ਈ.ਡੀ ਵੱਲੋਂ ਮੰਤਰੀ ਸੰਜੀਵ ਅਰੋੜਾ ਗਿ੍ਰਫ਼ਤਾਰ

In ਪੰਜਾਬ
May 09, 2026

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਈਡੀ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਦਾ ਦਾਅਵਾ ਹੈ ਕਿ ਈਡੀ ਦੀ ਟੀਮ ਨੇ ਅਰੋੜਾ ਤੋਂ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਦਿੱਲੀ ਲਿਜਾਇਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਈਡੀ ਦੀਆਂ ਟੀਮਾਂ ਨੇ ਚੰਡੀਗੜ੍ਹ ਸਥਿਤ ਸੈਕਟਰ-2 ਰਿਹਾਇਸ਼ ਸਮੇਤ ਦਿੱਲੀ, ਗੁਰੂਗ੍ਰਾਮ ਅਤੇ ਹੋਰ ਟਿਕਾਣਿਆਂ ’ਤੇ ਇਕੋ ਸਮੇਂ ਛਾਪੇਮਾਰੀ ਸ਼ੁਰੂ ਕੀਤੀ ਸੀ। ਕਾਰਵਾਈ ਦੌਰਾਨ ਸੀ.ਆਈ.ਐਸ.ਐਫ ਅਤੇ ਸੀ.ਆਰ.ਪੀ.ਐਫ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਰਹੇ। ਟੀਮਾਂ ਨੇ ਕਈ ਘੰਟਿਆਂ ਤੱਕ ਵਿੱਤੀ ਦਸਤਾਵੇਜ਼ਾਂ, ਕਾਰੋਬਾਰੀ ਲੈਣ-ਦੇਣ ਅਤੇ ਡਿਜੀਟਲ ਰਿਕਾਰਡ ਦੀ ਜਾਂਚ ਕੀਤੀ।
ਸੂਤਰਾਂ ਅਨੁਸਾਰ, ਇਹ ਕਾਰਵਾਈ ਕਥਿਤ ਫਰਜ਼ੀ ਜੀਐਸਟੀ ਖਰੀਦ, ਮਨੀ ਲਾਂਡਰਿੰਗ ਅਤੇ ਨਿਰਯਾਤ ਨਾਲ ਜੁੜੇ ਲੈਣ-ਦੇਣ ਦੀ ਜਾਂਚ ਦੇ ਤਹਿਤ ਕੀਤੀ ਗਈ ਹੈ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਮੋਬਾਈਲ ਫੋਨ ਕਾਰੋਬਾਰ ਨਾਲ ਜੁੜੇ ਫਰਜ਼ੀ ਬਿੱਲਾਂ ਰਾਹੀਂ ਕਰੋੜਾਂ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਅਤੇ ਜੀਐਸਟੀ ਰਿਫੰਡ ਦਾ ਲਾਭ ਲਿਆ ਗਿਆ। ਮਾਮਲੇ ਵਿੱਚ ਦੁਬਈ ਨਾਲ ਜੁੜੇ ਕਥਿਤ ਫੰਡ ਟ੍ਰਾਂਜੈਕਸ਼ਨ ਅਤੇ ਰਾਊਂਡ ਟਿ੍ਰਪਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦਿਨ ਭਰ ਚੱਲੀ ਕਾਰਵਾਈ ਤੋਂ ਬਾਅਦ ਦੇਰ ਸ਼ਾਮ ਇਹ ਚਰਚਾ ਤੇਜ਼ ਹੋ ਗਈ ਕਿ ਈਡੀ ਨੇ ਸੰਜੀਵ ਅਰੋੜਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ, ਅਧਿਕਾਰਤ ਪੱਧਰ ’ਤੇ ਨਾ ਤਾਂ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਅਤੇ ਨਾ ਹੀ ਕੋਈ ਵਿਸਥਾਰਤ ਬਿਆਨ ਜਾਰੀ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਈਡੀ ਅਰੋੜਾ ਨੂੰ ਅਗਲੇਰੀ ਪੁੱਛਗਿੱਛ ਲਈ ਦਿੱਲੀ ਲਿਜਾ ਸਕਦੀ ਹੈ।
ਈਡੀ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵੀ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ, ਜਦੋਂਕਿ ਵਿਰੋਧੀ ਧਿਰ ਲਗਾਤਾਰ ਸਰਕਾਰ ’ਤੇ ਨਿਸ਼ਾਨਾ ਸਾਧ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕੇਂਦਰ ਸਰਕਾਰ ਅਤੇ ਭਾਜਪਾ ’ਤੇ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਾ ਚੁੱਕੇ ਹਨ। ਦੂਜੇ ਪਾਸੇ, ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਹੋ ਰਹੀ ਹੈ ਤਾਂ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।

Loading