ਚਿਰੋਕਣੀ ਰਿਸੈਪਸ਼ਨ ਪਾਰਟੀ

ਅਵਤਾਰ ਐਸ. ਸੰਘਾ

‘‘ਇਨ੍ਹਾਂ ਨੂੰ ਪੁੱਛੋ, ਇਹ ਅੱਜ ਵੀ ਮੋਟਰਸਾਈਕਲ ’ਤੇ ਆਏ ਹਨ ਜਾਂ…?’’ ਟੈਲੀਫੋਨ ’ਤੇ ਮੈਨੂੰ ਪਾਲਾਂ ਦੀ ਆਵਾਜ਼ ਸੁਣ ਗਈ ਜਿਹੜੀ ਉਸ ਨੇ ਆਪਣੇ ਘਰਵਾਲੇ ਕੁਲਦੀਪ ਨੂੰ ਮੇਰਾ ਫੋਨ ਸੁਣ ਰਹੇ ਨੂੰ ਕਹੀ। ਪਾਲਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਹੀ ਉਹਦਾ ਅਧਿਆਪਕ ਹਾਂ, ਜਿਸ ਦਾ ਮੋਟਰਸਾਈਕਲ ਉਸ ਦੇ ਪਿਤਾ ਕਿਰਪਾਲ ਸਿੰਘ ਨੇ ਉਸ ਨੂੰ ਜਵਾਨੀ ਵਿੱਚ ਕੁਲਦੀਪ ਨਾਲ ਦੌੜ ਗਈ ਨੂੰ ਲੱਭਣ ਵਿੱਚ ਵਰਤਿਆ ਸੀ।
‘‘ਕੁਲਦੀਪ, ਤੇਰੀ ਘਰਵਾਲੀ ਮੇਰੇ ਨਾਲ ਐਵੇਂ ਮੋਟਰਸਾਈਕਲ ਦਾ ਜ਼ਿਕਰ ਕਰਕੇ ਢੁੱਚਰਾਂ ਭੇੜੀ ਜਾਂਦੀ ਏ। ਮੇਰੇ ਮੋਟਰਸਾਈਕਲ ਨੇ ਤਾਂ ਉਦੋਂ ਤੁਹਾਡਾ ਫਾਇਦਾ ਹੀ ਕੀਤਾ ਸੀ। ਤੁਸੀਂ ਭਲੀ ਭਾਂਤ ਲੱਭ ਗਏ ਸੀ। ਰਿਪੋਰਟ ਦਰਜ ਹੋਣੋਂ ਬਚ ਗਈ ਸੀ। ਨਹੀਂ ਤਾਂ ਪੁਲਿਸ ਨੇ ਤੁਹਾਨੂੰ ਫੜ ਕੇ ਜ਼ਲੀਲ ਕਰਨਾ ਸੀ। ਸਾਰੇ ਇਲਾਕੇ ’ਚ ਬਹੁਤ ਬੇਇੱਜ਼ਤੀ ਹੋ ਜਾਣੀ ਸੀ। ਜਿਹੜੀ ਕੁੜੀ ਇੱਕ ਵਾਰੀ ਪੁਲਿਸ ਹਿਰਾਸਤ ਵਿੱਚ ਹੋ ਆਵੇ ਉਹਨੂੰ ਤਾਂ ਸਾਡਾ ਸਮਾਜ ਚੱਜ ਨਾਲ ਅਪਣਾਉਂਦਾ ਹੀ ਨਹੀਂ। ਮੁੜ ਘਿੜ ਕੇ ਖੋਤੀ ਫਿਰ ਵੀ ਉਸੇ ਬੋਹੜ ਥੱਲੇ ਆਉਣੀ ਸੀ ਜਿਸ ਥੱਲੇ ਮੇਰੇ ਮੋਟਰਸਾਈਕਲ ਨੇ ਜਲਦੀ ਲੈ ਆਂਦੀ ਸੀ।’’ ਮੈਂ ਕੈਨੇਡਾ ਵਿੱਚ ਸਰੀ ਪਹੁੰਚ ਕੇ ਤੀਜੇ ਕੁ ਦਿਨ ਕੁਲਦੀਪ ਨਾਲ ਫੋਨ ’ਤੇ ਇਵੇਂ ਗੱਲ ਕੀਤੀ ਸੀ। ਉਸ ਦਾ ਨੰਬਰ ਮੈਨੂੰ ਸਰੀ ਵਿੱਚ ਹੀ ਰਹਿੰਦੇ ਮੇਰੇ ਇੱਕ ਪੁਰਾਣੇ ਵਿਦਿਆਰਥੀ ਗੁਰੀ ਨੇ ਦਿੱਤਾ ਸੀ।
ਕੁਲਦੀਪ ਤੇ ਪਾਲਾਂ ਡੈਲਟਾ ਵਿਖੇ 40 ਸਾਲ ਤੋਂ ਰਹਿ ਰਹੇ ਸਨ। ਕੈਨੇਡਾ ਪਹੁੰਚਣ ਤੋਂ ਪਹਿਲਾਂ ਦੀ ਇਨ੍ਹਾਂ ਦੀ ਕਹਾਣੀ ਅਜੀਬ ਜਿਹੀ ਹੀ ਸੀ। ਕੁਲਦੀਪ ਮੇਰੇ ਕਸਬੇ ਵਿੱਚ ਟਰੈਵਲ ਏਜੰਟ ਹੁੰਦਾ ਸੀ। ਉਹ ਮੇਰਾ ਇਸ ਕਰਕੇ ਵਾਕਫ਼ ਸੀ ਕਿਉਂਕਿ ਉਹ ਕਿਸੇ ਵੇਲੇ ਮੇਰੇ ਨੇੜੇ ਤੇੜੇ ਹੀ ਪੜ੍ਹਦਾ ਹੁੰਦਾ ਸੀ। ਜਦ ਮੈਂ ਚਾਰ ਕੁ ਸਾਲ ਐੱਮ. ਏ. ਤੱਕ ਲਗਾ ਕੇ ਉਸ ਦੇ ਕਸਬੇ ਦੇ ਇੱਕ ਡਿਗਰੀ ਕਾਲਜ ਵਿੱਚ ਲੈਕਚਰਾਰ ਆ ਲੱਗਾ ਸਾਂ ਉਦੋਂ ਪਾਲਾਂ ਇਸ ਕਾਲਜ ਵਿੱਚ ਮੇਰੀ ਵਿਦਿਆਰਥਣ ਸੀ। ਪਾਲਾਂ ਦਾ ਟੱਬਰ ਮੈਨੂੰ ਜਾਣਦਾ ਹੀ ਸੀ। ਕੁਲਦੀਪ ਦੀ ਵੀ ਮੇਰੇ ਨਾਲ ਹੈਲੋ ਹੈਲੋ ਹੁੰਦੀ ਹੀ ਸੀ। ਉਸ ਦੀ ਟਰੈਵਲ ਏਜੰਸੀ ਦੇ ਨਾਲ ਲੱਗਦਾ ਇੱਕ ਤਾਬਿਆਦਾਰ ਕਮਰਸ਼ੀਅਲ ਕਾਲਜ ਹੋਇਆ ਕਰਦਾ ਸੀ, ਜਿੱਥੇ ਹਰ ਵਕਤ 15-20 ਲੜਕੇ-ਲੜਕੀਆਂ ਟਾਈਪ ਤੇ ਸ਼ਾਰਟਹੈਂਡ ਸਿੱਖਦੇ ਰਹਿੰਦੇ ਸਨ। ਕੁਲਦੀਪ ਦੀ ਹਰ ਸਮੇਂ ਕੋਸ਼ਿਸ਼ ਹੋਇਆ ਕਰਦੀ ਸੀ ਕਿ ਮੌਕਾ ਮਿਲਦੇ ਸਾਰ ਹੀ ਇਕਦਮ ਕਿਸੇ ਬਾਹਰਲੇ ਮੁਲਕ ਨੂੰ ਦੌੜ ਜਾਇਆ ਜਾਵੇ। ਟਰੈਵਲ ਏਜੰਸੀ ਦਾ ਕੰਮ ਤਾਂ ਉਹ ਆਪਣੇ ਕਿਸੇ ਅਸਿਸਟੈਂਟ ਨੂੰ ਵੀ ਸੰਭਾਲ ਸਕਦਾ ਸੀ।
ਕੁਲਦੀਪ ਦੀ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਥੋੜ੍ਹੀ ਜਿਹੀ ਜ਼ਮੀਨ ਸੀ, ਉਹ ਵੀ ਉੱਪਰ ਨੀਮ ਪਹਾੜੀ ਇਲਾਕੇ ਵਿੱਚ। ਵੈਸੇ ਮੁੰਡਾ ਉਹ ਸਡੌਲ, ਸਮਾਰਟ ਤੇ ਸਿਹਤਮੰਦ ਸੀ। ਉਹਦੀ ਕੋਸ਼ਿਸ਼ ਇਹੀ ਹੁੰਦੀ ਸੀ ਕਿ ਕੋਈ ਬਾਹਰਲੀ ਅਸਾਮੀ ਕਾਬੂ ਕਰਕੇ ਵਿਆਹ ਦੇ ਆਧਾਰ ’ਤੇ ਇੰਗਲੈਂਡ ਜਾਂ ਕੈਨੇਡਾ ਚਲਾ ਜਾਵੇ। ਲੜਕੀ ਲੱਭਣ ਲਈ ਉਹ ਨਾਲ ਲੱਗਦੇ ਕਮਰਸ਼ੀਅਲ ਕਾਲਜ ’ਤੇ ਵੀ ਨਿਗ੍ਹਾ ਰੱਖਦਾ ਹੁੰਦਾ ਸੀ। ਉਦੋਂ ਕੰਪਿਊਟਰ ਅਜੇ ਆਏ ਨਹੀਂ ਸਨ। ਹਰ ਦਸਵੀਂ ਪਾਸ ਕਰ ਗਏ ਬੱਚੇ ਦੀ ਦਿਲਚਸਪੀ ਟਾਈਪ ਤੇ ਸ਼ਾਰਟਹੈਂਡ ਸਿੱਖਣ ਦੀ ਹੁੰਦੀ ਸੀ। ਟਾਈਪ ਤੇ ਸ਼ਾਰਟਹੈਂਡ ਸਿੱਖਦੀਆਂ ਲੜਕੀਆਂ ਵੀ ਹਰ ਸੰਪਰਕ ਵਿੱਚ ਆਉਣ ਵਾਲੇ ਲੜਕੇ ਨੂੰ ਚੰਗੀ ਤਰ੍ਹਾਂ ਨਿਹਾਰਦੀਆਂ ਰਹਿੰਦੀਆਂ ਸਨ। ਕੁਲਦੀਪ ਨੇ ਬੀ. ਏ. ਕਰ ਲਈ ਸੀ। ਬਹੁਤੇ ਟਾਈਪ ਸਿੱਖਣ ਵਾਲੇ ਲੜਕੇ ਮੈਟ੍ਰਿਕ ਪਾਸ ਹੀ ਹੋਇਆ ਕਰਦੇ ਸਨ।
ਕੁਲਦੀਪ ਲਈ ਨਿੱਤ ਦਿਨ ਦਿਵਾਲੀ ਵਾਂਗ ਹੀ ਸੀ ਕਿਉਂਕਿ ਉਹ ਪੜਿ੍ਹਆ ਵੀ ਵੱਧ ਸੀ ਤੇ ਉਹ ਕਾਰੋਬਾਰ ਵੀ ਅਜਿਹਾ ਕਰਦਾ ਸੀ ਜਿਸ ਨਾਲ ਬਾਹਰ ਨੂੰ ਜਾਣ ਦਾ ਆਧਾਰ ਤਿਆਰ ਹੁੰਦਾ ਸੀ। ਸ਼ਹਿਰ ਵਿੱਚ ਦੋ ਕਿੱਤਿਆਂ ਦੇ ਬੰਦੇ ਸਭ ਤੋਂ ਵੱਧ ਟੌਹਰੀ ਹੋਇਆ ਕਰਦੇ ਸਨ- ਟਰੈਵਲ ਏਜੰਟ ਤੇ ਫੋਟੋਗ੍ਰਾਫਰ। ਤੀਜੇ ਨੰਬਰ ’ਤੇ ਵੰਗਾਂ-ਚੂੜੀਆਂ ਵੇਚਣ ਵਾਲੇ ਵਣਜਾਰੇ ਹੋਇਆ ਹੁੰਦੇ ਸਨ। ਫ਼ਰਕ ਇਹ ਸੀ ਕਿ ਵਣਜਾਰੇ ਪੜ੍ਹੇ ਲਿਖੇ ਬਹੁਤ ਘੱਟ ਸਨ। ਕੁੜੀਆਂ ਦੇ ਪੂਰ ਕਮਰਸ਼ੀਅਲ ਕਾਲਜ ਵਿੱਚ ਆਈ ਜਾਂਦੇ ਸਨ ਤੇ ਜਾਈ ਜਾਂਦੇ ਸਨ। ਮੂਹਰੇ ਕਚਹਿਰੀ ਸੀ। ਉੱਥੋਂ ਵੀ ਕਈ ਲੋਕ ਆਪਣੇ ਕਾਗਜ਼ ਪੱਤਰ ਟਾਈਪ ਕਰਵਾਉਣ ਲਈ ਕਮਰਸ਼ੀਅਲ ਕਾਲਜ ਹੀ ਆਉਂਦੇ ਸਨ ਕਿਉਂਕਿ ਉਦੋਂ ਫੋਟੋ ਸਟੇਟ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਬਹੁਤੇ ਮਾਪੇ ਲੜਕੀਆਂ ਦੀ ਉਚੇਰੀ ਸਿੱਖਿਆ ਤੋਂ ਕੰਨੀ ਕਤਰਾਉਂਦੇ ਸਨ। ਮਾਡਲ ਤੇ ਨਮੂਨੇ ਦੇ ਅੰਗਰੇਜ਼ੀ ਸਕੂਲ ਅਜੇ ਛੋਟੇ ਕਸਬਿਆਂ ਤੱਕ ਨਹੀਂ ਪਹੁੰਚੇ ਸਨ। ਮਾਪਿਆਂ ਦੀ ਕੋਸ਼ਿਸ਼ ਸੀ ਕਿ ਲੜਕੀ ਨੂੰ ਟਾਈਪ ਤੇ ਸ਼ਾਰਟਹੈਂਡ ਦਾ ਕੋਰਸ ਕਰਾ ਕੇ ਕਿਸੇ ਮਹਿਕਮੇ ਵਿੱਚ ਕਲਰਕ ਲਗਾ ਕੇ ਉਹਦਾ ਵਿਆਹ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਇਆ ਜਾਵੇ।
ਧਿਆਨਪੁਰੀਆਂ ਉਦੈ ਸਿੰਘ ਇਸ ਕਾਲਜ ਦਾ ਮਾਲਕ ਸੀ। ਕੁਲਦੀਪ ਕਦੀ ਕਦੀ ਉਦੈ ਸਿੰਘ ਦੇ ਕੋਲ ਉਸ ਦੇ ਕਾਲਜ ਵਿੱਚ ਆ ਕੇ ਵੀ ਬੈਠ ਜਾਇਆ ਕਰਦਾ ਸੀ। ਦਿਨ ਵਿੱਚ ਇੱਕ-ਦੋ ਵਾਰ ਇਕੱਠੇ ਚਾਹ ਵੀ ਪੀ ਲਿਆ ਕਰਦੇ ਸਨ। ਨਾਲੇ ਕੁਲਦੀਪ ਧਿਆਨ ਰੱਖਦਾ ਸੀ ਕਿ ਕਿਹੜੀ ਕੁੜੀ ਕਿਹੜੇ ਪਿੰਡ ਤੋਂ ਆ ਰਹੀ ਹੁੰਦੀ ਸੀ, ਉਹਦੀ ਬਰਾਦਰੀ ਕੀ ਸੀ ਤੇ ਉਹ ਇਸ ਕੋਰਸ ਤੋਂ ਇਲਾਵਾ ਕਿਸੇ ਕਾਲਜ ਵਿੱਚ ਰੈਗੂਲਰ ਪੜ੍ਹਾਈ ਵੀ ਕਰ ਰਹੀ ਹੁੰਦੀ ਸੀ ਜਾਂ ਨਹੀਂ। ਸਾਰੀਆਂ ਕੁੜੀਆਂ ਨੂੰ ਨਿਹਾਰ ਕੇ ਆਖਰ ਕੁਲਦੀਪ ਇਸ ਸਿੱਟੇ ’ਤੇ ਪਹੁੰਚਿਆ ਕਿ ਪਾਲਾਂ ਬਾਰੇ ਪੂਰਾ ਪਤਾ ਲਿਆ ਜਾਵੇ। ਉਦੈ ਸਿੰਘ ਤੋਂ ਉਸ ਨੇ ਇਸ ਗੱਲ ਦਾ ਲਕੋਅ ਹੀ ਰੱਖਿਆ। ਕਚਹਿਰੀ ਤੋਂ ਇੱਥੇ ਨੂੰ ਆਉਂਦੇ ਹੋਏ ਦੋ ਕੁ ਬੰਦਿਆਂ ਰਾਹੀਂ ਉਸ ਨੇ ਪਾਲਾਂ ਬਾਰੇ ਪੂਰਾ ਪਤਾ ਕਰ ਲਿਆ। ਕੁਲਦੀਪ ਨੂੰ ਪਤਾ ਲੱਗਾ ਕਿ ਪਾਲਾਂ ਦੀ ਬੜੀ ਭੈਣ ਕੈਨੇਡਾ ਗਈ ਹੋਈ ਸੀ। ਉਸ ਦਾ ਇੱਕ ਭਰਾ ਸੀ ਜੋ ਉਸ ਤੋਂ ਛੋਟਾ ਸੀ ਤੇ ਅਜੇ ਸਕੂਲ ਦੇ ਆਖਰੀ ਸਾਲਾਂ ਦੀ ਪੜ੍ਹਾਈ ਕਰ ਰਿਹਾ ਸੀ।
ਪਾਲਾਂ ਦਾ ਟੱਬਰ ਰਸਾਲਦਾਰਾਂ ਦਾ ਟੱਬਰ ਕਹਿਲਾਉਂਦਾ ਸੀ। ਪਿਓ ਬਖਤਾਵਰ ਸਿੰਘ ਰਸਾਲਦਾਰ ਸੀ। ਮਾਂ-ਪਿਓ ਇੱਕ ਵਾਰ ਆਪਣੀ ਵੱਡੀ ਲੜਕੀ ਕੋਲ ਕੈਨੇਡਾ ਵੀ ਗੇੜਾ ਮਾਰ ਆਏ ਸਨ। ਜੇ ਵਿਚੋਲਾ ਵਿੱਚ ਪਾਇਆ ਜਾਂਦਾ ਤਾਂ ਕੁਲਦੀਪ ਦੀ ਗੱਲ ਨਹੀਂ ਬਣਨੀ ਸੀ ਕਿਉਂਕਿ ਕੁਲਦੀਪ ਰਸਾਲਦਾਰਾਂ ਦੇ ਮੁਕਾਬਲੇ ਸਾਧਾਰਨ ਪਰਿਵਾਰ ’ਚੋਂ ਸੀ। ਹਾਂ, ਬਰਾਦਰੀ ਦੋਹਾਂ ਟੱਬਰਾਂ ਦੀ ਜੱਟ ਸਿੱਖ ਹੀ ਸੀ। ਪਾਲਾਂ ਪੂਰੀ ਪੜ੍ਹਾਈ ਉਸੇ ਲੋਕਲ ਕਾਲਜ ਵਿੱਚ ਕਰ ਰਹੀ ਸੀ ਜਿੱਥੇ ਮੈਂ ਅੰਗਰੇਜ਼ੀ ਪੜ੍ਹਾਉਂਦਾ ਸਾਂ। ਇੱਕ ਵਾਰ ਕੁਲਦੀਪ ਕਾਲਜ ਵੀ ਆਇਆ ਸੀ।
‘‘ਸਰ ਜੀ, ਸਤਿ ਸ੍ਰੀ ਅਕਾਲ।’’
‘‘ਸਤਿ ਸ੍ਰੀ ਅਕਾਲ, ਕੁਲਦੀਪ?’’ ਮੈਂ ਪੁੱਛਿਆ ‘‘ਕਿਵੇਂ ਆਉਣਾ ਹੋਇਆ?’’
‘‘ਸਰ, ਉਹ ਪੱਪੂ ਧਿਆਨਪੁਰੀਆ ਹੈ ਨਾ, ਉਹ ਫੁੱਟਬਾਲਰ। ਉਹਨੂੰ ਮਿਲਣ ਆਇਆ ਸਾਂ। ਮੈਂ ਸੋਚਿਆ ਤੁਹਾਨੂੰ ਵੀ ਸਲਾਮ ਕਰ ਚੱਲੀਏ।’’
‘‘ਹੋਰ ਕਾਲਜ ਕਿਵੇਂ ਚੱਲਦਾ ਏ? ਤੇਰਾ ਇਲਾਕਾ ਤਾਂ ਓਨਾ ਹੀ ਰੌਣਕ ਵਾਲਾ ਏ ਜਿੰਨਾ ਸਾਡਾ ਕਾਲਜ। ਨਾਲ ਕਚਹਿਰੀ ਹੈ, ਨਾਲ ਹੀ ਕਮਰਸ਼ੀਅਲ ਕਾਲਜ ਤੇ ਨਾਲ ਹੀ ਤੇਰੀ ਟਰੈਵਲ ਏਜੰਸੀ।’’
‘‘ਸਰ, ਬਸ ਗੁਜ਼ਾਰਾ ਚੱਲ ਰਿਹਾ ਏ। ਸਰ ਜੀ ਆਇਓ ਕਿਤੇ?’’
‘‘ਜ਼ਰੂਰ ਆਵਾਂਗਾ।’’ ਇਹ ਕਹਿ ਕੇ ਮੈਂ ਆਪਣੀ ਜਮਾਤ ਲੈਣ ਕਮਰੇ ਅੰਦਰ ਚਲਾ ਗਿਆ।
ਜਦ ਕੁਲਦੀਪ ਬਾਅਦ ਵਿੱਚ ਵੀ ਕਾਲਜ ਦੋ-ਤਿੰਨ ਗੇੜੇ ਮਾਰ ਗਿਆ ਤਾਂ ਪਤਾ ਲੱਗਾ ਕਿ ਮੈਨੂੰ ਮਿਲ ਕੇ ਉਹ ਪਾਲਾਂ ’ਤੇ ਇਹ ਪ੍ਰਭਾਵ ਪਾਉਣਾ ਚਾਹੁੰਦਾ ਸੀ ਕਿ ਉਸ ਦਾ ਅਧਿਆਪਕ (ਯਾਨੀ ਮੈਂ) ਉਸ ਦਾ ਚੰਗਾ ਵਾਕਫ਼ ਸਾਂ। ਵੈਸੇ ਧਿਆਨਪੁਰੀਏ ਪੱਪੂ ਰਾਹੀਂ ਉਹ ਪਾਲਾਂ ਬਾਰੇ ਵੱਧ ਜਾਣਕਾਰੀ ਹਾਸਲ ਕਰ ਰਿਹਾ ਸੀ। ਆਖਰ ਜਦ ਕੁਲਦੀਪ ਨੂੰ ਪਤਾ ਲੱਗ ਗਿਆ ਕਿ ਪਾਲਾਂ ਦੀ ਗੱਲ ਹੋਰ ਕਿਤੇ ਨਹੀਂ ਚੱਲਦੀ ਤਾਂ ਉਸ ਨੇ ਉਦੈ ਸਿੰਘ ਰਾਹੀਂ ਪਾਲਾਂ ਨੂੰ ਇੱਕ ਅਰਜ਼ੀ ਟਾਈਪ ਕਰਨ ਨੂੰ ਦਿੱਤੀ। ਪਾਲਾਂ ਨੇ ਟਾਈਪ ਕੀਤੀ ਤਾਂ ਕੁਲਦੀਪ ਵੀ ਪਾਲਾਂ ਦੇ ਨਾਲ ਬੈਠ ਗਿਆ। ਇਸ 10 ਕੁ ਮਿੰਟ ਦੇ ਸਮੇਂ ਦੌਰਾਨ ਦੋਵਾਂ ਦੀਆਂ ਅੱਖਾਂ ਇਵੇਂ ਚਾਰ ਹੋਈਆਂ ਕਿ ਕੁਲਦੀਪ ਨੂੰ ਪਤਾ ਲੱਗ ਗਿਆ ਕਿ ਗੱਲ ਬਣ ਸਕਦੀ ਸੀ। ਕਸਬਾ ਛੋਟਾ ਸੀ। ਗੱਲ ਨੂੰ ਛੁਪਾ ਕੇ ਰੱਖਣਾ ਬੜਾ ਔਖਾ ਸੀ।


ਇੱਕ ਵੀਕਐਂਡ ਦੀ ਗੱਲ ਏ। ਪਾਲਾਂ ਕੁਲਦੀਪ ਨਾਲ ਦੌੜ ਗਈ ਸੀ। ਪਾਲਾਂ ਦੇ ਪਿਓ ਰਸਾਲਦਾਰ ਬਖਤਾਵਰ ਸਿੰਘ ਲਈ ਜਿਵੇਂ ਅਸਮਾਨ ਫਟ ਗਿਆ ਹੋਵੇ। ਉਸ ਨੂੰ ਉਨ੍ਹਾਂ ਦਾ ਨੌਕਰ ਟਰੈਕਟਰ ’ਤੇ ਮੇਰੇ ਪਿੰਡ ਲੈ ਕੇ ਆਇਆ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ।
‘‘ਸਰ ਜੀ, ਸਾਡੀ ਕੁੜੀ ਪਾਲਾਂ ਲੱਭ ਨਹੀਂ ਰਹੀ। ਸਾਡਾ ਮੋਟਰਸਾਈਕਲ ਮਕੈਨਿਕ ਕੋਲ ਸਰਵਿਸ ਲਈ ਦਿੱਤਾ ਹੋਇਆ ਏ। ਤੁਸੀਂ ਮੈਨੂੰ ਛੇਤੀ ਨਾਲ ਆਪਣਾ ਮੋਟਰਸਾਈਕਲ ਦਿਓ। ਹੋ ਸਕਦਾ ਹੈ ਮੈਨੂੰ ਕੁੜੀ ਨੂੰ ਲੱਭਣ ਲਈ ਛੋਟੀਆਂ ਪਗਡੰਡੀਆਂ ਰਾਹੀਂ ਖੇਤਾਂ ਵਿੱਚ ਟਿਊਬਵੈੱਲ ਦੀਆਂ ਮੋਟਰਾਂ ’ਤੇ ਜਾਣਾ ਪਵੇ। ਉੱਥੇ ਟੈਕਸੀ ਜਾਂ ਟਰੈਕਟਰ ਕੰਮ ਨਹੀਂ ਕਰਨਗੇ।’’
ਮੈਂ ਆਪਣਾ ਮੋਟਰਸਾਈਕਲ ਦੇ ਦਿੱਤਾ। ਬਖਤਾਵਰ ਸਿੰਘ ਨੇ ਉਸ ਪਾਸੇ ਦਾ ਸਾਰਾ ਇਲਾਕਾ ਛਾਣ ਮਾਰਿਆ ਜਿੱਥੇ ਉਸ ਨੂੰ ਕੁੜੀ ਦੇ ਹੋਣ ਦੀ ਸ਼ੱਕ ਸੀ। ਕੁੜੀ ਮਿਲੀ ਇੱਕ ਟਿਊਬਵੈੱਲ ਦੀ ਮੋਟਰ ਤੋਂ। ਹਾਂ, ਕੁਲਦੀਪ ਪਛਾਣਿਆ ਗਿਆ ਸੀ, ਪਰ ਉਹ ਆਪਣੇ ਮੋਟਰਸਾਈਕਲ ’ਤੇ ਓਨੇ ਸਮੇਂ ਵਿੱਚ ਦੌੜ ਗਿਆ ਸੀ ਜਿੰਨਾ ਚਿਰ ਪਾਲਾਂ ਜਾਣਬੁੱਝ ਕੇ ਆਪਣੇ ਬਾਪ ਨਾਲ ਜਾਣ ਤੋਂ ਆਨਾ ਕਾਨੀ ਕਰਦੀ ਰਹੀ। ਪਾਲਾਂ ਨੇ ਕੁਲਦੀਪ ਨੂੰ ਭੱਜਣ ਦਾ ਪੂਰਾ ਸਮਾਂ ਦੇ ਦਿੱਤਾ ਸੀ। ਘਰ ਲਿਆ ਕੇ ਪਾਲਾਂ ਦੇ ਮਾਪਿਆਂ ਨੇ ਪੁੱਛਗਿੱਛ ਕੀਤੀ। ਉਸ ਨੇ ਦੱਸ ਦਿੱਤਾ ਕਿ ਉਹ ਕੁਲਦੀਪ ਨਾਲ ਹੀ ਵਿਆਹ ਕਰਵਾਏਗੀ। ਕੈਨੇਡਾ ਜਾਣ ਤੋਂ ਬਾਅਦ ਉਹ ਕੁਲਦੀਪ ਨੂੰ ਹੀ ਉੱਧਰ ਸੱਦੇਗੀ।
‘‘ਕੀ ਉਹ ਮੰਨਦਾ ਏ? ਕੀ ਤੈਨੂੰ ਸਾਡੇ ਮੁਕਾਬਲੇ ਉਹ ਗ਼ਰੀਬ ਨਹੀਂ ਲੱਗਦਾ? ਕਦੀ ਉਹਦੀ ਜਾਇਦਾਦ ਦਾ ਵੀ ਪਤਾ ਕੀਤਾ ਏ? ਤੈਨੂੰ ਪਤਾ ਉਸ ਦਾ ਬਾਪ ਅਨਪੜ੍ਹ ਏ। ਥੋੜ੍ਹੀ ਜਿਹੀ ਜ਼ਮੀਨ ’ਤੇ ਖੇਤੀ ਕਰਦਾ ਏ। ਦੋ ਭਰਾ ਹਨ ਤੇ ਦੋ ਭੈਣਾਂ। ਤੂੰ ਰਸਾਲਦਾਰਾਂ ਦੀ ਧੀ ਏਂ। ਸਾਰਾ ਸ਼ਹਿਰ ਸਾਡੇ ਨਾਲ ਵਰਤਦਾ ਏ। ਤੈਨੂੰ ਪਤਾ ਏ ਕਿ ਤੇਰੇ ਬਾਪ ਦੀ ਸਰਕਾਰੇ ਦਰਬਾਰੇ ਵੀ ਚੰਗੀ ਚੱਲਦੀ ਏ। ਫੈਸਲਾ ਲੈਣ ਲੱਗੀ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ। ਦੱਸ ਹੁਣ ਤੂੰ ਕਿੱਥੇ ਖੜ੍ਹੀ ਏਂ।’’ ਮਾਂ ਨੇ ਪਾਲਾਂ ਨੂੰ ਕਾਫ਼ੀ ਲਾਹਣਤ ਪਾਈ।
‘‘ਕੋਈ ਗੱਲ ਨਹੀਂ। ਮੈਨੂੰ ਨਾ ਜ਼ਮੀਨ ਦੀ ਜ਼ਰੂਰਤ ਏ ਤੇ ਨਾ ਹੀ ਸ਼ੁਹਰਤ ਦੀ। ਜਦ ਕੋਈ ਕੈਨੇਡਾ ਜਿਹੇ ਦੇਸ਼ ਵਿੱਚ ਪਹੁੰਚ ਜਾਂਦਾ ਏ ਤਾਂ ਉਹ ਆਪ ਹੀ ਬਥੇਰੀ ਜਾਇਦਾਦ ਬਣਾ ਲੈਂਦਾ ਏ। ਮੈਨੂੰ ਲੜਕਾ ਵੀ ਪਸੰਦ ਏ। ਮੈਂ ਉੱਥੇ ਹੀ ਵਿਆਹ ਕਰਵਾਵਾਂਗੀ।’’
ਖੈਰ ਮਾਪੇ ਲੜਕੀ ਨਾਲ ਸਹਿਮਤ ਹੋ ਗਏ। ਕੁਲਦੀਪ ਨੂੰ ਕਾਗਜ਼ ਪੱਤਰ ਤਿਆਰ ਕਰਨ ਦਾ ਖੁਦ ਪਤਾ ਸੀ। ਪਹਿਲਾਂ ਦੋਹਾਂ ਪਰਿਵਾਰਾਂ ਵਿਚਕਾਰ ਰੋਕਾ ਹੋ ਗਿਆ। ਲੜਕੀ ਪਹਿਲਾਂ ਮਾਪਿਆਂ ਨਾਲ ਕੈਨੇਡਾ ਪਹੁੰਚ ਗਈ। ਲੜਕਾ ਛੇ ਕੁ ਮਹੀਨੇ ਬਾਅਦ ਚਲਾ ਗਿਆ।
ਇਸ ਘਟਨਾਕ੍ਰਮ ਦੌਰਾਨ ਮੈਨੂੰ ਆਪਣੇ ਪਿਤਾ ਵੱਲੋਂ ਕਹੀ ਗਈ ਇੱਕ ਗੱਲ ’ਤੇ ਹੈਰਾਨੀ ਹੋਈ। ਜਦ ਬਖਤਾਵਰ ਸਿੰਘ ਦਾ ਨੌਕਰ ਆ ਕੇ ਮੇਰਾ ਮੋਟਰਸਾਈਕਲ ਮੋੜ ਗਿਆ ਸੀ ਤਾਂ ਮੈਂ ਪਰਦੇ ਨਾਲ ਆਪਣੇ ਪਿਤਾ ਜੀ ਨੂੰ ਦੱਸ ਦਿੱਤਾ ਸੀ ਕਿ ਰਸਾਲਦਾਰਾਂ ਦੀ ਕਾਲਜ ਪੜ੍ਹਦੀ ਕੁੜੀ ਕਿਸੇ ਨਾਲ ਦੌੜ ਗਈ ਸੀ ਤੇ ਉਹ ਮੇਰੇ ਮੋਟਰਸਾਈਕਲ ਦੀ ਮਦਦ ਨਾਲ ਕੁੜੀ ਨੂੰ ਲੱਭਣਾ ਚਾਹੁੰਦਾ ਸੀ। ਉਨ੍ਹਾਂ ਦਾ ਆਪਣਾ ਮੋਟਰਸਾਈਕਲ ਮਕੈਨਿਕ ਕੋਲ ਸੀ। ਮੇਰੇ ਗੱਲ ਸੁਣ ਕੇ ਮੇਰੇ ਪਿਤਾ ਜੀ ਤੁਰੰਤ ਬੋਲੇ ਸੀ, ‘‘ਤੂੰ ਭੋਲਾ ਏਂ। ਤੈਨੂੰ ਅਸਲੀਅਤ ਦਾ ਪਤਾ ਨਹੀਂ।’’
‘‘ਕਿਉਂ? ਕੀ ਗੱਲ ਹੋ ਗਈ, ਪਿਤਾ ਜੀ?’’ ਮੈਂ ਪੁੱਛ ਬੈਠਾ ਸੀ।
‘‘ਕਾਕਾ ਤੂੰ ਵੀ ਰਸਾਲਦਾਰਾਂ ਦੇ ਟੱਬਰ ਦੇ ਨੇੜੇ ਏਂ। ਉਹ ਤੈਨੂੰ ਕਾਲਜ ਵਿੱਚ ਆ ਕੇ ਮਿਲਦੇ ਵੀ ਰਹਿੰਦੇ ਸਨ। ਤੂੰ ਛੜਾ ਏਂ, ਜਵਾਨ ਏਂ, ਵਿਆਹ ਦੇ ਕਾਬਲ ਏਂ। ਭੋਲਿਆ ਸਮਝਿਆ ਕਰ ਗੱਲ ਨੂੰ। ਰਸਾਲਦਾਰ ਤੈਥੋਂ ਮੋਟਰਸਾਈਕਲ ਲੈਣ ਨਹੀਂ ਆਇਆ ਸੀ ਉਹ ਇਹ ਦੇਖਣ ਆਇਆ ਸੀ ਕਿ ਤੂੰ ਵੀ ਘਰ ਹੈ ਜਾਂ ਨਹੀਂ। ਉਨ੍ਹਾਂ ਦੇ ਹੋਰ ਬਥੇਰੇ ਮੋਟਰਸਾਈਕਲਾਂ ਵਾਲੇ ਮੁਹੱਬਤੀ ਨੇ।’’
ਮੈਨੂੰ ਪਿਤਾ ਜੀ ਦੇ ਇਸ ਕਿਆਫੇ ’ਤੇ ਹਾਸਾ ਵੀ ਆਇਆ ਤੇ ਹੈਰਾਨੀ ਵੀ ਹੋਈ ਸੀ। ਬਾਅਦ ਵਿੱਚ ਪਿਤਾ ਜੀ ਨੂੰ ਪਤਾ ਲੱਗ ਗਿਆ ਸੀ ਕਿ ਅਸਲ ਹੀਰੋ ਕੌਣ ਸੀ।


ਹੁਣ ਸਰੀ ਪਹੁੰਚ ਕੇ ਮੇਰੇ ਫੋਨ ਨੇ ਕੁਲਦੀਪ ਅਤੇ ਪਾਲਾਂ ਦੇ ਦਿਮਾਗ਼ ਦੇ 40-42 ਸਾਲ ਪੁਰਾਣੇ ਕਵਾੜ ਖੋਲ੍ਹ ਦਿੱਤੇ। ਦੋਹਾਂ ’ਤੇ ਖੁਸ਼ੀ ਦਾ ਆਲਮ ਛਾ ਗਿਆ। ਮੈਂ ਆਪਣੇ ਪੁਰਾਣੇ ਵਿਦਿਆਰਥੀ ਗੁਰੀ ਕੋਲ ਠਹਿਰਿਆ ਹੋਇਆ ਸਾਂ। ਉਹ ਵੀ ਕੁਲਦੀਪ ਹੋਰਾਂ ਨੂੰ ਜਾਣਦੇ ਹੀ ਸਨ। ਉਨ੍ਹਾਂ ਨੇ ਹੀ ਮੈਨੂੰ ਕੁਲਦੀਪ ਦਾ ਫੋਨ ਨੰਬਰ ਮਿਲਾ ਕੇ ਦਿੱਤਾ ਸੀ। ਕੁਲਦੀਪ ਨੇ ਮੈਨੂੰ, ਮੇਰੀ ਘਰਵਾਲੀ ਨੂੰ, ਗੁਰੀ ਨੂੰ ਅਤੇ ਉਸ ਦੀ ਘਰਵਾਲੀ ਨੂੰ ਸਾਰਿਆਂ ਨੂੰ ਡਾਊਨ ਟਾਊਨ ਇੱਕ ਰੈਸਟੋਰੈਂਟ ’ਤੇ ਪਹੁੰਚਣ ਦੀ ਤਾਕੀਦ ਕਰ ਦਿੱਤੀ। ਇਸ ਰੈਸਟੋਰੈਂਟ ’ਤੇ ਸਪੈਸ਼ਲ ਡਿਨਰ ਦਾ ਪ੍ਰਬੰਧ ਕੀਤਾ ਗਿਆ ਸੀ। ਜਸ਼ਨ ਤਕਰੀਬਨ 42 ਸਾਲ ਬਾਅਦ ਹੋ ਰਿਹਾ ਸੀ। ਪਿਛਲੀ ਜ਼ਿੰਦਗੀ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ। ਕੁਲਦੀਪ ਤੇ ਪਾਲਾਂ ਦੇ ਦੋਵੇਂ ਬੱਚੇ ਯੂਨੀਵਰਸਿਟੀ ਦੀਆਂ ਡਿਗਰੀਆਂ ਕਰ ਚੁੱਕੇ ਸਨ। ਨੌਕਰੀਆਂ ’ਤੇ ਲੱਗ ਚੁੱਕੇ ਸਨ। ਲੜਕੀ ਦਾ ਵਿਆਹ ਹੋ ਗਿਆ ਸੀ ਤੇ ਲੜਕੇ ਦਾ ਅਜੇ ਵਿਆਹ ਹੋਣਾ ਸੀ।
‘‘ਸਰ ਜੀ, ਹੁਣ ਤੁਸੀਂ ਆਏ ਕਿੱਥੋਂ ਹੋ? ਪੰਜਾਬ ਵਿੱਚੋਂ ਤਾਂ ਰਿਟਾਇਰ ਹੋ ਚੁੱਕੇ ਹੋਵੋਗੇ? ਪਰਿਵਾਰ ਦਾ ਕੀ ਹਾਲ ਏ? ਬੱਚੇ ਕੀ ਕਰਦੇ ਹਨ? ਕੀ ਮੈਡਮ ਵੀ ਨੌਕਰੀ ਕਰਦੇ ਸੀ? ਅਸੀਂ 40-42 ਸਾਲ ਤੁਹਾਡੇ ਨਾਲ ਰਾਬਤਾ ਹੀ ਕਾਇਮ ਨਹੀਂ ਕਰ ਸਕੇ। ਨਾਲੇ ਅਸੀਂ ਸੋਚਦੇ ਹੁੰਦੇ ਸੀ ਕਿ ਤੁਸੀਂ ਵੱਡੇ ਹੋ ਅਸੀਂ ਛੋਟੇ ਹਾਂ। ਤੁਸੀਂ ਪ੍ਰੋਫੈਸਰ ਹੋ ਤੇ ਅਸੀਂ ਇੱਧਰ ਮਜ਼ਦੂਰ ਹਾਂ। ਨਾ ਹੀ ਕਿਸੇ ਹੋਰ ਗਰਾਈਂ ਨੇ ਸਾਨੂੰ ਤੁਹਾਡੇ ਬਾਰੇ ਕਦੀ ਯਾਦ ਕਰਵਾਇਆ ਸੀ। ਸਿਹਤ ਤਾਂ ਤੁਹਾਡੀ ਅਜੇ ਵੀ ਸੋਹਣੀ ਏ।’’ ਕੁਲਦੀਪ ਸਾਡੇ ਨਾਲ ਬੋਲਦਾ ਗਿਆ। ਪਾਲਾਂ ਬਹਿਰਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਆਰਡਰ ਦੇ ਰਹੀ ਸੀ।
‘‘ਕੁਲਦੀਪ ਅਸੀਂ ਪੰਜਾਬ ’ਚੋਂ ਨਹੀਂ ਆ ਰਹੇ। ਅਸੀਂ ਸਿਡਨੀ ਰਹਿੰਦੇ ਹਾਂ। ਪੰਜਾਬ ਤੋਂ 25 ਕੁ ਸਾਲ ਪੜ੍ਹਾ ਕੇ ਮੈਂ ਪਰਿਵਾਰ ਸਮੇਤ ਸਿਡਨੀ ਚਲਾ ਗਿਆ ਸੀ। ਉਦੋਂ ਲੜਕੀ ਦੀ ਉੱਚ ਸਿੱਖਿਆ ਦਾ ਸਮਾਂ ਸੀ। ਮੈਂ ਕਾਫ਼ੀ ਲੇਟ ਅਰਜ਼ੀ ਭੇਜੀ। ਫਿਰ ਵੀ ਮੇਰਾ ਪਰਿਵਾਰ ਸਮੇਤ ਉੱਧਰ ਜਾਣ ਦਾ ਕੰਮ ਬਣ ਗਿਆ ਸੀ। ਇਹ ਅੱਸੀਵਿਆਂ ਦੀ ਗੱਲ ਏ। ਦਿੱਲੀ ਅੰਬੈਸੀ ਨੇ ਮੇਰਾ ਕੇਸ ‘ਆਨ ਸ਼ੋਰ ਵੀਜ਼ਾ ਪ੍ਰੋਸੈਸਿੰਗ ਦਫ਼ਤਰ ਐਡੀਲੇਡ’ ਭੇਜ ਦਿੱਤਾ ਸੀ। ਉੱਥੋਂ ਇਹ ਇੱਕ ਸਾਲ ਵਿੱਚ ਹੀ ਨੇਪਰੇ ਚੜ੍ਹ ਗਿਆ ਸੀ। ਸਿਡਨੀ ਜਾ ਕੇ ਮੈਂ ਹੋਰ ਪੜ੍ਹਾਈ ਵੀ ਕੀਤੀ ਸੀ। ਜਿਸ ਦੇ ਆਧਾਰ ’ਤੇ ਉੱਥੇ ਮੈਂ ਕੁਝ ਸਾਲ ਪੜ੍ਹਾਇਆ ਵੀ ਸੀ।’’
‘‘ਸੱਚੀਂ?’’
‘‘ਹਾਂ, ਮੈਂ ਛੇ ਸਾਲ ਪੜ੍ਹਾਇਆ। ਹਾਈ ਸਕੂਲਾਂ ਵਿੱਚ ਅੰਗਰੇਜ਼ੀ ਤੇ ਇਤਿਹਾਸ।’’
‘‘ਸਰ, ਇਹ ਦੇਸ਼ ਤਾਂ ਭਾਰਤ ਜਿਹੇ ਨਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੀ ਪੜ੍ਹਾਈ ਨੂੰ ਨੌਕਰੀ ਲਈ ਚੁਣਦੇ ਹੀ ਨਹੀਂ। ਹਾਂ, ਉਸ ਪੜ੍ਹਾਈ ਦੇ ਆਧਾਰ ’ਤੇ ਅੱਗੇ ਉੱਚ ਪੜ੍ਹਾਈ ਕਰਨ ਲਈ ਕੋਰਸਾਂ ਵਿੱਚ ਦਾਖਲਾ ਜ਼ਰੂਰ ਦੇ ਦਿੰਦੇ ਹਨ। ਇਹਦਾ ਮਤਲਬ ਇਹ ਕਿ ਤੁਸੀਂ ਵੀ ਸਿਡਨੀ ਜਾ ਕੇ ਅੱਗੇ ਕੋਈ ਕੋਰਸ ਕੀਤਾ ਹੋਊ।’’
‘‘ਮੈਂ ਸੈਕੰਡਰੀ ਲੈਵਲ ਤੱਕ ਪੜ੍ਹਾਉਣ ਲਈ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕੀਤਾ ਸੀ। ਇੱਥੇ ਦੋ ਪ੍ਰਕਾਰ ਦੇ ਸਕੂਲ ਹਨ। ਇੱਕ ਸਰਕਾਰੀ ਜਿਹੜੇ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹਨ। ਇਨ੍ਹਾਂ ਨੂੰ ਸਕੂਲ ਕਿਹਾ ਜਾਂਦਾ ਏ। ਦੂਜੇ ਵੀ ਸੱਤਵੀਂ ਤੋਂ ਬਾਰ੍ਹਵੀਂ ਤੱਕ ਹੀ ਹਨ। ਉਹ ਪ੍ਰਾਈਵੇਟ ਹਨ। ਇਨ੍ਹਾਂ ਨੇ ਆਪਣੇ ਨਾਮ ਨਾਲ ਕਾਲਜ ਲਗਾਇਆ ਹੋਇਆ ਏ। ਅਧਿਆਪਕ ਸਭ ਦੇ ਇੱਕੋ ਜਿਹੇ ਯੋਗ ਹਨ। ਤਨਖਾਹਾਂ ਵੀ ਇੱਕੋ ਜਿਹੀਆਂ ਹਨ। ਮੈਂ ਛੇ ਸਾਲ ਸਿਡਨੀ ਵਿੱਚ ਵੀ ਅੰਗਰੇਜ਼ੀ ਤੇ ਇਤਿਹਾਸ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਾਏ।’’
‘‘ਅੰਗਰੇਜ਼ੀ, ਉਹ ਵੀ ਗੋਰਿਆਂ ਨੂੰ?’’ ਕੁਲਦੀਪ ਸੋਚ ਕੇ ਹੈਰਾਨ ਹੋ ਰਿਹਾ ਸੀ।
‘‘ਉਏ ਕੁਲਦੀਪ, ਗੋਰੇ ਬੱਚੇ ਤਾਂ ਆਪਣੀ ਮਾਂ ਭਾਸ਼ਾ ਵਿੱਚ ਗਲਤੀਆਂ ਹੀ ਬਹੁਤ ਕਰਦੇ ਨੇ। ਉਹ ਵਿਆਕਰਣ ਨੂੰ ਇਵੇਂ ਲੈਂਦੇ ਹਨ ਜਿਵੇਂ ਸਾਡੇ ਬੱਚੇ ਪੰਜਾਬ ਵਿੱਚ ਪੰਜਾਬੀ ਦੀ ਵਿਆਕਰਣ ਨੂੰ ਲੈਂਦੇ ਹਨ। ਜੇਕਰ ਭਾਰਤੀ ਆਪਣਾ ਲਹਿਜਾ ਥੋੜ੍ਹਾ ਜਿਹਾ ਠੀਕ ਕਰ ਲੈਣ, ਉਨ੍ਹਾਂ ਜਿੰਨਾ ਵਧੀਆ ਤਾਂ ਗੋਰੇ ਵੀ ਨਹੀਂ ਪੜ੍ਹਾ ਸਕਦੇ। ਥੋੜ੍ਹੀ ਜਿਹੀ ਗੱਲ ਸਿਰਫ਼ ਲਹਿਜੇ, ਚੀਜ਼ਾਂ ਦੇ ਸਥਾਨਕ ਪ੍ਰਗਟਾਵਿਆਂ ਤੇ ਸਥਾਨਕ ਬੋਲੀ ਦੇ ਚੰਦ ਸ਼ਬਦਾਂ ਦੀ ਹੁੰਦੀ ਏ। ਜਮਾਤ ਦਾ ਸਾਹਮਣਾ ਕਰਨ ਦਾ ਡਰ ਤਾਂ ਸਾਡਾ ਖ਼ਤਮ ਹੀ ਹੋ ਚੁੱਕਾ ਹੁੰਦਾ ਏ। ਜਿਹੜਾ ਬੰਦਾ ਪੰਜਾਬ ’ਚ ਕਾਲਜਾਂ ਵਿੱਚ 25 ਸਾਲ ਠੁੱਕ ਨਾਲ ਪੜ੍ਹਾ ਗਿਆ ਉਹਦੇ ਲਈ ਗੋਰਿਆਂ ਦੇ ਦੇਸ਼ ਵਿੱਚ ਅੱਠਵੀਂ ਦਸਵੀਂ ਨੂੰ ਪੜ੍ਹਾਉਣਾ ਕੀ ਔਖਾ ਏ? ਹਾਂ, ਇੱਕ ਹੋਰ ਮਸਲਾ ਜ਼ਰੂਰ ਬਣਦਾ ਹੁੰਦਾ ਏ।’’
‘‘ਉਹ ਕੀ?’’
‘‘ਵਿਕਸਤ ਦੇਸ਼ਾਂ ਵਿੱਚ ਕਲਾਸ ਰੂਮ ਟੈਕਨੋਲੋਜੀ ਜ਼ਰੂਰ ਥੋੜ੍ਹੀ ਉੱਚੇ ਦਰਜੇ ਦੀ ਹੁੰਦੀ ਏ। ਬੰਦੇ ਨੂੰ ਓਵਰਹੈੱਡ ਪ੍ਰਾਜੈਕਟਰ ਚਲਾਉਣਾ ਆਉਣਾ ਚਾਹੀਦਾ ਏ। ਅਧਿਆਪਕ ਨੂੰ ਵੀਡੀਓ ਬਣਾਉਣੀ ਤੇ ਵਰਤਣੀ ਆਉਣੀ ਚਾਹੀਦੀ ਏ। ਅਧਿਆਪਕ ਨੂੰ ਕੁਝ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਏ। ਇਹ ਸਭ ਕੁਝ ਮੈਂ ਜਾ ਕੇ ਸਿੱਖ ਲਿਆ ਸੀ। ਡਿਪਲੋਮਾ ਕਰਦੇ ਵੀ ਇਸ ਦੀ ਕੁਝ ਮੁਹਾਰਤ ਹੋ ਗਈ ਸੀ। ਹੁਣ ਆਰਾਮ ਨਾਲ ਪੈਨਸ਼ਨ ਲੈਂਦੇ ਹਾਂ।’’

‘‘ਭਾਜੀ ਪੈਨਸ਼ਨ ਤਾਂ ਤੁਹਾਨੂੰ ਪੰਜਾਬ ਦੀ ਵੀ ਮਿਲਦੀ ਹੋਊ?’’

‘‘ਕੁਲਦੀਪ, ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਸਕੀਮ ਨਹੀਂ ਏ। ਇਹ ਸਿਰਫ਼ ਸਰਕਾਰੀ ਕਾਲਜਾਂ ਵਿੱਚ ਹੀ ਏ। ਘਰਵਾਲੀ ਨੂੰ ਸਕੂਲ ਦੀ ਜ਼ਰੂਰ ਮਿਲਦੀ ਏ। ਮੈਨੂੰ ਫੰਡ ਇਕੱਠਾ ਹੀ ਮਿਲ ਗਿਆ ਸੀ।’’

ਮੈਂ, ਕੁਲਦੀਪ ਤੇ ਗੁਰੀ ਨੇ ਦੋ-ਦੋ ਡ੍ਰਿੰਕ ਲਈਆਂ। ਪਾਲਾਂ ਤੇ ਗੁਰੀ ਦੀ ਘਰਵਾਲੀ ਪ੍ਰੀਤ ਸਾਡੇ ਡਿਨਰ ਨੂੰ ਵਧੀਆ ਤੋਂ ਵਧੀਆ ਬਣਾਉਣ ਵਿੱਚ ਧਿਆਨ ਦੇ ਰਹੀਆਂ ਸਨ। ਮੈਥੋਂ ਉਨ੍ਹਾਂ ਨੂੰ ਕਹਿ ਹੋ ਗਿਆ, ‘‘ਭੈਣ ਜੀ, ਤੁਸੀਂ ਵੀ ਆ ਜਾਓ। ਤੁਸੀਂ ਤਾਂ ਅੱਜ ਸਾਡੀ ਆਓ ਭਗਤ ਕਰਨ ਲਈ ਬੜੀ ਮਿਹਨਤ ਕੀਤੀ ਏ। ਅਸੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ? ਤੁਸੀਂ ਬੱਚਿਆਂ ਬਾਰੇ ਦੱਸੋ ਕੀ ਕਰਦੇ ਨੇ।’’

‘‘ਇਨ੍ਹਾਂ ਨੂੰ ਪੁੱਛੋ। ਇਹ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਦੇਣਗੇ। ਇਨ੍ਹਾਂ ਨੂੰ ਹੀ ਪੁੱਛੋ।’’ ਪਾਲਾਂ ਬੋਲੀ। ਪਾਲਾਂ ਨੇ ਇਹ ਸ਼ਬਦ ਸ਼ੁਰੂ ਵਿੱਚ ਵੀ ਬੋਲੇ ਸਨ ਜਦ ਉਸ ਨੇ ਮੇਰਾ ਫੋਨ ਕੁਲਦੀਪ ਨੂੰ ਦਿੱਤਾ ਸੀ। ‘‘ਇਨ੍ਹਾਂ ਨੂੰ ਪੁੱਛੋ, ਇਨ੍ਹਾਂ ਨੂੰ ਪੁੱਛੋ।’’ ਇਹ ਸ਼ਬਦ ਮੇਰੇ ਦਿਲੋ ਦਿਮਾਗ਼ ਵਿੱਚ ਛਾਏ ਪਏ ਸਨ। ਇਨ੍ਹਾਂ ਸ਼ਬਦਾਂ ਨੇ ਮੈਨੂੰ 42 ਸਾਲ ਪਹਿਲਾਂ ਦਾ ਮੇਰਾ ਮੋਟਰਸਾਈਕਲ ਯਾਦ ਕਰਵਾ ਦਿੱਤਾ। ਪਾਲਾਂ ਦੇ ਦਿਮਾਗ਼ ’ਤੇ ਉਹ ਮੋਟਰਸਾਈਕਲ ਵੀ ਤੇ ਮੈਂ ਮੋਟਰਸਾਈਕਲ ਵਾਲਾ ਵੀ ਹਾਵੀ ਸਾਂ ਜਿਨ੍ਹਾਂ ਨੇ ਉਸ ਦੇ ਪਿਤਾ ਨੂੰ ਉਸ ਨੂੰ ਤੇ ਕੁਲਦੀਪ ਨੂੰ ਲੱਭਣ ਵਿੱਚ ਮਦਦ ਕੀਤੀ ਸੀ।

ਫਿਰ ਅਸੀਂ ਨਸ਼ੇ ਦੀ ਥੋੜ੍ਹੀ ਜਿਹੀ ਲੋਰ ਵਿੱਚ ਆ ਕੇ ਹੋਰ ਗੱਲਾਂ ਵਿੱਚ ਰੁੱਝ ਗਏ। ਮੈਨੂੰ ਇਸ ਜੋੜੇ ਦਾ ਆਪਸ ਵਿੱਚ ਮੇਲ ਕਰਵਾਉਣ ਹਿੱਤ ਮਦਦ ਕਰਨ ਲਈ 42 ਸਾਲ ਬਾਅਦ ਵਿਦੇਸ਼ ਵਿੱਚ ਆ ਕੇ ਮਿਲਣ ਵਾਲੀ ਇਹ ਅਚਨਚੇਤ ਪਾਰਟੀ ਸੀ। ਡਿਨਰ ਕਰਨ ਤੋਂ ਬਾਅਦ ਪਾਲਾਂ ਕਾਰ ਡਰਾਈਵ ਕਰਕੇ ਸਾਨੂੰ ਸਾਡੀ ਰਿਹਾਇਸ਼ ’ਤੇ (ਗੁਰੀ ਹੋਰਾਂ ਦੇ ਘਰ) ਛੱਡ ਕੇ ਕੁਲਦੀਪ ਨਾਲ ਆਪਣੇ ਘਰ ਚਲੀ ਗਈ। ਵੈਸੇ ਉਨ੍ਹਾਂ ਨੇ ਸਾਨੂੰ ਕੁਝ ਦਿਨ ਆਪਣੇ ਕੋਲ ਰੱਖਣ ਦਾ ਇਸ਼ਾਰਾ ਵੀ ਕੀਤਾ। ਇਸ ਇਸ਼ਾਰੇ ਦੇ ਜਵਾਬ ਵਿੱਚ ਮੇਰੀ ਪਤਨੀ ਨੇ ਉਨ੍ਹਾਂ ਨੂੰ ਕਿਹਾ, ‘‘ਇਹ ਫੈਸਲਾ ਮੇਰੇ ਹੱਥ ਵੱਸ ਨਹੀਂ। ਇਹ ਇਨ੍ਹਾਂ ਨੂੰ ਪੁੱਛੋ।’’

ਮੈਂ ਕਿਹਾ, ‘‘ਮੈਂ ਸੋਚ ਕੇ ਸੋਫੀ ਹਾਲਤ ਵਿੱਚ ਦੱਸਾਂਗਾ।’’

Loading