- ਅਮਰੀਕਾ ਨੇ 75 ਦੇਸ਼ਾਂ ਲਈ ਇਮੀਗ੍ਰੈਂਟ ਵੀਜ਼ਾ ਜਾਰੀ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਟਰੰਪ ਪ੍ਰਸ਼ਾਸਨ ਨੇ ਲਿਆ ਹੈ। ਇਸ ਰੋਕ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਣਗੇ ਜੋ ਅਮਰੀਕਾ ਵਿੱਚ ਸਥਾਈ ਰਿਹਾਇਸ਼ (ਗ੍ਰੀਨ ਕਾਰਡ) ਲਈ ਅਰਜ਼ੀ ਦੇ ਰਹੇ ਹਨ।
ਅਮਰੀਕੀ ਵਿਦੇਸ਼ ਵਿਭਾਗ (ਸਟੇਟ ਡਿਪਾਰਟਮੈਂਟ) ਨੇ 14 ਜਨਵਰੀ 2026 ਨੂੰ ਇਹ ਐਲਾਨ ਕੀਤਾ ਕਿ ਉਹ 75 ਦੇਸ਼ਾਂ ਦੇ ਨਾਗਰਿਕਾਂ ਲਈ ਇਮੀਗ੍ਰੈਂਟ ਵੀਜ਼ਾ (ਜਿਨ੍ਹਾਂ ਨਾਲ ਲੋਕ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿ ਸਕਦੇ ਹਨ) ਜਾਰੀ ਕਰਨਾ ਬੰਦ ਕਰ ਰਿਹਾ ਹੈ। ਇਹ ਰੋਕ ਉਦੋਂ ਤੱਕ ਰਹੇਗੀ ਜਦੋਂ ਤੱਕ ਵਿਭਾਗ ਪੂਰੀ ਤਰ੍ਹਾਂ ਨਵੇਂ ਨਿਯਮਾਂ ਦੀ ਜਾਂਚ ਅਤੇ ਮੁੜ ਮੁਲਾਂਕਣ ਨਹੀਂ ਕਰ ਲੈਂਦਾ।
ਇਸ ਫੈਸਲੇ ਦਾ ਮੁੱਖ ਕਾਰਨ ‘ਪਬਲਿਕ ਚਾਰਜ’ ਨਿਯਮ ਹੈ। ਅਮਰੀਕੀ ਕਾਨੂੰਨ ਮੁਤਾਬਕ ਜੇ ਕੋਈ ਵਿਦੇਸ਼ੀ ਅਮਰੀਕਾ ਆ ਕੇ ਸਰਕਾਰੀ ਸਹਾਇਤਾ (ਵੈਲਫੇਅਰ, ਮੈਡੀਕਲ, ਭੋਜਨ ਸਹਾਇਤਾ ਆਦਿ) ’ਤੇ ਨਿਰਭਰ ਹੋਣ ਦੀ ਸੰਭਾਵਨਾ ਰੱਖਦਾ ਹੈ ਤਾਂ ਉਸ ਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ 75 ਦੇਸ਼ਾਂ ਤੋਂ ਆਉਣ ਵਾਲੇ ਬਹੁਤ ਸਾਰੇ ਲੋਕ ਅਮਰੀਕਾ ਵਿੱਚ ਆ ਕੇ ਸਰਕਾਰੀ ਫੰਡਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ, ਜੋ ਅਮਰੀਕੀ ਟੈਕਸ ਦੇਣ ਵਾਲਿਆਂ ਉਪਰ ਭਾਰ ਪੈਂਦਾ ਹੈ।
ਇਸ ਲਈ ਵਿਦੇਸ਼ ਵਿਭਾਗ ਨੇ ਕੌਂਸਲਰ ਅਫਸਰਾਂ (ਜੋ ਵੀਜ਼ਾ ਦਿੰਦੇ ਹਨ) ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਹੁਣ ਵੀਜ਼ਾ ਅਰਜ਼ੀਆਂ ਤਾਂ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਇੰਟਰਵਿਊ ਵੀ ਹੋ ਸਕਦੇ ਹਨ, ਪਰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਅਫਸਰਾਂ ਨੂੰ ਇਹ ਵੇਖਣਾ ਹੈ ਕਿ ਅਰਜ਼ੀਦਾਰ ਦੀ ਉਮਰ, ਸਿਹਤ, ਅੰਗਰੇਜ਼ੀ ਦੀ ਜਾਣਕਾਰੀ, ਪੈਸੇ ਦੀ ਹਾਲਤ, ਨੌਕਰੀ ਦੀ ਸੰਭਾਵਨਾ ਅਤੇ ਭਵਿੱਖ ਵਿੱਚ ਮੈਡੀਕਲ ਖਰਚੇ ਵਰਗੇ ਬਹੁਤ ਸਾਰੇ ਫੈਕਟਰ। ਜੇ ਲੱਗੇ ਕਿ ਵਿਅਕਤੀ ਸਰਕਾਰੀ ਮਦਦ ’ਤੇ ਨਿਰਭਰ ਹੋ ਸਕਦਾ ਹੈ ਤਾਂ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ। ਖਾਸ ਤੌਰ ’ਤੇ ਬਜ਼ੁਰਗ ਲੋਕਾਂ, ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਜਾਂ ਜਿਨ੍ਹਾਂ ਨੇ ਪਹਿਲਾਂ ਕਦੇ ਸਰਕਾਰੀ ਸਹਾਇਤਾ ਲਈ ਹੋਵੇ, ਉਨ੍ਹਾਂ ਨੂੰ ਵੀ ਮੁਸ਼ਕਿਲ ਹੋ ਸਕਦੀ ਹੈ।
ਪ੍ਰਭਾਵਿਤ 75 ਦੇਸ਼ਾਂ ਵਿੱਚ ਅਫਗਾਨਿਸਤਾਨ, ਰੂਸ, ਇਰਾਨ, ਇਰਾਕ, ਸੋਮਾਲੀਆ, ਨਾਈਜੀਰੀਆ, ਮਿਸਰ, ਬ੍ਰਾਜ਼ੀਲ, ਪਾਕਿਸਤਾਨ, ਬੰਗਲਾਦੇਸ਼, ਥਾਈਲੈਂਡ, ਯਮਨ, ਹੈਤੀ, ਨੇਪਾਲ, ਗੁਆਟੇਮਾਲਾ, ਕੋਲੰਬੀਆ ਅਤੇ ਬਹੁਤ ਸਾਰੇ ਅਫਰੀਕੀ, ਏਸ਼ੀਆਈ, ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਦੇਸ਼ ਸ਼ਾਮਲ ਹਨ। ਭਾਰਤ ਇਸ ਸੂਚੀ ਵਿੱਚ ਨਹੀਂ ਹੈ, ਪਰ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਗੁਆਂਢੀ ਦੇਸ਼ ਇਸ ਵਿੱਚ ਸ਼ਾਮਿਲ ਹਨ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟਾਮੀ ਪਿਗੋਟ ਨੇ ਕਿਹਾ, ‘ਅਸੀਂ ਆਪਣੇ ਪੁਰਾਣੇ ਅਧਿਕਾਰ ਦੀ ਵਰਤੋਂ ਕਰਕੇ ਉਨ੍ਹਾਂ ਲੋਕਾਂ ਨੂੰ ਅਯੋਗ਼ ਘੋਸ਼ਿਤ ਕਰਾਂਗੇ ਜੋ ਅਮਰੀਕਾ ’ਤੇ ਬੋਝ ਬਣਨਗੇ ਅਤੇ ਅਮਰੀਕੀ ਲੋਕਾਂ ਦੀ ਉਦਾਰਤਾ ਦਾ ਫਾਇਦਾ ਉਠਾਉਣਗੇ।’ ਉਨ੍ਹਾਂ ਕਿਹਾ ਕਿ ਇਹ ਰੋਕ ਅਜਿਹੇ ਵਿਦੇਸ਼ੀਆਂ ਨੂੰ ਰੋਕਣ ਲਈ ਹੈ ਜੋ ਵੈਲਫੇਅਰ ਅਤੇ ਸਰਕਾਰੀ ਲਾਭ ਲੈਣਗੇ।
ਇਹ ਫੈਸਲਾ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਦਾ ਇੱਕ ਵੱਡਾ ਹਿੱਸਾ ਹੈ। ਉਹ ਚਾਹੁੰਦੇ ਹਨ ਕਿ ਸਿਰਫ਼ ਉਹ ਲੋਕ ਅਮਰੀਕਾ ਆਉਣ ਜੋ ਆਰਥਿਕ ਤੌਰ ਉਪਰ ਮਜਬੂਤ ਹੋਣ ਅਤੇ ਦੇਸ਼ ’ਤੇ ਬੋਝ ਨਾ ਪਾਉਣ। ਇਸ ਨਾਲ ਬਹੁਤ ਸਾਰੇ ਪਰਿਵਾਰਾਂ ਦੀਆਂ ਯੋਜਨਾਵਾਂ ’ਤੇ ਅਸਰ ਪਵੇਗਾ। ਜਿਹੜੇ ਲੋਕ ਪਹਿਲਾਂ ਤੋਂ ਅਰਜ਼ੀ ਦੇ ਚੁੱਕੇ ਹਨ, ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪਵੇਗਾ।
ਇਹ ਰੋਕ ਸਿਰਫ਼ ਇਮੀਗ੍ਰੈਂਟ ਵੀਜ਼ਾ (ਪੱਕੇ ਰਹਿਣ ਵਾਲੇ) ’ਤੇ ਹੈ। ਟੂਰਿਸਟ ਵੀਜ਼ਾ , ਸਟੂਡੈਂਟ ਵੀਜ਼ਾ , ਵਰਕ ਵੀਜ਼ਾ ਆਦਿ ’ਤੇ ਕੋਈ ਅਸਰ ਨਹੀਂ ਪਵੇਗਾ।
![]()
