ਸਿਓਸ ਫਾਲਜ਼ (ਅਮਰੀਕਾ)/ਏ.ਟੀ.ਨਿਊਜ਼: ਲੱਖਾਂ ਅਮਰੀਕੀਆਂ ਲਈ ਹੁਣ ਕੈਨੇਡੀਅਨ ਨਾਗਰਿਕਤਾ ਲੈਣ ਦਾ ਰਾਹ ਬਹੁਤ ਸੌਖਾ ਹੋ ਗਿਆ ਹੈ। ਇਸ ਕਾਰਨ ਲੋਕਾਂ ਵਿੱਚ ਆਪਣੇ ਪੁਰਖਿਆਂ ਦੀ ਵਿਰਾਸਤ ਦੀ ਪਛਾਣ ਕਰਨ ਅਤੇ ਦੋਹਰੀ ਨਾਗਰਿਕਤਾ ਲਈ ਕਾਗਜ਼ੀ ਕਾਰਵਾਈ ਕਰਨ ਦੀ ਦੌੜ ਲੱਗ ਗਈ ਹੈ। ਫਾਰਮਿੰਗਟਨ, ਮਿਨੀਸੋਟਾ ਦੇ ਜ਼ੈਕ ਲਾਊਡ ਵਰਗੇ ਵਿਅਕਤੀਆਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਨਵੇਂ ਕਾਨੂੰਨ ਤਹਿਤ ਕੈਨੇਡਾ ਪਹਿਲਾਂ ਹੀ ਉਸ ਨੂੰ ਅਤੇ ਉਸ ਦੇ ਭੈਣ-ਭਰਾਵਾਂ ਨੂੰ ਨਾਗਰਿਕ ਮੰਨਦਾ ਹੈ ਕਿਉਂਕਿ ਉਨ੍ਹਾਂ ਦੀ ਦਾਦੀ ਕੈਨੇਡੀਅਨ ਹੈ। ਉਸ ਨੇ ਕਿਹਾ, ‘‘ਮੈਂ ਤੇ ਮੇਰੀ ਪਤਨੀ ਪਹਿਲਾਂ ਹੀ ਦੇਸ਼ ਤੋਂ ਬਾਹਰ ਨੌਕਰੀਆਂ ਲੱਭਣ ਬਾਰੇ ਵਿਚਾਰ ਕਰ ਰਹੇ ਸੀ ਪਰ ਨਾਗਰਿਕਤਾ ਮਿਲਣ ਦੀ ਸੰਭਾਵਨਾ ਕਾਰਨ ਕੈਨੇਡਾ ਸਾਡੀ ਸੂਚੀ ਵਿੱਚ ਸਭ ਤੋਂ ਉਪਰ ਆ ਗਿਆ ਹੈ।’’
ਨਵਾਂ ਕਾਨੂੰਨ 15 ਦਸੰਬਰ 2025 ਤੋਂ ਲਾਗੂ ਹੋਇਆ ਹੈ। ਅਮਰੀਕਾ ਅਤੇ ਕੈਨੇਡਾ ਦੇ ਇਮੀਗਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਾਗਰਿਕਤਾ ਦੇ ਸਬੂਤ ਵਜੋਂ ਅਰਜ਼ੀਆਂ ਜਮ੍ਹਾਂ ਕਰਾਉਣ ਵਿੱਚ ਮਦਦ ਮੰਗਣ ਵਾਲੇ ਮੁਵੱਕਿਲਾਂ ਦੀ ਭੀੜ ਲੱਗ ਗਈ ਹੈ।
ਜਿਨ੍ਹਾਂ ਕੋਲ ਦਸਤਾਵੇਜ਼ ਤਿਆਰ ਹਨ, ਉਨ੍ਹਾਂ ਲਈ ਨਾਗਰਿਕਤਾ ਦੇ ਸਬੂਤ ਦੀ ਅਰਜ਼ੀ ਫੀਸ ਮੁਕਾਬਲਤਨ ਘੱਟ ਹੈ। ਇਹ ਮਹਿਜ਼ 75 ਕੈਨੇਡੀਅਨ ਡਾਲਰ ਹੈ ਪਰ ਉਨ੍ਹਾਂ ਲੋਕਾਂ ਲਈ ਖ਼ਰਚਾ ਵਧ ਜਾਵੇਗਾ ਜੋ ਕਿਸੇ ਵਕੀਲ ਜਾਂ ਵੰਸ਼ਾਵਲੀ ਮਾਹਰ ਦੀ ਮਦਦ ਲੈ ਰਹੇ ਹਨ। ਬੈੱਡਫੋਰਡ ਦੀ ਮਿਸ਼ੇਲ ਕੁਨਹਾ ਨੇ ਦੱਸਿਆ ਕਿ ਉਸ ਨੇ ਵਕੀਲ ਦੀ ਮਦਦ ਲਈ ਅਤੇ ਉਸ ਦਾ ਲਗਪਗ 6,500 ਡਾਲਰ ਦਾ ਖ਼ਰਚਾ ਆਵੇਗਾ।
![]()
