ਵੁੱਡਸਟੌਕ/ਏ.ਟੀ.ਨਿਊਜ਼: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਵੁੱਡਸਟੌਕ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਅਤੇ ਉਸ ਨਾਲ ਨਸਲੀ ਬਦਸਲੂਕੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਗੋਰੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਚਰਚਾ ਵਿੱਚ ਆਈ ਹੈ। ਵੁੱਡਸਟੌਕ ਪੁਲਿਸ ਅਨੁਸਾਰ, ਇਹ ਘਟਨਾ ਪਿਛਲੇ ਦਿਨੀਂ ਸਵੇਰੇ ਲਗਭਗ 11:35 ਵਜੇ ‘ਟਰਟਲ ਆਈਲੈਂਡ ਸਕੂਲ’ ਦੇ ਨੇੜੇ ਨਾਈਟਸ ਲੇਨ ਇਲਾਕੇ ਵਿੱਚ ਵਾਪਰੀ। ਰਿਪੋਰਟਾਂ ਮੁਤਾਬਕ ਇੱਕ ਸਿੱਖ ਬਜ਼ੁਰਗ ਸੜਕ ਕਿਨਾਰੇ ਪੈਦਲ ਜਾ ਰਹੇ ਸਨ। ਇੱਕ ਨੌਜਵਾਨ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦੀ ਨਸਲ ਨੂੰ ਲੈ ਕੇ ਅਪਸ਼ਬਦ ਬੋਲੇ। ਨੌਜਵਾਨ ਨੇ ਬਜ਼ੁਰਗ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਖੁਸ਼ਕਿਸਮਤੀ ਨਾਲ, ਇਸ ਹਮਲੇ ਵਿੱਚ ਬਜ਼ੁਰਗ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਵਿਰੁੱਧ ਹਮਲਾ, ਜਾਨੋਂ ਮਾਰਨ ਜਾਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣਾ,ਅਪਰਾਧਿਕ ਤੌਰ ’ਤੇ ਪਰੇਸ਼ਾਨ ਕਰਨਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਕਾਰਨ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸੰਸਥਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਭਾਈਚਾਰੇ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਦਾ ਹਿੱਸਾ ਹਨ। ਉਨ੍ਹਾਂ ਨੇ ਪੁਲਿਸ ਦੀ ਤੁਰੰਤ ਕਾਰਵਾਈ ਦਾ ਧੰਨਵਾਦ ਕੀਤਾ ਅਤੇ ਸਰਕਾਰ ਤੋਂ ਸਿਸਟਮੈਟਿਕ ਬਦਲਾਅ ਦੀ ਮੰਗ ਕੀਤੀ ਤਾਂ ਜੋ ਅਜਿਹੇ ਨਫ਼ਰਤੀ ਹਮਲਿਆਂ ਨੂੰ ਰੋਕਿਆ ਜਾ ਸਕੇ। ਪੁਲਿਸ ਅਨੁਸਾਰ ਸਾਡੇ ਭਾਈਚਾਰੇ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਅਸੀਂ ਹਰ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹਾਂ ਅਤੇ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੁੱਡਸਟੌਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਦੀ ਹੋਰ ਵੀਡੀਓ ਫ਼ੁਟੇਜ ਜਾਂ ਜਾਣਕਾਰੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਜਾਰੀ ਕੀਤੀ ਗਈ ‘ਕੈਨੇਡਾ ਵਿੱਚ ਸਿੱਖ ਵਿਰੋਧੀ ਨਫ਼ਰਤ ਨੂੰ ਸਮਝਣਾ ਅਤੇ ਹੱਲ ਕਰਨਾ’ ਨਾਮਕ ਰਿਪੋਰਟ ਮੁਤਾਬਕ, ਦੇਸ਼ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਰਿਪੋਰਟ ਪੂਰੇ ਕੈਨੇਡਾ ਵਿੱਚ ਕੀਤੇ ਗਏ ਸਰਵੇਖਣਾਂ ਅਤੇ 1,600 ਤੋਂ ਵੱਧ ਪ੍ਰਤੀਕਿਰਿਆਵਾਂ ’ਤੇ ਅਧਾਰਿਤ ਹੈ। 80 ਫ਼ੀਸਦੀ ਤੋਂ ਵੱਧ ਲੋਕਾਂ ਨੇ ਮੰਨਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਵਿਤਕਰੇ ਦੀਆਂ ਘਟਨਾਵਾਂ ਵਧੀਆਂ ਹਨ।?65 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਬਾਨੀ ਤੌਰ ’ਤੇ ਪਰੇਸ਼ਾਨ ਕੀਤਾ ਗਿਆ ਜਾਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। 91 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ‘ਸਿੱਖ ਪਛਾਣ’ (ਜਿਵੇਂ ਕਿ ਦਸਤਾਰ, ਕੜਾ ਜਾਂ ਸਿਰ ਢਕਣ ਕਰਕੇ) ਕਾਰਨ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਇਹ ਹੋਇਆ ਹੈ ਕਿ 70 ਫ਼ੀਸਦੀ ਪੀੜਤਾਂ ਨੇ ਆਪਣੇ ਨਾਲ ਹੋਈ ਨਫ਼ਰਤ ਦੀ ਘਟਨਾ ਬਾਰੇ ਪੁਲਿਸ ਜਾਂ ਕਿਸੇ ਸੰਸਥਾ ਨੂੰ ਸ਼ਿਕਾਇਤ ਨਹੀਂ ਕੀਤੀ। ਇਸ ਦੇ ਕਾਰਨ ਸੰਸਥਾਵਾਂ ਅਤੇ ਪੁਲਿਸ ’ਤੇ ਭਰੋਸਾ ਨਾ ਹੋਣਾ ਹੈ। ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਸਥਿਤੀ ਨੂੰ ਲੈ ਕੇ ਡਰਦੇ ਹਨ। ਨਸਲਵਾਦ ਜਾਂ ਨਫ਼ਰਤ ਨੂੰ ਸਾਬਤ ਕਰਨਾ ਇੱਕ ਮਾਨਸਿਕ ਬੋਝ ਬਣ ਜਾਂਦਾ ਹੈ। ਵਰਲਡ ਸਿੱਖ ਆਰਗੇਨਾਜੇਸ਼ਨ ਦੇ ਬੀ.ਸੀ. ਖੇਤਰੀ ਅਧਿਕਾਰੀ ਗੁਰਜੀਤ ਸਿੰਘ ਨੇ ਕਿਹਾ ਕਿ ਸਿੱਖ ਕੈਨੇਡਾ ਵਿੱਚ ਇੱਕ ਸਦੀ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਫ਼ਿਰ ਵੀ ਅਜਿਹਾ ਵਿਤਕਰਾ ਹੋਣਾ ਹੈਰਾਨੀਜਨਕ ਹੈ। ਸੰਸਥਾ ਨੇ ਸਰਕਾਰ ਨੂੰ ਹੇਠ ਲਿਖੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ:
ਕੈਨੇਡਾ ਦੀ ਰਾਸ਼ਟਰੀ ਨਸਲਵਾਦ ਵਿਰੋਧੀ ਰਣਨੀਤੀ ਵਿੱਚ ‘ਸਿੱਖ ਵਿਰੋਧੀ ਨਫ਼ਰਤ’ ਦੀ ਰਸਮੀ ਪਰਿਭਾਸ਼ਾ ਸ਼ਾਮਲ ਕੀਤੀ ਜਾਵੇ।
ਨਫ਼ਰਤੀ ਅਪਰਾਧਾਂ ਦੀ ਰਿਪੋਰਟਿੰਗ ਵਿੱਚ ਸਿੱਖਾਂ ਲਈ ਇੱਕ ਵੱਖਰੀ ਸ਼੍ਰੇਣੀ ਬਣਾਈ ਜਾਵੇ।
ਪੁਲਿਸ ਅਤੇ ਜਨਤਕ ਸੇਵਕਾਂ ਲਈ ਵਿਸ਼ੇਸ਼ ਸਿਖਲਾਈ ਅਤੇ ਜਨਤਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ।
ਫ਼ਰੇਜ਼ਰ ਵੈਲੀ ਵਰਗੇ ਇਲਾਕਿਆਂ ਵਿੱਚ, ਜਿੱਥੇ ਸਿੱਖਾਂ ਦੀ ਵੱਡੀ ਆਬਾਦੀ ਹੈ, ਪੁਲਿਸ ਕੋਲ ਦਰਜ ਹੋਣ ਵਾਲੇ ਨਫ਼ਰਤੀ ਅਪਰਾਧਾਂ ਦੀ ਦਰ ਰਾਸ਼ਟਰੀ ਔਸਤ ਨਾਲੋਂ ਵੀ ਉੱਪਰ ਚਲੀ ਗਈ ਹੈ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
![]()
