ਏ.ਆਈ. ਕਾਰਨ ਖਤਰਨਾਕ ਤੇ ਭਰਮਾਊ ਹੋ ਗਈਆਂ ਹਨ ਜੰਗਾਂ!

In ਮੁੱਖ ਲੇਖ
July 03, 2025

ਡਾ. ਅਨੀਤਾ ਰਠੌਲ

ਮਸਨੂਈ ਬੁੱਧੀ ਭਾਵ ਆਰਟੀਫੀਸ਼ਲ ਇੰਟੈਲੀਜੈਂਸ ‘ਏ.ਆਈ.’ ਨੂੰ ਸਹੂਲਤਾਂ ਲਈ ਜਿਸ ਅਲਾਦੀਨੀ ਚਿਰਾਗ ਦੀ ਹੈਸੀਅਤ ਹਾਸਿਲ ਹੈ, ਉਥੇ ਏ. ਆਈ. ਨੇ ਇੱਕ ਨਵੀਂ ਤਰ੍ਹਾਂ ਦਾ ਭਰਮ ਜਾਲ ਰਚ ਕੇ ਇਨਸਾਨ ਲਈ ਬੇਹੱਦ ਖ਼ਤਰਨਾਕ ਸਥਿਤੀ ਪੈਦਾ ਕਰ ਦਿੱਤੀ ਹੈ। ਖ਼ਾਸ ਕਰਕੇ ਜੰਗ ਦੇ ਮਾਮਲੇ ਵਿੱਚ ਤਾਂ ਇਹ ਇਸ ਹੱਦ ਤੱਕ ਭਰਮ ਫੈਲਾਉਣ ਵਿੱਚ ਏਨੀ ਅਸਰਦਾਰ ਸਾਬਿਤ ਹੋਈ ਹੈ ਕਿ ਲਗਦਾ ਹੈ ਕਿ ਮਹਾਕਾਵਾਂ ਵਿੱਚ ਕੈਦ ਭਰਮ ਪੈਦਾ ਕਰਨ ਵਾਲੀ ਜੰਗ ਅੱਜ ਦੀ ਤਰੀਕ ਵਿੱਚ ਹਕੀਕਤ ਬਣ ਗਈ ਹੈ। ਹੁਣ ਇਜ਼ਰਾਇਲ-ਇਰਾਨ ਸੰਘਰਸ਼ ਨੂੰ ਹੀ ਲੈ ਲਓ, ਇਸ ਵਿੱਚ ਏ.ਆਈ. ਨੇ ਏਨੀ ਭਰਮ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਸਭ ਕੋਸ਼ਿਸ਼ਾਂ ਦੇ ਬਾਅਦ ਵੀ ਇਹ ਪਤਾ ਨਹੀਂ ਲਗ ਰਿਹਾ ਕਿ ਸੱਚਮੁਚ ਜੰਗ ਵਿੱਚ ਅਸਲੀ ਸਥਿਤੀ ਕੀ ਹੈ? ਏ.ਆਈ. ਕਾਰਨ 13 ਜੂਨ, 2025 ਨੂੰ ਸ਼ੁਰੂ ਹੋਈ ਇਜ਼ਰਾਇਲ-ਇਰਾਨ ਜੰਗ ਵਿੱਚ ਦਰਜਨਾਂ ਇਸ ਤਰ੍ਹਾਂ ਦੀਆਂ ਝੂਠੀਆਂ ਵੀਡੀਓ ਬਣਾਈਆਂ ਗਈਆਂ ਹਨ, ਜਿਨ੍ਹਾਂ ਕਾਰਨ ਦੁਨੀਆਂ ਭਰ ਦੀ ਰਾਏ ਕਈ-ਕਈ ਵਾਰ ਨਾ ਸਿਰਫ਼ ਬਦਲੀ ਹੈ ਸਗੋਂ ਕਰੋੜਾਂ ਕਰੋੜ ਲੋਕ ਹਕੀਕਤ ਵਿੱਚ ਇਹ ਨਹੀਂ ਜਾਣ ਸਕੇ ਕਿ ਇਸ ਜੰਗ ਦੀ ਅਸਲੀ ਸਥਿਤੀ ਕੀ ਹੈ? ਮੀਡੀਆ ਸੰਸਥਾਵਾਂ ਵੱਲੋਂ ਹੁਣ ਤੱਕ ਦਰਜਨਾਂ ਇਸ ਤਰ੍ਹਾਂ ਦੇ ਵੀਡੀਓ ਨਕਲੀ ਸਾਬਿਤ ਕੀਤੇ ਜਾ ਚੁੱਕੇ ਹਨ, ਜੋ ਕਿਸੇ ਇੱਕ ਦੀ ਖ਼ੌਫ਼ਨਾਕ ਤਾਕਤ ਦੀ ਕਹਾਣੀ ਕਹਿ ਰਹੇ ਸਨ ਅਤੇ ਜਿਨ੍ਹਾਂ ਨੂੰ ਲੱਖ, ਦੋ ਲੱਖ ਨਹੀਂ ਸਗੋਂ 10-10 ਕਰੋੜ ਲੋਕਾਂ ਨੇ ਦੇਖਿਆ ਸੀ ਅਤੇ ਇਨ੍ਹਾਂ ਦੇ ਆਧਾਰ ’ਤੇ ਆਪਣੀ-ਆਪਣੀ ਰਾਏ ਬਣਾ ਲਈ ਸੀ।
ਮਸਨੂਈ ਬੁੱਧੀ ਭਾਵ ਏ. ਆਈ. ਦੇ ਚਲਦਿਆਂ ਪੂਰੀ ਦੁਨੀਆਂ ਵਿੱਚ ਇਰਾਨ ਦੀਆਂ ਜਵਾਬੀ ਕਾਰਵਾਈਆਂ ਨੂੰ ਕੁਝ ਇਸ ਤਰ੍ਹਾਂ ਵਧਾਅ ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ ਕਿ ਕਈ ਮੁਸਲਿਮ ਦੇਸ਼ਾਂ ਵਿੱਚ ਤਾਂ ਇਨ੍ਹਾਂ ਵੀਡੀਓ ਨੂੰ ਦੇਖ ਕੇ ਵੱਡੇ-ਵੱਡੇ ਜਸ਼ਨ ਤੱਕ ਮਨਾਏ ਗਏ ਕਿ ਇਰਾਨ ਨੇ ਇਜ਼ਰਾਇਲ ਨੂੰ ਜ਼ਬਰਦਸਤ ਟੱਕਰ ਦੇ ਕੇ ਤਹਿਸ-ਨਹਿਸ ਕਰ ਦਿੱਤਾ ਹੈ। ਪਰ ਇਰਾਨ ਦੀ ਫ਼ੌਜੀ ਤਾਕਤ ਨੂੰ ਲੈ ਕੇ ਏ.ਆਈ. ਵੱਲੋਂ ਬਣਾਏ ਗਏ ਇਹ ਵੀਡੀਓਜ਼, ਜਿਥੇ ਪੂਰੀ ਤਰ੍ਹਾਂ ਨਕਲੀ ਸਨ, ਉਥੇ ਯੂਰਪ ਅਤੇ ਦੂਜੇ ਦੇਸ਼ਾਂ ਵਿੱਚ ਇਰਾਨ ਦੇ ਅੰਦਰ ਸਰਕਾਰ ਵਿਰੁੱਧ ਜੋ ਵੱਡੇ-ਵੱਡੇ ਅੰਦੋਲਨ ਅਤੇ ਲੋਕਾਂ ਦਾ ਵਿਰੋਧ ਉੱਭਰਿਆ ਦੇਖਿਆ ਗਿਆ ਹੈ, ਉਹ ਵੀ ਸਭ ਝੂਠੇ ਪਾਏ ਗਏ ਹਨ।
ਸੱਚੀ ਗੱਲ ਤਾਂ ਇਹ ਹੈ ਕਿ ਏ.ਆਈ. ਨੇ ਏਨੀ ਭਰਮ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਸਹੀ ਸਹੀ ਅੰਦਾਜ਼ਾ ਹੀ ਨਹੀਂ ਲੱਗ ਰਿਹਾ ਕਿ ਇਸ ਜੰਗ ਵਿੱਚ ਕਿਸ ਦਾ ਅਤੇ ਕਿੰਨਾ ਪਲੜਾ ਭਾਰੀ ਹੈ। ਅੱਜ ਭਾਵੇਂ ਇਹ ਸਭ ਮਨੋਰੰਜਨ ਲੱਗੇ, ਪਰ ਮਾਹਿਰਾਂ ਅਨੁਸਾਰ ਭਵਿੱਖ ਵਿੱਚ ਇਹ ਸਭ ਕੁਝ ਏਨਾ ਭਰਮਾਊ ਹੋ ਜਾਵੇਗਾ ਕਿ ਮਾਈਗ੍ਰੇਨ ਤੋਂ ਵੀ ਵੱਡਾ ਸਥਾਈ ਸਿਰਦਰਦ ਬਣ ਜਾਵੇਗਾ।
ਦਰਅਸਲ ਅੱਜ ਜੰਗ ਸਿਰਫ਼ ਜ਼ਮੀਨੀ ਜਾਂ ਹਵਾਈ ਹਥਿਆਰਾਂ ਨਾਲ ਹੀ ਨਹੀਂ ਲੜੀ ਜਾ ਰਹੀ ਹੈ ਸਗੋਂ ਇਸ ਨੂੰ ਏ.ਆਈ. ਨਾਲ ਵੀ ਲੜਿਆ ਜਾ ਰਿਹਾ ਹੈ। ਇਸ ਨੂੰ ਅਸੀਂ ਡਿਜੀਟਲ ਜੰਗ ਵੀ ਕਹਿ ਸਕਦੇ ਹਾਂ। ਇਰਾਨ ਅਤੇ ਇਜ਼ਰਾਇਲ ਦੀ ਮੌਜੂਦਾ ਜੰਗ ਵਿੱਚ ਏ.ਆਈ. ਦੀ ਜੋ ਵਿਆਪਕ ਭੂਮਿਕਾ ਉੱਭਰ ਕੇ ਸਾਹਮਣੇ ਆਈ ਹੈ, ਉਸ ਨੇ ਵੱਡੇ-ਵੱਡੇ ਜੰਗ-ਮਾਹਿਰਾਂ ਦੇ ਹੋਸ਼ ਉਡਾ ਦਿੱਤੇ ਹਨ। ਫ਼ਰਜ਼ੀ ਵੀਡੀਓ ਦਿ੍ਰਸ਼, ਫ਼ਰਜ਼ੀ ਤਸਵੀਰਾਂ, ਇਥੋਂ ਤੱਕ ਕਿ ਚੈਟਬਾਟ ਤੋਂ ਕਹਾਈਆਂ ਗਈਆਂ ਫ਼ਰਜ਼ੀ ਜਾਣਕਾਰੀਆਂ ਨੇ ਵੀ ਸੱਚ ਅਤੇ ਝੂਠ ਦੀ ਹੱਦ ਨੂੰ ਧੁੰਦਲਾ ਬਣਾ ਬਣਾ ਦਿੱਤਾ ਹੈ। ਪਿਛਲੇ ਦਿਨੀਂ ਇੰਸਟਾਗ੍ਰਾਮ ਅਤੇ ਦੂਜੇ ਸੋਸ਼ਲ ਮੀਡੀਆ ਵਿੱਚ ਇੱਕ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ, ਜੋ ਤੇਲਅਵੀਵ ’ਤੇ ਸਾਧੇ ਗਏ ਖ਼ੌਫ਼ਨਾਕ ਨਿਸ਼ਾਨੇ ਦੀਆਂ ਭਿਆਨਕ ਤਸਵੀਰਾਂ ਪੇਸ਼ ਕਰ ਰਹੀ ਸੀ। ਪਰ ਜਦੋਂ ਖ਼ਬਰ ਏਜੰਸੀ ਏ.ਐਫ.ਪੀ. ਨੇ ਇਸ ਵੀਡੀਓ ਦੀ ‘ਫੈਕਟ ਚੈਕ ਟੂਲ’ ਜ਼ਰੀਏ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਬਿਲਕੁਲ ਫ਼ਰਜ਼ੀ ਵੀਡੀਓ ਹੈ, ਜਿਸ ਨੂੰ ਏ.ਆਈ. ਜ਼ਰੀਏ ਬਣਾਇਆ ਗਿਆ ਹੈ। ਤੇਲਅਵੀਵ ਦੀ ਜਿਸ ਤਬਾਹੀ ਨੂੰ ਦੇਖ ਕੇ ਦਰਜਨਾਂ ਮੁਸਲਿਮ ਦੇਸ਼ਾਂ ਵਿੱਚ ਵੱਡੇ ਵੱਡੇ ਜਸ਼ਨ ਹੋ ਰਹੇ ਸਨ, ਉਥੇ ਸਾਰੇ ਜਸ਼ਨ ਅਖ਼ੀਰ ਕੁਝ ਘੰਟਿਆਂ ਬਾਅਦ ਝੂਠੇ ਸਾਬਿਤ ਹੋਏ। ਠੀਕ ਉਂਝ ਹੀ ਜਿਵੇਂ ਯੂਰਪ ਅਤੇ ਅਮਰੀਕਾ ਵਿੱਚ ਲੋਕ ਇਹ ਦੇਖ ਕੇ ਖ਼ੁਸ਼ ਹੋ ਰਹੇ ਸਨ ਕਿ ਅਖੀਰ ਇਰਾਨੀਆਂ ਨੇ ਘਰ ਤੋਂ ਬਾਹਰ ਨਿਕਲ ਕੇ ਸਰਕਾਰ ਦਾ ਤਖ਼ਤਾ ਪਲਟਣ ਦਾ ਪੂਰੀ ਤਰ੍ਹਾਂ ਮਨ ਬਣਾ ਲਿਆ ਹੈ, ਇਹ ਵੀਡੀਓ ਵੀ ਪੂਰੀ ਤਰ੍ਹਾਂ ਨਾਲ ਝੂਠੇ ਸਨ। ਦਰਅਸਲ ਇਜ਼ਰਾਇਲ-ਇਰਾਨ ਯੁੱਧ ਨੇ ਝਲਕ ਦਿਖਾਈ ਹੈ ਕਿ ਆਉਣ ਵਾਲੇ ਦਿਨ ਕਿੰਨੇ ਭਰਮ ਪੈਦਾ ਕਰਨ ਵਾਲੇ ਸਾਬਿਤ ਹੋਣ ਵਾਲੇ ਹਨ ਜਦੋਂ ਸੱਚ ਅਤੇ ਝੂਠ ਵਿੱਚ ਫਰਕ ਕਰਨਾ ਆਮ ਲੋਕਾਂ ਦੀ ਤਾਂ ਛੱਡੋ, ਵੱਡੇ-ਵੱਡੇ ਯੁੱਧ ਰਣਨੀਤੀਕਾਰਾਂ ਲਈ ਵੀ ਮੁਸ਼ਕਿਲ ਹੋ ਜਾਣਗੇ।
ਜਿਸ ਰਫ਼ਤਾਰ ਨਾਲ ਮਨਸੂਈ ਬੁੱਧੀ ਦੀ ਤਕਨੀਕ ਡੂੰਘੀ ਅਸਲੀਅਤ ਨਾਲ ਲੈੱਸ ਹੁੰਦੀ ਜਾ ਰਹੀ ਹੈ ਅਤੇ ਇਹ ਤਕਨੀਕ ਦਿਨ ਪ੍ਰਤੀ ਦਿਨ ਬੇਹੱਦ ਮੁਸ਼ਕਿਲ ਵੀ ਹੁੰਦੀ ਜਾ ਰਹੀ ਹੈ, ਉਸ ਕਾਰਨ ਭਵਿੱਖ ਵਿਚ ਇਸ ਤਰ੍ਹਾਂ ਦੇ ਭਰਮ ਦਾ ਜਾਲ ਕੱਟਣਾ ਬਹੁਤ ਸੌਖਾ ਨਹੀਂ ਹੋਵੇਗਾ। ਹੱਦ ਤਾਂ ਇਹ ਹੈ ਕਿ ਇਸ ਸਥਿਤੀ ਤੋਂ ਛੁਟਕਾਰਾ ਦਿਵਾਉਣ ਲਈ ਜਿਨ੍ਹਾਂ ਚੈਟਬਾਟਸ ਨੂੰ ਟੂਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ, ਇਜ਼ਰਾਇਲ-ਇਰਾਨ ਜੰਗ ਦੌਰਾਨ ਉਹ ਚੈਟਬਾਟ ਵੀ ਭਰਮ ਦੇ ਜਾਲ ਵਿੱਚ ਫਸੇ ਪਾਏ ਗਏ ਹਨ।
ਇਜ਼ਰਾਇਲ-ਇਰਾਨ ਜੰਗ ਨੂੰ ਲੈ ਕੇ ਐਕਸ.ਏ.ਆਈ. ਦਾ ਗ੍ਰੋਕ ਚੈਟਬਾਟ ਨਾ ਸਿਰਫ਼ ਏ.ਆਈ. ਦੇ ਇਕ ਵੀਡੀਓਜ਼ ਨੂੰ ਅਸਲੀ ਦੱਸ ਕੇ ਗੁੰਮਰਾਹ ਕਰ ਰਿਹਾ ਸੀ, ਸਗੋਂ ਸ਼ਾਇਦ ਉਹ ਖ਼ੁਦ ਵੀ ਨਹੀਂ ਸਮਝ ਸਕਿਆ ਕਿ ਇਹ ਸੱਚ ਹੈ ਜਾਂ ਝੂਠ। ਇਜ਼ਰਾਇਲ-ਇਰਾਨ ਜੰਗ ਨੇ ਵੀਡੀਓ ਗੇਮ ਦੇ ਸਾਲਾਂ, ਦਹਾਕਿਆਂ ਪੁਰਾਣੇ ਫੁਟੇਜ ਨੂੰ ਵੀ ਜੰਗ ਦੇ ਤਾਜ਼ਾ ਵੇਰਵਿਆਂ ਵਿੱਚ ਬਦਲ ਦਿੱਤਾ। ਹਾਲ ਹੀ ਵਿੱਚ ਕਈ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਏ, ਜਿਨ੍ਹਾਂ ਵਿੱਚ ਇਜ਼ਰਾਇਲੀ ਜੈੱਟ ਕਾਗਜ਼ ਦੇ ਹਵਾਈ ਜਹਾਜ਼ਾਂ ਦੀ ਤਰ੍ਹਾਂ ਡਿਗਦੇ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਇਰਾਨ ਦੀਆਂ ਮਿਜ਼ਾਇਲਾਂ ਫਟ-ਫਟ ਕਰਕੇ ਡੇਗਦੀਆਂ ਦਿਖਾਈਆਂ ਗਈਆਂ। ਪਰ ਬਾਅਦ ਵਿੱਚ ਪਤਾ ਲੱਗਿਆ ਹੈ ਕਿ ਲਹੂ-ਲੁਹਾਨ ਲੜਾਕੂ ਜਹਾਜ਼ਾਂ ਦੀ ਇਹ ਬਾਰਿਸ਼ ਹਕੀਕਤ ਨਹੀਂ ਸਗੋਂ ਕੰਪਿਊਟਰ ਗੇਮ ਦਾ ਹਿੱਸਾ ਸੀ। ਇਹ ਵੀਡੀਓ ਗੇਮ ਇਸ ਹੱਦ ਤੱਕ ਭਰਮ ਵਾਲੀ ਸਥਿਤੀ ਪੈਦਾ ਕਰ ਰਹੀ ਹੈ ਕਿ ਪੱਖ ਜਾਂ ਵਿਰੋਧ ਵਿੱਚ ਕੋਈ ਅਸਲੀ ਰਾਏ ਹੀ ਨਹੀਂ ਬਣ ਰਹੀ ਸੀ। ਸਿਰਫ਼ ਮਨਘੜਤ ਤਸਵੀਰਾਂ ਹੀ ਨਹੀਂ ਬਲਕਿ ਸੈਟੇਲਾਈਟ ਫੁਟੇਜ ਵੀ ਪੇਸ਼ ਕੀਤੇ ਜਾ ਰਹੇ ਹਨ। ਟੈਲੀਗ੍ਰਾਮ ਤੇ ਸਟੇਟ ਮੀਡੀਆ ਚੈਨਲਾਂ ’ਤੇ ਏ.ਆਈ. ਨਾਲ ਬਣਾਏ ਨਕਲੀ ਸੈਟੇਲਾਈਟ ਫੁਟੇਜ ਪੋਸਟ ਕੀਤੇ ਜਾ ਰਹੇ ਹਨ। ਜੋ ਇਜ਼ਰਾਇਲ ਵਿੱਚ ਵੱਡੇ ਪੱਧਰ ’ਤੇ ਫ਼ੌਜ ਦੇ ਨੁਕਸਾਨ ਨੂੰ ਦਿਖਾਉਂਦੇ ਹਨ। ਪਰ ਜਦੋਂ ਇਨ੍ਹਾਂ ਦੇ ਫੈਕਟ ਜਾਂਚੇ ਜਾਂਦੇ ਹਨ ਤਾਂ ਸਭ ਕਮਰੇ ਦੇ ਅੰਦਰ ਕੰਪਿਊਟਰ ’ਤੇ ਬਣਾਇਆ ਗਿਆ ‘ਵਾਰ ਗੇਮ’ ਸਾਬਤ ਹੁੰਦਾ ਹੈ।
ਇਰਾਨੀ ਕਾਇਦੇ ਨਾਲ ਚਲਾਏ ਜਾਣ ਵਾਲੇ ਬਾਟ ਨੈੱਟਵਰਕ, ਸਾਈਬਰ ਫੋਰਸ ਨੇ ਫ਼ਰਜ਼ੀ ਐਮਰਜੈਂਸੀ ਅਲਰਟ ਭੇਜ ਕੇ ਇਜ਼ਰਾਇਲ ਵਿੱਚ ਡਰ ਅਤੇ ਭਰਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸੇ ਤਰ੍ਹਾਂ ਸੋਸ਼ਲ ਮੀਡੀਆ ਬਾਟ ਕਮੈਂਟ ਬਾਇਓਸ ਅਤੇ ਏ.ਆਈ. ਰਾਹੀਂ ਬਣਾਈ ਆਵਾਜ਼ ਦੀ ਵਰਤੋਂ ਕਰ ਕੇ ਇੱਕ ਸੰਦੇਸ਼ ਦਾ ਟੂਲ ਸੈੱਟ ਕੀਤਾ ਜਾ ਰਿਹਾ ਹੈ। ਏ.ਆਈ. ਦਾ ਇਹ ਝੂਠਾ ਤੂਫ਼ਾਨ ਸਿਰਫ਼ ਦੋ ਦੇਸ਼ਾਂ ਵਿਚਾਲੇ ਤਤਕਾਲੀ ਜੰਗ ਨੂੰ ਹੀ ਖ਼ਤਰਨਾਕ ਨਹੀਂ ਬਣਾ ਰਿਹਾ ਸਗੋਂ ਡੂੰਘਾਈ ਨਾਲ ਦੇਖੀਏ ਤਾਂ ਇਹ ਸੱਚ ਅਤੇ ਝੂਠ ਵਿਚਾਲੇ ਸਾਰੀਆਂ ਦੀਵਾਰਾਂ ਨੂੰ ਧੁੰਦਲਾ ਕਰ ਰਿਹਾ ਹੈ। ਇਸ ਤੋਂ ਬਹੁਤ ਜ਼ਬਰਦਸਤ ਭਾਵਨਾਤਮਕ ਧੱਕਾ ਲੱਗਣ ਵਾਲਾ ਹੈ। ਦਰਅਸਲ ਏ.ਆਈ. ‘ਫੇਕ ਨਿਊਜ਼’ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਭਾਵਨਾਤਮਕ ਹੜਕੰਪ ਪੈਦਾ ਕੀਤੇ ਜਾਣ। ਪਰ ਇੱਕ ਜਾਂ ਦੋ ਵਾਰ ਇਸ ਭਾਵਨਾਤਮਕ ਹੜਕੰਪ ਦੀ ਪੋਲ ਖੁੱਲ੍ਹਣ ਤੋਂ ਬਾਅਦ ਹੀ ਅਸੀਂ ਫਿਰ ਤੋਂ ਆਮ ਹਾਲਤ ’ਚ ਆ ਸਕਦੇ ਹਾਂ, ਪਰ ਜਦੋਂ ਇਹ ਵਾਰ-ਵਾਰ ਹੋਵੇਗਾ ਤਾਂ ਆਮ ਹਾਲਤ ’ਚ ਆਉਣਾ ਮੁਸ਼ਕਿਲ ਹੋ ਜਾਵੇਗਾ। ਉਦੋਂ ਇਸ ਤਰ੍ਹਾਂ ਦੀ ਸਥਿਤੀ ਬਣੇਗੀ ਕਿ ਸਾਡੀ ਮਾਨਸਿਕ ਸਥਿਤੀ ਇੱਕ ਇਸ ਤਰ੍ਹਾਂ ਦੇ ਮੋੜ ’ਤੇ ਚਲੀ ਜਾਵੇਗੀ, ਜੋ ਕਿਸੇ ਸੱਚ ਜਾਂ ਝੂਠ ’ਤੇ ਇਕੋ ਜਿਹੇ ਰੀਐਕਟ ਕਰਨ ਲੱਗੇਗੀ। ਤੁਸੀਂ ਸੱਚ ਨੂੰ ਸੱਚ ਨਹੀਂ ਮੰਨੋਗੇ ਅਤੇ ਝੂਠ ਨੂੰ ਝੂਠ ਨਹੀਂ ਸਮਝ ਪਾਓਗੇ। ਇਸ ਲਈ ਸਿਰਫ਼ ਦੋ ਦੇਸ਼ਾਂ ਦਰਮਿਆਨ ਜੰਗ ’ਤੇ ਹੀ ਰੋਕ ਲਗਾਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਜੰਗ ਦੇ ਇਸ ਭਰਮ ਜਾਲ ਨੂੰ ਵੀ ਤੁਰੰਤ ਬੰਦ ਕੀਤੇ ਜਾਣ ਦੀ ਜ਼ਰੂਰਤ ਹੈ, ਨਹੀਂ ਤਾਂ ਭਵਿੱਖ ਦੀਆਂ ਪੀੜ੍ਹੀਆਂ ਸੱਚ ਅਤੇ ਝੂਠ ਵਿਚਾਲੇ ਫ਼ੈਸਲਾ ਨਹੀਂ ਕਰ ਸਕਣਗੀਆਂ ਅਤੇ ਇਨਸਾਨ ਦੇ ਦਿਮਾਗ਼ ਦੀ ਹੁਣ ਤੱਕ ਦੀ ਸਾਰੀ ਵਿਕਾਸ ਯਾਤਰਾ ਗੜਬੜ ਹੋ ਜਾਵੇਗੀ। ਇਹ ਬਹੁਤ ਵੱਡਾ ਮਾਨਸਿਕ ਘਾਤ ਹੋਵੇਗਾ। ਇਸ ਲਈ ਦੁਨੀਆਂ ਜਿੰਨੀ ਛੇਤੀ ਇਸ ਨੂੰ ਸਮਝੇ, ਓਨਾ ਹੀ ਚੰਗਾ ਹੋਵੇਗਾ।

Loading