ਵੈਨਕੂਵਰ/ਏ.ਟੀ.ਨਿਊਜ਼: ਵਪਾਰਕ ਸਮਝੌਤਿਆਂ ’ਤੇ ਨਿਕਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਖੁੱਲੀ ਮੁਲਕਾਤ ਮੌਕੇ ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਵਪਾਰਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਕੈਨੇਡਾ ਨੇ ਚੀਨ ਤੋਂ ਆਉਂਦੀਆਂ ਬਿਜਲਈ ਕਾਰਾਂ ਉੱਤੇ ਟੈਰਿਫ਼ 100 ਫ਼ੀਸਦੀ ਤੋਂ ਘਟਾ ਕੇ 6 ਫ਼ੀਸਦੀ ਕਰ ਦਿੱਤਾ ਹੈ।
ਚੀਨ ਨੇ ਕੈਨੇਡਾ ਤੋਂ ਦਰਾਮਦ ਵਸਤਾਂ ਉੱਤੇ ਟੈਰਿਫ਼ 84 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਕਰ ਦਿੱਤਾ ਹੈ। ਕੈਨੇਡਾ ਇਸ ਸਾਲ ਚੀਨ ਤੋਂ 49900 ਕਾਰਾਂ ਦਰਾਮਦ ਕਰੇਗਾ ਤੇ ਅਗਲੇ ਸਾਲਾਂ ਦੌਰਾਨ ਅੰਕੜਾ ਸੱਤਰ ਹਜ਼ਾਰ ਸਾਲਾਨਾ ਤੱਕ ਪਹੁੰਚ ਜਾਏਗਾ। ਟੈਰਿਫ਼ ਛੋਟ ਕਾਰਣ ਚੀਨ ਤੋਂ ਆ ਕੇ ਕੈਨੇਡਾ ਵਿੱਚ 60-62 ਹਜ਼ਾਰ ਡਾਲਰ ਵਿੱਚ ਵਿਕਣ ਵਾਲੀ ਬਿਜਲਈ ਕਾਰ ਹੁਣ 35-36 ਹਜਾਰ ਡਾਲਰ ਵਿੱਚ ਮਿਲ ਸਕੇਗੀ। ਇਸੇ ਤਰ੍ਹਾਂ ਕੈਨੇਡਾ ਤੋਂ ਕਲੋਨਾ ਤੇਲ, ਉੱਚ ਮਿਆਰੀ ਲੱਕੜ, ਸਮੁੰਦਰੀ ਖਾਦ ਪਦਾਰਥ ਤੇ ਕੈਨੇਡਾ ਦੇ ਕਈ ਹੋਰ ਉਤਪਾਦ ਹੁਣ ਚੀਨ ਨੂੰ ਭੇਜੇ ਜਾਣਗੇ।
ਇਥੋਂ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਨਾਲ ਹੋਏ ਸਮਝੌਤੇ ਨੇ ਕੈਨੇਡਾ ਲਈ ਬਰਾਮਦ ਦੇ ਦਰ ਖੋਲ੍ਹ ਦਿੱਤੇ ਹਨ। ਇਸ ਸਮਝੌਤੇ ਤੋਂ ਖੁਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਹੋਰ ਦੇਸ਼ਾਂ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਲਿਆ ਹੈ। ਉਨ੍ਵਾਂ ਵੱਡੀਆਂ ਉਮੀਦਾਂ ਨਾਲ ਕਤਰ ਦੇ ਮੁਖੀ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਚੀਨ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਕੈਨੇਡਿਆਈ ਲੋਕਾਂ ਨੂੰ ਚੀਨ ਆਉਣ ਲਈ ਹੁਣ ਵੀਜ਼ੇ ਦੀ ਲੋੜ ਨਹੀਂ ਹੋਏਗੀ।
ਅਮਰੀਕਾ ਦੇ ਦਬਾਅ ਹੇਠ ਕੈਨੇਡਾ ਨੇ ਚੀਨ ਦੀਆਂ ਦਰਾਮਦੀ ਵਸਤਾਂ ’ਤੇ 84 ਫ਼ੀਸਦੀ ਟੈਰਿਫ਼ ਲਾਉਣ ਨਾਲ ਕੈਨੇਡਾ ਚੀਨ ਵਪਾਰ ਇੱਕ ਤਰ੍ਹਾਂ ਬੰਦ ਸੀ, ਜਿਸ ਕਾਰਨ ਕੈਨੇਡਿਆਈ ਆਰਥਿਕਤਾ ਡਾਵਾਂਡੋਲ ਹੋ ਗਈ ਸੀ। ਸਮਝੌਤੇ ਨੇ ਕੈਨੇਡਾ ਦੇ ਉਤਪਾਦਕਾਂ ਦੇ ਚਿਹਰੇ ਖਿੜਾ ਦਿੱਤੇ ਹਨ। ਇਨ੍ਹਾਂ ਸਮਝੌਤਿਆਂ ਨਾਲ ਕੈਨੇਡਾ ਨੂੰ ਅਮਰੀਕਾ ਦੇ ਮੂੰਹ ਵੱਲ ਨਹੀਂ ਤੱਕਣਾ ਪਏਗਾ। ਸੰਭਵ ਹੈ ਕਿ ਸਮਝੌਤੇ ਤੋਂ ਚਿੜ ਕੇ ਅਮਰੀਕੀ ਰਾਸ਼ਟਰਪਤੀ ਕੈਨੇਡਿਆਈ ਵਸਤਾਂ ’ਤੇ ਟੈਰਿਫ਼ ਹੋਰ ਵਧਾ ਦੇਣ।
ਦੂਜੇ ਪਾਸੇ ਕੈਨੇਡਾ ਦੇ ਬਿਜਲਈ ਕਾਰ ਉਤਪਾਦਨ ਨੂੰ ਥੋੜਾ ਝਟਕਾ ਲੱਗੇਗਾ, ਘਰੇਲੂ ਉਤਪਾਦਨ ਕੁਝ ਘਟੇਗਾ ਤੇ ਉਨ੍ਹਾਂ ਲਈ ਕੀਮਤ ਮੁਕਾਬਲਾ ਵੀ ਖੜਾ ਹੋ ਜਾਏਗਾ। ਪਰ ਖਪਤਕਾਰ ਮਾਮਲਿਆਂ ਦੇ ਮਾਹਰ ਇਸ ਖਦਸ਼ੇ ਨੂੰ ਸਿਰੇ ਤੋਂ ਨਕਾਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੁਕਾਬਲੇਬਾਜ਼ੀ ਵਿੱਚ ਬਿਜਲਈ ਕਾਰਾਂ ਦੀ ਚੀਨ ਤੋਂ ਆਉਣ ਵਾਲੀਆਂ ਅੱਧਾ ਲੱਖ ਕਾਰਾਂ ਤੋਂ ਮੰਗ ਕਿਤੇ ਜ਼ਿਆਦਾ ਵਧੇਗੀ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਅਨੁਸਾਰ ਚੀਨ ਨਾਲ ਚੰਗੇ ਸਬੰਧ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਣਗੇ।
![]()
