ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਗਰੀਨਲੈਂਡ ਉੱਪਰ ਕੰਟਰੋਲ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਹੈ ਕਿਉਂਕਿ ਕੌਮੀ ਸੁਰੱਖਿਆ ਲਈ ਇਸ ਖੇਤਰ ਦੀ ਲੋੜ ਹੈ ਤੇ ਇਸ ਨਾਲ ਨਾਟੋ ਵੀ ਮਜ਼ਬੂਤ ਹੋ ਸਕਦਾ ਹੈ। ਟਰੰਪ ਨੇ ਟਰੁੱਥ ਸੋਸ਼ਲ ਮੀਡੀਆ ਉੱਪਰ ਲਿਖਿਆ ਕਿ ਗਰੀਨਲੈਂਡ ਅਮਰੀਕਾ ਦੇ ਹੱਥਾਂ ਵਿੱਚ ਆਉਣ ’ਤੇ ਨਾਟੋ ਵਧੇੇਰੇ ਪ੍ਰਭਾਵੀ ਬਣ ਜਾਵੇਗਾ। ਰਾਸ਼ਟਰਪਤੀ ਦਾ ਇਹ ਬਿਆਨ ਵਾਈਟ ਹਾਊਸ ਵਿੱਚ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਤੇ ਡੈਨਿਸ਼ ਵਿਦੇਸ਼ ਮੰਤਰੀ ਲਾਰਸ ਲੋਕੇ ਰਸਮੂਸੇਨ ਵਿਚਾਲੇ ਹੋਈ ਮੀਟਿੰਗ ਤੋਂ ਪਹਿਲਾਂ ਆਇਆ, ਜੋ ਮੀਟਿੰਗ ਬਿਨਾਂ ਕਿਸੇ ਠੋਸ ਸਿੱਟੇ ਦੇ ਖਤਮ ਹੋ ਗਈ। ਇਸ ਮੀਟਿੰਗ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡੈਨਿਸ਼ ਵਿਦੇਸ਼ ਮੰਤਰੀ ਰਸਮੂਸੇਨ ਨੇ ਕਿਹਾ ਕਿ ਉਸ ਦੀ ਅਤੇ ਉਸ ਦੇ ਗਰੀਨਲੈਂਡ ਸਾਥੀ ਦੀ ਰੂਬੀਓ ਤੇ ਵੈਂਸ ਨਾਲ ਉਸਾਰੂ ਗੱਲਬਾਤ ਹੋਈ ਪਰੰਤੂ ਦੋਨੋਂ ਧਿਰਾਂ ਆਪਣੀ-ਆਪਣੀ ਗੱਲ ’ਤੇ ਅੜੀਆਂ ਰਹੀਆਂ ਤੇ ਮਤਭੇਦ ਕਾਇਮ ਰਹੇ। ਉਨ੍ਹਾਂ ਕਿਹਾ ਕਿ ਦੋਨੋਂ ਧਿਰਾਂ ਇੱਕ ਉੱਚ ਪੱਧਰੀ ਕਾਰਜਕਾਰੀ ਗਰੁੱਪ ਬਣਾਉਣ ਲਈ ਰਾਜ਼ੀ ਹੋਈਆਂ ਹਨ, ਜੋ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਕੀ ਅੱਗੇ ਵਧਣ ਲਈ ਸਾਂਝਾ ਰਾਹ ਕੱਢਿਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚਿੰਤਾ ਦੇ ਮੱਦੇ-ਨਜ਼ਰ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਉੱਚ ਪੱਧਰੀ ਵਿਚਾਰ ਵਟਾਂਦਰੇ ਵਾਸਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਇਹ ਵੀ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਡੈਨਮਾਰਕ ਦੀਆਂ ਹੱਦਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੈਨਮਾਰਕ ਦਾ ਵਿਸ਼ਵਾਸ ਹੈ ਕਿ ਲੰਬੇ ਸਮੇਂ ਲਈ ਸੁਰੱਖਿਆ ਮੌਜੂਦਾ ਢਾਂਚੇ ਵਿੱਚ ਯਕੀਨੀ ਬਣਾਈ ਜਾ ਸਕਦੀ ਹੈ।
![]()
