ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਰੋਜ਼ਾਨਾ ਤਿਆਰ ਹੁੰਦੈ 2 ਕੁਇੰਟਲ ਪਤਾਸਿਆਂ ਦਾ ਪ੍ਰਸ਼ਾਦਿ

In ਪੰਜਾਬ
April 24, 2026

ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਕੜਾਹ ਪ੍ਰਸ਼ਾਦਿ ਸੰਗਤ ਭੇਟ ਕਰਵਾਉਂਦੀਆਂ ਹਨ, ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਤਾਸਿਆਂ ਦਾ ਪ੍ਰਸ਼ਾਦਿ ਵੀ ਭੇਟਾ ਰਹਿਤ ਦਿੱਤਾ ਜਾਂਦਾ ਹੈ, ਜੋ ਆਪਣੇ ਪਰਿਵਾਰਕ ਮੈਂਬਰਾਂ ਲਈ ਨਾਲ ਲੈ ਕੇ ਜਾਂਦੀਆਂ ਹਨ। ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਪਤਾਸਿਆਂ ਦਾ ਪ੍ਰਸ਼ਾਦਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਨੂੰ ਅਰਦਾਸ ਕਰਵਾਉਣ ਸਮੇਂ ਅਰਦਾਸੀਏ ਸਿੰਘ, ਚੋਰਬਰਦਾਰ ਜਾਂ ਸੇਵਾਦਾਰ ਦਿੰਦੇ ਹਨ। ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਵਾਲੀਆਂ ਸੰਗਤਾਂ ਸ਼ਰਧਾ ਨਾਲ ਅਰਦਾਸ ਕਰਵਾਉਂਦੀਆਂ ਹਨ।
ਅਰਦਾਸ ਕਰਵਾਉਂਣ ਸਮੇਂ ਸੰਗਤ ਵੱਲੋਂ ਕਈ ਪ੍ਰਕਾਰ ਦੀ ਭੇਟਾ ਵੀ ਗੁਰੂ ਸਾਹਿਬ ਨੂੰ ਅਰਪਿਤ ਕੀਤੀਆਂ ਜਾਂਦੀ ਹੈ ਪਰ ਅਰਦਾਸ ਕਰਵਾਉਂਣ ਸਮੇਂ ਅਰਦਾਸੀਏ ਸਿੰਘ, ਚੋਰਬਰਦਾਰ ਸਿੰਘ ਜਾਂ ਸੇਵਾਦਾਰ ਬਖਸ਼ਿਸ਼ ਰੂਪੀ ਪਤਾਸਿਆਂ ਦਾ ਪ੍ਰਸ਼ਾਦਿ ਸੰਗਤਾਂ ਨੂੰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਕੜਾਹ ਪ੍ਰਸ਼ਾਦਿ ਪ੍ਰਬੰਧਕਾਂ ਵੱਲੋਂ ਮਰਿਆਦਾ ਨਾਲ ਤਿਆਰ ਹੁੰਦਾ ਹੈ, ਉਸੇ ਤਰ੍ਹਾਂ ਪਤਾਸਿਆਂ ਦਾ ਪ੍ਰਸ਼ਾਦਿ ਵੀ ਵਿਸ਼ੇਸ਼ ਪ੍ਰਬੰਧ ਅਤੇ ਮਰਿਆਦਾ ਤੇ ਸਾਫ ਸਫਾਈ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਪਤਾਸੇ ਤਿਆਰ ਕਰਨ ਲਈ ਵਿਸ਼ੇਸ਼ ਕਾਰੀਗਰ ਲਾਏ ਗਏ ਹਨ। ਕਾਰੀਗਰ ਇੱਕ ਦਿਨ ਵਿੱਚ 2 ਕੁਇੰਟਲ ਦੇ ਕਰੀਬ ਪਤਾਸੇ ਤਿਆਰ ਕਰਦੇ ਹਨ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਨਤਮਸਤਕ ਹੋਣ ਸਮੇਂ ਅਰਦਾਸ ਕਰਵਾਉਣ ਮੌਕੇ ਬਖਸ਼ਿਸ਼ ਰੂਪ ਵਿੱਚ ਦਿੱਤਾ ਜਾਂਦਾ ਹੈ। ਇਹ ਪ੍ਰਸ਼ਾਦਿ ਲੰਮੇਂ ਸਮੇਂ ਤੱਕ ਰੱਖ ਕੇ ਸੇਵਨ ਕੀਤਾ ਜਾ ਸਕਦਾ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਪਰਿਵਾਰਕ ਮੈਂਬਰਾਂ ਲਈ ਵੀ ਇਹ ਪ੍ਰਸ਼ਾਦਿ ਲੈ ਕੇ ਜਾ ਸਕੇ। ਇਸ ਤੋਂ ਇਲਾਵਾ ਪਿੰਨੀ ਪ੍ਰਸ਼ਾਦਿ ਵੀ ਸੰਗਤ ਲਈ ਉਪਲਬਧ ਹੈ।

Loading