ਅਮਰੀਕਾ ਦੀ ਉਲਝੀ ਸਿਆਸੀ ਤੰਦ

In ਸੰਪਾਦਕੀ
July 10, 2025

ਇਸ ਸਮੇਂ ਪੂਰੇ ਵਿਸ਼ਵ ਦੀਆਂ ਨਜ਼ਰਾਂ ਅਮਰੀਕਾ ਵੱਲ ਲੱਗੀਆਂ ਹੋਈਆਂ ਹਨ। ਬੀਤੇ ਦਿਨਾਂ ਦੌਰਾਨ ਅਮਰੀਕਾ ਦੀ ਸਿਆਸਤ ਵਿੱਚ ਸਰਗਰਮੀਆਂ ਇੱਕ ਦਮ ਤੇਜ਼ ਹੋ ਗਈਆਂ ਹਨ। ਅਮਰੀਕਾ ਦੇ ਅਰਬਪਤੀ ਅਤੇ ਪ੍ਰਸਿੱਧ ਕੰਪਨੀ ਟੇਸਲਾ, ਸਪੇਸਐਕਸ ਤੇ ਐਕਸ ਪਲੇਟਫਾਰਮ ਦੇ ਮਾਲਕ ਐਲਨ ਮਸਕ ਵੱਲੋਂ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਉਸ ਦਾ ਮਜ਼ਾਕ ਉਡਾਉਣ ਤੋਂ ਬਾਅਦ ਮਸਕ ਅਤੇ ਟਰੰਪ ਵਿਚਾਲੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਬੀਤੇ ਸਮੇਂ ਦੇ ਚੰਗੇ ਦੋਸਤ ਰਹੇ ਇਹ ਆਗੂ ਹੁਣ ਇੱਕ ਦੂਜੇ ਵਿਰੁੱਧ ਦੁਸ਼ਮਣਾਂ ਵਾਂਗ ਖੜੇ ਹੋ ਗਏ ਹਨ। ਮਸਕ ਦਾ ਕਹਿਣਾ ਹੈ ਕਿ ਉਸ ਦੀ ਬਣਾਈ ਸਿਆਸੀ ਪਾਰਟੀ ਅਮਰੀਕਾ ਦੀ ਸਿਆਸਤ ਵਿੱਚ ਵੱਡਾ ਬਦਲਾਓ ਲਿਆਵੇਗੀ। ਜਿਸ ਕਰਕੇ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਮਰੀਕਾ ਵਿੱਚ ਦੋ ਦਲੀ ਪ੍ਰਣਾਲੀ ਦੀ ਥਾਂ ਹੁਣ ਤਿੰਨ ਦਲੀ ਪ੍ਰਣਾਲੀ ਦਾ ਯੁੱਗ ਸ਼ੁਰੂ ਹੋ ਸਕਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲਨ ਮਸਕ ਵਿਚਾਲੇ ਵਿਵਾਦ ਇੱਕ ਸਿਆਸੀ ਨੇਤਾ ਅਤੇ ਪੂੰਜੀਪਤੀ ਦਾ ਨਹੀਂ ਹੈ ਸਗੋਂ ਇਹ ਵਿਵਾਦ ਦੋ ‘ਅਰਬਪਤੀਆਂ’ ਵਿਚਾਲੇ ਹੈ। ਜਿੱਥੇ ਮਸਕ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ ਹਨ, ਉਥੇ ਟਰੰਪ ਵੀ ਅਰਬਪਤੀ ਹਨ। ਟਰੰਪ ਸਿਰਫ਼ ਇੱਕ ਸਿਆਸੀ ਨੇਤਾ ਨਾ ਹੋ ਕੇ 5 ਅਰਬ ਡਾਲਰ ਦੇ ਮਾਲਕ ਹਨ। ਟਰੰਪ ਵੱਲੋਂ ਇਹ ਕਮਾਈ ਸਰਗਰਮ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਭਵਨ ਨਿਰਮਾਣ ਦੇ ਵਪਾਰ ਵਿਚੋਂ ਕੀਤੀ ਹੋਈ ਹੈ। ਇਸ ਕਰਕੇ ਟਰੰਪ-ਮਸਕ ਵਿਵਾਦ ਅਸਲ ਮਾਇਨੇ ’ਚ ਦੋ ਵੱਡੇ ‘ਪੂੰਜੀਪਤੀਆਂ’ ਵਿਚਾਲੇ ਟਕਰਾਓ ਹੈ। ਟਰੰਪ ਰਾਸ਼ਟਰਪਤੀ ਹੁੰਦਿਆਂ ਵੀ ਅਕਸਰ ਪੂੰਜੀਪਤੀਆਂ ਵਾਲੀ ਗੱਲਬਾਤ ਕਰ ਜਾਂਦੇ ਹਨ। ਟਰੰਪ ਦੀ ਆਦਤ ਹੈ ਕਿ ਉਹ ਹਰ ਗੱਲ ਵਿਚੋਂ ਆਪਣਾ ਜਾਂ ਅਮਰੀਕਾ ਦਾ ਮੁਨਾਫ਼ਾ ਭਾਲਦੇ ਹਨ। ਉਹਨਾਂ ਦੀ ਇਹ ਆਦਤ ਕਈ ਵਾਰ ਸਮੱਸਿਆਵਾਂ ਵੀ ਖੜੀਆਂ ਕਰ ਦਿੰਦੀ ਹੈ।
ਜੇ ਹੁਣ ਟਰੰਪ ਅਤੇ ਮਸਕ ਦੀ ਦੋਸਤੀ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੀ ਦੋਸਤੀ ਦੀ ਤੰਦ 2024 ਵਿੱਚ ਜੁੜੀ ਸੀ, ਜਦੋਂ ਪੈਨਸਿਲਵੇਨੀਆ ਵਿੱਚ ਟਰੰਪ ’ਤੇ ਹਮਲੇ ਦੀ ਘਟਨਾ ਵਾਪਰੀ ਸੀ। ਉਸ ਸਮੇਂ ਮਸਕ ਨੇ ਤੁਰੰਤ ਐਕਸ ’ਤੇ ਟਰੰਪ ਦਾ ਸਮਰਥਨ ਕੀਤਾ ਸੀ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੌਰਾਨ ਅਰਬਪਤੀ ਮਸਕ ਨੇ ਟਰੰਪ ਲਈ ਪ੍ਰਚਾਰ ਕੀਤਾ ਅਤੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਨਾਅਰਾ ਲਗਾਇਆ। ਜਿੱਤ ਤੋਂ ਬਾਅਦ, ਟਰੰਪ ਨੇ ਮਸਕ ਨੂੰ ‘ਵਿਸ਼ੇਸ਼ ਸਰਕਾਰੀ ਕਰਮਚਾਰੀ’ ਵੀ ਬਣਾਇਆ ਅਤੇ ਉਸ ਨੂੰ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਦੀ ਜ਼ਿੰਮੇਵਾਰੀ ਸੌਂਪੀ। ਕਿਹਾ ਜਾ ਰਿਹਾ ਹੈ ਕਿ ਟਰੰਪ ਅਤੇ ਮਸਕ ਵਿਚਾਲੇ ਦੋਸਤੀ ਟੁੱਟਣ ਦਾ ਮੁੱਖ ਕਾਰਨ ‘ਟੈਕਸ ਨੀਤੀ ਬਿੱਲ’ ਹੈ। ਇਹ ਬਿੱਲ ਇਲੈਕਟ੍ਰਿਕ ਵਾਹਨਾਂ (ਈ.ਵੀ.) ’ਤੇ ਟੈਕਸ ਛੋਟ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਦਾ ਹੈ। ਟਰੰਪ ਇਸ ਬਿੱਲ ਨੂੰ ‘ਵਨ ਬਿਗ ਬਿਊਟੀਫੁੱਲ ਬਿੱਲ’ ਕਹਿ ਕੇ ਇਸ ਦਾ ਪ੍ਰਚਾਰ ਕਰ ਰਹੇ ਹਨ। ਦੋਵਾਂ ਆਗੂਆਂ ਵਿਚਾਲੇ ਵਿਵਾਦ ਉਦੋਂ ਪੈਦਾ ਹੋ ਗਿਆ ਜਦੋਂ ਮਸਕ ਨੇ ਟਰੰਪ ਦੇ ‘ਵਨ ਬਿਗ ਬਿਊਟੀਫੁੱਲ ਬਿੱਲ’ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਮਸਕ ਨੇ ਇਸ ਬਿੱਲ ਨੂੰ ‘ਐਕਸ’ ’ਤੇ ‘ਅਪਮਾਨਜਨਕ’ ਕਿਹਾ। ਉਸਨੇ ਕਿਹਾ ਕਿ ਇਹ ਬਿੱਲ ਸਰਕਾਰੀ ਖਰਚੇ ਵਧਾਏਗਾ ਅਤੇ ਡੀ.ਓ.ਜੀ.ਈ. ਦੇ ਟੀਚਿਆਂ ਨੂੰ ਨੁਕਸਾਨ ਪਹੁੰਚਾਏਗਾ। ਟਰੰਪ ਦੇ ਦ੍ਰਿੜ ਇਰਾਦਿਆਂ ਕਾਰਨ ਇਹ ਬਿੱਲ ਅਮਰੀਕਾ ਦੀ ਸੰਸਦ ਵਿਚੋਂ ਪਾਸ ਹੋਣ ਤੋਂ ਬਾਅਦ ਹੁਣ ਕਾਨੂੰਨ ਬਣ ਗਿਆ ਹੈ।
ਟਰੰਪ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਿਆਸਤ ਹਮੇਸ਼ਾ ਸੁਰਖੀਆਂ ਬਟੋਰਦੀ ਹੈ। ਦੂਜੇ ਪਾਸੇ ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਟੇਸਲਾ, ਸਪੇਸਐਕਸ ਤੇ ਐਕਸ ਪਲੇਟਫਾਰਮ ਨੇ ਅਮਰੀਕੀ ਅਰਥਚਾਰੇ ਤੇ ਸਿਆਸਤ ਵਿੱਚ ਨਵੀਆਂ ਲੀਹਾਂ ਪਾਈਆਂ ਹਨ। ਦੋਵਾਂ ਆਗੂਆਂ ਵਿਚਾਲੇ ਸ਼ੁਰੂ ਹੋਈ ਜੰਗ ਨੇ ਅਮਰੀਕਾ ਦੀ ਸਿਆਸੀ ਧਰਤੀ ਵਿੱਚ ਭੂਚਾਲ ਲਿਆ ਦਿੱਤਾ ਹੈ। ਇਹ ਜੰਗ ਸਿਰਫ਼ ਦੋ ਸ਼ਖਸੀਅਤਾਂ ਦੀ ਨਿੱਜੀ ਅੜਚਣ ਨਹੀਂ, ਸਗੋਂ ਇਸ ਦੇ ਡੂੰਘੇ ਪ੍ਰਭਾਵ ਅਮਰੀਕੀ ਅਰਥਚਾਰੇ, ਸਿਆਸਤ ਅਤੇ ਆਲਮੀ ਭਾਈਚਾਰੇ ’ਤੇ ਵੀ ਦਿਖਣ ਦੀ ਸੰਭਾਵਨਾ ਹੈ।
ਇਸ ਸਮੇਂ ਦੁਨੀਆਂ ਦੇ ਵੱਖ- ਵੱਖ ਦੇਸ਼ ਅਮਰੀਕਾ ਵਿੱਚ ਵਾਪਰ ਰਹੀਆਂ ਸਿਆਸੀ ਘਟਨਾਵਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ, ਕਿਉਂਕਿ ਅਮਰੀਕਾ ਦੀ ਸਿਆਸਤ ਵਿੱਚ ਹੁੰਦੀ ਹਲਚਲ ਦਾ ਅਸਰ ਪੂਰੇ ਵਿਸ਼ਵ ’ਤੇ ਵੀ ਕੁਝ ਹੱਦ ਤੱਕ ਹੁੰਦਾ ਹੈ। ਅਮਰੀਕਾ ’ਚ ਆਏ ਸਿਆਸੀ ਭੂਚਾਲ ਦੇ ਝਟਕੇ ਉਸ ਦੀਆਂ ਨੀਤੀਆਂ ਰਾਹੀਂ ਦੂਜੇ ਦੇਸ਼ਾਂ ਨੂੰ ਵੀ ਲੱਗ ਸਕਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਵਹਿਮ ਹੋ ਗਿਆ ਹੈ ਕਿ ਉਹ ਸਾਰੀ ਦੁਨੀਆ ੳੁੱਪਰ ਸਰਦਾਰੀ ਕਰ ਸਕਦੇ ਹਨ ਅਤੇ ਪੂਰੇ ਵਿਸ਼ਵ ’ਤੇ ਅਮਰੀਕਾ ਦੀ ਬਾਦਸ਼ਾਹਤ ਕਾਇਮ ਰੱਖ ਸਕਦੇ ਹਨ। ਪੂੰਜੀਪਤੀ ਹੋਣ ਕਰਕੇ ਉਹਨਾਂ ਦੀਆਂ ਨੀਤੀਆਂ ਵਿਸਤਾਰਵਾਦੀ ਹਨ ਅਤੇ ਉਹ ਆਪਣੇ ਸਾਮਰਾਜ ਵਿੱਚ ਵਾਧੇ ਲਈ ਦਿਨ ਰਾਤ ਲੱਗੇ ਰਹਿੰਦੇ ਹਨ।
ਅਮਰੀਕਾ ਦੁਨੀਆ ਸੁਪਰ ਸ਼ਕਤੀ ਹੈ ਅਤੇ ਵੱਡੀ ਅਰਥ ਵਿਵਸਥਾ ਹੈ। ਅਮਰੀਕਾ ਦੀ ਸਿਆਸਤ ਵਿੱਚ ਹੁੰਦੀ ਉਥਲ- ਪੁਥਲ ਦਾ ਉਸ ਦੀ ਆਰਥਿਕਤਾ ’ਤੇ ਵੀ ਪ੍ਰਭਾਵ ਪੈਣਾ ਲਾਜ਼ਮੀ ਹੈ। ਜਿਸ ਤਰੀਕੇ ਨਾਲ ਐਲਨ ਮਸਕ ਨੇ ਨਵੀਂ ਸਿਆਸੀ ਪਾਰਟੀ ਦੀ ਸਥਾਪਨਾ ਕੀਤੀ ਹੈ, ਉਸ ਤੋਂ ਪਤਾ ਚਲ ਜਾਂਦਾ ਹੈ ਕਿ ਉਸ ਵੱਲੋਂ ਹੁਣ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਹਿੱੋਸਾ ਲਿਆ ਜਾਵੇਗਾ। ਮਸਕ ਵੱਲੋਂ ਤਾਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ 40 ਫ਼ੀਸਦੀ ਵਸਨੀਕਾਂ ਵੱਲੋਂ ਉਸ ਦੀ ਨਵੀਂ ਸਿਆਸੀ ਪਾਰਟੀ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਟਰੰਪ ਅਤੇ ਮਸਕ ਦੇ ਟਕਰਾਓ ਕਾਰਨ ਅਤੇ ਮਸਕ ਵੱਲੋਂ ਨਵੀਂ ਸਿਆਸੀ ਪਾਰਟੀ ਦੇ ਗਠਨ ਨਾਲ ਅਮਰੀਕਾ ਦੀ ਸਿਆਸੀ ਤੰਦ ਹੋਰ ਉਲਝ ਗਈ ਹੈ। ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਮਸਕ ਦੀ ਸਿਆਸੀ ਪਾਰਟੀ ਅਮਰੀਕਾ ਦੀ ਸਿਆਸਤ ’ਤੇ ਕੀ ਪ੍ਰਭਾਵ ਪਾਉਂਦੀ ਹੈ ਅਤੇ ਟਰੰਪ ਤੇ ਮਸਕ ਵਿਚਾਲੇ ਜਾਰੀ ਟਕਰਾਓ ਦਾ ਅੰਤ ਕੀ ਹੁੰਦਾ ਹੈ?

Loading