ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਉਟਾਹ ਵਿੱਚ ਇੱਕ ਸਲਾਨਾ ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਹੋਏ ਤਕਰਾਰ ਉਪਰੰਤ ਹੋਈ ਗੋਲੀਬਾਰੀ ਵਿੱਚ ਇੱਕ 8 ਮਹੀਨਿਆਂ ਦੇ ਬੱਚੇ ਸਮੇਤ 3 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇੱਕ ਬਿਆਨ ਵਿੱਚ ਦਿੰਦਿਆਂ ਕਿਹਾ ਹੈ ਕਿ ਵੈਸਟ ਵੈਲੀ ਸ਼ਹਿਰ ਵਿੱਚ ਸੈਂਟੈਨੀਅਲ ਪਾਰਕ ਵਿੱਚ ਵੈਸਟਫ਼ੈਸਟ ਮੇਲੇ ਦੌਰਾਨ ਹੋਈ ਗੋਲੀਬਾਰੀ ਵਿੱਚ ਕੁੱਲ 5 ਜਣਿਆਂ ਦੇ ਗੋਲੀਆਂ ਵੱਜੀਆਂ ਹਨ ਜਿਨ੍ਹਾਂ ਵਿਚੋਂ 3 ਦਮ ਤੋੜ ਗਏ ਹਨ। ਵੈਸਟਫ਼ੈਸਟ ਮੇਲਾ 4 ਦਿਨ ਮਨਾਇਆ ਜਾਂਦਾ ਹੈ। ਵੈਸਟ ਵੈਲੀ ਸ਼ਹਿਰ ਸਾਲਟ ਲੇਕ ਸ਼ਹਿਰ ਤੋਂ 12 ਮੀਲ ਦੂਰ ਹੈ। ਵੈਸਟ ਵੈਲੀ ਸ਼ਹਿਰ ਦੀ ਪੁਲਿਸ ਵੱਲੋਂ ਸੋਸ਼ਲ ਮੀਡੀਆ ਐਕਸ ੳੁੱਪਰ ਪਾਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਬੱਚੇ ਤੋਂ ਇਲਾਵਾ ਇੱਕ 18 ਸਾਲਾਂ ਦਾ ਵਿਅਕਤੀ ਤੇ ਇੱਕ 41 ਸਾਲ ਦੀ ਔਰਤ ਸ਼ਾਮਿਲ ਹੈ। ਜ਼ਖਮੀਆਂ ਵਿੱਚ ਇੱਕ 17 ਸਾਲਾਂ ਦੀ ਔਰਤ ਤੇ ਇੱਕ 15 ਸਾਲਾਂ ਦਾ ਨੌਜਵਾਨ ਸ਼ਾਮਿਲ ਹੈ।
ਪੁਲਿਸ ਅਨੁਸਾਰ ਘਟਨਾ ਮੇਲੇ ਦੇ ਆਖ਼ਰੀ ਦਿਨ ਰਾਤ ਤਕਰੀਬਨ 9.20 ਵਜੇ ਵਾਪਰੀ। ਜਦੋਂ ਝਗੜ ਰਹੇ ਦੋ ਧੜਿਆਂ ਨੂੰ ਛੁਡਾਉਣ ਲਈ ਪੁਲਿਸ ਨੇ ਦਖ਼ਲ ਦਿੱਤਾ ਤਾਂ ਇੱਕ 16 ਸਾਲਾਂ ਦੇ ਨੌਜਵਾਨ ਨੇ ਗੰਨ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਇੱਕ ਪੁਲਿਸ ਅਫ਼ਸਰ ਨੇ ਵੀ ਸ਼ੱਕੀ ੳੁੱਪਰ ਗੋਲੀ ਚਲਾਈ ਪਰੰਤੂ ਗੋਲੀ ਖੁੰਝ ਗਈ ਤੇ ਉਸ ਦਾ ਬਚਾਅ ਹੋ ਗਿਆ। ਬਾਅਦ ਵਿੱਚ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਨਬਾਲਗ ਹੋਣ ਕਾਰਨ ਉਸ ਦਾ ਨਾਂ ਜਨਤਿਕ ਨਹੀਂ ਕੀਤਾ ਜਾ ਸਕਦਾ। ਜਦ ਕਿ ਮ੍ਰਿਤਕਾਂ ਤੇ ਜ਼ਖਮੀਆਂ ਦੇ ਨਾਂ ਲੋੜੀਂਦੀ ਕਾਰਵਾਈ ਪੂਰੀ ਹੋਣ ਉਪਰੰਤ ਜਾਰੀ ਕੀਤੇ ਜਾਣਗੇ। ਪੁਲਿਸ ਅਨਸਾਰ ਮਾਮਲਾ ਜਾਂਚ ਅਧੀਨ ਹੈ ਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ।
![]()
