109 views 2 secs 0 comments

ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ’ਚ ਸਾਬਕਾ ਮੈਨੇਜਰ, ਲੰਗਰ ਜਥੇਦਾਰ ਤੇ ਪੰਜ ਖਰੀਦਦਾਰਾਂ ਖ਼ਿਲਾਫ਼ ਕੇਸ ਦਰਜ

In ਪੰਜਾਬ
February 09, 2026

ਐਸ.ਏ.ਐਸ.ਨਗਰ/ਏ.ਟੀ.ਨਿਊਜ਼: ਮੁਹਾਲੀ ਦੇ ਫੇਜ਼ 8 ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸੈਕਟਰ 101 ਆਈ ਟੀ ਸਿਟੀ ਦੇ ਪਿੰਡ ਸੈਣੀਮਾਜਰਾ ਵਿਚਲੀ 44 ਮਰਲੇ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਮੁਅੱਤਲ ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਲੰਗਰ ਜਥੇਦਾਰ ਜਗਤਾਰ ਸਿੰਘ ਤੋਂ ਇਲਾਵਾ ਸਬੰਧਿਤ ਜ਼ਮੀਨ ਦੇ ਖਰੀਦਦਾਰਾਂ ਪਿੰਡ ਸੈਣੀਮਾਜਰਾ ਦੇ ਵਸਨੀਕ ਗੁਰਿੰਦਰ ਸਿੰਘ, ਤਲਵਿੰਦਰ ਸਿੰਘ, ਸਤਵੀਰ ਸਿੰਘ, ਬਲਜਿੰਦਰ ਸਿੰਘ ਅਤੇ ਜਸਵੰਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸੋਹਾਣਾ ’ਚ ਇਹ ਕੇਸ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੇ ਬਿਆਨਾਂ ’ਤੇ ਦਰਜ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਪਰੋਕਤ ਵਿਅਕਤੀਆਂ ਨੇ ਜਾਅਲਸਾਜ਼ੀ ਕਰਕੇ ਅੰਬ ਸਾਹਿਬ ਦੀ ਜ਼ਮੀਨ ਦੀ 2-12-2025 ਨੂੰ ਰਜਿਸਟਰੀ ਕਰਾਈ ਹੈ। ਸਕੱਤਰ ਨੇ ਕਿਹਾ ਕਿ ਉਨ੍ਹਾਂ ਦੇ ਹਸਤਾਖ਼ਰਾਂ ਵਾਲਾ 15-10-2025 ਨੂੰ ਜਾਰੀ ਹੋਇਆ ਵਿਖਾਇਆ ਗਿਆ ਪੱਤਰ ਵੀ ਜਾਅਲੀ ਤਿਆਰ ਕੀਤਾ ਗਿਆ। ਕਾਨੂੰਨ ਅਨੁਸਾਰ ਗੁਰਦੁਆਰੇ ਦੀ ਜ਼ਮੀਨ ਵੇਚਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਤੇ ਸਬੰਧਿਤ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਵੀ ਕੋਈ ਮਤਾ ਪਾਸ ਨਹੀਂ ਕੀਤਾ ਗਿਆ।

Loading