ਚੋਰੀ ਦੀ ਕਾਰ ਬੱਸ ਨਾਲ ਟਕਰਾਈ, 4 ਮੌਤਾਂ ਤੇ ਦਰਜਨ ਤੋਂ ਵਧ ਜ਼ਖਮੀ

In ਅਮਰੀਕਾ
July 22, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਟੈਕਸਾਸ ਵਿੱਚ ਸੈਨ ਐਨਟੋਨੀਓ ਵਿਖੇ ਇੱਕ ਰਾਸ਼ਟਰੀ ਮਾਰਗ ਉੱਪਰ ਇੱਕ ਚੋਰੀ ਦੀ ਕਾਰ ਤੇ ਬੱਸ ਵਿਚਾਲੇ ਹੋਈ ਟੱਕਰ ਦੇ ਸਿੱਟੇ ਵਜੋਂ 4 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵਧ ਲੋਕ ਜ਼ਖਮੀ ਹੋ ਗਏ। ਸੈਨ ਐਨਟੋਨੀਓ ਦੇ ਪੁਲਿਸ ਮੁਖੀ ਬਿਲ ਮੈਕਮੈਨਸ ਨੇ ਕਿਹਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ ਦੇ ਆਸ ਪਾਸ ਵਾਪਰੀ ਹੈ ਜਦੋਂ ਚੋਰੀ ਕੀਤੀ ਚਿੱਟੇ ਰੰਗ ਦੀ ਕੈਮਾਰੋ ਕਾਰ, ਜਿਸ ਵਿੱਚ 4 ਜਣੇ ਸਵਾਰ ਸਨ, ਲਿਓਨ ਕਰੀਕ ਖੇਤਰ ਵਿੱਚ ਦੱਖਣੀ ਇੰਟਰਸਟੇਟ ਸੜਕ 35 ਉੱਪਰ ਬੱਸ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਦੋ ਜਣੇ ਮੌਕੇ ਉੱਪਰ ਹੀ ਦਮ ਤੋੜ ਗਏ ਜਦ ਕਿ ਦੋ ਦੀ ਬਾਅਦ ਵਿੱਚ ਇੱਕ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ। ਇੱਕ ਹੋਰ ਜਾਣਕਾਰੀ ਅਨੁਸਾਰ ਕਾਰ ਇੱਕ ਟਰਾਲੇ ਨਾਲ ਟਕਰਾਈ ਤੇ ਟਰਾਲਾ ਬੱਸ ਨਾਲ ਟਕਰਾਉਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਕੰਢੇ ਲੱਗੇ ਗਾਡਰਾਂ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਕਾਰ ਵਿੱਚ ਸਵਾਰ ਚਾਰੇ ਵਿਅਕਤੀ ਫ਼ਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Loading