ਪਿਛਲੇ ਸਾਲ ਸਤੰਬਰ ਮਹੀਨੇ ਦੇ ਤੀਸਰੇ ਹਫ਼ਤੇ ਦੌਰਾਨ ਮੈਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਾਂ। ਕਾਰਨ ਸੀ ਮੁੰਬਈ ਜਾਂਦੇ ਹੋਏ ਰਸਤੇ ਵਿੱਚ ਆਪਣੀ ਧੀ ਵਾਮਿਕਾ ਗੱਬੀ ਨੂੰ ਮਿਲਣ ਵਾਸਤੇ ਜਾਣਾ। ਉਨ੍ਹੀਂ ਦਿਨੀਂ ਉਹ ਲਖਨਊ ਦੇ ਨਜ਼ਦੀਕ ਪੈਂਦੇ ਕਸਬੇ ਬਾਰਾਬੰਕੀ ਦੇ ਨੇੜੇ ਪੈਂਦੇ ਇੱਕ ਜੰਗਲੀ ਇਲਾਕੇ ਵਿੱਚ ਆਪਣੀ ਨਵੀਂ ਹਿੰਦੀ ਫ਼ਿਲਮ ‘ਪਤੀ, ਪਤਨੀ ਔਰ ਵੋਹ ਦੋ’ ਦੀ ਸ਼ੂਟਿੰਗ ਕਰ ਰਹੀ ਸੀ। ਮੈਂ ਸਵੇਰੇ ਸਾਢੇ ਕੁ ਦਸ ਵਜੇ ਲਖਨਊ ਦੇ ਏਅਰਪੋਰਟ ਤੋਂ ਸਿੱਧਾ ਸ਼ੂਟਿੰਗ ਵਾਲੀ ਥਾਂ ਦੇ ਨੇੜੇ ਵਾਮਿਕਾ ਦੀ ਵੈਨਿਟੀ ਵੈਨ ਵਿੱਚ ਪਹੁੰਚ ਗਿਆ। ਉਸ ਦਿਨ ਫ਼ਿਲਮ ਦਾ ਕਲਾਈਮੈਕਸ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਸੋ, ਫ਼ਿਲਮ ਵਿੱਚ ਕੰਮ ਕਰਨ ਵਾਲੇ ਲਗਪਗ ਸਾਰੇ ਮੁੱਖ ਕਲਾਕਾਰ ਉੱਥੇ ਹਾਜ਼ਰ ਸਨ।
ਜਿਨ੍ਹਾਂ ਵਿੱਚ ਆਯੁਸ਼ਮਾਨ ਖੁਰਾਣਾ, ਰੁਕਲਪ੍ਰੀਤ ਸਿੰਘ, ਸਾਰਾ ਅਲੀ ਖ਼ਾਨ, ਵਿਜੇ ਰਾਜ, ਤਿਮਾਂਗਸ਼ੂ ਧੁਲੀਆ ਤੇ ਫ਼ਿਲਮ ਦੇ ਨਿਰਦੇਸ਼ਕ ਮੁਦਾਸਰ ਅਜ਼ੀਜ਼ ਦੇ ਨਾਲ ਹੀ ਨਿਰਮਾਤਾ ਜੂਨੋ ਚੋਪੜਾ ਵੀ ਉੱਥੇ ਹੀ ਸਨ। ਸਭ ਤੋਂ ਪਹਿਲਾਂ ਵਿਜੇ ਰਾਜ ਮਿਲਿਆ। ਉਹ ਵੈਨਿਟੀ ਵੈਨ ’ਚੋਂ ਨਿਕਲ ਕੇ ਸ਼ੂਟਿੰਗ ਦੇ ਸੈੱਟ ਵੱਲ ਜਾ ਰਿਹਾ ਸੀ। ਅਸੀਂ ਅਜਨਬੀਆਂ ਵਾਂਗ ਹੱਥ ਮਿਲਾਏ। ਹਾਲਾਂਕਿ ਮੈਂ ਉਸ ਦੀ ਅਦਾਕਾਰੀ ਦਾ ਹਮੇਸ਼ਾ ਕਾਇਲ ਰਿਹਾ ਹਾਂ। ਸੋ, ਗੱਲਬਾਤ ਕਰਨੀ ਵੀ ਚਾਹੁੰਦਾ ਸਾਂ ਪਰ ਸਬੱਬ ਨਹੀਂ ਬਣਿਆ। ਦੂਸਰਾ, ਅਜੇ ਉਸ ਨੂੰ ਇਹ ਪਤਾ ਵੀ ਨਹੀਂ ਸੀ ਕਿ ਮੈਂ ਵਾਮਿਕਾ ਗੱਬੀ ਦਾ ਪਿਉ ਹਾਂ।
ਕੁਝ ਦੇਰ ਬਾਅਦ ਅਸੀਂ ਫ਼ਿਲਮ ਦੇ ਸੈੱਟ ਉੱਪਰ ਪਹੁੰਚ ਗਏ। ਇਕ ਸ਼ਾਟ ਦਾ ਟੇਕ ਓਕੇ ਹੋਣ ਤੋਂ ਬਾਅਦ ਵਾਮਿਕਾ ਨੇ ਮੈਨੂੰ ਸਾਰਿਆਂ ਨਾਲ ਮਿਲਾਇਆ। ਵਾਮਿਕਾ ਗੱਬੀ ਦੇ ਪਿਤਾ ਹੋਣ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਫ਼ਿਲਮ ਨਾਲ ਸਬੰਧਤ ਲੋਕਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਤੇ ਰਵੱਈਆ ਬਦਲ ਜਾਂਦਾ। ਸਭ ਤੋਂ ਪਹਿਲਾਂ ਮੇਰੀ ਨਿਰਮਾਤਾ ਜੂਨੋ ਚੋਪੜਾ ਨਾਲ ਸੰਖੇਪ ਗੁਫ਼ਤਗੂ ਹੋਈ। ਜਦੋਂ ਉਸ ਨੇ ਦੱਸਿਆ ਕਿ ਉਹ ਪ੍ਰਸਿੱਧ ਨਿਰਦੇਸ਼ਕ, ਨਿਰਮਾਤਾ ਤੇ ਪੱਤਰਕਾਰ ਬੀਆਰ ਚੋਪੜਾ ਦਾ ਪੋਤਾ ਹੈ ਤਾਂ ਮੇਰੀ ਉਤਸੁਕਤਾ ਹੋਰ ਵਧ ਗਈ।
ਮੈਂ ਦੱਸਿਆ ਕਿ ਮੈਂ ਬੀਆਰ ਚੋਪੜਾ ਦੀਆਂ ਫ਼ਿਲਮਾਂ ਨੂੰ ਬਹੁਤ ਪਸੰਦ ਕਰਦਾ ਹਾਂ। ਦੇਸ਼ ਦੀ ਵੰਡ ਤੋਂ ਪਹਿਲਾਂ ਸਾਡਾ ਪਰਿਵਾਰ ਵੀ ਪਾਕਿਸਤਾਨ ਵਿੱਚ ਹੀ ਰਹਿੰਦਾ ਸੀ ਤਾਂ ਉਸ ਨੇ ਆਪਣੇ ਦਾਦਾ ਜੀ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਉਸ ਨੂੰ ਵੰਡ ਨਾਲ ਸਬੰਧਿਤ ਕਈ ਕਿੱਸੇ ਸੁਣਾਇਆ ਕਰਦੇ ਸਨ। ਚੋਪੜਾ ਕਿਵੇਂ ਪੱਤਰਕਾਰ ਤੋਂ ਫ਼ਿਲਮਾਂ ਨਾਲ ਜੁੜੇ, ਉਸ ਬਾਰੇ ਵੀ ਗੱਲਾਂ ਹੋਈਆਂ। ਉਸ ਨੇ ਦੱਸਿਆ ਕਿ ਉਸ ਦਾ ਨਾਂ ਜੂਨੋ ਚੋਪੜਾ ਵੀ ਉਸ ਦੇ ਦਾਦਾ ਨੇ ਹੀ ਰੱਖਿਆ ਸੀ। ਜੂਨੋ ਚੋਪੜਾ ਮਤਲਬ ਛੋਟਾ ਚੋਪੜਾ ਭਾਵ ਜੂਨੀਅਰ ਚੋਪੜਾ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪੰਜਾਬੀ ਸਮਝਦੇ ਹਨ ਤਾਂ ਉਸ ਦਾ ਜੁਆਬ ਸੀ ਕਿ ਦਾਦਾ ਤੇ ਦਾਦੀ ਜੀ ਘਰ ਵਿੱਚ ਹਮੇਸ਼ਾ ਪੰਜਾਬੀ ਬੋਲਦੇ ਹੁੰਦੇ ਸਨ।
ਉਨ੍ਹਾਂ ਨੇ ਬੜਾ ਜ਼ੋਰ ਲਗਾਇਆ ਪਰ ਇੱਕ ਤਾਂ ਮੁੰਬਈ ਤੇ ਦੂਸਰਾ, ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹੋਣ ਕਰਕੇ ਮੈਂ ਪੰਜਾਬੀ ਨਹੀਂ ਸਮਝ ਸਕਿਆ ਜਿਸ ਦਾ ਮੈਨੂੰ ਹੁਣ ਬਹੁਤ ਪਛਤਾਵਾ ਹੁੰਦਾ ਹੈ ਤੇ ਹੁਣ ਨਾ ਦਾਦਾ-ਦਾਦੀ ਜੀ ਰਹੇ ਤੇ ਨਾ ਕੋਈ ਹੋਰ ਜੋ ਸਾਡੇ ਨਾਲ ਪੰਜਾਬੀ ਵਿੱਚ ਗੱਲਾਂ ਕਰੇ। ਸੋ, ਮੈਂ ਪੰਜਾਬੀ ਤੋਂ ਦੂਰ ਹੁੰਦਾ ਗਿਆ। ਮੇਰੇ ਵੱਲੋਂ ਪੰਜਾਬੀ ਦੀ ਵਕਾਲਤ ਕਰਨ ’ਤੇ ਉਸ ਨੇ ਵਾਅਦਾ ਕੀਤਾ ਕਿ ਉਹ ਪੰਜਾਬੀ ਸਿੱਖਣ ਦੀ ਦੁਬਾਰਾ ਕੋਸ਼ਿਸ਼ ਕਰੇਗਾ।
ਨਿਰਦੇਸ਼ਕ ਮੁਦਾਸਰ ਅਜ਼ੀਜ਼ ਨੇ ਆਪਣੇ ਫ਼ਿਲਮੀ ਕੈਰੀਅਰ ਤੇ ਆਪਣੇ ਪਿਤਾ ਜੀ ਨਾਲ ਸਬੰਧਿਤ ਕਈ ਗੱਲਾਂ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਉਸ ਦੇ ਪਿਤਾ ਜੀ ਨੂੰ ਉਸ ਦਾ ਫ਼ਿਲਮ ਇੰਡਸਟਰੀ ਨਾਲ ਜੁੜਨਾ ਪਸੰਦ ਨਹੀਂ ਸੀ। ਮਾਂ ਦੇ ਕਹਿਣ ’ਤੇ ਉਹ ਮੇਰੀ ਪਹਿਲੀ ਫ਼ਿਲਮ ਜਿਸ ਦਾ ਮੈਂ ਨਿਰਦੇਸ਼ਕ ਸੀ, ਉਸ ਦੇ ਸੈੱਟ ਉੱਪਰ ਆਏ। ਜਦੋਂ ਉਸ ਵੱਲੋਂ ਨਿਰਦੇਸ਼ਤ ਪਹਿਲੀ ਫ਼ਿਲਮ ਪਰਦਾਪੇਸ਼ ਹੋਣੀ ਸੀ ਤਾਂ ਅਚਨਚੇਤ ਉਸ ਦੇ ਪਿਤਾ ਜੀ ਇਸ ਫ਼ਾਨੀ ਦੁਨੀਆ ਤੋਂ ਹਮੇਸ਼ਾ ਵਾਸਤੇ ਰੁਖ਼ਸਤ ਹੋ ਗਏ ਸਨ ਜਿਸ ਦਾ ਦਰਦ ਉਹ ਅਜੇ ਵੀ ਦਿਲ ਵਿੱਚ ਦਬਾਈ ਬੈਠਾ ਹੈ।
ਆਯੁਸ਼ਮਾਨ ਦੇ ਮਰਹੂਮ ਪਿਤਾ ਦੇ ਵਾਕਿਫ਼ਕਾਰ ਹੋਣ ਕਰਕੇ ਉਸ ਨਾਲ ਪੰਜਾਬੀ ਵਿੱਚ ਗੱਲਬਾਤ ਕਰ ਕੇ ਬਹੁਤ ਵਧੀਆ ਲੱਗਾ। ਉਹ ਬਹੁਤ ਸੋਹਣੀ ਪੰਜਾਬੀ ਬੋਲਦਾ ਪਿਆ ਸੀ।
ਰੁਕਲਪ੍ਰੀਤ ਸਿੰਘ ਤੇ ਸਾਰਾ ਅਲੀ ਖ਼ਾਨ ਨਾਲ ਬਹੁਤ ਖ਼ੁਸ਼ਨੁਮਾ ਮਾਹੌਲ ਵਿੱਚ ਗੱਲਾਂ ਹੋਈਆਂ। ਮੈਂ ਉਨ੍ਹਾਂ ਨੂੰ ਬਹੁਤ ਸਾਰੇ ਪੰਜਾਬੀ ਚੁਟਕਲੇ ਸੁਣਾਏ। ਪੰਜਾਬੀ ਫ਼ੌਜੀ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਰੁਕਲਪ੍ਰੀਤ ਤਾਂ ਪੰਜਾਬੀ ਬੋਲ ਰਹੀ ਸੀ ਪਰ ਸਾਰਾ ਅਲੀ ਖ਼ਾਨ ਨਹੀਂ ਬੋਲ ਰਹੀ ਸੀ। ਜਦੋਂ ਮੈਂ ਉਸ ਨੂੰ ਤਾਅਨਾ ਮਾਰਿਆ ਕਿ ਉਸ ਦਾ ਬਾਪ ਭਾਵੇਂ ਪੰਜਾਬੀ ਨਹੀਂ ਪਰ ਉਸ ਦੀ ਮਾਂ ਤਾਂ ਇੱਕ ਪੰਜਾਬਣ ਹੈ ਤਾਂ ਫ਼ਿਰ ਉਹ ਪੰਜਾਬੀ ਕਿਉਂ ਨਹੀਂ ਬੋਲਦੀ।
ਉਸ ਦੇ ਜਵਾਬ ਨੇ ਮੈਨੂੰ ਕੁਝ ਮਾਯੂਸ ਕੀਤਾ। ਉਸ ਨੇ ਕਿਹਾ ਕਿ ਜਦੋਂ ਉਸ ਦੀ ਮਾਂ ਹੀ ਪੰਜਾਬੀ ਨਹੀਂ ਬੋਲਦੀ ਤਾਂ ਉਹ ਪੰਜਾਬੀ ਕਿਵੇਂ ਬੋਲ ਤੇ ਸਮਝ ਸਕਦੀ ਹੈ। ਮੈਂ ਉਸ ਨੂੰ ਮਾਂ-ਬੋਲੀ ਪੰਜਾਬੀ ਬੋਲਣ ਤੇ ਸਮਝਣ ਦੇ ਕੁਝ ਸੌਖੇ ਗੁਰ ਸਿਖਾਏ। ਮੈਂ ਉਸ ਨੂੰ ਦੱਸਿਆ ਕਿ ਹਿੰਦੀ ਤੇ ਪੰਜਾਬੀ ਭਾਸ਼ਾ ਦੀ ਗਰਾਮਰ (ਵਿਆਕਰਨ) ਇੱਕ- ਦੂਜੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ ਤਾਂ ਉਹ ਇਹ ਜਾਣ ਕੇ ਬਹੁਤ ਖ਼ੁਸ਼ ਹੋਈ। ਉਸ ਨੇ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਜਦੋਂ ਵੀ ਮੁੰਬਈ ਆਵਾਂ ਤਾਂ ਉਸ ਨੂੰ ਪੰਜਾਬੀ ਜ਼ਰੂਰ ਸਿਖਾਵਾਂ।
ਇੱਕ ਹੋਰ ਜਾਣੇ-ਪਛਾਣੇ ਚਿਹਰੇ ਵਾਲੀ ਸਹਿ-ਅਦਾਕਾਰ ਵੀ ਉੱਥੇ ਹਾਜ਼ਰ ਸੀ। ਉਹ ਮੇਰੇ ਨਾਲ ਬਹੁਤ ਉਮਦਾ ਪੰਜਾਬੀ ਬੋਲ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪੰਜਾਬਣ ਹੈ ਤਾਂ ਉਸ ਨੇ ਦੱਸਿਆ ਕਿ ਉਹ ਪੰਜਾਬੀ ਨਹੀਂ, ਗੁਜਰਾਤੀ ਹੈ ਪਰ ਇੱਕ ਪੰਜਾਬੀ ਨਾਟਕ ਕਰਨ ਵਾਸਤੇ ਉਸ ਨੇ ਬਾਖ਼ੂਬੀ ਪੰਜਾਬੀ ਬੋਲਣੀ ਤੇ ਸੁਣਨੀ ਸਿੱਖੀ ਹੈ ਪਰ ਉਸ ਨੂੰ ਗੁਰਮੁਖੀ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ। ਮੇਰੇ ਜ਼ੋਰ ਦੇਣ ’ਤੇ ਉਸ ਨੇ ਵਾਅਦਾ ਕੀਤਾ ਕਿ ਉਹ ਹੁਣ ਗੁਰਮੁਖੀ ਵੀ ਸਿੱਖੇਗੀ। ਜਦੋਂ ਅਸੀਂ ਗੱਲਾਂ ਕਰ ਰਹੇ ਸਾਂ ਤਾਂ ਸ਼ਾਟ ਦੇ ਕੇ ਮਕਬੂਲ ਹਿੰਦੀ ਫ਼ਿਲਮ ‘ਪਾਨ ਸਿੰਘ ਤੋਮਰ’ ਦੇ ਨਿਰਦੇਸ਼ਕ ਤੇ ਐਕਟਰ ਤਿਮਾਂਗਸ਼ੂ ਧੁਲੀਆ ਵੀ ਸਾਡੀ ਮਹਿਫ਼ਲ ਵਿੱਚ ਆਣ ਰਲੇ। ਕੁਝ ਦੇਰ ਬਾਅਦ ਬਾਕੀ ਸਾਰੇ ਕਲਾਕਾਰ ਆਪਣਾ ਸ਼ਾਟ ਦੇਣ ਚਲੇ ਗਏ।
ਮੇਰੀ ਧੁਲੀਆ ਜੀ ਨਾਲ ਲੰਬੀ-ਚੌੜੀ ਗੱਲਬਾਤ ਹੋਈ। ‘ਪਾਨ ਸਿੰਘ ਤੋਮਰ’ ਨੂੰ ਪ੍ਰਦਰਸ਼ਿਤ ਕਰਨ ਵੇਲੇ ਆਈਆਂ ਮੁਸ਼ਕਿਲਾਂ ਨਾਲ ਸਬੰਧਿਤ ਗੱਲਾਂ ਹੋਈਆਂ। ਫ਼ਿਰ ਹਿੰਦੀ ਸਿਨਮਾ ’ਤੇ ਅੱਜ-ਕੱਲ੍ਹ ਚੱਲ ਰਹੇ ਮਾੜੇ ਦੌਰ ਬਾਰੇ ਗੱਲਬਾਤ ਹੋਈ। ਹਿੰਦੀ ਸਿਨਮਾ ਦੀ ਦਸ਼ਾ ਤੇ ਦਿਸ਼ਾ ਬਾਰੇ ਚਰਚਾ ਹੋਈ। ਦਰਸ਼ਕਾਂ ਦਾ ਸਿਨਮਾ ਹਾਲ ਵਿੱਚ ਜਾ ਕੇ ਫ਼ਿਲਮਾਂ ਦੇਖਣ ਤੋਂ ਕੰਨੀ ਕਤਰਾਉਣ ਤੇ ਬਹੁ-ਪਰਦਾ ਸਿਨਮਾ ਕੰਪਲੈਕਸਾਂ ਤੇ ਮਾਲਜ਼ ਵਾਲੀਆਂ ਸਮੱਸਿਆਵਾਂ ਬਾਰੇ ਵੀ ਬਹੁਤ ਗੱਲਾਂ ਹੋਈਆਂ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਪੰਜਾਬੀ ਵਿੱਚ ਕਹਾਣੀਆਂ ਤੇ ਕਵਿਤਾਵਾਂ ਲਿਖਦਾ ਹਾਂ ਤੇ ਮੇਰੀਆਂ ਹੁਣ ਤੱਕ ਪੰਦਰਾਂ ਕੁ ਕਿਤਾਬਾਂ ਛਪ ਚੁੱਕੀਆਂ ਹਨ। ਇਹ ਜਾਣ ਕੇ ਉਹ ਬਹੁਤ ਖ਼ੁਸ਼ ਹੋਇਆ।
ਫ਼ਿਰ ਉਸ ਨੇ ਮੇਰੇ ਨਾਲ ਪੰਜਾਬੀ ਸੱਭਿਆਚਾਰ, ਸਾਹਿਤ, ਸਾਹਿਤਕਾਰਾਂ, ਅਦਾਕਾਰਾਂ, ਕਲਾਕਾਰਾਂ ਤੇ ਪੰਜਾਬੀ ਸਿਨਮਾ ਬਾਰੇ ਗੱਲਬਾਤ ਕੀਤੀ। ਉਹ ਸਾਡੀ ਲੰਗਰ ਪ੍ਰਥਾ ਤੋਂ ਬਹੁਤ ਪ੍ਰਸੰਨ ਸਨ। ਉਹ ‘ਗੁਰਬਾਣੀ’ ਤੋਂ ਵੀ ਬਹੁਤ ਪ੍ਰਭਾਵਿਤ ਦਿਸੇ। ਉਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਪਾਸ਼ , ਲਾਲ ਸਿੰਘ ਦਿਲ ਤੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਬਾਰੇ ਗੱਲਬਾਤ ਕੀਤੀ।“ਆਪ ਪੰਜਾਬੀ ਸਾਹਿਤ ਬਾਰੇ ਇਤਨਾ ਕੈਸੇ ਜਾਨਤੇ ਹੋ..?” ਮੈਂ ਸਵਾਲ ਕੀਤਾ। ਉਸ ਨੇ ਕਿਹਾ ਕਿ ਮੈਨੂੰ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਤੇ ਸੁਣਨੀ ਆਉਂਦੀ ਹੈ।
ਮੈਂ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਤਾਂ ਇਲਾਹਾਬਾਦ (ਪ੍ਰਯਾਗਰਾਜ) ਦੇ ਜੰਮਪਲ ਹੋ। ਤੁਹਾਡੇ ਪਿਤਾ ਜੀ ਤਾਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਨ। ਮਾਤਾ ਜੀ ਸੰਸਕ੍ਰਿਤ ਦੇ ਪ੍ਰੋਫ਼ੈਸਰ ਸਨ ਤਾਂ ਫ਼ਿਰ ਤੁਸੀਂ ਪੰਜਾਬੀ ਕਿੱਥੋਂ ਸਿੱਖ ਗਏ?” ਉਨ੍ਹਾਂ ਦੱਸਿਆ ਕਿ ਹੋਇਆ ਇੰਝ ਕਿ ਸਕੂਲ ਵਿੱਚ ਨਾਟਕ, ਡਰਾਮਾ ਤੇ ਹੋਰ ਸੱਭਿਅਚਾਰਕ ਗਤੀ ਵਿਧੀਆਂ ਵਿਚ ਜ਼ਿਆਦਾ ਰੁਝੇਵਿਆਂ ਦੇ ਚੱਲਦਿਆਂ ਮੈਂ ਦਸਵੀਂ ਜਮਾਤ ਵਿੱਚੋਂ ਫ਼ੇਲ੍ਹ ਹੋ ਗਿਆ ਸੀ।
ਮੈਂ ਘੱਟ ਤੇ ਮੇਰੇ ਘਰ ਵਾਲੇ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਪੜਿ੍ਹਆਂ-ਲਿਖਿਆਂ ਦੇ ਘਰ ਇਹ ਨਾਲਾਇਕ ਕਿੱਥੋਂ ਪੈਦਾ ਹੋ ਗਿਆ ਹੈ। ਘਰ ਵਾਲਿਆਂ ਦੀਆਂ ਦੁਤਕਾਰਾਂ ਤੇ ਝਿੜਕਾਂ ਤੋਂ ਡਰਦਾ ਮਾਰਿਆ ਮੈਂ ਆਪਣੇ ਨਾਨਕੇ ਦੇਹਰਾਦੂਨ ਚਲਾ ਗਿਆ। ਮੇਰੇ ਮਾਮਾ ਜੀ ਨੇ ਮੈਨੂੰ ਇੱਕ ਨਿੱਜੀ ਸਕੂਲ ਵਿੱਚ ਦੁਬਾਰਾ ਦਸਵੀਂ ਜਮਾਤ ਵਿੱਚ ਦਾਖ਼ਲ ਕਰਵਾ ਦਿੱਤਾ ਜੋ ‘ਪੰਜਾਬ ਸਕੂਲ ਸਿੱਖਿਆ ਬੋਰਡ’ ਨਾਲ ਸਬੰਧਿਤ ਸੀ। ਸੋ, ਦਸਵੀਂ ਪਾਸ ਕਰਨ ਵਾਸਤੇ ਮੈਂ ਗੁਰਮੁਖੀ ਲਿਖਣੀ, ਪੜ੍ਹਨੀ, ਬੋਲਣੀ ਤੇ ਸੁਣਨੀ ਸਿੱਖ ਗਿਆ ਤੇ ਅਗਲੇ ਸਾਲ ਦਸਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਕਰ ਗਿਆ।”
ਤਿਮਾਂਗਸ਼ੂ ਧੁਲੀਆ ਦੇ ਮੂੰਹੋਂ ਇਹ ਬੋਲ ਸੁਣਦੇ ਸਾਰ ਹੀ ਮੈਨੂੰ ਉਨ੍ਹਾਂ ਪੰਜਾਬੀਆਂ ਉੱਪਰ ਬੜਾ ਤਰਸ ਤੇ ਗੁੱਸਾ ਆਇਆ ਜੋ ਹਨ ਤਾਂ ਪੰਜਾਬੀ ਪਰ ਆਪਣੀ ਮਾਤ-ਭਾਸ਼ਾ ਪੰਜਾਬੀ ਨੂੰ ਲਿਖ ਤੇ ਪੜ੍ਹ ਨਹੀਂ ਸਕਦੇ, ਬੋਲ ਤੇ ਸੁਣ ਭਾਵੇਂ ਲੈਂਦੇ ਹੋਣ।
ਸੋ, ਪੰਜਾਬੀਓ! ਜੇਕਰ ਗ਼ੈਰ-ਪੰਜਾਬੀ ਤਿਮਾਂਗਸ਼ੂ ਧੁਲੀਆ ਵਰਗੇ ਲੋਕ ਪੰਜਾਬੀ ਬੋਲ, ਸੁਣ, ਲਿਖ ਤੇ ਪੜ੍ਹ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਅਜਿਹਾ ਕਰ ਸਕਦੇ?
-ਗੋਵਰਧਨ ਗੱਬੀ
![]()
