ਕੈਲੀਫ਼ੋਰਨੀਆ ਵਿੱਚ ਬਰਫ਼ਬਾਰੀ ਕਾਰਨ ਵਾਹਣ ਸੜਕਾਂ ’ਤੇ ਫ਼ਸੇ

In ਅਮਰੀਕਾ
December 30, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉੱਤਰ ਪੂਰਬ ਕੈਲੀਫ਼ੋਰਨੀਆ ਵਿੱਚ ਲੋਕਾਂ ਨੂੰ ਬਰਫ਼ਬਾਰੀ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੇਕਾਂ ਵਾਹਣ ਬਰਫ਼ਬਾਰੀ ਕਾਰਨ ਉੱਤਰ ਪੂਰਬ ਕੈਲੀਫ਼ੋਰਨੀਆ ਹਾਈਵੇਅ ’ਤੇ ਫ਼ਸ ਗਏ ਹਨ। ਕੈਲੀਫ਼ੋਰਨੀਆ ਹਾਈਵੇਅ ਗਸ਼ਤੀ ਦਲ ਨੇ ਕੈਲੀਫ਼ੋਰਨੀਆ ਦੀਆਂ ਸੀਏਰਾ ਨੇਵਾਡਾ ਪਹਾੜੀਆਂ ਵਿੱਚ ਕੈਸਲ ਚੋਟੀ ਨੇੜੇ ਫ਼ਸੇ ਵਾਹਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਹਨ। ਗਸ਼ਤੀ ਦਲ ਨੇ ਲਿਖਿਆ ਹੈ ਕਿ ਕੈਸਲ ਚੋਟੀ ਨੇੜੇ ਆਵਾਜਾਈ ਜਾਮ ਹੈ ਤੇ ਵਾਹਣ ਫ਼ਸੇ ਹੋਏ ਹਨ ਇਸ ਨੂੰ ਸਾਫ਼ ਕਰਨ ਲਈ ਅਜੇ ਸਮਾਂ ਲੱਗੇਗਾ। ਗੱਡੀਆਂ ਟਕਰਾਅ ਜਾਣ ਕਾਰਨ ਕੁਝ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਵੀ ਰਿਪੋਰਟ ਹੈ। ਕੈਲੀਫ਼ੋਰਨੀਆ ਹਾਈਵੇਅ ਗਸ਼ਤੀ ਦਲ ਨੇ ਕ੍ਰਿਸਮਿਸ ਤੋਂ 3 ਦਿਨ ਪਹਿਲਾਂ ਹੀ ਡਰਾਈਵਰਾਂ ਨੂੰ ਸਰਦ ਰੁੱਤ ਦਾ ਤੂਫ਼ਾਨ ਆਉਣ ਦੀ ਚਿਤਾਵਨੀ ਦਿੱਤੀ ਸੀ ਤੇ ਕਿਹਾ ਸੀ ਕਿ ਭਾਰੀ ਬਰਫ਼ਬਾਰੀ, ਤੇਜ ਹਵਾਵਾਂ ਤੇ ਤਕਰੀਬਨ ਜ਼ੀਰੋ ਦ੍ਰਿਸ਼ਟੀ ਵਰਗੇ ਹਾਲਾਤ ਬਣ ਜਾਣਗੇ, ਅਸੀਂ ਛੁੱਟੀਆਂ ਦਾ ਆਨੰਦ ਲੈਣਾ ਚਾਹੁੰਦੇ ਹਾਂ ਪਰੰਤੂ ਧਿਆਨ ਰੱਖਣਾ ਕਿ 1-80 ਉੱਪਰ ਫ਼ਸਣ ਵਾਲਿਆਂ ਵਿੱਚ ਕਿਤੇ ਆਪਾਂ ਵੀ ਨਾ ਹੋਈਏ।

Loading