ਅਮਰੀਕਾ ਵਿੱਚ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਲਈ ਵੱਡਾ ਕਦਮ

In ਅਮਰੀਕਾ
May 05, 2026

ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਸੰਸਦ ਵਿੱਚ ਇੱਕ ਅਹਿਮ ਦੋ-ਪੱਖੀ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਸ ਬਿੱਲ ਨੂੰ ਸੈਕਰਡ ਐਕਟ ਦਾ ਨਾਂਅ ਦਿੱਤਾ ਗਿਆ ਹੈ।
ਨਿਊਯਾਰਕ ਤੋਂ ਡੈਮੋਕ੍ਰੇਟਿਕ ਸੰਸਦ ਮੈਂਬਰ ਟਾਮ ਸੁਓਜੀ ਅਤੇ ਓਹਾਇਓ ਤੋਂ ਰਿਪਬਲਿਕਨ ਸੰਸਦ ਮੈਂਬਰ ਮੈਕਸ ਮਿਲਰ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਵਿੱਚ ਕੁਝ ਸਖ਼ਤ ਨਿਯਮ ਤਜਵੀਜ਼ ਕੀਤੇ ਗਏ ਹਨ:
ਕਿਸੇ ਵੀ ਪੂਜਾ ਸਥਾਨ ਦੇ ਆਲੇ-ਦੁਆਲੇ 100 ਫ਼ੁੱਟ ਦਾ ‘ਬਫ਼ਰ ਜ਼ੋਨ’ ਬਣਾਇਆ ਜਾਵੇਗਾ।
ਇਸ ਘੇਰੇ ਦੇ ਅੰਦਰ ਸ਼ਰਧਾਲੂਆਂ ਨੂੰ ਡਰਾਉਣਾ, ਧਮਕਾਉਣਾ ਜਾਂ ਉਨ੍ਹਾਂ ਦਾ ਰਸਤਾ ਰੋਕਣਾ ਹੁਣ ‘ਫ਼ੈਡਰਲ ਔਫ਼ੈਂਸ’ (ਸੰਘੀ ਅਪਰਾਧ) ਮੰਨਿਆ ਜਾਵੇਗਾ।
ਜੇਕਰ ਕੋਈ ਵਿਅਕਤੀ ਕਿਸੇ ਸ਼ਰਧਾਲੂ ਦੇ 8 ਫ਼ੁੱਟ ਦੇ ਘੇਰੇ ਵਿੱਚ ਜਾ ਕੇ ਉਸ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਉਂ ਪਈ ਇਸ ਕਾਨੂੰਨ ਦੀ ਲੋੜ?
ਪਿਛਲੇ ਕੁਝ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹਿੰਸਕ ਪ੍ਰਦਰਸ਼ਨਾਂ ਅਤੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸੰਸਦ ਮੈਂਬਰ ਟਾਮ ਸੁਓਜੀ ਨੇ ਕਿਹਾ ਕਿ, ਕਿਸੇ ਵੀ ਵਿਅਕਤੀ ਨੂੰ ਆਪਣੇ ਪੂਜਾ ਸਥਾਨ ’ਤੇ ਜਾਂਦੇ ਹੋਏ ਡਰ ਮਹਿਸੂਸ ਨਹੀਂ ਹੋਣਾ ਚਾਹੀਦਾ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਈਏ।
ਇਸ ਇਤਿਹਾਸਕ ਬਿੱਲ ਦਾ ਹਿੰਦੂ ਅਮਰੀਕਨ ਫ਼ਾਊਂਡੇਸ਼ਨ ਅਤੇ ਯੂਨਾਈਟਿਡ ਸਿੱਖਸ ਵਰਗੀਆਂ ਵੱਡੀਆਂ ਸੰਸਥਾਵਾਂ ਨੇ ਸਵਾਗਤ ਕੀਤਾ ਹੈ। ਹਿੰਦੂ ਅਮਰੀਕਨ ਫ਼ਾਊਂਡੇਸ਼ਨ ਦੇ ਡਾਇਰੈਕਟਰ ਸਮੀਰ ਕਾਲਰਾ ਨੇ ਕਿਹਾ ਕਿ ਇਹ ਕਦਮ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।

Loading