ ਦੇ ਗੋਲੀਆਂ ਚਲਾਈਆਂ, ਜਿਸ ਨਾਲ ਜਹਾਜ਼ ਦੇ ‘ਬ੍ਰਿਜ’ (ਕੰਟਰੋਲ ਰੂਮ) ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਨਾਲ, ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਰਹੇ। ਇਸ ਘਟਨਾ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਰਾਨੀ ਰਾਜਦੂਤ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ। ਜਿੱਥੇ ਇਸ ਰਸਤੇ ਤੋਂ ਰੋਜ਼ਾਨਾ ਔਸਤਨ 138 ਜਹਾਜ਼ ਗੁਜ਼ਰਦੇ ਸਨ, ਉੱਥੇ ਹੀ ਬੀਤੇ ਦਿਨ ਸਿਰਫ਼ 19-20 ਜਹਾਜ਼ ਹੀ ਲੰਘ ਸਕੇ।
ਇਰਾਨ ਨੇ ਹੋਰਮੁਜ਼ ਦੇ ਲਾਂਘੇ ’ਤੇ ਆਪਣੀ ਪ੍ਰਭੂਸੱਤਾ ਜਤਾਉਂਦੇ ਹੋਏ ਇੱਕ ਨਵੀਂ ਘੋਸ਼ਣਾ ਕੀਤੀ ਹੈ। ਇਰਾਨ ਹੁਣ ਇਸ ਰਸਤੇ ਤੋਂ ਗੁਜ਼ਰਨ ਵਾਲੇ ਤੇਲ ਟੈਂਕਰਾਂ ਤੋਂ 1 ਡਾਲਰ ਪ੍ਰਤੀ ਬੈਰਲ ਦਾ ਟੋਲ ਵਸੂਲੇਗਾ। ਇਹ ਭੁਗਤਾਨ ਸਿਰਫ਼ ਕ੍ਰਿਪਟੋਕਰੰਸੀ ਵਿੱਚ ਲਿਆ ਜਾਵੇਗਾ। ਇਰਾਨ ਦਾ ਤਰਕ ਹੈ ਕਿ ਇਸ ਨਾਲ ਉਹ ਹਥਿਆਰਾਂ ਦੀ ਤਸਕਰੀ ਰੋਕ ਸਕੇਗਾ।
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੇ ਨਾ ਸਿਰਫ਼ ਮਿਡਲ ਈਸਟ (ਮੱਧ ਪੂਰਬ) ਨੂੰ ਦਹਿਲਾ ਦਿੱਤਾ ਹੈ, ਸਗੋਂ ਵਿਸ਼ਵ ਦੀ ਆਰਥਿਕਤਾ ਦੀ ਨੀਂਹ ਵੀ ਹਿਲਾ ਦਿੱਤੀ ਹੈ। ਅੰਤਰਰਾਸ਼ਟਰੀ ਮਾਹਿਰਾਂ ਨੇ ਇੱਕ ਬੇਹੱਦ ਡਰਾਉਣੀ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਜੰਗ ਅੱਜ ਵੀ ਖ਼ਤਮ ਹੋ ਜਾਵੇ, ਤਾਂ ਵੀ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਆਮ ਪੱਧਰ ’ਤੇ ਆਉਣ ਲਈ ਸਾਲ 2030 ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਪਿਛਲੇ 51 ਦਿਨਾਂ ਤੋਂ ਜਾਰੀ ਇਸ ਟਕਰਾਅ ਨੇ ਖਾੜੀ ਦੇਸ਼ਾਂ ਦੇ ਊਰਜਾ ਢਾਂਚੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ:
ਇਰਾਨ ਦਾ ਨੁਕਸਾਨ: ਸਭ ਤੋਂ ਅਹਿਮ ‘ਸਾਊਥ ਪਾਰਸ’ ਗੈਸ ਫੀਲਡ ਅਤੇ ਰਿਫਾਇਨਰੀਆਂ ਠੱਪ ਹਨ। ਇਨ੍ਹਾਂ ਦੀ ਮੁਰੰਮਤ ਵਿੱਚ 5 ਸਾਲ ਲੱਗ ਸਕਦੇ ਹਨ।
ਕਤਰ ਤੇ ਸਾਊਦੀ ਅਰਬ: ਵਿਸ਼ਵ ਦੀ 20% ਗੈਸ ਸਪਲਾਈ ਕਰਨ ਵਾਲੇ ਕਤਰ ਦੇ ‘ਰਾਸ ਲਾਫਾਨ’ ਟਰਮੀਨਲ ਅਤੇ ਸਾਊਦੀ ਅਰਬ-15 ਦੇ ਮੁੱਖ ਪਲਾਂਟਾਂ ’ਤੇ ਹਮਲਿਆਂ ਕਾਰਨ ਉਤਪਾਦਨ ਰੁਕਿਆ ਹੋਇਆ ਹੈ।
ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤੇ ਵਿੱਚ 128 ਤੇਲ ਟੈਂਕਰ ਫਸੇ ਹੋਏ ਹਨ। ਰਸਤਾ ਸਾਫ਼ ਕਰਨ ਵਿੱਚ ਹੀ ਘੱਟੋ-ਘੱਟ 3 ਮਹੀਨੇ ਲੱਗਣਗੇ।
ਰੋਜ਼ਾਨਾ 1.2 ਕਰੋੜ ਬੈਰਲ ਉਤਪਾਦਨ ਪ੍ਰਭਾਵਿਤ
ਮਾਹਿਰਾਂ ਅਨੁਸਾਰ ਮਿਡਲ ਈਸਟ ਵਿੱਚ ਰੋਜ਼ਾਨਾ 1.2 ਕਰੋੜ ਬੈਰਲ ਕੱਚੇ ਤੇਲ ਦਾ ਉਤਪਾਦਨ ਰੁਕ ਗਿਆ ਹੈ। ਤੇਲ ਦੇ ਖੂਹਾਂ ਨੂੰ ਦੁਬਾਰਾ ਚਾਲੂ ਕਰਨਾ ਅਤੇ ਨੁਕਸਾਨੀਆਂ ਪਾਈਪਲਾਈਨਾਂ ਨੂੰ ਠੀਕ ਕਰਨਾ ਇੱਕ ਲੰਬੀ ਅਤੇ ਜਟਿਲ ਪ੍ਰਕਿਰਿਆ ਹੈ, ਜਿਸ ਕਾਰਨ ਸਪਲਾਈ ਚੇਨ ਲੰਬੇ ਸਮੇਂ ਤੱਕ ਪ੍ਰਭਾਵਿਤ ਰਹੇਗੀ।
ਭਾਰਤ ’ਤੇ ਪੈਣ ਵਾਲਾ ਤਿੱਖਾ ਅਸਰ
ਇਹ ਜੰਗ ਸਿਰਫ਼ ਪੈਟਰੋਲ-ਡੀਜ਼ਲ ਤੱਕ ਸੀਮਤ ਨਹੀਂ ਹੈ, ਇਸ ਦਾ ਅਸਰ ਭਾਰਤੀ ਰਸੋਈ ਅਤੇ ਖੇਤੀ ’ਤੇ ਵੀ ਪਵੇਗਾ:
ਯੂਰੀਆ ਦੀਆਂ ਕੀਮਤਾਂ ਵਿੱਚ 65% ਅਤੇ ਅਮੋਨੀਆ ਵਿੱਚ 40% ਦਾ ਵਾਧਾ ਹੋਇਆ ਹੈ। ਭਾਰਤ ਆਪਣੀ 40% ਖਾਦ ਲਈ ਇਸੇ ਖੇਤਰ ’ਤੇ ਨਿਰਭਰ ਹੈ।
ਖਾਦਾਂ ਦੀ ਕੀਮਤ ਵਧਣ ਨਾਲ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣਗੀਆਂ।
ਖਾੜੀ ਦੇਸ਼ਾਂ ਵਿੱਚ ਰਹਿ ਰਹੇ 2 ਕਰੋੜ ਤੋਂ ਵੱਧ ਏਸ਼ੀਆਈ (ਭਾਰਤੀ, ਨੇਪਾਲੀ, ਬੰਗਲਾਦੇਸ਼ੀ) ਸਿੱਧੇ ਖ਼ਤਰੇ ਵਿੱਚ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ਵਿੱਚ 5% ਦੀ ਗਿਰਾਵਟ ਆ ਸਕਦੀ ਹੈ, ਜੋ ਭਾਰਤ ਦੀ ਜੀਡੀਪੀ ਨੂੰ ਪ੍ਰਭਾਵਿਤ ਕਰੇਗੀ।
ਇਹ ਜੰਗ ਸਿਰਫ਼ ਦੋ ਦੇਸ਼ਾਂ ਦੀ ਲੜਾਈ ਨਹੀਂ ਰਹੀ, ਸਗੋਂ ਇਹ ਇੱਕ ਵਿਸ਼ਵਵਿਆਪੀ ਮਾਨਵਤਾਵਾਦੀ ਅਤੇ ਆਰਥਿਕ ਸੰਕਟ ਬਣ ਗਈ ਹੈ, ਜਿਸ ਦੇ ਜ਼ਖ਼ਮ ਭਰਨ ਵਿੱਚ ਅਗਲੇ ਕਈ ਸਾਲ ਲੱਗਣਗੇ। ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਕਈ ਦੇਸ਼ਾਂ ਨੂੰ ਆਪਣੇ ਐਮਰਜੈਂਸੀ ਸਟਾਕ ਕੱਢਣੇ ਪਏ ਹਨ। ਜੇਕਰ ਸਪਲਾਈ ਚੇਨ ਬਹਾਲ ਨਾ ਹੋਈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣਗੀਆਂ। ਬਿਜਲੀ ਅਤੇ ਉਤਪਾਦਨ ਲਾਗਤ ਵਧਣ ਨਾਲ ਮਹਿੰਗਾਈ ਹੋਰ ਵਧੇਗੀ। ਵਿਸ਼ਵ ਆਰਥਿਕ ਮੰਦੀ ਦਾ ਖ਼ਤਰਾ ਹੋਰ ਗੰਭੀਰ ਹੋ ਜਾਵੇਗਾ।
![]()
