ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਸਜਾਇਆ ਨਗਰ ਕੀਰਤਨ

In ਪੰਜਾਬ
November 25, 2025

ਸ੍ਰੀ ਕੀਰਤਪੁਰ ਸਾਹਿਬ/ਏ.ਟੀ.ਨਿਊਜ਼: ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ, ਜਿਸ ਵਿੱਚ ਸੰਤ ਸਮਾਜ ਦੇ ਮੁਖੀ ਅਤੇ ਰਾਜਨੀਤਿਕ ਨੇਤਾਵਾਂ ਨੇ ਹਿੱਸਾ ਲੈ ਕੇ ਇਸ ਦਾ ਮਾਣ ਵਧਾਇਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਮੌਜੂਦ ਸਨ, ਜੋ ਪੈਦਲ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ। ਸਭ ਤੋਂ ਪਹਿਲਾਂ ਪਹੁੰਚੇ ਮਹਾਪੁਰਸ਼ਾਂ ਵੱਲੋਂ ਆਰੰਭਤਾ ਦੀ ਅਰਦਾਸ ਨਾਲ ਨਗਰ ਕੀਰਤਨ ਦਾ ਆਗਾਜ਼ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ ਜਿਸ ਤੋਂ ਬਾਅਦ ਇਲਾਹੀ ਬਾਣੀ ਦਾ ਜਾਪ ਕੀਤਾ ਗਿਆ। ਸੁੰਦਰ ਬੈਂਡ ਧੁਨਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਸੰਗਤਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰੇ ਨਾਲ ਨਾਲ ਚੱਲ ਰਹੇ ਸਨ। ਇਸ ਦੌਰਾਨ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ, ਸੰਤ ਬਲਵੀਰ ਸਿੰਘ ਸੀਚੇਵਾਲ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਜੋਗਾ ਸਿੰਘ ਆਦਿ ਤੋਂ ਇਲਾਵਾ ਕਈ ਮਹਾਪੁਰਖਾਂ ਨੇ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਕਰਵਾਈ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਿੱਖਿਆ, ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ ਅਤੇ ਸ਼ਰਧਾਲੂਆਂ ਦੇ ਨਾਲ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਨਗਰ ਕੀਰਤਨ ਵਿਚ ਹਿੱਸਾ ਲਿਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਸੀ। ਡੀਸੀ ਰੂਪਨਗਰ ਵਰਜੀਤ ਵਾਲੀਆ ਅਤੇ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਟੀਮ ਨਾਲ ਨਗਰ ਕੀਰਤਨ ਦੇ ਰਸਤੇ ਦੀ ਸਫਾਈ ਕਰ ਰਹੇ ਸਨ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਨਹਿਰ ਦੀ ਪਟੜੀ ਤੋਂ ਨਵੇਂ ਬਣੇ ਪੁਲ ਤੋਂ ਹੁੰਦੇ ਹੋਏ ਮੁੱਖ ਮਾਰਗ ’ਤੇ ਨੱਕੀਆਂ, ਕੋਟਲਾ ਪਾਵਰ ਹਾਊਸ, ਬੱਢਲ, ਨਿੱਕੂਵਾਲ ਤੋਂ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਵਿਖੇ ਸੰਪੂਰਨ ਹੋਇਆ।
ਇਸ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਗੱਤਕੇ, ਤਲਵਾਰਬਾਜ਼ੀ ਦੇ ਜੌਹਰ ਵਿਖਾਏ ਗਏ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਬੈਂਡ ਵਾਜਿਆਂ ਨਾਲ ਅੱਗੇ ਚੱਲ ਰਹੀਆਂ ਸਨ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਵੀਰ ਸਿੰਘ 96 ਕਰੋੜੀ, ਬਾਬਾ ਜੋਗਾ ਸਿੰਘ ਜੀ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ,ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ, ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕਮਿਕਰ ਸਿੰਘ ਡਾਢੀ, ਤਰਲੋਚਨ ਸਿੰਘ, ਗ਼ਫ਼ੂਰ ਮੁਹੰਮਦ, ਧਰਮ ਸਿੰਘ, ਪਰਮਿੰਦਰ ਸਿੰਘ ਜ਼ਿਮੀਂ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਅਰੋੜਾ ਸਮੇਤ ਵੱਖ ਵੱਖ ਨਿਹੰਗ ਜਥੇਬੰਦੀਆਂ, ਧਾਰਮਿਕ ਅਤੇ ਸਮਾਜਿਕ ਮੋਹਤਬਰਾਂ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।

Loading